Sunday, July 18, 2021

ਸਾਮਰਾਜੀ ਵਿਸ਼ਵੀਕਰਣ ਦੀਆਂ ਨੀਤੀਆਂ, ਮਾਨਵਤਾ ਦੀ ਬਰਬਾਦੀ !!

15th June 2021 at 12:57 PM

 ਅੰਨ੍ਹੇ ਮੁਨਾਫੇ ਵਿੱਰੁਧ ਅਮਰੀਕਾ ਅੰਦਰ ਵੀ ਉੱਠੀ ਹੈ ਵਿਸ਼ੇਸ਼ ਲਹਿਰ 

ਸਾਮਰਾਜੀ ਵਿਸ਼ਵੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਨੇ ਅੱਜ ਸਾਰੇ ਵਿਸ਼ਵ ਅੰਦਰ ਵੱਡੀ ਉੱਥਲ-ਪੁਥੱਲ ਪੈਦਾ ਕਰ ਦਿੱਤੀ ਹੈ। ਵਿਸ਼ਵੀਕਰਣ, ਵਿਸ਼ਵ ਆਰਥਕਤਾ ਦੇ ਵਪਾਰ ਦਾ, ਉਦਾਰੀਕਰਣ ਰਾਂਹੀ ਨਿਵੇਸ਼ ਅਤੇ ਬੰਦਸ਼ਾਂ ਤੋਂ ਆਜਾਦ ਕਰਨਾ ਅਤੇ ਕਾਰੋਬਾਰ (ਬਿਜ਼ਨੈਸ) ਦਾ ਨਿੱਜੀਕਰਣ ਰਾਂਹੀ ਇੱਕਤਰੀਕਰਣ ਕਰ ਦਿੱਤਾ ਜਾਂਦਾ ਹੈ ਤਾਂ ਜੋ ਬਹੂ-ਕੌਮੀ ਕਾਰਪੋਰੇਸ਼ਨਾਂ  ਕੌਮੀ ਸਰਹੱਦਾਂ ਤੋਂ ਬਾਹਰ ਆਜ਼ਾਦੀ ਨਾਲ ਕੰਮ ਕਰ ਸਕਣ। ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਅਰਥ-ਵਿਵਸਥਾ ਪਿਛਲੇ 4-5 ਸਾਲਾਂ ਤੋਂ ਗੰਭੀਰ ਆਰਥਕ ਸੰਕਟ ਦਾ ਸ਼ਿਕਾਰ ਹੈ। ਗਰੀਸ ਦਿਵਾਲੀਆ-ਪਣ ਦੀ ਕਿਗਾਰ ਤੇ ਖੜ੍ਹਾ ਹੈ। ਵਿਕਸਤ ਦੇਸ਼ਾਂ ਅੰਦਰ ਲਗਾਤਾਰ ਵੱਧ ਰਹੀ ਮਹਿੰਗਾਈ,ਬੇ-ਰੁਜ਼ਗਾਰੀ ਨੌਕਰੀਆਂ ਤੇ ਉਜਰਤਾਂ ਵਿੱਚ ਕਟੌਤੀ ਅਤੇ ਕਾਰਪੋਰੇਟ ਸੈਕਟਰ ਦੇ ਅੰਨ੍ਹੇ ਮੁਨਾਫੇ ਵਿੱਰੁਧ ਅਮਰੀਕਾ ਅੰਦਰ ਉੱਠੀ “ਆਕੁਪਾਈ ਵਾਲਸਟਰੀਟ” ਲਹਿਰ ਸਰਮਾਏਦਾਰ ਵਿਕਸਤ ਦੇਸ਼ਾਂ ਅੰਦਰ ਫੈਲਦੀ ਜਾ ਰਹੀ ਹੈ। ਇਸ ਲਹਿਰ ਦਾ ਮੁੱਖ ਨਾਹਰਾ ਹੈ “ਨੋ ਕਾਰਪੋਰੇਟ ਗਰੀਡ” (ਕਾਰਪੋਰੇਟ ਅਦਾਰਿਆਂ ਨੂੰ ਮੁਨਾਫਾ ਨਹੀਂ)! ਅਜਿਹਾ ਸੱਭ ਕੁੱਝ ਵਿਸ਼ਵੀਕਰਣ ਦੀਆਂ ਉਪਰੋਕਤ ਨੀਤੀਆਂ ਕਾਰਨ ਪੈਦਾ ਹੋਈਂਆਂ ਦੁਸ਼ਵਾਰੀਆਂ ਕਾਰਨ ਹੋ ਰਿਹਾ ਹੈ। ਏਸ਼ੀਆਈ ਦੇਸ਼ਾਂ ਦਾ ਪੱਛਮੀਂ ਦੇਸ਼ਾ ਦੇ ਮੁਕਾਬਲੇ ਉਠ ਖੜੇ ਹੋਣ ਨਾਲ ਸਰਮਾਏਦਾਰ ਵਿਕਸਤ ਦੇਸ਼ਾ ਦੀਆਂ ਬਰਾਮਦਾਂ   ਘਟਣ ਅਤੇ ਉਨ੍ਹਾ ਤੋਂ ਹੁੰਦੀ ਲੱੁਟ ਦੇ ਘੱਟਣ ਨਾਲ ਉਨ੍ਹਾ ਦੇਸ਼ਾ ਦੇ ਉਤਪਾਦਨ ਵਿੱਚ ਖੜੋਤ ਆ ਗਈ ਜਿਹੜਾ ਵਿਕਸਤ ਦੇਸ਼ਾ ਦੇ ਆਰਥਕ ਸੰਕਟ ਦੇ ਕਾਰਨਾ ਵਿਚੋਂ ਇੱਕ ਕਾਰਨ ਵੀ ਹੈ।ਸਾਮਰਾਜੀ ਦੇਸ਼ਾ ਅੰਦਰ ਆਈ ਇਸ ਖੜੋਤ ਨੂੰ ਤੋੜਨ ਲਈ ਉਨ੍ਹਾਂ ਵਾਸਤੇ ਵਿਸ਼ਵ ਮੰਡੀ ਦੀ ਲੋੜ ਹੁੰਦੀ ਹੈੈ ਅਤੇ ਵਿਸ਼ਵੀਕਰਣ ਇਸੇ ਦੀ ਮਾਂ ਹੈ।

ਵਿਸ਼ਵ ਸਾਮਰਾਜਵਾਦੀ ਦੇਸ਼ ਜਿਨ੍ਹਾ ਦੀ ਅਗਵਾਈ ਅਮਰੀਕਨ ਸਾਮਰਾਜਵਾਦ ਕਰ ਰਿਹਾ ਹੈ,ਨੇ 1980ਵਿਆਂ ਤੋਂ ਸ਼ੁਰੂ ਕੀਤੀਆਂ ਇਨ੍ਹਾ ਨੀਤੀਆਂ ਨਾਲ ਆਪਣੀ ਡਗਮਗਾਂਉਦੀਂ ਆਰਥਕਤਾ ਨੂੰ ਵਿਸ਼ਵ ਵਪਾਰ ਸੰਸਥਾ (ਡਵਲਯੁ ਟੀ ਓ) ਦਾ ਗਠਨ ਕਰਕੇ ਠੁਮਣਾਂ ਦੇਣ ਦੇ ਯਤਨ ਕੀਤੇ ਅਤੇ ਵਿਕਾਸ-ਸ਼ੀਲ ਦੇਸ਼ਾਂ ਉਪਰ ਵਪਾਰ ਸੰਬਧੀ ਆਪਣੀਆਂ ਸ਼ਰਤਾਂ ਲਾਗੂ ਕਰਵਾਉਣ ਲਈ ਉਥੋਂ ਦੇ ਕਾਨੂਨਾ ਵਿੱਚ ਸੋਧਾਂ ਕਰਵਾਈਆਂ।ਇਸਦੇ ਬਾਵਜੂਦ ਵੀ ਇਨ੍ਹਾ ਸਰਮਾਏਦਾਰ ਦੇਸ਼ਾਂ ਦਾ ਆਰਥਕ ਸੰਕਟ ਵਧਦਾ ਹੀ ਗਿਆ।ਅੱਜ ਇਹ ਸੰਕਟ ਚਰਮ ਸੀਮਾਂ ਅੰਦਰ ਜਾ ਪੁੱਜਾ ਹੈ ਜਿਥੋਂ ਪਿੱਛੇ ਮੁੜਨਾ ਸੱਭਵ ਨਹੀਂ ਅਤੇ ਵਰਤਮਾਨ ਸਾਮਰਾਜੀ ਵਿਸ਼ਵੀਕਰਣ,ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਇਸ ਸੰਕਟ ਵਿਚੋਂ ਨਿਕਲਣ ਦਾ ਸਾਮਰਾਜਵਾਦੀਆਂ ਦਾ ਇਹ ਆਖਰੀ ਦਾਉ ਹੈ। ਇਸ ਸੰਕਟ ਵਿਚੋਂ ਨਿਕਲਣ ਲਈ ਇਹ ਕਿਸੇ ਵੀ ਗਿਰਾਵਟ ਤੱਕ ਜਾ ਸਕਦੇ ਹਨ।ਮਾਰਕਸ ਦੇ ਕਥਨ ਅਨੁਸਾਰ, “ਕੁਦਰਤ ਖਲਾਅ ਨਾਲ ਘਿਰਨਾ ਕਰਦੀ ਹੈ ਉਸੇ ਤਰ੍ਹਾਂ ਸਰਮਾਇਆ ਇਸ ਗੱਲ ਨੂੰ ਬਹੁੱਤ ਨਾ-ਪੰਸਦ ਕਰਦਾ ਹੈ ਕਿ ਮੁਨਾਫਾ ਨਾ ਹੋਵੇ ਜਾਂ ਬਹੁਤ ਘੱਟ ਹੋਵੇ।ਯੋਗ ਮੁਨਾਫਾ ਹੋਵੇ ਤਾਂ ਸਰਮਾਇਆ ਬਹੁਤ ਹਿਮੰਤ ਵਖਾਉਂਦਾ ਹੈ।ਜੇ ਤਕਰੀਬਨ 10 ਫੀ ਸਦੀ ਵਿਚ ਉਤਸੁਕਤਾ ਵਿਖਾਈ ਦੇਣ ਲਗ ਪੈਂਦੀ ਹੈ।50 ਫੀ ਸਦੀ ਦੀ ਆਸ ਹੋਵੇ ਤਾਂ ਸਰਮਾਇਆ ਸਪਸ਼ਟ ਹੀ ਦਲੇਰ ਬਣ ਜਾਂਦਾ ਹੈ।100 ਫੀ ਸਦੀ ਦਾ ਮੁਨਾਫਾ ਯਕੀਨੀ ਹੋਵੇ ਤਾਂ ਇਹ ਮਨੁਖੱਤਾ ਦੇ ਸਾਰੇ ਕਾਨੂੰਨਾਂ ਨੂੰ ਪੈਰਾਂ ਥੱਲੇ ਰੋਲਣ ਨੂੰ ਤਿਆਰ ਹੋ ਜਾਦਾਂ ਹੈ ਅਤੇ ਜੇਕਰ 300 ਫੀ ਸਦੀ ਮੁਨਾਫੇ ਦੀ ਉਮੀਦ ਹੋ ਜਾਵੇ ਤਾਂ ਅਜਿਹਾ ਕੋਈ ਵੀ ਅਪਰਾਧ ਨਹੀਂ ਜਿਸ ਨੂੰ ਕਰਨ ਵਿਚ ਸਰਮਾਏ ਨੂੰ ਸੰਕੋਚ ਹੋਵੇਗਾ ਅਤੇ ਕੋਈ ਵੀ ਖਤਰਾ ਅਜਿਹਾ ਨਹੀਂ ਜਿਸ ਦਾ ਸਾਹਮਣਾ ਕਰਨ ਲਈ ਉਹ ਤਿਆਰ ਨਹੀ ਹੋਵੇਗਾ। (ਸਰਮਾਇਆ-1 ਨੋਟ ਸਫਾ820)

ਸਾਮਰਾਜੀ ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਵਿਸ਼ਵ-ਆਰਥਕਤਾ ਦੀ ਉਸਾਰੀ ਦੇ ਸਿੱਟੇ ਵਝੋ ਏਸ਼ੀਆਈ ਮੁਲਕਾਂ ਅਤੇ ਯੂਰਪੀ ਮੁਲਕਾਂ ਤੇ ਅਮਰੀਕਾ ਦਰਮਿਆਨ ਵਿਰੋਧਤਾਂਈਆਂ ਵਧੱਦੀਆਂ ਜਾ ਰਹੀਆਂ ਹਨ,ਇਹਦੇ ਨਾਲ ਹੀ ਇਨ੍ਹਾਂ ਮੁਲਕਾਂ ਦੀਆਂ ਅੰਦਰੂਨੀ ਵਿਰੋਧਤਾਈਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ।ਵੱਧ ਮੁਨਾਫੇ ਲਈ ਦੌੜ ਨੇ ਕਾਮਿਆਂ ਦੀ ਛਾਂਟੀ ਅਤੇ ਉਜਰਤਾਂ ਵਿਚ ਕਟੌਤੀਂ ਨੇ ਜਿਥੇ ਬੇਰੁਜਗਾਰੀ ਵਿਚ ਵਾਧਾ ਕੀਤਾ ਉਥੇ ਕਾਮਿਆ ਦੀ ਖਰੀਦ ਸ਼ਕਤੀ ਨੂੰ ਵੀ ਖੋਰਾ ਲਗ ਰਿਹਾ ਹੈ।ਅਮਰੀਕਾ ਤਾਂ “ਕਾਮਿਆਂ ਦੀ ਛਾਂਟੀ ਵਾਲਾ” ਦੇਸ਼ ਬਣ ਗਿਆ ਹੈ।ਅਮਰੀਕਾ ਅੰਦਰ ਬੇਰੁਜਗਾਰੀ ਦੀ ਦਰ 10% ਤੱਕ ਪਹੰੁਚ ਗਈ ਹੈ।ਅਮੀਰ ਤੇ ਗਰੀਬ ਵਿਚ ਪਾੜਾ ਏਨਾ ਵਧ ਗਿਆ ਹੈ ਕਿ 1% ਲੋਕਾਂ ਕੋਲ 90% ਲੋਕਾਂ ਜਿਨੀ ਦੌਲਤ ਹੈ।ਪੂੰਜੀਵਾਦੀ ਅਰਥ-ਵਿਵਸਥਾ ਕਾਰਨ ਧਰਤੀ ਦੇ ਵਾਤਾਵਰਣ ਨੂੰ ਵੀ ਖੱਤਰਾ ਪੈਦਾ ਹੋ ਗਿਆ ਹੈ, ਨਾ-ਨਵਿਉਣ ਯੋਗ ਕੁਦਰਤੀ ਸਾਧਨ ਖਤਮ ਹੋਣ ਕਿਨਾਰੇ ਪੁੱਜ ਗਏ ਹਨ,ਮਨੁਖੀ ਤਬਾਹੀ ਵਾਲੀ ਤਕਨਾਲੋਜੀ ਨੇ ਬੇਰੁਜਗਾਰੀ ਤੇ ਭੁਖ-ਮਰੀ ਵਿਚ ਵਾਧਾ ਕਰ ਦਿੱਤਾ ਹੈ।ਆਮ ਜੰਤਾ ਅਤੇ ਮਜਦੂਰ ਜਮਾਤ ਅੰਦਰ ਬੇਚੈਨੀ ਵੱਧ ਰਹੀ ਹੈ।

ਪੂੰਜੀਵਾਦੀ ਵਿਕਸਤ ਅਤੇ ਵਿਕਾਸ਼ਸ਼ੀਲ ਦੇਸ਼ਾਂ ਵੱਲੋਂ ਵਿਸ਼ਵੀਕਰਣ ਦੀਆਂ ਨੀਤੀਆਂ ਰਾਹੀਂ ਲੋਕਾਂ ਅੰਦਰ ਸਮਾਜਕ ਵਿਕਾਸ ਦੇ ਭੁਲੇਖੇ ਪਾਕੇ ਉਨ੍ਹਾ ਅੰਦਰ ਵੰਡੀਆਂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਅਸਫਲ ਕਰਨ, ਟਰੇਡ-ਯੂਨੀਅਨ ਬਨਾਉਣ ਤੋਂ ਰੋਕਣ ਅਤੇ ਪਹਿਲਾਂ ਤੋਂ ਬਣੀਆਂ ਟਰੇਡ-ਯੁਨੀਅਨਾਂ ਨੂੰ ਤੋੜਣ ਲਈ ਕਿਰਤ ਕਾਨੂੰਨਾ ਵਿਚ ਇਜਾਰੇਦਾਰ ਤੇ ਬਹੂ-ਕੌਮੀ ਕਾਰਪੋਰੇਸ਼ਨਾ ਪੱਖੀ ਸੋਧਾਂ ਕੀਤੀਆਂ ਜਾ ਰਹੀਆਂ ਹਨ।“ਸਤ੍ਹਾ ਤੇ ਲਗਾਤਾਰ ਕਾਬਜ ਰਹਿਣ ਦੀ ਪ੍ਰਕਿਿਰਆ ਅੰਦਰ ਪੰੂਜੀਵਾਦੀ ਇਤਿਹਾਸ, ਮਜ਼ਦਰ ਜਮਾਤ ਦੀ ਵੰਡ ਅਤੇ ਮੁੜ ਵੰਡ ਦਾ ਇਤਿਹਾਸ ਹੈ”।ਅੱਜ ਵਿਸ਼ਵ ਪੱਧਰ ਤੇ ਮਜ਼ਦੁਰ ਜਮਾਤ ਦਾ ਸਾਮਰਾਜੀ ਵਿਸ਼ਵੀਕਰਣ ਵਿਰੁੱਧ ਸੰਘਰਸ਼ ਇਕ ਮਹੱਤਵ ਪੂਰਨ ਕਾਰਜ ਹੈ ਜਿਹੜਾ ਮਜ਼ਦੁਰਾਂ ਅੰਦਰ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਇਕ ਮੁਠੱਤਾ ਅਤੇ ਜਮਾਤੀ ਚੇਤਨਾਂ ਪੈਦਾ ਕਰਦਾ ਹੈ।

ਅੱਜ ਵਿਸ਼ਵੀਕਰਣ ਦੇ ਰੱਹਸ ਨੂੰ ਨੰਗਾ ਕਰਨ ਅਤੇ ਲੋਕਾ ਸਾਮ੍ਹਣੇ ਲਿਆਉਣ ਦੀ ਲੋੜ ਹੈ ਅਤੇ ਮਨੱੁਖਤਾ ਦੇ ਭਲੇ ਲਈ, ਇਨ੍ਹਾ ਨੀਤੀਆਂ ਨੂੰ ਲਾਗੂ ਹੋਣੋ ਰੋਕਣਾ ਅਤਿ ਜਰੂਰੀ ਹੈ।ਵਿਸ਼ਵੀਕਰਣ, ਉਦਾਰੀਕਰਣ, ਅੱਤੇ ਨਿੱਜੀਕਰਣ ਦੀਆਂ  ਨੀਤੀਆਂ ਕਾਰਨ ਸਤ੍ਹਾ ਦਾ ਸਤੰੁਲਨ ਜਨਤਕ ਖੇਤਰ ਤੋਂ ਨਿੱਜੀ ਖੇਤਰ ਵੱਲ ਜਾ ਰਿਹਾ ਹੈ ਅੱਤੇ ਕਾਰਪੋਰੇਟ ਸੈਕੱਟਰ ਰਾਜ ਸਤ੍ਹਾ ਉੱਪਰ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ।ਵਿਸ਼ਵੀਕਰਣ ਦੀਆਂ ਨੀਤੀਆਂ ਰਂਾਹੀ ਸਾਮਰਾਜੀ ਦੇਸ਼ ਅੱਰਧ-ਵਿਕਸਤ ਅੱਤੇ ਵਿਕਾਸ-ਸ਼ੀਲ ਦੇਸ਼ਾਂ ਉੱਪਰ ਆਰੱਥਕ ਤੌਰ ਤੇ ਹਾਵੀ ਹੋ ਰਹੇ ਹਨ।ਹੁਣ ਦੇਖਣਾਂ ਇਹ ਹੈ ਕਿ ਸਾਮਰਾਜੀ ਵਿਕਸਤ ਦੇਸ਼ ਭਾਰਤ ਵਰਗੇ ਵਿਕਾਸ-ਸ਼ੀਲ ਦੇਸ਼ਾਂ ਦੀ ਜਨਤਾ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਵੱਲ ਲਿਜਾਣ ਅਤੇ ਵਿਸ਼ਵੀਕਰਣ ਦੀਆਂ ਨੀੱਤੀਆਂ ਰਾਂਹੀ ਇਨ੍ਹਾ ਦੇਸ਼ਾਂ ਦਾ ਹੋਰ ਸੋਸ਼ਣ ਕਰਨ ਲਈ ਕਿਹੜੇ-ਕਿਹੜੇ ਹੱਥਕਂਢੇਂ ਵਰਤਦੇ ਹਨ! ਇਹ ਦੇਸ਼ ਲੋਕਾਂ ਦੀਆਂ ਸਮਾਜਕ ਤੇ ਸਭਿਆਚਾਰਕ ਰਵਾਇਤਾਂ, ਉਨ੍ਹਾ ਦੀ ਜੀਵਨ ਸ਼ੈਲੀ ਅਤੇ ਮਨੱੁਖੀ ਕਦਰਾਂ ਕੀਮਤਾਂ ਨੂੰ ਕਿਸ ਪੱਧਰ ਤੱਕ ਹੇਠਾਂ ਲੈ ਜਾਂਦੇ ਹਨ,ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਵਿਕਾਸਸ਼ੀਲ ਦੇਸ਼ਾਂ ਅੰਦਰ ਸੋਸ਼ਣ ਤੇ ਅਧਾਰਤ ਰਾਜ ਪ੍ਰਬੰਧ ਅਧੀਨ ਅੱਤ ਦੀ ਗਰੀਬੀ ਤੇ ਬੇਰੁਜਗਾਰੀ ਕਾਰਨ ਮਿਲਦੀ ਸਸਤੀ ਕਿਰਤ ਦੀ ਬਦੌਲਤ ਸਾਮਰਾਜੀ ਵਿਕਸਤ ਦੇਸ਼ ਵਿਕਾਸ-ਸ਼ੀਲ ਦੇਸ਼ਾਂ ਦੇ ਕੁਦੱਰਤੀ ਸਾਧਨਾਂ ਦੀ ਅੰਨ੍ਹੀ ਲੁੱਟ ਰਾਂਹੀ ਵਿਸ਼ਾਲ ਮੁਨਾਫੇ ਆਪਣੇ ਦੇਸ਼ਾਂ ਅੰਦਰ ਲਿਜਾਣ ਲਈ, ਵਿਕਾਸ-ਸ਼ੀਲ ਦੇਸ਼ਾਂ ਵਿੱਚ ਬਹੂ-ਕੌਮੀ ਕੰਪਨੀਆਂ ਰਾਂਹੀ ਆਪਣੀਆਂ ਸ਼ਰਤਾਂ ਅਧੀਨ ਪੰੂਜੀ ਨਿਵੇਸ਼ ਕਰਦੇ ਹਨ।ਅਜਿਹਾ ਕਰਨਾ ਸਾਮਰਾਜੀ ਦੇਸ਼ਾਂ ਦੀ ਲੋੜ ਹੁੰਦੀ ਹੈ ਅਤੇ ਆਪਣੀਆਂ ਉਪਜਾਂ ਨੂੰ ਵੇਚਣ ਲਈ ਇਨ੍ਹਾਂ ਨੂੰ ਨਵੀਆਂ ਮੰਡੀਆਂ ਦੀ ਲੋੜ ਹੰੁਦੀ ਹੈ। “ ਆਪਣੀਆਂ ਉਪਜਾਂ ਲਈ ਲਗਾਤਾਰ ਪਸਾਰ ਕਰ ਰਹੀ ਮੰਡੀ ਦੀ ਲੋੜ ਬੁਰਜੁਆਜੀ ਨੂੰ ਧਰਤੀ ਦੇ ਸਾਰੇ ਤਲ ਉਤੇ ਭਜਾਈ ਫਿਰਦੀ ਹੈ।ਹਰ ਥਾਂ ਆਲ੍ਹਣੇਂ ਬਨਾਉਣਾ,ਹਰ ਥਾਂ ਵਸੇਬਾ ਕਰਨਾ,ਹਰ ਥਾਂ ਸੰਬਧ ਕਾਇਮ ਕਰਨਾ ਇਸ ਲਈ ਜਰੂਰੀ ਹੋ ਜਾਂਦਾ ਹੈ”। (ਕਮਿਉਨਿਸਟ  ਮੈਨੀਫੈਸਟੋ)  

ਬਸਤੀਵਾਦੀ ਜੂਲੇ ਤੋਂ ਆਜ਼ਾਦ ਹੋਏ ਭਾਰਤ ਵਰਗੇ ਦੇਸ਼ਾਂ ਜਿਨ੍ਹਾਂ ਨੇ ਆਪਣੀ ਆਜ਼ਾਦੀ ਸਾਮਰਾਜੀ ਤਾਕਤਾਂ ਦੀਆਂ ਸ਼ਰਤਾਂ ਅਧੀਨ ਪ੍ਰਾਪਤ ਕੀਤੀ ਹੈ,ਉਨ੍ਹਾਂ ਅੰਦਰ ਅੱਜ ਵੀ ਬਸਤੀਵਾਦੀ ਕਾਨੂੰਨ ਲਾਗੂ ਹਨ ਅਤੇ ਇਸੇ ਕਾਰਨ ਇਨ੍ਹਾਂ ਵਿਕਾਸ-ਸ਼ੀਲ ਦੇਸ਼ਾਂ ਨੂੰ ਵਿਸ਼ਵੀਕਰਣ ਦੀਆਂ ਨੀਤੀਆਂ ਲਾਗੂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਉਦਾਰੀਕਰਣ ਰਾਂਹੀ ਸਾਮਰਾਜੀ ਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਖਿਲਵਾੜ ਕਰਦੇ ਹਨ।ਉਦਾਰੀਕਰਣ ਦਾ ਸ਼ਬਦੀ ਭਾਵ ਹੈ“ਰਾਜਨੀਤਕ,ਧਾਰਮਿਕ,ਕਾਨੂੰਨੀ ਜਾਂ ਇਖਲਾਕੀ ਬੰਦਸ਼ਾਂ ਤੋਂ ਅਜ਼ਾਦੀ”।ਇਸ ਤਰ੍ਹਾਂ ਇਹ ਸਾਮਰਾਜੀ ਵਿਕਸਤ ਦੇਸ਼ ਜਿਥੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਅੰਦਰ ਬਹੂ-ਕੌਮੀ ਕੰਪਨੀਆਂ ਰਾਂਹੀ ਪੂੰਜੀ ਨਿਵੇਸ਼ ਕਰਕੇ ਦੇਸ਼ਾਂ ਅਤੇ ਉਥੋਂ ਦੀ ਜੰਤਾਂ ਦੀ ਲੁੱਟ-ਖਸੁੱਟ ਕਰਦੇ ਹਨ ਅਤੇ ਨਾਲ  ਹੀ ਇਨ੍ਹਾ ਦੇਸ਼ਾਂ ਦੀਆਂ ਇਖਲਾਕੀ ਕਦਰਾਂ ਕੀਮਤਾਂ,ਸਭਿਆਚਾਰ ਅਤੇ ਧਾਰਮਿਕ ਰਵਾਇਤਾਂ ਨਾਲ ਖਿਲਵਾੜ ਕਰਕੇ ਲਚਰਤਾ,ਅਨੈਤਿਕਤਾ ਅਤੇ ਅਸ਼ਲੀਲ ਸਭਿਆਚਾਰ ਨੂੰ ਜਨਮ ਦਿੰਦੇ ਹਨ।ਵਿਸ਼ਵੀਕਰਣ,ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਰਾਂਹੀ ਸਮਾਜ ਅੰਦਰ ਅਨੈਤਿਕਤਾ,ਭਰਿਸ਼ਟਾਚਾਰ,ਲੰਿਗਕ ਸਰਗਰਮੀਆਂ ਅਤੇ ਨਸ਼ੇ ਆਦਿ ਕਰਨ ਲਈ ਰਾਹ ਖੁੱਲ ਜਾਂਦਾ ਹੈ।ਮਾਰਕਸ ਦੇ ਕਥਨ ਅਨੁਸਾਰ, “ਜਿੱਥੇ ਵੀ ਕਿੱਧਰੇ ਬੁਰਜੂਆਜੀ ਦਾ ਹੱਥ ਉੱਤੇ ਹੋਇਆ ਹੈ,ਇਹਨੇ ਸਾਰੇ ਜਗੀਰੂ,ਪਿਤਾ-ਪੁਰਖੀ,ਲੋਕ-ਗੀਤਾਂ ਵਾਲੇ ਸੰਬਧਾਂ ਦਾ ਖਾਤਮਾਂ ਕਰ ਦਿੱਤਾ।ਇਹਨੇ ਬੇਰਹਿਮੀਂ ਨਾਲ ਉਹ ਭਾਂਤ-ਭਾਂਤ ਦੇ ਜਗੀਰੂ ਸੰਬਧ ਤੋੜ ਕਿ ਰੱਖ ਦਿਤੇ ਜਿਨ੍ਹਾਂ ਨੇ ਮਨੱੁਖ ਨੂੰ ਆਪਣੇ “ਕੁੱਦਰਤੀ ਵੱਡੇਰਿਆਂ” ਨਾਲ ਬੰਨਕੇ ਰੱਿਖਆ ਹੋਇਆ ਸੀ ਅੱਤੇ ਮਨੁੱਖ-ਮਨੁੱਖ ਦੇ ਵਿਚਕਾਰ ਹੋਰ ਕੋਈ ਸੰਬਧ ਨਹੀਂ ਰਹਿਣ ਦਿੱਤਾ ਸਿਵਾਏ ਨੰਗੇ ਸਵੈ-ਹਿੱਤ ਦੇ,ਸਿਵਾਏ ਬੇਰਹਿਮ ਕਠੋਰ “ਨਗਦ ਅਦਾਇਗੀ” ਦੇ।ਮਾਰਕਸ ਨੇ ਅੱਗੇ ਲਿਿਖਆ ਹੈ “ਇਹਨੇ ਮਨੱਖ ਦੀ ਨਿੱਜੀ ਯੋਗਤਾ ਨੂੰ ਵਟਾਂਦਰਾ ਕਦਰ ਵਿੱਚ ਬਦਲ ਦਿੱਤਾ ਹੈ ਅੱਤੇ ਅਣਗਿਣਤ ਅਖੋਹ ਅਧਿਕਾਰਤ ਆਜਾਦੀਆਂ ਦੀ ਥਾਂ ਇੱਕੋ ਇੱਕ ਬੇਜ਼ਮੀਰ ਆਜ਼ਾਦੀ ਕਾਇਮ ਕਰ ਦਿੱਤੀ “ਆਜ਼ਾਦ ਵਪਾਰ”,ਇੱਕੋ ਸ਼ੱਬਦ ਵਿੱਚ,ਧਾਰਮਕ ਅੱਤੇ ਰਾਜਸੀ ਭੁਲੇਖਿਆਂ ਦੇ ਪਰਦੇ ਹੇਠ ਕੀਤੀ ਜਾਂਦੀਂ ਲੁੱਟ-ਖੱਸੁਟ ਦੀ ਥਾਂ ਇਸਨੇ ਨੰਗੀ, ਬੇਸ਼ਰਮ, ਸਿੱਧੀ ਤੇ ਵਹਿਸ਼ੀ ਲੁੱਟ-ਖੱਸੁਟ ਨੂੰ ਦੇ ਦਿੱਤੀ”। (ਕਮਿਉਨਿਸਟ ਮੈਨੀਫੈਸਟੋ)

ਨਿੱਜੀਕਰਣ ਰਾਂਹੀਂ ਸਰਕਾਰ ਦੇਸ਼ ਦੇ ਕੁਦਰੱਤੀ ਸਾਧਨਾਂ,ਵੱਡੇ ਸਨਅਤੀ ਅਦਾਰਿਆਂ,ਸਿਵਲ ਸੇਵਾਵਾਂ(ਆਉਟ ਸੋਰਸਿੰਗ ਰਾਂਹੀ) ਅੱਤੇ ਹੋਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਦੇਸ਼ ਦੇ ਇਜ਼ਾਰੇਦਾਰਾਂ ਅੱਤੇ ਬਹੂ-ਕੌਮੀ ਕੰਪਨੀਆਂ ਹਵਾਲੇ ਕਰਕੇ ਦੇਸ਼ ਨੂੰ   ਸਾਮਰਾਜੀ ਤਾਕਤਾਂ ਦੀ ਆਰਥਕ ਗੁਲਾਮੀ ਵੱਲ ਧੱਕੇਲ ਦਿੱਤਾ ਜਾਂਦਾ ਹੈ।ਇਸ ਤਰ੍ਹਾਂ ਵਿਸ਼ਵੀਕਰਣ ਦੀਆਂ ਨੀਤੀਆਂ  ਇਜਾਰੇਦਾਰਾਂ ਤੇ ਸਰਮਾਏਦਾਰਾਂ ਦੇ ਵਿਕਾਸ ਅੱਤੇ ਦੇਸ਼ ਦੀ ਜੰਤਾ ਦੇ ਸਮਾਜਕ ਤੇ ਆਰਥਕ ਵਿਨਾਸ਼ ਦਾ ਕਾਰਨ ਬਣਦੀਆਂ ਹਨ ਅੱਤੇ ਜਿਥੇ ਪਹਿਲੋਂ ਹੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਤੇ ਭੁੱਖ ਨੰਗ ਦੀ ਮਾਰੀ ਜੰਤਾ ਦੀ ਕਮਰ ਟੁੱਟੀ ਪਈ ਹੈ ਉਥੇ ਇਹ ਨੀਤੀਆਂ ਉਨ੍ਹਾਂ ਦੀ ਸਿਹਤ ਅੱਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਖਿਲਵਾੜ ਕਰਦੀਆਂ ਹਨ।“ਇੱਕ ਪਾਸੇ ਸਰਮਾਏ ਦੀ ਲਗਾਤਾਰ ਘਟੱੱਦੀ ਜਾ ਰਹੀ ਗਿਣਤੀ ਦੇ ਹੱਥਾਂ ਵਿੱਚ ਇਕੱਤਰਤਾ ਅੱਤੇ ਇਸ ਦੀ ਕੇਂਦਰਤਾ,ਦੂਜੇ ਪਾਸੇ ਸਦਾ ਵੱਧਦੀ ਗੁਰਬਤ ਅੱਤੇ ਬੇਰੁਜ਼ਗਾਰੀ ਦਾ ਅਮਲ ਹੈ”। (ਵਾਧੂ ਕਦਰ ਵਿੱਚੋਂ)

ਵਿਕਾਸ ਦੇ ਪੂੰਜੀਵਾਦੀ ਪ੍ਰਬੰਧ ਦੇ ਚਲਦਿਆਂ ਆਰਥਕ ਸ਼ੰਕਟਾਂ ਦਾ ਪੈਦਾ ਹੋਣਾ ਲਾਜ਼ਮੀ ਹੈ।ਆਰਥਕ ਸੰਕਟ ਵਿਚੋਂ ਨਿਕਲਣ ਲਈ ਸਰਮਾਏਦਾਰਾਂ ਕੋਲ ਪਹਿਲਾ ਉਪਾਅ ਹੰੁਦਾ ਹੈ,ਮਜ਼ਦੂਰਾਂ ਦੀ ਛਾਂਟੀ,ਉਜਰਤਾਂ’ਚ ਕਟੌਤੀ ਅੱਤੇ ਕੰਮ ਘਟਿੰਆਂ ਵਿੱਚ ਵਾੱਧਾ ਅੱਤੇ ਆਮ ਜਨਤਾ ਨੂੰ ਦਿੱਤੀਆਂ ਨਾਮਾਤਰ ਸਹੂਲਤਾਂ ਵਿੱਚ ਕਟੌਤੀ ਕਰਨਾ ਹੰੂਦਾਂ ਹੈ।ਇਸ ਦਾ ਸਿੱਟਾ ਵੀ ਸਾਡੇ ਸਾਮ੍ਹਣੇ ਹੈ।ਅੱਜ ਯੂਰਪ ਅੱਤੇ ਅਮਰੀਕਾ ਗੰਭੀਰ ਆਰਥਕ ਸੰਕਟ ਵਿੱਚੋਂ ਨਿਕਲਣ ਲਈ, ਆਪਣੇ ਦੇਸ਼ਾਂ ਅੰਦਰ ਅਪਣਾਈਆਂ ਉਪਰੋਕਤ ਨੀੱਤੀਆਂ ਨੇ ਇਨ੍ਹਾ ਦੇਸ਼ਾਂ ਨੂੰ ਰਾਹਤ ਦੇਣ ਦੀ ਥਾਂ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।ਅੱਜ ਸਾਰੇ ਵਿਸ਼ਵ ਅੰਦਰ ਵਿਸ਼ਵੀਕਰਣ,ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀੱਤੀਆਂ ਵਿਰੁੱਧ ਹੀ ਨਹੀਂ ਸਗੋਂ ਵਿਕਾਸ ਦੇ ਪੂੰਜੀਵਾਦੀ ਪ੍ਰਬੰਧ ਦੇ ਵਿਰੋਧ’ਚ ਲੋਕ ਸੜਕਾਂ ਤੇ ਉੱਤਰ ਆਏ ਹਨ। 

ਉਪਰੋਕਤ ਨੀੱਤੀਆਂ ਦੇ ਹੁੰਦਿਆਂ ਨਿੱਤ ਵੱਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਨੌਜਵਾਨਾ, ਮਜ਼ਦੂਰਾਂ ਅੱਤੇ ਕਰਮਚਾਰੀਆਂ ਉਪਰ ਲਟਕਦੀ ਛਾਂਟੀ ਦੀ ਤਲਵਾਰ ਕਾਰਨ ਉਨ੍ਹਾ ਅੰਦਰ ਬੇਚੈਨੀ, ਮਾਨਸਿਕ ਤਨਾਉ ਅੱਤੇ ਉਦਾਸੀ (ਡੀਪਰੈਸ਼ਨ) ਲਗਾਤਾਰ ਵੱਧਦੀ ਜਾ ਰਹੀ ਹੈ।ਕਾਰਪੋਰੇਟ ਸੈਕਟਰ,ਸੂਚਨਾ ਤੇ ਤਕਨਾਲੋਜੀ,ਆਉਟ ਸੋਰਸਿੰਗ ਸਨਅਤ(ਬੀ.ਪੀ.ਓ) ਕਾਲ-ਸੈਂਟਰਾਂ ਅੱਤੇ ਹੋਰ ਦਫਤਰਾਂ ਅੰਦਰ ਕੰਮ ਕਰਨ ਦੇ ਸਮੇਂ ਵਿੱਚ ਲਗਾਤਾਰ ਤਬਦੀਲੀ, ਰਾਤ ਦੀਆਂ ਸ਼ਿਫਟਾਂ ਅੱਤੇ ਕੰਮ ਕਰਨ ਦੀ ਸ਼ੈੱਲੀ’ਚ ਤਬਦੀਲੀ ਕਾਰਨ ਮਨੁੱਖੀ ਸਰੀਰ ਦੇ ਕੰਮ ਕਰਨ ਦੀ “ਕੁਦੱਰਤੀ ਪ੍ਰਣਾਲੀ” (ਬਾਇਓਲਾਜੀਕਲ ਕਲਾਕ) ਅੰਦਰ ਵਿਗਾੜ ਪੈਦਾ ਹੋਣ ਨਾਲ ਕਾਮੇਂ ਅੰਨੀਦਰੇ ਤੇ ਮਾਨਸਿਕ ਤਨਾਓ ਦੇ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ।ਅਨੀਦੰਰੇ ਰੋਗ ਅੱਤੇ ਲਗਾਤਾਰ ਤਨਾਅ’ਚ ਰਹਿਣ ਕਾਰਨ ਡੀਪਰੈਸ਼ਨ ਦੀ ਹਾਲਤ’ਚ ਪਹੰੁਚ ਜਾਂਦੇ ਹਨ,ਅੱਤੇ ਅਗੇ ਹੋਰ ਜੀਵਨ ਭਰ ਲਈ ਬੱਲਡ ਪ੍ਰੈਸ਼ਰ, ਦਿੱਲ ਦੇ ਰੋਗ, ਸ਼ੂਗਰ ਅੱਤੇ ਹੋਰ ਨਾਂ-ਮੁਰਾਦ ਬੀਮਾਰੀਆਂ ਆ ਘੇਰਦੀਆਂ ਹਨ।ਇਹ ਕਾਰਪੋਰੇਟ ਅਦਾਰੇ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਤੋਂ ਏਨਾ ਕੰਮ ਲੈਂਦੇ ਹਨ ਕਿ 50-55 ਸਾਲ ਦੀ ਉਮਰ ਤੱਕ ਨਕਾਰਾ ਕਰਕੇ ਸੇਵਾ-ਮੁਕੱਤੀ ਦੇ ਕੇ ਘਰ ਨੂੰ ਤੋਰ ਦਿੰਦੇ ਹਨ।ਸੇਵਾ-ਮੁੱਕਤੀ ਸਮੇਂ ਮਿਲੀ ਰਕਮ ਬਿਮਾਰੀਆਂ ਦੇ ਇਲਾਜ ੳੱੁਪਰ ਲਗ ਜਾਂਦੀ ਹੈ।ਕੋਈ ਸਮਾਜਕ ਸਾਂਝ ਨਾਂ ਹੋਣ ਕਰਕੇ ਬਹੁਤੇ ਤਾਂ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ ਅੱਤੇ ਸਮਾਜ ਅੱਤੇ ਪਰੀਵਾਰ ਉਪਰ ਬੋਝ ਬਣ ਜਾਂਦੇ ਹਨ। ਔਲਾਦ ਤੋਂ ਸਹਾਰਾ ਭਾਲਦੇ ਬਿਰਧ-ਆਸ਼ਰਮ ਜਾ ਪਹੁੰਚਦੇ  ਹਨ।

ਨੌਕਰੀਪੇਸ਼ਾ ਵਿਅਕਤੀਆਂ ਦਾ ਲਗਾਤਾਰ ਮਾਨਸਿਕ ਤਨਾਅ’ਚ ਰਹਿਣ ਕਾਰਨ ਉਨ੍ਹਾਂ ਦੀ ਆਪਣੇ ਕਿੱਤੇ ਪ੍ਰਤੀ ਰੁੱਚੀ ਘੱਟ ਜਾਂਦੀ ਹੈ ਅੱਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ।ਰਾਤ ਦੀਆਂ ਸ਼ਿਫਟਾਂ ਵੀ ਤਨਾਅ ਦਾ ਕਾਰਣ ਬਣਦੀਆਂ ਹਨ ਖਾਸ ਕਰਕੇ ਔਰਤਾਂ ਮਾਨਸਿਕ ਤਨਾਅ ਦਾ ਜਿਆਦਾ ਸ਼ਿਕਾਰ ਰਹਿੰਦੀਆਂ ਹਨ।ਔਰਤਾਂ ਦੇ ਵੱਧ ਰਹੇ ਲੰਿਗਕ ਸੋਸ਼ਣ ਅੱਤੇ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਵੀ ਚਿੰਤਾਂ ਦਾ ਕਾਰਨ ਹਨ।ਤਨਾਅ ਮੁਕਤ ਰਹਿਣ ਲਈ ਜਿਆਦਾ ਤਰ ਰੁਝਾਨ ਨਸ਼ਿਆਂ ਅੱਤੇ ਤਨਾਅ ਮੁਕਤ ਦਵਾਈਆਂ ਦੀ ਵਰਤੋਂ ਵੱਲ ਜਾਂਦਾ ਹੈ।ਸ਼ਰਾਬ ਪੀਣ ਅੱਤੇ ਸਿਗਰਟ ਨੋਸ਼ੀ ਦੀ ਤੀਬਰਤਾ ਵੱਧ ਜਾਂਦੀ ਹੈ। ਸੰਯੁਕਤ ਰਾਸ਼ਟਰ ਦੇ ਇੱਕ ਅਨੁਮਾਨ ਅਨੁਸਾਰ ਵਿਸ਼ਵ ਦੀ ਕੋਈ 25% ਆਬਾਦੀ ਕਿਸੇ ਨਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੈ।ਇੰਗਲੈਡ ਦੇ 30% ਕਾਮੇਂ ਦਿਮਾਗੀ ਬਿਮਾਰੀਆਂ ਤੋਂ ਪੀੜਤ ਹਨ।ਵਿਸ਼ਵ ਸਿਹਤ ਸੰਸਥਾ ਦੀ 30 ਜਨਵਰੀ 2020 ਦੀ ਰਿਪੋਰਟ ਮੁਤਾਬਕ ਵਿਸ਼ਵ ਦੇ 26 ਕਰੋੜ 40 ਲੱਖ ਲੋਕ ਡੀਪਰੈਸ਼ਨ ਤੋਂ ਪੀੜਤ ਹਨ ਅਤੇ ਡੀਪਰੈਸ਼ਨ ਦੇ ਕਾਰਨ ਹੀ ਕੋਈ 8 ਲੱਖ ਲੋਕ ਹਰ ਸਾਲ ਆਤਮ ਹਤਿਆਵਾਂ ਕਰਦੇ ਹਨ।ਭਾਰਤ ਅੰਦਰ ਵਿਸ਼ਵ ਦੇ ਸੱਭ ਤੋਂ ਵੱਧ ਲੋਕ ਡੀਪਰੈਸ਼ਨ ਤੋਂ ਪੀੜਤ ਹਨ।ਨਦਟਵ.ਚੋਮ/ਸਾੳਸਟਹਨਿਦੳਿ 9 ਅਕਤੂਬਰ 2020 ਨੇ ਵਿਸ਼ਵ ਸਿਹਤ ਸੰਸਥਾ ਦੇ ਹਵਾਲੇ ਨਾਲ ਦਸਿਆ ਕਿ ਭਾਰਤ ਅੰਦਰ 7.5% ਅਬਾਦੀ ਦਿਮਾਗੀ ਬਿਮਾਰੀਆਂ ਤੋਂ ਪੀੜਤ ਹੈ ਜਿਹੜੀ 2021 ਦੇ ਅੰਤ ਤੱਕ 20% ਤੱਕ ਪੁੱਜਣ ਦਾ ਅੰਦੇਸ਼ਾ ਹੈ।ਇਹ ਭੀ ਦਸਿਆ ਗਿਆ ਕਿ ਵਿਸ਼ਵ ਭਰ’ਚ ਹੁੰਦੀਆਂ ਕੁੱਲ ਆਤਮ ਹੱਤਿਆਵਾਂ ਦਾ 36.6% ਆਤਮ ਹੱਤਿਆਵਾਂ ਭਾਰਤ ਵਿੱਚ ਹੁੰਦੀਆਂ ਹਨ।

ਮਾਨਸਿਕ ਤਨਾਅ ਅੱਤੇ ਡੀਪਰੈਸ਼ਨ ਦੇ ਲਗਾਤਾਰ ਵੱਧਦੇ ਜਾਣ ਦਾ ਕਾਰਨ ਨਸ਼ਿਆਂ ਦੀ ਲੱਤ ਹੈ। ਅੱਤੇ ਜੁਰਮਾਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਰੂਸ ਅੰਦਰ ਸਮਾਜਵਾਦੀ ਪ੍ਰਣਾਲੀ ਦੇ ਢਹਿ ਢੇਰੀ ਹੋਣ ਤੋਂ ਬਾਅਦ ਉਥੇ ਪੂੰਜੀਵਾਦੀ ਪ੍ਰਣਾਲੀ ਦੇ ਮੁੜ ਸਥਾਪਤ ਹੋਣ ਅੱਤੇ ਵਿਸ਼ਵੀਕਰਣ ਦੀਆਂ ਨੀਤੀਆਂ ਦੇ ਲਾਗੂ ਹੋਣ ਨਾਲ ਆਰਥਕ ਪਾੜੇ, ਮਹਿੰਗਾਈ ਅਤੇ ਬੇਰੁਜ਼ਗਾਰੀ’ਚ ਇੱਕ ਦਮ ਵਾਧਾ ਹੋ ਜਾਣ ਕਾਰਨ ਪੈਦਾ ਹੋਏ ਮਾਨਸਿਕ ਤਨਾਅ ਨੇ ਨਸ਼ਿਆਂ,ਜੁਰਮਾਂ ਅੱਤੇ ਵੇਸਵਾਗਮਨੀ ਨੂੰ ਅੰਜਾਮ ਦੇ ਦਿੱਤਾ ਹੈ।26 ਜੂਨ 2019 ਦੇ “ਇੰਡੀਆ ਟੁਡੇ”ਮੁਤਾਬਕ ਭਾਰਤ ਅੰਦਰ ਇੱਕ ਦਹਾਕੇ ਵਿੱਚ 30% ਡਰਗਜ਼ ਦੀ ਵਰਤੋਂ ਵਿੱਚ ਵਾਧਾ ਹੋਇਆ।2018 ਦੇ ਭਾਰਤ ਵਿੱਚ ਹੋਏ ਇੱਕ ਸਰਵੇ ਮੁਤਾਬਕ ਏਸ਼ੀਆ ਦੀ 30% ਅਬਾਦੀ ਦੇ ਬਰਾਬਰ ਡਰਗਜ਼ ਦੀ ਵਰਤੋਂ ਇਕੱਲੇ ਭਾਰਤ ਅੰਦਰਰ ਹੁੰਦੀ ਹੈ।ਸੰਯੁਕਤ ਰਾਸ਼ਟਰ ਦੀ ਡਰਗਜ਼ ਤੇ ਅਜੋਕੀ ਰਿਪੋਰਟ ਵਿੱਚ ਦਸਿਆ ਗਿਆ ਕਿ ਵਿਸ਼ਵ ਭਰ’ਚ ਨਸ਼ੀਲੀ ਦਵਾਈਆਂ/ਨਾਰਕੋਟਕਿਸ ਦੀ ਵਰਤੋਂ ਵਿੱਚ 2009 ਦੇ ਮੁਕਾਬਲੇ 30% ਵਾਧਾ ਹੋਇਆ ਹੈ। 3 ਕਰੋੜ 50 ਲੱਖ ਲੋਕ ਡਰਗਜ਼ ਦੇ ਭੈੜੇ ਵਿਕਾਰਾਂ ਦਾ ਸ਼ਿਕਾਰ ਹੋਏ ਹਨ।ਸ਼ਰਾਬ ਦੀ ਵਰਤੋਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ।ਔਰਤਾਂ ਵੀ ਸ਼ਰਾਬਨੋਸ਼ੀ ਵਿੱਚ ਸ਼ਾਮਲ ਹੁੰਦੀਆਂ ਜਾ ਰਹੀਆਂ ਹਨ।  ਬੀ ਬੀ ਸੀ ਮਈ14,2020 ਦੀ ਇੱਕ ਰਿਪੋਰਟ ਮੁਤਾਬਕ ਭਾਰਤ 663 ਮਿਿਲਅਨ ਲਿਟਰ ਸ਼ਰਾਬ ਦੀ ਖਪਤ ਕਰਦਾ ਜਿਸਦਾ 45% ਕੇਵਲ ਦੱਖਣੀ ਭਾਰਤ ਦੇ ਰਾਜ ਕੇਰਲ, ਤਾਮਿਲਨਾਡੂ, ਆਂਧਰਾ, ਤਿਲੰਗਾਨਾ ਅਤੇ ਕਰਨਾਟਕ ਖਪਤ ਕਰਦੇ ਹਨ।ਸ਼ਰਾਬ ਨੋਸ਼ੀ ਸਿਹਤ ਨਾਲ ਖਿਲਵਾੜ ਅਤੇ ਘਰੇਲੂ ਲੜਾਈ ਦੀ ਮੁੱਖ ਵਜ੍ਹਾ ਹੈ।

ਕੰਮ ਦੌਰਾਨ ਤਨਾਅ (ਜਾਬ ਸਟਰੈੱਸ) ਵਿਸ਼ਵੀਕਰਣ ਦੇ ਮੌਜੂਦਾ ਦੌਰ ਅੰਦਰ ਕੰਮ ਕਰਨ ਅੱਤੇ ਜੀਵਨ ਸ਼ੈਲੀ ਦੇ ਢੰਗ ਦੇ ਅਨੁਰੂਪ ਇੱਕ ਨਵਾਂ ਵਰਤਾਰਾ ਹੈ।ਕੰਮ ਕਰਨ ਦੀ ਪ੍ਰਕਿਰਤੀ ਵਿੱਚ, ਅਮਰੀਕਾ ਅੱਤੇ ਪੱਛਮੀਂ ਸਾਮਰਾਜਵਾਦੀ ਦੇਸ਼ਾਂ ਅੰਦਰ ਪਿੱਛਲੀ ਕੋਈ ਇੱਕ ਸਦੀ ਤੋਂ ਬੜੀ ਜਬਰਦਸਤ ਤਬਦੀਲੀ ਆਈ ਹੈ ਅੱਤੇ ਭਾਰਤ ਅੰਦਰ ਅਜਿਹੀ ਤਬਦੀਲੀ’ਚ ਤੇਜੀ 1990 ਤੋਂ ਬਾਅਦ ਦੇਖਣ ਨੂੰ ਮਿਲਦੀ ਹੈ।ਜਿਨ੍ਹਾਂ ਬਿਮਾਰੀਆਂ ਦਾ ਸਾਮਰਾਜਵਾਦੀ ਦੇਸ਼ ਪਹਿਲਾਂ ਤੋਂ ਸ਼ਿਕਾਰ ਹਨ,ਭਾਰਤ ਉਨ੍ਹਾਂ ਬਿਮਾਰੀਆਂ ਨੂੰ ਹੁਣ ਤੇਜ਼ੀ ਨਾਲ ਗ੍ਰਹਿਣ ਕਰਦਾ ਜਾ ਰਿਹਾ ਹੈ।ਕੰਮ-ਕਾਰੀ ਲੋਕਾਂ ਅੰਦਰ ਮਾਨਸਿਕ ਤਨਾਅ ਦਾ ਪੈਦਾ ਹੋਣਾ ਵਿਸ਼ਵੀਕਰਣ,ਊਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਦਾ ਲਾਜ਼ਮੀ ਸਿੱਟਾ ਹੈ,ਜਿਹੜਾ ਹਰ ਤਰ੍ਹਾਂ ਦੇ ਕਿੱਤੇ ਨੂੰ ਆਪਣੀ ਜਕੜ ਵਿੱਚ ਲੈ ਰਿਹਾ ਹੈ।ਦਿਮਾਗੀ ਬਿਮਾਰੀਆਂ ਮਨੱੁਖੀ ਮੁਸੀਬਤਾਂ ਉਪੱਰ ਹੋਰ ਬੋਝ ਬਣਦਾ ਜਾ ਰਿਹਾ ਹੈ। ਸਮਾਜ ਤੋਂ ਅਲਹਿਦਗੀ, ਮਾਨਸਿਕ ਰੋਗੀ ਅੱਤੇ ਉਸਦੇ ਪਰੀਵਾਰ ਨੂੰ ਬੁਰਾ ਸਮਝਣ ਦਾ ਕਾਰਨ ਵੀ ਬਣਦਾ ਹੈ ਅਤੇ ਉਪਰੋਂ ਆਰਥਕ ਖਰਚਿਆਂ ਦੀ ਮਾਰ ਅੱਲਗ।ਚਿੰਤਾ ਦਾ ਕਾਰਨ ਇਹ ਵੀ ਹੈ ਕਿ ਇਸਨੇ ਆਉਣ ਵਾਲੇ ਸਮੇਂ ਅੰਦਰ ਹੋਰ ਵੀ ਵੱਧਣਾ ਹੈ ਅੱਤੇ ਇਹ ਨੀਤੀਆਂ ਸਮਾਜ ਦੇ ਹਰ ਵਰਗ ਨੂੰ ਜਾਣੇ ਜਾਂ ਅਣਜਾਣੇ ਅਨੈਤਿਕਤਾ ਦੇ ਘੇਰੇ ਅੰਦਰ ਲਿਆ ਖੜ੍ਹਾ ਕਰਦੀਆਂ ਹਨ।ਵਿਸ਼ਵੀਕਰਣ ਦੀਆਂ ਨੀਤੀਆਂ ਇੱਕ ਸਭਿਅਕ ਸਮਾਜ ਨੂੰ ਇੱਕ ਅ-ਸਭਿਅਕ ਸਮਾਜ ਬਣਾ ਦਿੰਦੀਆਂ ਹਨ, “ਇੱਕ ਅਨੈਤਿਕ ਪ੍ਰਬੰਧ,ਅਨੈਤਿਕਤਾ ਨੂੰ ਹੀ ਪਾਲਦਾ ਹੈ ਅੱਤੇ ਅਨੈਤਿਕਤਾ ਨੂੰ ਹੀ ਜਨਮ ਦਿੰਦਾਂ ਹੈ”।

ਪੱਛਮੀਂ ਦੇਸ਼ਾਂ ਅੱਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਅੰਦਰ ਇਨ੍ਹਾਂ ਨੀਤੀਆਂ ਕਾਰਨ ਪੈਦਾ ਹੋਈ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ, “ਨੈਸ਼ਨਲ ਸੈਂਟਰ ਫਾਰ ਹੈਲਥ” ਅਪ੍ਰੈਲ 2009 ਅਨੁਸਾਰ ਅਮਰੀਕਾ ਵਿੱਚ 2007 ਵਿੱਚ ਪੈਦਾ ਹੋਏ ਬਚਿੱਆਂ ਵਿੱਚੋਂ 40% ਬੱਚੇ ਅਣ-ਵਿਆਹੀਆਂ ਮਾਂਵਾਂ ਤੋ ਪੈਦਾ ਹੋਏ।ਯੂਰਪ,ਬੁਲਗਾਰੀਆ,ਫਰਾਂਸ,ਸਕਾਟਲੈਂਡ,ਵੇਲਜ਼,ਸਲੋਟੇਨੀਆ ਅੱਤੇ ਸਕੈਂਡਨੇਵੀਅਨ ਦੇਸ਼ਾਂ ਦੇ 50% ਤੋਂ ਉਪਰ ਪਹਿਲੇ ਜਨਮੇਂ ਬੱਚੇ ਅਣ-ਵਿਆਹੀਆਂ ਮਾਂਵਾਂ ਦੇ ਸਨ।5 ਮਾਰਚ 2020 ਦੀ ਗੇਲੱਪ ਰਿਪੋਰਟ ਮੁਤਾਬਕ ਵਿਸ਼ਵ ਪੱਧਰ ਤੇ ਹਰੇਕ ਅੱਠਾਂ ਵਿੱਚੋਂ ਇੱਕ ਔਰਤ ਯਾਨੀ 13% ਅਣ-ਵਿਹਾਈਆਂ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ, ਸਬ-ਸਹਾਰਨ ਦੇਸ਼ਾਂ ਵਿੱਚ ਇਹ ਗਿਣਤੀ 32% ੳਤੇ ਲਤੀਨੀ ਅਮਰੀਕਨ ਦੇਸ਼ਾਂ ਵਿੱਚ 24% ਹੈ।ਫਓਾਂ ਰੀਸਰਚ ਸੈਂਟਰ ਅਪ੍ਰੈਲ 27,2018 ਅਨੁਸਾਰ ਅਮਰੀਕਾ ਵਿੱਚ 168 ਵਿੱਚ ਅਣ-ਵਿਆਹੇ ਮਾਪਿਆਂ ਦੇ ਬੱਚਿਆਂ ਦੀ ਗਿਣਤੀ 13% ਤੋਂ ਵੱਧ ਕੇ 2017 ਵਿੱਚ 32% ਹੋ ਗਈ।

ਕਿਸ਼ੋਰ ਉਮਰ ਦੀਆਂ ਲੜਕੀਆਂ ਵਿੱਚ ਗਰਭ ਧਾਰਨ ਕਰਨ ਦੀਆਂ ਰਿਪੋਰਟਾਂ ਵੀ ਕੋਈ ਘੱਟ ਅਚੰਬੇ ਵਾਲੀਆਂ ਨਹੀਂ ਹਨ।ਅਮਰੀਕਾ ਅੰਦਰ ਸਾਲ 2005 ਵਿੱਚ 15 ਸਾਲ ਤੋ ਂ19 ਸਾਲ ਤੱਕ ਦੀ ਉਮਰ ਦੀਆਂ ਕੋਈ 72,500 ਲੜਕੀਆਂ ਗਰਭਵਤੀ ਹੋਈਆਂ,ਜਿਨ੍ਹਾਂ ਵਿੱਚੌਂ 41,500 ਨੇ ਬੱਿਚਆਂ ਨੂੰ ਜਨਮ ਦਿੱਤਾ।ਹਰ ਸਾਲ ਲੰਿਗੀ ਬਿਮਾਰੀਆਂ ਦੇ ਕੋਈ 2 ਕਰੋੜ 90 ਲੱਖ ਕੇਸ ਸਾਮ੍ਹਣੇ ਆਉਦੈਂ ਹਨ। ਇੰਗਲੈਂਡ ਅੱਤੇ ਅਮਰੀਕਾ,ਵਿਸ਼ਵ ਦੀਆਂ ਸੱਭ ਤੋਂ ਵੱਧ ਕਿਸ਼ੋਰ ਉਮਰ ਦੀਆਂ ਲੜਕੀਆਂ ਦੇ ਗਰਭ ਧਾਰਨ ਕਰਨ ਵਾਲੇ ਮੋਹਰੀ ਦੇਸ਼ ਹਨ।

ਵਿਕਸਤ ਦੇਸ਼ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਹਨ! ਅੰਤਰ-ਰਾਸ਼ਟਰੀ ਮਜ਼ਦੂਰ ਸੰਸਥਾ(ਆਈ.ਐਲ.ੳ) ਦੀ ਇੱਕ ਰਿਪੋਰਟ ਅਨੁਸਾਰ ਜਪਾਨ ਵਿੱਚ ਸੱਭ ਤੋਂ ਵੱਧ ਪ੍ਰਵਾਸੀ ਕਾਮੇ ਜਾਂਦੇ ਹਨ।ਜਪਾਨ ਗੈਰ-ਹੁਨਰਮੰਦ ਕਾਮਿਆਂ ਨੂੰ ਘੱਟ ਹੀ ਆਪਣੇ ਦੇਸ਼ ਅੰਦਰ ਆਉਣ ਦਿੰਦਾਂ ਹੈ।ਫਿਲਪੀਨੋ ਔਰਤਾਂ ਜਿਆਦਾਤਰ ਮਨਪ੍ਰਚਾਵੇ ਦੇ ਵੀਜ਼ੇ ਤੇ ਜਪਾਨ ਜਾਂਦੀਆ ਹਨ।ਫਿਲਪੀਨੋ ਔਰਤਾਂ ਦੀ 1985 ਤੋਂ1996 ਤੱਕ ਗਿਣਤੀ ਕੋਈ 4 ਲੱਖ ਸੀ ਜਿਹੜੀ ਪੱਬਾਂ ਤੇ ਬਾਰਾਂ (ਸ਼ਰਾਬ-ਖਾਨਿਆਂ) ਵਿੱਚ ਕੰਮ ਕਰਦੀਆਂ ਹਨ। ਉਹਨਾਂ ਨੂੰ ਵੇਸਵਾਗਮਨੀ ਲਈ ਮਜ਼ਬੂਰ ਕੀਤਾ ਜਾਂਦਾ ਹੈ ਅੱਤੇ ਹਰ ਕਿਸਮ ਦੇ ਤਸ਼ੱਦਦ ਦਾ ਸਾਮ੍ਹਣਾਂ ਕਰਨਾ ਪੈਦਾਂ ਹੈ। ਉਨ੍ਹਾਂ ਨਾਲ  ਗੈਰ-ਮੱਨੁਖੀ ਵਿਵਹਾਰ ਕੀਤਾ ਜਾਦਾਂ ਹੈੈ ਅੱਤੇ ਅਗੋਂ ਵੇਚਿਆ ਜਾਦਾਂ ਹੈ।

ਥਾਈਲੈਂਡ ਵਿਸ਼ਵੀਕਰਣ, ਊਦਾਰੀਕਰਣ ਅਤੇ ਨਿਜੀਕਰਣ ਦੀਆਂ ਨੀਤੀਆਂ ਅਧੀਨ ਆਪਣੀ ਆਰਥਕਤਾ ਦਾ ਵਿਕਾਸ ਕਰਨ ਵਾਲਾ ਦੇਸ਼ ਹੈ,ਜਿਨ੍ਹਾਂ ਕਾਰਨ ਅਮੀਰੀ-ਗਰੀਬੀ ਅੱਤੇਪੇਂਡੂ ਸ਼ਹਿਰੀ ਵਿੱਚਕਾਰ ਪਾੜਾ ਬਹੁੱਤ ਜਿਆਦਾ ਵਧਿਆ ਹੈ।ਅੱਤ ਦੀ ਗਰੀਬੀ ਕਾਰਨ ਉਥੋਂ ਦੇ ਗਰੀਬ ਕਿਸਾਨ ਅੱਤੇ ਪਹਾੜੀ ਕਬਾਇਲੀ ਲੋਕ ਆਪਣੀਆਂ ਲੜਕੀਆਂ ਨੂੰ ਵੇਸਵਾਗਮਨੀ ਦੀ ਸਨਅਤ ਕੋਲ ਵੇਚਣ ਲਈ ਮਜ਼ਬੂਰ ਹਨ।ਇਨ੍ਹਾਂ ਲੜਕੀਆਂ ਵਿਚੋਂ ਕੋਈ 70% ਪਹਿਲੇ ਸਾਲ ਹੀ ਏਡਜ਼ ਦਾ ਸ਼ਿਕਾਰ ਹੋ ਜਾਂਦੀਆਂ ਹਨ।ਥਾਈਲੈਡਂ ਦੇ 10 ਲੱਖ ਤੋਂ ਉਪਰ ਲੋਕ ਐੱਚ.ਆਈ.ਵੀ.ਤੋਂ ਪ੍ਰਭਾਵਤ ਹਨ।ਜਿਸਮ-ਫਰੋਸ਼ੀ ਦੇ ਧੰਦੇ ਲਈ ਥਾਈ ਔਰਤਾਂ ਨੂੰ ਬਾਹਰਲੇ ਦੇਸ਼ਾਂ ਅੰਦਰ ਵੀ ਭੇਜਿਆ ਜਾਂਦਾ ਹੈ।

ਸੀ.ਐੱਨ.ਐਨ.ਵਰਲਡ,18 ਜੁਲਾਈ 2008 ਦੇ ਹਵਾਲੇ ਅਨੁਸਾਰ ਰੂਸ ਦੀ ਇਸ ਵੱਧ ਰਹੀ ਆਰਥਕਤਾ ਨੇ ਮਾਸਕੋ ਅੰਦਰ ਜਿਸਮ-ਫਰੋਸ਼ੀ ਦੇ ਧੰਦੇ ਦਾ ਹੜ ਹੀ ਲੈ ਆਦਾਂ ਹੈ।ਇੱਕ ਤਾਜ਼ੇ ਸਰਵੇਖਣ ਅਨੁਸਾਰ ਲੜਕੀਆਂ ਦੀ ਉੱਚ ਪੜ੍ਹਾਈ ਦੇ ਸਪਨਿਆਂ ਅੱਤੇ ਜਿਂਉਦਿਆਂ ਰਹਿਣ ਲਈ ਔਰਤਾਂ ਜਿਸਮ-ਫਰੋਸ਼ੀ ਵੱਲ ਨੂੰ ਵੱਧਦੀਆਂ ਜਾ ਰਹੀਆਂ ਹਨ।ਅੱਤ ਦੀ ਮਹਿੰਗਾਈ ਅੱਤੇ ਰੁਜ਼ਗਾਰ ਦੇ ਸਾਧਨਾਂ ਦਾ ਲਗਾਤਾਰ ਘੱਟਦੇ ਜਾਣ ਕਾਰਨ ਜਿਸਮ-ਫਿਰੋਸ਼ੀ ਦਾ ਧੰਦਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ।ਕੋਈ 50 ਦੇਸ਼ਾਂ ਅੰਦਰ ਜਿਸਮ-ਫਿਰੋਸ਼ੀ ਦੇ ਦਲਾਲਾਂ ਵਲੋਂ ਸਥਾਪਤ ਕੀਤੇ ਅੱਡਿਆਂ ਰਾਂਹੀ ਔਰਤਾਂ ਨੂੰ ਦੇਹ ਵਪਾਰ ਲਈ ਵਿਦੇਸ਼ਾਂ ਅੰਦਰ ਭੇਜਿਆ ਜਾਂਦਾ ਹੈ। 

ਭਾਰਤ ਸਦੀਆਂ ਤੱਕ ਗੁਲਾਮ ਰਿਹਾ ਜਿਸ ਕਾਰਨ ਏਥੇ ਵੇਸਵਾਗਮਨ ਦੀ ਪ੍ਰਥਾ ਪ੍ਰਚਲਤ ਸੀ ਜਿਹੜੀ ਮੁਗਲ ਸਾਮਰਾਜ ਸਮੇਂ ਵੀ ਅੱਤੇ ਅੰਗਰੇਜ਼ ਸਾਮਰਾਜ ਸਮੇਂ ਵੀ ਪ੍ਰਚਲਤ ਰਹੀ।ਆਜ਼ਾਦੀ ਤੋਂ ਬਾਅਦ ਇਸ ਪ੍ਰਥਾ ਨੂੰ ਬੰਦ ਕਰਕੇ ਵੇਸਵਾਵਾਂ ਦੇ ਮੁੜ ਵਸੇਬੇ ਦੇ ਯਤਨ ਕੀਤੇ ਜਾਂਦੇ ਪ੍ਰੰਤੂ ਇਸ ਪ੍ਰਥਾ ਨੂੰ ਚਲਣ ਹੀ ਦਿੱਤਾ ਗਿਆ,ਇਸਦਾ ਕਾਰਨ ਇਹ ਸੀ ਕਿ ਦੇਸ਼ ਦੀ ਰਾਜ ਸਤ੍ਹਾ ਦੀ ਵਾਗ ਡੋਰ ਦੇਸ਼ ਦੇ ਇਜ਼ਾਰੇਦਾਰਾਂ ਅੱਤੇ ਜਗੀਰਦਾਰਾਂ ਦੇ ਹੱਥ ਵਿੱਚ ਸੀ ਜਿਹੜੇ ਖੁਦ ਅਜਿਹੇ ਕਿਰਦਾਰ ਦੇ ਮਾਲਕ ਸਨ।ਵੇਸਵਾਗਮਨੀ ਦਾ ਇੱਕ ਕਾਰਨ ਗੁਲਾਮੀ ਸਮੇਂ ਵੀ ਅੱਤੇ ਅੱਜ ਵੀ ਆਰਥਕਤਾ ਹੀ ਹੈ।ਬੇਰੁਜ਼ਗਾਰੀ ਤੇ ਭੁੱਖ ਮਰੀ ਉਦੋਂ ਵੀ ਸੀ ਅੱਤੇ ਅੱਜ ਵੀ ਹੈ।

ਭਾਵੇਂ ਨਵੀਆਂ ਆਰਥਕ ਨੀਤੀਆਂ ਦੀ ਸ਼ੁਰੂਆਤ 1980 ਤੋਂ ਹੋ ਗਈ ਸੀ ਪ੍ਰੰਤੂ ਸਾਮਰਾਜੀ-ਵਿਸ਼ਵੀਕਰਣ,ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਤੇਜ਼ੀ 1991 ਤੋਂ ਆਈ ਹੈ। ਸਾਮਰਾਜੀ ਵਿਸ਼ਵੀਕਰਣ ਮੁਨਾਫੇ ਤੇ ਅਧਾਰਤ  ਅਰਥਚਾਰਾ ਹੁੰਦਾ ਹੈ,ਜਿਸ ਦਾ ਇੱਕ ਲਛੱਣ ਇਹਵੀ ਹੰੁਦਾ ਹੈ “ਮੁਕਾਬਲੇ ਤੇ ਅਧਾਰਤ, ਮੰਡੀ-ਆਰਥਕਤਾ ਨੇ ਹਰੇਕ ਵਸਤੂ ਨੂੰ ਸਮੇਤ ਮਨੁੱਖ ਦੇ ਇੱਕ ਜਿਨਸ ਬਣਾ ਦਿੱਤਾ ਹੈ ਅੱਤੇ ਇਸਤਰੀ ਕਾਮਕਤਾ ਨੂੰ ਤਾਂ ਸੱਭ ਤੋਂ ਵੱਧ ਮੁਨਾਫੇ ਵਾਲਾ ਵਪਾਰ ਬਣਾ ਦਿੱਤਾ  ਹੈ”। ਉਦਾਰੀਕਰਣ ਦੇ ਨਾਂ ਹੇਠ ਬਜ਼ਾਰ ਸਦਾ ਅਨੈਤਿਕ ਅੱਤੇ ਅਯਾਸ਼ੀ ਦੀਆਂ ਵਸਤਾਂ ਨਾਲ ਭਰੇ ਰਹਿਦੇਂ ਹਨ।ਸ਼ਹਿਰਾਂ ਖਾਸ ਕਰਕੇ ਦਿੱਲੀ,ਮੁਬੰਈ,ਕੋਲਕਾਤਾ,ਚੇਨਈ,ਬੰਗਲੌਰ ਆਦਿ ਵਰਗੇ ਮਹਾਂ ਨਗਰਾਂ ਅੰਦਰ ਜਿਸਮ ਫਰੋਸ਼ੀ ਦਾ ਧੰਦਾ ਇੱਕ ਪ੍ਰਫੁਲਤ ਵਪਾਰ ਬਣਦਾ ਜਾ ਰਿਹਾ ਹੈ। ਭਾਰਤ ਵਿੱਚ ਕੋਈ 28 ਲੱਖ ਵੇਸਵਾਵਾਂ ਹਨ।

ਵੋਮੇਨ ਐਂਡ ਚਾਈਲਡ ਡੀਵੈਲਪਮੈਂਟ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਅੰਦਰ ਸਾਲ 2007 ਵਿੱਚ 30 ਲੱਖ ਤੋਂ ਉਪਰ ਸੈਕਸ-ਕਾਮੇਂ(ਵੇਸਵਾਵਾਂ) ਸਨ,ਜਿਨ੍ਹਾ ਵਿੱਚ 34.47% 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸਨ।ਹਿਉਮਨ ਰਾਈਟਸ ਵਾਚ ਨਾਂ ਦੀ ਸੰਸਥਾ ਨੇ ਇਹ ਸੰਖਿਆ 2 ਕਰੋੜ ਦੱਸੀ ਹੈ।ਇਕੱਲੇ ਮੁਬੰਈ ਵਿੱਚ 2 ਲੱਖ ਤੋਂ ਉਪਰ ਸੈਕਸ-ਕਾਮੇਂ ਹਨ ਅੱਤੇ ਮੁਬੰਈ ਏਸ਼ੀਆ ਦੀ ਸਭ ਤੋਂ ਵੱਡੀ ਸੈਕਸ ਸਨਅਤ ਦਾ ਕੇਦਂਰ ਹੈ।ਦਲਾਲ ਹੋਟਲਾਂ ਰੈਸਟੋਰੈਟਾਂ ਅੱਤੇ ਢਾਬਿਆਂ ਰਾਂਹੀ,ਚੁਬਾਰਿਆਂ’ਚ ਬੈਠਕੇ ਮੋਬਾਇਲ ਫੋਨਾਂ ਰਾਂਹੀ,ਮਸਾਜ-ਪਾਰਲਰਾਂ ਆਦਿ ਰਾਂਹੀ ਇਸ ਧੰਦੇ ਨੂੰ ਵੱਡੀ ਪੱਧਰ ਤੇ ਚਲਾਉਦੇਂ ਹਨ। ਨਿੱਜੀਕਰਣ ਦੀਆਂ ਨੀਤੀਆਂ ਨੇ ਮਹਿਗੰਾਈ ਬੇਰੁਜ਼ਗਾਰੀ ਅੱਤੇ ਗਰੀਬੀ ਵਿੱਚ ਬੇਸ਼ੁਮਾਰ ਵਾੱਧਾ ਕਰ ਦਿੱਤਾ ਹੈ।ਆਮ ਆਦਮੀ ਲਈ ਬਚਿੱਆਂ ਨੂੰ ਪੜਾਉਣਾ ਰਸੋਈ ਖਰਚਾ ਚਲਾਉਣਾ ਬਿਮਾਰੀ ਦਾ ਇਲਾਜ ਕਰਾਉਣਾ ਅੱਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨਾਂ ਮੁਸ਼ਕਲ ਹੋ ਗਿਆ ਹੈ।ਜੀਵਨ ਦੀਆਂ ਇਹ ਲੋੜਾਂ ਹੀ ਜਿਸਮਫਿਰੋਸ਼ੀ ਦੇ ਧੰਦੇ ਵੱਲ ਜਾਣ ਲਈ ਮਜ਼ਬੂਰ ਕਰਦੀਆਂ ਹਨ।

ਸਮੁੱਚੇ ਭਾਰਤ ਅੰਦਰ ਅਮਨ ਕਾਨੂੰਨ ਦੀ ਹਾਲਤ ਦਿਨੋ ਦਿਨ ਬਦਤਰ ਤੋਂ ਬਦਤਰ ਹੁੰਦੀ ਜਾ ਰਹੀ ਹੈ।ਬਲਾਤਕਾਰ ਦੀਆਂ ਘਟਨਾਵਾਂ ਬਿਨਾ ਕਿਸੇ ਭੈ ਦੇ ਦਿਨ ਦਿਹਾੜੇ ਵਾਪਰ ਰਹੀਆਂ ਹਨ।ਰਾਹ ਜਾਂਦੀਆਂ ਲੜਕੀਆਂ ਅੱਤੇ ਔਰਤਾਂ ਨੂੰ ਚਲਦੀਆਂ ਕਾਰਾਂ’ਚ ਸੁੱਟਕੇ ਬਲਾਤਕਾਰ ਕੀਤਾ ਜਾਂਦਾ ਹੈ।ਛੋਟੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਪਿੱਛੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ।ਦਿੱਲੀ ਅੰਦਰ ਬਲਾਤਕਾਰ ਦੀਆਂ ਘੱਟਨਾਵਾਂ ਨਿੱਤ ਵੱਧਦੀਆਂ ਜਾ ਰਹੀਆਂ ਹਨ।ਅੱਖਬਾਰਾਂ ਨੇ “ਦਿੱਲੀ ਬਲਾਤਕਾਰਾਂ ਦੀ ਰਾਜਧਾਨੀ ਬਣੀ ਹੋਈ ਹੈ” ਦਾ ਖਿਤਾਬ ਦਿੱਤਾ ਹੈ।ਕੌਮੀ ਪੱਧਰ ਤੇ ਇਨ੍ਹਾਂ ਅਪਰਾਧਾਂ ਵਿੱਚ 5% ਦਾ ਵਾਧਾ ਹੋਇਆ ਹੈ।ਨੈਸ਼ਨਲ ਕਰਾਈਮ ਰਿਕਾਰਡ ਬਿਉਰੋ ਦੀ ਇੱਕ ਰਿਪੋਰਟ ਅਨੂਸਾਰ 2009 ਵਿੱਚ ਮਹਾਂਨਗਰਾਂ ਵਿੱਚ ਹੋਏ ਅਪਰਾਧਾਂ ਦੀ ਗਿਣਤੀ 3,43,749 ਸੀ ਜੋ 2010 ਵਿੱਚ ਵੱਧਕੇ 3,68,883 ਹੋ ਗਈ 7.3% ਦਾ ਵਾੱਧਾ ਹੋਇਆ।ਕੌਮੀ ਪੱਧਰ ਤੇ 2009 ਵਿੱਚ ਅਪਰਾਧਾਂ ਦੀ ਗਿਣਤੀ 21,21,345 ਸੀ ਜੋ 2010 ਵਿੱਚ ਵੱਧਕੇ 22,24,831 ਹੋ ਗਈ।ਵਿਸ਼ਵੀਕਰਣ ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਹੁਣ ਔਰਤਾਂ ਨੂੰ ਸ਼ਰਾਬੀ ਬਨਾਉਣ ਵਿੱਚ ਵੀ  ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।30 ਅੱਕਤੂਬਰ 2011 ਦੇ ਟਾਈਮਜ਼ ਆਫ ਇਡੰੀਆ ਦੀ ਇੱਕ ਖੱਬਰ ਅਨੁਸਾਰ “ਦਿੱਲੀ ਦੀਆਂ ਸ਼ਰਾਬ ਦੀਆਂ ਦੁਕਾਨਾਂ ਤੇ 40% ਔਰਤ ਗਾਹਕ”ਦਿੱਲੀ ਸੱਚ ਮੁੱਚ ਹੀ ਕਾਸਮੋਪੋਲੀਟਨ ਸ਼ਹਿਰ ਵੱਲ ਚੁੱਪ ਚਾਪ ਇੱਕ ਹੋਰ ਕੱਦਮ ਪੁੱਟਦੀ ਨਜ਼ਰ ਆ ਰਹੀ ਹੈ।ਲੁਧਿਆਣਾਂ ਵੀ ਇਸ ਦੌੜ ਵਿੱਚ ਪਿੱਛੇ ਨਹੀਂ।ਏਥੇ ਲੜਕੀਆਂ ਪਾਰਟੀਆਂ ਉਪਰ ਸ਼ਰਾਬ ਪੀਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ।ਮਹਾਂ ਨਗਰਾਂ ਅੰਦਰ ਨੌਜਵਾਨ ਲੜਕੇ ਲੜਕੀਆਂ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਰੇਵ ਪਾਰਟੀਆਂ ਦਾ ਆਯੋਜਨ ਕਰਦੇ ਹਨ ਜਿਨ੍ਹਾ ਵਿੱਚ ਨਸ਼ੇ’ਚ ਧੁਤ ਕਾਮ-ਵਾਸਨਾ ਦਾ ਵੀ ਨੰਗਾ ਨਾਚ ਹੁੰਦਾ ਹੈ। 

ਸਾਮਰਾਜੀ ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਅਮਰੀਕਨ ਅੱਤੇ ਪੱਛਮੀਂ ਜੀਵਨ ਸ਼ੈਲੀ ਸਾਡੇ ਸਭਿਆਚਾਰ ਅੱਤੇ ਨੈਤਿਕ ਕਦਰਾਂ ਕੀਮਤਾਂ ਨੂੰ ਕਿਸ ਕਦਰ ਗੰਧਲਾ ਕਰ ਰਹੀ ਹੈ,ਵਿਕਾਸ ਦੀ ਪੂੰਜੀਵਾਦੀ ਆਰਥਕ ਵਿਵਸਥਾ ਨਾਲ ਬਝਿਆ ਹੋਇਆ ਹੈ।ਸ਼ੁਰੂ ਸ਼ੁਰੂ ਵਿੱਚ ਸੂਚਨਾ ਤੇ ਤਕਨਾਲੋਜੀ ਅੱਤੇ ਆਉਟ ਸੋਰਸਿੰਗ ਬਿਜ਼ਨੈਸ (ਬੀ.ਪੀ.ਓ) ਨੂੰ ਰੁਜ਼ਗਾਰ ਪੱਖੋਂ ਮਨੁੱਖ ਲਈ ਇੱਕ ਚੰਗਾ ਭਵਿੱਖ ਉਸਾਰਨ ਲਈ ਹਰ ਮਰਜ਼ ਦੀ ਦਵਾ ਸਮਝਿਆ ਜਾਣ ਲਗਿਆ ਸੀ।ਇਨ੍ਹਾ ਨੀਤੀਆਂ ਦੇ ਲਾਗੂ ਹੋਣ ਦੇ ਦਸ ਸਾਲਾਂ ਅੰਦਰ ਹੀ ਆਪਣੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਨਅਤਾਂ ਨਾਲ ਸਬੰਧਤ ਕਾਮੇਂ, ਕੰਮ ਸਭਿਆਚਾਰ (ਵਰਕ-ਕਲਚਰ) ਦੇ ਦੁਸ਼ ਪ੍ਰਭਾਵਾਂ ਮਾਨਸਿਕ ਅੱਤੇ ਸਰੀਰਕ ਸਮਸਿਆਵਾਂ ਦੀ ਸ਼ਕਾਇਤ ਕਰਨ ਲਗ ਪਏ। ਵੱਧ ਮੁਨਾਫੇ ਲਈ ਉਤਪਾਦਨ ਦੇ ਉੱਚੇ ਟੀਚੇ ਅਤੇ ਟੀਚਿਆਂ ਨੂੰ ਸੀਮਤ ਸਮੇਂ ਅੰਦਰ ਪੂਰਾ ਕਰਨ ਨੇ ਅਜਿਹੀਆਂ ਸਮਸਿਆਵਾਂ ਪੈਦਾ ਕਰ ਦਿੱਤੀਆਂ।ਲਗਾਤਾਰ ਇਕੋ ਥਾਂ ਇਕੋ ਸਥਿਤੀ’ਚ ਬੈਠਕੇ ਲੰਬੇ ਸਮੇਂ ਲਈ ਕੰਮ ਕਰਦੇ ਰਹਿਣਾ,ਡਿਉਟੀ ਸਮੇਂ ਦਾ ਬਦਲਦੇ ਰਹਿਣਾ ਆਦਿ ਨਾਲ ਕਾਮਿਆਂ ਦੀ ਮਾਨਸਿਕ ਤੇ ਸਰੀਰਕ ਹਾਲਤਾਂ ਦੇ ਨਾਲ-ਨਾਲ ਸਮਾਜਕ ਅਤੇ ਪਰੀਵਾਰਕ ਸਾਂਝ ਤੇ ਵੀ ਬੁਰੇ ਪ੍ਰਭਾਵ ਪੈਣ ਲਗ ਪਏ।ਪਤੀ-ਪਤਨੀ ਦੇ ਵੱਖ-ਵੱਖ ਸ਼ਿਫਟਾਂ ਵਿਚ ਕੰਮ ਕਰਨ ਨਾਲ ਘਰੇਲੂ ਜੀਵਨ ਤਹਿਸ ਨਹਿਸ ਹੋਣ ਲੱਗ ਪਿਆ,ਬਚਿੱਆਂ ਵਲੋਂ ਧਿਆਨ ਹਟਣ ਲਗ ਪਿਆ, ਉਨ੍ਹਾ ਦੀ ਪੜ੍ਹਾਈ ਅਤੇ ਵਿਵਹਾਰ ਉਤੇ ਨਂਾਹ ਪੱਖੀ ਪ੍ਰਭਾਵ ਪੈਣ ਲੱਗ ਪਿਆ।ਪਤੀ-ਪਤਨੀ ਦਾ ਹਫਤਿਆਂ ਬੱਧੀ ਆਪਸੀ ਮੇਲ ਨਾਂ ਹੋਣ ਅਤੇ ਹੋਰ ਉਲਝਣਾ ਪੈਦਾ ਹੋ ਜਾਣ ਕਾਰਨ ਨੌਬਤ ਤਲਾਕਾਂ ਤੱਕ ਆਉਣ ਲਗ ਪਈ।ਕਾਲ ਸੈਂਟਰਾਂ ਦੇ ਕਾਮਿਆਂ ਦੀ ਹਾਲਤ ਇਸਤੋਂ ਵੀ ਭੈੜੀ ਹੈ।ਇਸ ਤਰ੍ਹਾਂ ਵਧ ਰਿਹਾ ਇੱਕਲਾ ਪਣ ਮਾਨਸਿਕ ਤਨਾਅ ਅਤੇ ਉਦਾਸੀ(ਡੀਪਰੈਸ਼ਨ) ਦਾ ਕਾਰਨ ਬਣਦਾ ਹੈ।ਜੀਵਨ ਅੰਦਰ ਇਸ ਤਰ੍ਹਾਂ ਵਧ ਰਹੇ ਤਨਾਅ ਨੇ ਮਨੱੁਖ ਨੂੰ ਦਵਾਈਆਂ ਉਪਰ ਨਿਰਭਰ ਕਰ ਦਿੱਤਾ ਅਤੇ ਮੱਨੁਖ ਇਨ੍ਹਾਂ ਦਵਾਈਆਂ ਵਿਚੋਂ ਹੀ ਖੁਸ਼ੀਆਂ ਲੱਭਣ ਲਗ ਪਿਆ।ਤਨਾਅ ਅਤੇ ਉਦਾਸੀ ਦੂਰ ਕਰਨ ਅਤੇ ਮੌਜਮਸਤੀ ਲਈ ਸ਼ਰਾਬ ਪੀਣਾ ਤੇ ਹੋਰ ਨਸ਼ੀਲੀਆਂ ਵਸਤਾਂ ਜਿਵੇਂ ਸਮੈਕ,ਹੈਰੋਇਨ,ਕੋਕੀਨ ਆਦਿ ਦੀ ਵਰਤੋਂ ਦਾ ਰੁਝਾਨ ਖਤਰਨਾਕ ਹੱਦ ਤੱਕ ਪੁੱਜ ਚੁੱਕਾ ਹੈ ਅਤੇ ਵੱਡੇ ਵੱਡੇ ਸ਼ਹਿਰਾਂ ਪੱਬ-ਕਲਚਰ ਅਤੇ ਨਸ਼ੇ ਦੇ ਅਡਿੱਆਂ ਵਿੱਚ ਬਦਲਦੇ ਜਾ ਰਹੇ ਹਨ।

ਨੈਸ਼ਨਲ ਮੈਂਟਲ ਹੈਲਥ ਦੇ ਰੀਕਾਰਡ ਅਨੁਸਾਰ, “ਭਾਰਤ ਦੀ 7% ਅਬਾਦੀ (ਲਗਪਗ 8.5 ਕਰੋੜ) ਕਿਸੇ ਨਾ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੈ ਅਤੇ 3.6 ਕਰੋੜ ਮਰੀਜ਼ਾਂ ਨੂੰ ਲਗਾਤਾਰ ਇਲਾਜ਼ ਦੀ ਲੋੜ ਹੈ”ਭਾਰਤ ਅੰਦਰ ਮਾਨਸਿਕ ਰੋਗ ਦੇ ਮਾਹਿਰ ਡਾਕਟਰਾਂ ਦੀ ਕਮੀਂ ਕਾਰਨ ਬਹੁਤੇ ਮਰੀਜ਼ ਇਲਾਜ ਖੁਣੋ ਡੀਪਰੈਸ਼ਨ ਕਾਰਨ ਖੁਦਕਸ਼ੀ ਕਰਨ ਤੱਕ ਚਲੇ ਜਾਂਦੇਂ ਹਨ।ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿੱਚ ਹਰ ਸਾਲ 8.5 ਲੱਖ ਮੌਤਾਂ ਹੁੰਦੀਆਂ ਹਨ।ਨੈਸ਼ਨਲ ਕਰਾਈਮ ਰੀਕਾਰਡ ਬਿਉਰੋ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 2005 ਵਿੱਚ 1,13,914 ਆਤਮਹਤਿਆਵਾਂ ਦੇ ਮੁਕਾਬਲੇ 2009 ਵਿੱਚ ਡੀਪਰੈਸ਼ਨ ਕਾਰਨ 1,27,151 ਆਤਮਹਤਿਆਵਾਂ ਹੋਈਆਂ ਭਾਵ ਹਰ ਇੱਕ ਘੰਟੇ ਬਾਅਦ 15 ਲੋਕ ਆਤਮਹਤਿਆ ਕਰਦੇ ਹਨ।ਮਹਾਂ ਨਗਰਾਂ ਵਿੱਚੋਂ ਬੈਂਗਲੌਰ ਸੱਭਤੋਂ ਵੱਧ 2167,ਚੱਨਈ-1412,ਦਿੱਲੀ-1215,ਮੁੰਬਈ-1051 ਵਿੱਚ ਆਤਮਹਤਿਆਵਾਂ ਹੋਈਆਂ। ਅੱਜ ਇਹ ਘੱਟਨਾਵਾਂ ਸਾਰੇ ਹੱਦ ਬੰਨੇ ਪਾਰ ਕਰਦੀਆਂ ਜਾ ਰਹੀਆਂ ਹਨ।

ਮਹਾਂਨਗਰਾਂ ਅੰਦਰ ਬਹੂ-ਕੌਮੀ ਕੰਪਨੀਆਂ ਵਿੱਚ ਕੰਮ ਕਰਦੇ ਜਿਆਦਾਤਰ ਕਰਮਚਾਰੀ ਇਨ੍ਹਾਂ ਨਗਰਾਂ ਤੋਂ ਬਾਹਰਲੇ ਹੁੰਦੇ ਹਨ।ਅਜੱਨਬੀ ਹੋਣਾ ਸਾਰੇ ਬੰਧਨ ਤੋੜਨ ਦੀ ਹੱਦ ਤੱਕ ਲੈ ਜਾਦਾਂ ਹੈ ਅਤੇ ਇਹ ਅਨੁਭਵ ਪੈਦਾ ਕਰ ਦਿੰਦਾ ਹੈ ਕਿ ਜੋ ਕੁੱਝ ਉਹ ਆਪਣੇ ਸ਼ਹਿਰ ਵਿੱਚ ਨਹੀਂ ਕਰ ਸਕਦਾ ਸਮੇਤ ਲੱਚਰਤਾ,ਜਿਨਸੀ ਸਬੰਧ ਬਨਾਉਣਾ,ਸਮਲਿਗੰਤਾ ਅਤੇ ਨਸ਼ਿਆਂ ਦਾ ਸੇਵਨ ਤੇਜ਼ੀ ਫੜ ਜਾਂਦਾ ਹੈ।ਇਨ੍ਹਾਂ ਕੰਪਨੀਆਂ ਤੋਂ ਮਿਲਦੀਆਂ ਮੋਟੀਆਂ ਤਨਖਾਹਾਂ ਗੈਰ-ਸਮਾਜਿਕ ਅਤੇ ਅਨੈਤਿਕ ਰੁੱਚੀਆਂ ਵਲ ਪ੍ਰੇਰਤ ਕਰਦੀਆਂ ਹਨ।ਇਹ ਵੀ ਵੇਖਣ’ਚ ਆਇਆ ਹੈ ਕਿ ਇਨ੍ਹਾਂ ਕੰਪਨੀਆਂ ਦੇ ਬਾਥਰੂਮਾਂ’ਚ ਰਖੇ ਕਚਰੇ ਦੇ ਡੱਬੇ ਨਿਰੋਧਾਂ ਅਤੇ ਹੋਰ ਅਨੈਤਿਕ ਕਿਿਰਆਂਵਾਂ ਨਾਲ ਸਬੰਧਤ ਵਸਤੂਆਂ ਨਾਲ ਭਰੇ ਪਏ ਹੁੰਦੇ ਹਨ।ਲੜਕੇ ਲੜਕੀਆਂ ਦੇ ਵਿਆਹ ਬੰਧਨ ਤੋਂ ਬਿਨਾ ਇਕੋ ਕਮਰੇ’ਚ ਰਹਿਣਾ(ਲਿਵ ਇਨ)ਅੱਤੇ ਵਿਆਹ ਬੰਧਨਾ ਤੋਂ ਅਜ਼ਾਦ ਰਹਿੰਦੇ ਹਨ ਆਦਿ ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਪੱਛਮੀ ਸਭਿਆਚਾਰ ਦੀ ਹੀ ਦੇਣ ਹਨ।ਕਰਮਚਾਰੀਆਂ ਨੂੰ ਟਰੇਡ ਯੂਨੀਅਨਾਂ ਅਤੇ ਸਮਾਜ ਤੋਂ ਪਰ੍ਹਾਂ ਰਖਣ ਲਈ ਕੰਪਨੀਆਂ ਵੀ ਅਜਿਹਾ ਸਭਿਆਚਾਰ ਤੇ ਮਹੌਲ ਪੈਦਾ ਕਰਦੀਆਂ ਹਨ ਅਤੇ ਕਰਮਚਾਰੀਆਂ ਲਈ ਸ਼ਰਾਬ-ਖਾਨਿਆਂ,ਨਾਚ-ਰਾਤਾਂ ਅਤੇ ਖੁਲੀਆਂ ਰਾਤ ਮਹਿਫਲਾਂ ਦਾ ਆਯੋਜਨ ਕਰਕੇ ਇਸ ਦੁਰਾਚਾਰੀ ਚਕਰ’ਚ ਫਸਾਈ ਰਖਦੀਆਂ ਹਨ।

ਇੱਕ ਝਾਤ ਪੰਜਾਬ ਤੇ ਮਾਰੀਏ,ਪੰਜਾਬ ਭਾਰਤ ਦੇ ਖੁਸ਼ਹਾਲ ਸੂਬਿਆਂ’ਚ ਇੱਕ ਨੰਬਰ ਤੇ ਆਉਦਾਂ ਸੀ।ਇਸਦਾ ਹਰੇ-ਇਨਕਲਾਬ ਵਿੱਚ ਅਹਿਮ ਯੋਗਦਾਨ ਸੀ।ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਕਰ ਦਿੱਤਾ ਪਰ ਆਮ ਕਿਸਾਨ ਦੇ ਪੱਲੇ ਕੀ ਪਿਆ! ਖੁਦਕੁਸ਼ੀਆਂ ਤੇ ਕਰਜਿਆਂ ਦੀ ਪੰਡ, ਫਾਇਦਾ ਹੋਇਆ ਬਹੂ-ਕੌਮੀ ਕੰਪਨੀਆਂ ਨੂੰ।ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਸਾਡੇ ਹਾਕਮ ਪੰਜਾਬ ਨੂੰ ਕਿਸ ਦਿਸ਼ਾ ਵੱਲ ਲਿਜਾ ਰਹੇ ਹਨ?ਪੰਜ ਦਰਿਆਂਵਾ ਦੀ ਕਹਾਉਦੀਂ ਧਰਤੀ ਤਿੰਨ ਦਰਿਆਵਾਂ ਦੀ ਰਹਿ ਗਈ।ਸਰਕਾਰ ਨੇ ਇੱਕ ਦਰਿਆ ਦੁੱਧ ਦਾ ਵਹਾਉਣ ਦਾ ਨਿਸ਼ੱਚਾ ਕੀਤਾ ਸੀ ਪਰ ਇਸ ਤੋਂ ਜਰੂਰੀ ਬਣ ਗਿਆ ਨਸ਼ਿਆਂ ਦਾ ਦਰਿਆ।ਭੱਠ ਪਵੇ ਪੰਜਾਬ ਦੀ ਜਵਾਨੀ ਪੈਸਾ ਆਉਣਾ ਚਾਹੀਦਾ ਹੈ, ਕਿਵੈਂ ਵੀ ਆਵੇ।ਸਾਲ 2017 ਦੀਆਂ ਪੰਜਾਬ ਦੀਆਂ ਚੋਣਾ ਜਿਤਣ ਲਈ ਕਾਂਗਰਸ ਨੇ ਕੈਪਟਨ ਅਮ੍ਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਤ੍ਹਾ ਤੇ ਆਉਣ ਉਪਰੰਤ ਪੰਜਾਬ ਚੋਂ ਨਸ਼ਾ ਚਾਰ ਹਫਤਿਆਂ ਅੰਦਰ ਖਤਮ ਕਰਨ ਦੀ ਸੰਹੂ ਚੁਕੀ ਪ੍ਰੰਤੂ ਹਾਲਤ ਹੋਰ ਵੀ ਬਦਤਰ ਹੋ ਗਏ।

ਪੁਲਸ ਵਲੋਂ 2008 ਵਿੱਚ ਕੀਤੇ ਇੱਕ ਸਰਵੇ ਮੁਤਾਬਕ ਪੰਜਾਬ ਦੇ 70% ਨੌਜਵਾਨ ਉੱਚ ਪਹੁੰਚ ਵਾਲੇ ਵਿਆਕਤੀਆਂ ਵਲੋਂ ਸਮਗਲ ਕੀਤੇ ਨਸ਼ਿਆਂ ਦੀ ਪਕੜ’ਚ ਆਏ ਹੋਏ ਹਨ।ਗੁਰੁ ਨਾਨਕ ਦੇਵ ਯੁਨੀਵਰਸਿਟੀ ਦੇ ਸੋਸ਼ਲ ਸਾੰਇਸ ਡੀਪਾਰਟਮੈਂਟ ਵਲੋਂ ਕੀਤੇ ਇੱਕ ਸਰਵੇ ਮੁਤਾਬਕ 20% ਨੌਜਵਾਨ ਨੱਸ਼ੇ ਦੇ ਕੈਪਸੂਲ ਵਰਤਦੇ ਹਨ,5.17% ਸਮੈਕ,2.17% ਅਫੀਮ,12.67% ਭੁੱਕੀ,47.83% ਦੋ ਜਾਂ ਦੋ ਤੋਂ ਵੱਧ ਨਸ਼ੀਲੀਆਂ ਦਵਾਈਆਂ ਵਰਤਦੇ ਹਨ,ਕੁੱਝ ਨਸ਼ਿਆਂ ਦੇ ਆਦੀ 5000ਰੁ:ਤੋਂ 8000ਰੁ: ਤੱਕ ਦੀ ਹੈਰੋਇਨ ਦੀ ਰੋਜਾਨਾ ਵਰਤੋਂ ਕਰਦੇ ਹਨ।ਹਰ ਤੀਸਰਾ ਲੜਕਾ ਅੱਤੇ ਹਰ ਸੱਤਵੀਂ ਲੜਕੀ ਨਸ਼ੇ ਦੀ ਆਦੀ ਪਾਈ ਗਈ।ਇਹ ਵੀ ਦਿਲ ਦਿਲ ਹਿਲਾ ਦੇਣ ਵਾਲੀ ਸੱਚਾਈ ਹੈ ਕਿ 30% ਸਕੂਲੀ ਬੱਚੇ ਵੀ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ।ਨਸ਼ਿਆਂ ਕਾਰਨ ਪੰਜਾਬ ਵਿੱਚ ਜੁਰਮਾਂ’ਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

ਇਹ ਤਾਂ ਸਰਕਾਰੀ ਅੰਕੜੇ ਜਾਂ ਪ੍ਰੈਸ ਰਾਂਹੀ ਜ਼ਾਹਰ ਰਿਪੋਰਟਾਂ ਹਨ ਜੋ ਕੁੱਝ ਇਨ੍ਹਾਂ ਤੋਂ ਬਾਹਰ ਜਾਂ ਪਰਦੇ ਪਿੱਛੇ ਹੁੰਦਾ ਹੈ ਉਸਦੀ ਤਸਵੀਰ ਕਿਤੇ ਹੋਰ ਵੀ ਘਿਨਾਉਣੀ ਹੈ। ਜਿਵੇਂ-ਜਿਵੇਂ ਸਰਮਾਏਦਾਰੀ ਵਿਕਾਸ ਕਰਦੀ  ਜਾਂਦੀ ਹੈ ਤਿਵੇਂ-ਤਿਵੇਂ ਹੀ ਮਾਨਸਿਕ ਰੋਗਾਂ ਦੀ ਲਪੇਟ’ਚ ਆਉਦੇਂ ਲੋਕਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਖਾਸ ਕਰਕੇ ਮੱਧ-ਵਰਗ ਦੀ। ਅਜਿਹਾ ਸਾਮਰਾਜੀ ਵਿਸ਼ਵੀਕਰਣ, ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਅਧੀਨ ਹੋ ਰਿਹਾ ਹੈ।

2014 ਤੋਂ ਜਦੋਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀ ਜੇ ਪੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਦੇਸ਼ ਦੀ ਸਮਾਜਿਕ, ਆਰਥਿਕ, ਸਭਿਆਚਾਰਕ, ਭਾਈਚਾਰਕ ਸਾਂਝ ਅਤੇ ਫਿਰਕੂ ਸੱਦ ਭਾਵਨਾ ਲਗਾਤਾਰ ਢਹਿੰਦੀਆਂ ਕਲਾਂ ਵਿੱਚ ਜਾ ਰਹੀ ਹੈ।ਦੇਸ਼ ਦੇ ਕੁੰਜੀਵਤ ਖੇਤਰਾਂ ਕਾਰਪੋਰੇਟ ਘਰਾਂਣਿਆਂ ਦੇ ਨਿੱਜੀ ਹਥਾਂ ਵਿੱਚ ਦਿੱਤੇ ਜਾ ਰਹੇ ਹਨ। ਦੇਸ਼ ਅੰਦਰ ਬੇਰੁਜਗਾਰੀ, ਮਹਿੰਗਾਈ, ਅਪਰਾਧ, ਫਿਰਕੂ ਦੰਗੇ, ਗਰੀਬੀ ਤੇ ਭੁੱਖਮਰੀ ਲਗਾਤਾਰ ਵੱਧਦੀ ਜਾ ਰਹੀ ਹੈ।ਹਰ ਖੇਤਰ ਨੂੰ ਫਿਰਕੂ ਰੰਗਤ ਦੇਕੇ ਉਨ੍ਹਾਂ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ।ਕਿਸਾਨ ਮਜਦੂਰ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ।ਕਿਸਾਨੀ ਨੂੰ ਪਿਤਾ ਪੁਰਖੀ ਖੇਤੀ ਕਿੱਤੇ ਚੋਂ ਬਾਹਰ ਕਰਨ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ ਕਿਰਤ ਕਨੂੰਨਾਂ ਅੰਦਰ ਮਜਦੂਰ ਵਿਰੋਧੀ ਸੋਧਾਂ ਰਾਂਹੀ ਉਨ੍ਹਾਂ ਦੇ ਸਾਰੇ ਮਨੁੱਖੀ ਅਤੇ ਜਮਹੂਰੀ ਹੱਕ ਖੋਹੇ ਜਾ ਰਹੇ ਹਨ।

ਬੀ ਜੇ ਪੀ ਸਰਕਾਰ ਹੱਕਾਂ ਦੀ ਰਾਖੀ ਕਰਨ ਵਾਲੇ ਕਾਰਿਆ ਕਰਤਾ, ਜਰਨਲਿਸਟ, ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਹੋਰ ਜਿਹੜੇ ਸਰਕਾਰ ਅਤੇ ਇਸ ਦੀਆਂ ਨੀਤੀਆਂ ਦੀ ਨੁਕਤਾ ਚੀਨੀ ਕਰਦੇ ਹਨ ਨੂੰ ਤੰਗ, ਪ੍ਰੇਸ਼ਾਨ ਅਤੇ ਗਰਿਫਤਾਰ ਕਰ ਰਹੀ ਹੈ। ਜਾਤੀ ਭੇਦਭਾਵ ਨੂੰ ਉਤਸ਼ਾਹਤ ਕਰਦੀ ਹੈ। ਜੰਮੂ ਕਸ਼ਮੀਰ ਦੀ ਜੰਤਾ ਦੇ ਜਮਹੂਰੀ ਅਧਿਕਾਰਾਂ ਨੂੰ ਖੋਹਕੇ ਕੇਂਦਰੀ ਸ਼ਾਸ਼ਤ ਰਾਜ ਬਣਾ ਦਿੱਤਾ, ਘੱਟ ਗਿਣਤੀਆਂ, ਦਲਿਤਾਂ, ਕਬਾਇਲੀ ਸਮੂਹਾਂ ਅਤੇ ਘੱਟ ਗਿਣਤੀ ਧਾਰਮਿਕ ਫਿਰਕਿਆਂ ਉਪੱਰ ਫਿਰਕੂ ਅਨਸਰ ਲਗਾਤਾਰ ਘਾਤਕ ਹਮਲੇ ਕਰ ਰਹੇ ਹਨ। 

ਸਰਕਾਰਾਂ ਦੇਸ਼ ਨੂੰ ਅੱਜ ਕਿਸ ਦਿਸ਼ਾ ਵੱਲ ਲਿਜਾ ਰਹੀਆਂ ਹਨ? ਜਦੋਂਕਿ ਵਿਸ਼ਵਭਰ ਵਿੱਚ ਇਨ੍ਹਾਂ ਨੀਤੀਆਂ ਵਿਰੁੱਧ ਲੋਕ ਸੜਕਾਂ ਤੇ ਉਤਰ ਆਏ ਹਨ।ਇਹ ਸਾਡੇ ਸਭ ਲਈ ਇੱਕ ਚਿੰਤਾਂ ਦਾ ਵਿਸ਼ਾ ਹੈ ਅੱਤੇ ਇਨ੍ਹਾ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਸੰਘਰਸ਼ ਕਰਨਾ ਸਾਡਾ ਫਰਜ਼ ਬਣਦਾ ਹੈ ਤਾਂ ਜੋ ਦੇਸ਼ ਅਤੇ ਦੇਸ਼ ਦੀ ਜਵਾਨੀ ਨੂੰ ਬਚਾਅ ਸਕੀਏ।ਦੇਸ਼ ਅੱਤੇ ਲੋਕਾਂ ਦਾ ਵਿਕਾਸ ਵਿਸ਼ਵੀਕਰਣ ਦੀਆਂ ਨੀਤੀਆਂ ਤੋਂ ਬਿਨਾਂ, ਸੱਭ ਤੋਂ ਬਿਹਤੱਰ, ਆਰਥਕਤਾ ਦੇ ਸਮਾਜੀਕਰਣ ਰਾਂਹੀਂ ਹੋ ਸਕਦਾ ਹੈ ਜਿਸਦਾ ਹੋਰ ਕੋਈ ਬਦਲ ਨਹੀਂ।

ਪਵਨ ਕੁਮਾਰ ਕੌਸ਼ਲ (ਸੰਪਰਕ:- 98550-04500)         

ਵਾਰਡ ਨੰ: 8, ਕੌਸ਼ਲ ਸਟਰੀਟ,  ਦੋਰਾਹਾ,  ਜਿਲ੍ਹਾ ਲੁਧਿਆਨਾ

ਮਿਤੀ:- 9.6.2021

No comments:

Post a Comment