Sunday, July 25, 2021

ਪੂੰਜੀਵਾਦ ਦੇ ਪੈਸਾ ਪ੍ਰਧਾਨ ਦੌਰ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

 ਨਵਾਂ ਮੋਬਾਈਲ ਲੈਣ ਦੀ ਚਾਹਤ ਵਿੱਚ ਹੋਇਆ ਸੀ ਘਰ ਵਿੱਚ ਵਿਵਾਦ  

ਰੋਜ਼ੀ ਰੋਟੀ ਲਈ ਦਿਨ ਰਾਤ ਇੱਕ ਕਰਕੇ ਮਿਹਨਤਾਂ ਕਰਦਿਆਂ ਕਿਰਤੀ ਪਰਿਵਾਰਾਂ ਨੇ ਅਜਿਹੇ ਦੁਖਾਂਤ ਤਾਂ ਕਦੇ ਸੋਚੇ ਹੀ ਨਹੀਂ ਹੁੰਦੇ ਪਰ ਅਜਿਹੀਆਂ ਘਟਨਾਵਾਂ ਉਹਨਾਂ ਨੂੰ ਹਮੇਸ਼ਾਂ ਲਈ ਦੁੱਖ ਦਰਦ ਦਾ ਪਹਾੜ ਦੇ ਜਾਂਦੀਆਂ ਹਨ। ਪੂੰਜੀਵਾਦ ਦੇ ਭਿਆਨਕ ਅਤੇ ਕੁਰੂਪ ਚਿਹਰੇ ਦੀ ਨਵੀਂ ਦੁਖਦ ਕਹਾਣੀ ਲੱਭ ਕੇ ਲਿਆਏ ਹਨ ਪ੍ਰਦੀਪ ਸ਼ਰਮਾ ਇਪਟਾ।  

ਲੁਧਿਆਣਾ:25 ਜੁਲਾਈ 2021: (ਪ੍ਰਦੀਪ ਸ਼ਰਮਾ//ਇਨਪੁਟ:ਲੁਧਿਆਣਾ ਸਕਰੀਨ ਡੈਸਕ)::
ਵਿਕਾਸ ਅਤੇ ਤਰੱਕੀਆਂ ਦੇ ਦਾਅਵਿਆਂ ਦੀ ਹਕੀਕਤ ਇਹੀ ਹੈ ਕਿ ਅਸਲ ਵਿੱਚ ਹਾਲਤ ਬੇਹੱਦ ਵਿਗੜੀ ਹੋਈ ਹੈ।ਕਰਜ਼ਿਆਂ ਮਾਰੇ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਬੇਰੋਜ਼ਗਾਰੀ ਤੋਂ ਤੰਗ ਆਏ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਘਰਾਂ ਦੀ ਹਾਲਤ ਤੋਂ ਪ੍ਰੇਸ਼ਾਨ ਹੋਏ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਗੁੰਡਾਗਰਦੀ ਤੋਂ ਤੰਗ ਆਏ ਲੋਕ ਮੌਤ ਤੋਂ ਸ਼ਰਨ ਮੰਗ ਰਹੇ ਹਨ। 
ਇਹ ਸਭ ਕੁਝ ਪੂੰਜੀਵਾਦ ਨੂੰ ਪ੍ਰਣਾਏ ਸਿਸਟਮ ਦੀ ਦੇਣ ਹੈ ਅਤੇ ਖੁਦਕੁਸ਼ੀਆਂ ਕਰਨ ਵਾਲਿਆਂ ਵਿੱਚੋਂ ਬਹੁਤੇ ਉਹ ਹਨ ਜਿਹਨਾਂ ਨੇ ਨਾਂ ਤਾਂ ਜ਼ਿੰਦਗੀ ਲਈ ਜੂਝਣ ਵਾਲਾ ਫਲਸਫਾ ਕਦੇ ਪੜ੍ਹਿਆ ਅਤੇ ਨਾਂ ਹੀ ਉਹ ਸੰਘਰਸ਼ਾਂ ਵਾਲੇ ਰਸਤਿਆਂ ਵੱਲ ਆਏ ਹਨ। ਇਹਨਾਂ ਲੋਕਾਂ ਦੀ ਮਾਨਸਿਕਤਾ ਹੋਲੀ ਹੋਲੀ ਏਨੀ ਕਮਜ਼ੋਰ ਹੋ ਗਈ ਕਿ ਉਹ ਖੁਦ ਹੀ ਆਪਣੀ ਜਾਨ ਲੈਣੀ ਠੀਕ ਸਮਝਣ ਲੱਗ ਪਏ ਹਨ। ਸੰਘਰਸ਼ ਇਹਨਾਂ ਲੋਕਾਂ ਨੂੰ ਚੰਗਾ ਹੀ ਨਹੀਂ ਲੱਗਦਾ। 
ਨਵੀਂ ਘਟਨਾ ਹੈ 17 ਸਾਲਾਂ ਦੀ ਉਮਰ ਦੇ ਮੁੰਡੇ ਪ੍ਰੀਤ ਦੀ ਜਿਸ ਨੇ ਇਸ ਕਰਕੇ ਖ਼ੁਦਕੁਸ਼ੀ ਕਰ ਲਈ ਕਿਓਂਕਿ ਉਹ ਨਵਾਂ ਮੋਬਾਈਲ ਖਰੀਦਣਾ ਚਾਹੁੰਦਾ ਸੀ। ਉਸਦਾ ਪੁਰਾਣਾ ਮੋਬਾਈਲ ਉਸ ਕੋਲੋਂ ਲੁਟੇਰਿਆਂ ਨੇ ਖੋਹ ਲਿਆ ਸੀ। ਉਸ ਕੋਲੋਂ ਮੋਬਾਈਲ ਦੇ ਬਿਨਾ ਰਹਿਣਾ ਬਰਦਾਸ਼ਤ ਨਹੀਂ ਸੀ ਹੋ ਰਿਹਾ। ਜਦ ਨਵਾਂ ਮੋਬਾਈਲ ਲੈ ਕੇ ਦੇਣ ਲਈ ਘਰ ਪਰਿਵਾਰ ਦੇ ਮੈਂਬਰ ਨਹੀਂ ਮੰਨੇ ਤਾਂ ਉਸਨੇ ਚੁੱਕਿਆ ਇਹ ਕਦਮ। 
ਭਾਵੇਂ ਰੱਬ ਦਾ ਨਾਂਅ ਲਈ ਜਾਵੋ ਤੇ ਭਾਵੇਂ ਕਿਸਮਤ ਨੂੰ ਬੁਰਾ ਭਲਾ ਕਹੀ ਜਾਵੋ ਪਰ ਹਕੀਕਤ ਇਹੀ ਹੈ ਕਿ ਸਾਡੀ ਜ਼ਿੰਦਗੀ ਵਿਚਲੀ ਆਰਥਿਕ ਸਥਿਤੀ ਅਤੇ ਆਰਥਿਕ ਮਸਲੇ ਕਦਮ ਕਦਮ ਤੇ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਇਸਦਾ ਅਹਿਸਾਸ ਇੱਕ ਵਾਰ ਫੇਰ ਹੋਇਆ ਅੱਜ ਲੁਧਿਆਣਾ ਵਿੱਚ ਹੋਈ ਖ਼ੁਦਕੁਸ਼ੀ ਦੀ ਇੱਕ ਘਟਨਾ ਮਗਰੋਂ। ਮਸਲਾ ਸਿਰਫ ਅੱਠ ਦਸ ਹਜ਼ਾਰ ਰੁਪਏ ਦਾ ਹੀ ਨਿਕਲਿਆ ਜਿਸਦੇ ਚੱਕਰ ਵਿਚ 17 ਸਾਲਾਂ ਦੇ ਮੁੰਡੇ ਨੇ ਆਤਮਹੱਤਿਆ ਕਰ ਲਈ। 
ਮ੍ਰਿਤਕ ਪ੍ਰੀਤ 17 ਸਾਲਾਂ ਦਾ ਮੁੰਡਾ ਸੀ। ਉਸਨੂੰ ਵੀ ਚੰਗੇ ਮੋਬਾਈਲ ਦਾ ਸ਼ੋਂਕ ਸੀ ਪਰ ਮੰਦੇ ਭਾਗਾਂ ਨੂੰ ਉਸਦਾ ਮੋਬਾਈਲ ਅਚਾਨਕ ਹੀ ਕਿਸੇ ਨੇ ਖੋਹ ਲਿਆ। ਮੋਬਾਈਲ ਦੀ ਖੋਹ ਮਗਰੋਂ ਉਹ ਉਦਾਸ ਰਹਿਣ ਲੱਗਿਆ। ਪਰਿਵਾਰ ਤੇ ਜ਼ੋਰ ਪਾਉਣ ਲੱਗਿਆ ਕਿ ਉਸਨੂੰ ਨਵਾਂ ਮੋਬਾਈਲ ਲੈ ਕੇ ਦਿੱਤਾ ਜਾਵੇ। ਘਰ ਪਰਿਵਾਰ ਵਾਲੇ ਇਸ ਲਈ ਨਾ ਮੰਨੇ ਕਿਓਂਕਿ ਕਰਨ ਵਾਲੇ ਹੋਰ ਬਹੁਤ ਸਾਰੇ ਜ਼ਰੂਰੀ ਖਰਚੇ ਸਿਰ ਤੇ ਸਨ। ਉਹਨਾਂ ਨੂੰ  ਮੋਬਾਈਲ ਜ਼ਰੂਰੀ ਨਾ ਜਾਪਿਆ। 
ਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਚਾਨਕ ਹੀ ਇੱਕ ਦਿਨ ਇਹ ਮੁੰਡਾ ਪ੍ਰੀਤ ਘਰੋਂ ਗਾਇਬ ਹੋ ਗਿਆ। ਮਗਰੋਂ ਸ਼ੱਕ ਪੈਣ ਤੇ ਜਦੋਂ ਘਰ ਦੀ ਜਾਂਚ ਕੀਤੀ ਤਾਂ ਘਰ ਵਿੱਚ ਕਿਸੇ ਹੋਰ ਜ਼ਰੂਰੀ ਕੰਮ ਲਈ ਰੱਖੇ ਹੋਏ ਦਸ ਹਜ਼ਾਰ ਰੁਪਏ ਗਾਇਬ ਮਿਲੇ। ਜਦੋਂ ਪ੍ਰੀਤ ਘਰ ਪਰਤਿਆ ਤਾਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਪਹਿਲਾਂ ਤਾਂ ਉਹ ਨਾ ਮੰਨਿਆ ਪਰ ਫਿਰ ਸਖਤੀ ਕਰਨ ਤੇ ਇਸਨੇ ਦੋ ਹਜ਼ਾਰ ਰੁਪਏ ਤਾਂ ਮੋੜ ਦਿੱਤੇ ਪਰ ਬਾਕੀ ਦੇ ਅੱਠ ਹਜ਼ਾਰ ਇਸ ਕੋਲ ਨਹੀਂ ਸਨ। ਸ਼ਾਇਦ ਉਹ ਰਕਮ ਕਿਸੇ ਮੋਬਾਈਲ ਦੀ ਦੁਕਾਨ ਵਾਲੇ ਨੂੰ ਦੇ ਆਇਆ ਸੀ ਜਾਂ ਕਿਧਰੇ  ਹੋਰ ਖਰਚ ਆਇਆ ਸੀ। ਉਹ ਪੂਰੀ ਗੱਲ ਨਹੀਂ ਸੀ ਦੱਸ ਰਿਹਾ। 
ਜਦੋਂ ਉਸਨੂੰ ਬਾਰ ਬਾਰ ਪੁੱਛਿਆ ਗਿਆ ਤਾਂ ਉਸਨੇ ਗੁੱਸਾ ਕਰ ਲਿਆ ਪਰ ਇਹ ਗੁੱਸਾ ਕਿਸੇ ਨੂੰ ਦਿਖਾਇਆ ਨਹੀਂ। ਇਹ ਗੁੱਸਾ ਉਸਨੇ ਮਨ ਵਿਚ ਰੱਖ ਲਿਆ। ਅੰਦਰ ਹੀ ਅੰਦਰ ਦੁਖੀ ਹੁੰਦਾ ਰਿਹਾ। ਉਸੇ ਦਿਨ 24 ਜੁਲਾਈ 2021 ਦੀ ਸ਼ਾਮ ਨੂੰ ਸੱਤ ਵਜੇ ਉਸਨੇ ਘਰ ਵਿੱਚ ਮੌਜੂਦ ਆਪਣੀ 9 ਸਾਲਾਂ ਦੀ ਉਮਰ ਵਾਲੀ ਭੈਣ ਨੂੰ ਕਿਸੇ ਬਹਾਨੇ ਬਾਹਰ ਭੇਜ ਦਿੱਤਾ ਅਤੇ ਖੁਦ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਹ ਕਹਾਣੀ ਉਸਦੇ ਪਰਿਵਾਰ ਨੇ ਹੀ ਮੀਡੀਆ ਨੂੰ ਸੁਣਾਈ ਹੋ ਸਕਦਾ ਹੈ ਅਸਲੀ ਗੱਲ ਕੋਈ ਹੋਰ ਵੀ ਹੋਵੇ। ਪਰ ਇੱਕ ਗੱਲ ਸਾਫ ਹੈ ਕਿ ਆਰਥਿਕ ਮਸਲਾ ਵਿਵਾਦ ਦਾ ਕਾਰਨ ਬਣਿਆ ਸੀ। 
ਮ੍ਰਿਤਕ ਪ੍ਰੀਤ ਕੁਮਾਰ ਪੁੱਤਰ ਰਾਮ ਰਾਜ ਅਤੇ ਉਸਦਾ ਪਰਿਵਾਰ ਨਿਊ ਪ੍ਰਤਾਪ ਨਗਰ ਨੇੜੇ  ਨਵੀਂ ਸਬਜ਼ੀ ਮੰਡੀ ਕਾਰਾਬਾਰਾ ਵਿਖੇ ਦੋ ਨੰਬਰ ਗਲੀ ਵਿਚ ਕਿਰਾਏ ਤੇ ਰਹਿੰਦੇ ਸਨ। ਜਦੋਂ ਪ੍ਰੀਤ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਆਲੇ ਦੁਆਲੇ ਚਰਚਾ ਫੈਲੀ ਕਿ ਆਖਿਰ ਇਹ ਕੀ ਭਾਣਾ ਵਾਪਰ ਗਿਆ? ਉਸ ਦੇ ਪਿਤਾ ਰਾਮ ਰਾਜ ਨੇ ਦੱਸਿਆ  ਕਿ ਪ੍ਰੀਤ ਕੁਮਾਰ ਨੇ ਆਪਣੇ ਘਰ ਵਿੱਚੋਂ ਦਸ ਹਜ਼ਾਰ ਰੁਪਈਆ ਬੈਗ ਵਿੱਚੋਂ ਕੱਢ ਲਏ ਸੀ   ਜਦੋਂ ਉਸ ਨੇ ਇਸ ਨੂੰ ਇਨ੍ਹਾਂ ਪੈਸਿਆਂ ਬਾਰੇ ਸਖਤੀ ਨਾਲ ਪੁੱਛਿਆ  ਤਾਂ ਉਸ ਨੇ ਗੁੱਸੇ ਵਿੱਚ ਆ ਕੇ ਆਤਮਹੱਤਿਆ ਕਰ ਲਈ। ਘਟਨਾ ਵੇਲੇ ਸਾਰਾ ਪਰਿਵਾਰ ਕੰਮ ਉੱਤੇ ਗਿਆ ਹੋਇਆ ਸੀ।  ਘਰ ਦੇ ਵਿਚ ਸਿਰਫ ਉਹਦੀ ਨੌੰ ਸਾਲ ਦੀ ਛੋਟੀ ਭੈਣ ਸੀ  ਜਿਸਨੂੰ ਉਸਨੇ ਘਰੋਂ ਬਾਹਰ ਭੇਜ ਦਿੱਤਾ। ਖੁਦ ਉਸਨੇ ਚੁੰਨੀ ਬੰਨ ਕੇ  ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਇਹ ਘਟਨਾ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਵਾਪਰੀ। ਰਾਮ ਰਾਜ ਦੇ ਇੱਕ ਵੱਡਾ ਪੁੱਤਰ ਅਖਿਲੇਸ਼ ਕੁਮਾਰ ਅਤੇ ਉਹਦੀ ਬੀਵੀ ਸਾਰੇ ਕੰਮ ਤੇ ਗਏ ਹੋਏ ਸਨ। ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਗਈ ਅਤੇ ਪੁਲੀਸ ਕੰਟਰੋਲ ਰੂਮ ਤੇ ਵੀ ਸੂਚਨਾ ਦਿੱਤੀ ਗਈ। ਪ੍ਰੀਤ ਕੁਮਾਰ ਦੇ ਪਿਤਾ ਰਾਮ ਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਤੇ ਵੀ ਕੋਈ ਸ਼ੱਕ ਸ਼ੁਬਹਾ ਨਹੀਂ ਹੈ। ਪੋਸਟਮਾਰਟਮ ਮਗਰੋਂ ਬਾਅਦ ਦੁਪਹਿਰ ਦੋ ਢਾਈ ਵਜੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 
ਉਂਝ ਤਾਂ ਗੱਲ ਅੰਤਿਮ ਸੰਸਕਾਰ ਨਾਲ ਨਿਬੜ ਗਈ ਹੈ-ਖਤਮ ਹੋ ਗਈ ਹੈ ਪਰ ਮ੍ਰਿਤਕ ਪ੍ਰੀਤ ਦੇ ਵਿਛੋੜੇ ਦਾ ਦਰਦ ਰਹਿੰਦੀ ਉਮਰ ਤੱਕ ਪ੍ਰੀਵਾਰ ਨੂੰ ਤੰਗ ਕਰੇਗਾ। ਖਾਸ ਕਰ ਕੇ ਉਸਦੀ ਮਾਂ, ਪਿਤਾ ਅਤੇ ਭੈਣ ਨੂੰ। ਪੂਰੇ ਸਮਾਜ ਦਾ ਫਰਜ਼ ਬਣਦਾ ਹੈ ਅਸਲੀ ਕਹਾਣੀ ਲੱਭ ਕੇ ਉਹਨਾਂ ਨੂੰ ਹੌਂਸਲਾ ਦੇਵੇ। ਜੇ ਕੋਈ ਬਾਹਰਲਾ ਬੰਦਾ ਵੀ ਦੋਸ਼ੀ ਹੈ ਤਾਂ ਉਸ ਨੂੰ ਬਣਦੀ ਸਜ਼ਾ ਦੁਆਈ ਜਾਵੇ। ਅਖੀਰ ਕਿੱਥੇ ਗਏ ਬਾਕੀ ਦੇ ਅੱਠ ਹਜ਼ਾਰ ਰੁਪਏ? ਉਸ ਕੋਲੋਂ ਕੌਣ ਲੈ ਗਿਆ ਬਾਕੀ ਦੇ ਪੈਸੇ?

No comments:

Post a Comment