Saturday, July 21, 2018

ਅੱਤਵਾਦ ਵਲੋਂ ਦਿੱਤੇ ਜ਼ਖ਼ਮ, 31 ਸਾਲਾਂ ਬਾਅਦ ਵੀ 'ਅੱਲ੍ਹੇ '

Saturday July21, 2018 at 05:34 AM
(Death Anniversary Com. Sawarn Singh Sohal And Family Members )
"ਬਰਸੀ 'ਤੇ ਵਿਸ਼ੇਸ਼"
ਜੁਲਾਈ ਮਹੀਨਾ ਸ਼ੁਰੂ ਹੁੰਦਿਆਂ ਹੀ ਪੁਰਾਣੀਆਂ ਯਾਦਾਂ ਆ ਘੇਰਾ ਪਾਉਂਦੀਆਂ। ਪੰਜਾਬ ਦਾ ਉਹ ਕਾਲਾ ਦੌਰ, ਜਿਸ ਵਿਚ ਅਣਗਿਣਤ ਜਾਨਾਂ ਗਈਆਂ, ਬੱਚੇ ਤੋਂ ਲੈਕੇ ਬੁੱਢੇ ਤੱਕ ਨੂੰ ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਕੲੀ ਘਰਾਂ ਦਾ ਤਾਂ ਕੁੰਡਾ ਖੋਲ੍ਹਣ ਵਾਲਾ ਵੀ ਕੋਈ ਨਾਂਹ ਬਚਿਆ,ਅੱਜ ਵੀ ਯਾਦ ਕਰਕੇ ਦਿਲ ਕੰਬ ਜਾਂਦਾ। 21 ਜੁਲਾਈ 1987 ਕਦੇ ਨਾ ਭੁੱਲਣ ਵਾਲਾ ਉਹ ਦਿਨ, ਅੱਜ ਵੀ ਯਾਦ ਹੈ। ਅੱਜ ਕਾਮਰੇਡ ਸਵਰਨ ਸੋਹਲ ਤੇ ਪਰਵਾਰ ਦੇ ਚਾਰ ਮੈਂਬਰਾਂ ਦੀ 31ਵੀਂ ਬਰਸੀ ਹੈ। ਕਾਮਰੇਡ ਸਵਰਨ ਸੋਹਲ ਇੱਕ ਫੌਜੀ ਸਨ। ਉਹ 1965 ਦੀ ਜੰਗ ਤੋਂ ਐਨ੍ਹ ਪਹਿਲਾਂ ਆਪਣੀ ਭੈਣ ਦੇ ਵਿਆਹ ਵਿੱਚ ਵੀ ਸ਼ਾਮਲ ਨਾ ਹੋ ਸਕੇ। ਬਾਅਦ ‘ਚ ਆਪਣੀ ਇੱਛਾ ਨਾਲ ਬਿਨਾਂ ਪੈਨਸ਼ਨ ਦੇ ਨੌਕਰੀ ਛੱਡ ਕੇ ਆ ਗਏ। ਪਿੰਡ ਸੋਹਲ ਜਿਲ੍ਹਾ ਤਰਨਤਾਰਨ (ਪੁਰਾਣਾ ਅੰਮਿਤਸਰ) ਜਿੱਥੇ ਸਾਡਾ ਜਨਮ ਹੋਇਆ ਪਾਪਾ ਦਾ ਨਾਨਕਾ ਪਿੰਡ ਸੀ। ਏਥੇ ਇੱਕ ਮੱਧਵਰਗੀ ਸਫਲ ਕਿਸਾਨ ਵਜੋਂ ਖੇਤੀ ਕਰਦਿਆਂ ਜਿੰਦਗੀ ਵਧੀਆ ਗੁਜਰ ਰਹੀ ਸੀ। ਪਿੰਡ ਵਿੱਚ ਕਾਮਰੇਡ ਕੁੰਦਨ ਲਾਲ ( ਕਾ: ਦਵਿੰਦਰ ਸੋਹਲ ਅਤੇ ਅਸ਼ੋਕ ਸੋਹਲ ਦੇ ਪਿਤਾ) ਨਾਲ ਨੇੜਤਾ ਹੀ ਉਹਨਾਂ ਨੂੰ ਕਮਿਊਨਿਸਟ ਬਨਣ ਵੱਲ ਲੈ ਆਈ। ਉਹ ਬਹੁਤ ਜਲਦੀ ਹੀ ਇੱਕ ਨਿਧੜਕ ਆਗੂ ਵਜੋਂ ਉਭਰੇ। ਜਿਲ੍ਹਾ ਕਿਸਾਨ ਸਭਾ ਅਤੇ ਇਲਾਕਾ ਪਾਰਟੀ ਦੋਹਾਂ ਦੇ ਸਹਾਇਕ ਸਕੱਤਰ ਬਣ ਗਏ। ਪਾਰਟੀ ਅਤੇ ਕਿਸਾਨ ਸਭਾ ਵੱਲੋਂ ਲੜੇ ਜਾਂਦੇ ਹਰ ਘੋਲ ਦੀ ਮੂਹਰਲੀ ਕਤਾਰ ਵਿੱਚ ਹੁੰਦੇ। ਕਈ ਮੋਰਚਿਆਂ ਦੌਰਾਨ ਭਾਵੇਂ ਜੇਲ੍ਹ ਵੀ ਜਾਣਾ ਪਿਆ ਪਰ ਉਹਨਾਂ ਕਦੇ ਹਿੰਮਤ ਅਤੇ ਹੌਂਸਲਾ ਕਮਜੋਰ ਨਾ ਪੈਣ ਦਿੱਤਾ। ਲੋਕਾਂ ਵਿੱਚ ਕੰਮ ਕਰਦਿਆਂ ਉਹਨਾਂ ਦੀ ਵਧ ਰਹੀ ਹਰਮਨਪਿਆਰਤਾ ਨੂੰ ਇਲਾਕੇ ਅਤੇ ਪਿੰਡ ਦੇ ਧਨਾਢ ਪਸੰਦ ਨਹੀਂ ਕਰਦੇ ਸਨ। ਉਹ ਕਮਿਊਨਿਸਟਾਂ ਦੇ ਵਧਦੇ ਆਧਾਰ ਨੂੰ ਰਾਜਨੀਤਕ ਤੌਰ ’ਤੇ ਆਪਣੇ ਲਈ ਖਤਰਾ ਮਹਿਸੂਸ ਕਰਨ ਲੱਗੇ। ਇਸ ਦੌਰਾਨ ਪੰਜਾਬ ਅੰਦਰ ਅੱਤਵਾਦ ਦਾ ਦੌਰ ਚੱਲ ਪਿਆ। ਸਰਮਾਏ ਦੀ ਸਿਆਸਤ ਨੇ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ। ਪੈਸੇ ਅਤੇ ਹਥਿਆਰਾਂ ਦਾ ਲਾਲਚ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ। ਘਰਾਂ ਦੀ ਕਮਜੋਰ ਆਰਥਿਕ ਸਥਿਤੀ ਨੇ ਬਲਦੀ ‘ਤੇ ਤੇਲ ਪਾਇਆ। ਪੰਜਾਬ ਦੇ ਹੱਸਦੇ-ਵੱਸਦੇ ਘਰਾਂ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਘਰਾਂ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ। ਹਰ ਪਾਸੇ ਡਰ ਦਾ ਮਾਹੌਲ ਲੋਕਾਂ ਨੂੰ ਦਿਨੇ ਹੀ ਘਰਾਂ ਅੰਦਰ ਬੰਦ ਰਹਿਣ ਨੂੰ ਮਜਬੂਰ ਕਰਨ ਲੱਗਾ। ਜੋ ਵੀ ਅੱਤਵਾਦੀਆਂ ਖਿਲਾਫ ਬੋਲਦਾ, ਉਸ ਨੂੰ ਗੋਲੀ ਨਾਲ ਚੁੱਪ ਕਰਾ ਦਿੱਤਾ ਜਾਂਦਾ। ਕਮਿਊਨਿਸਟ ਪਾਰਟੀ ਵੱਲੋਂ ਇਸ ਮਾੜੇ ਮਾਹੌਲ ਖਿਲਾਫ ਜੂਨ 1987 ‘ਚ ਇਤਿਹਾਸਕ ਦਸ ਦਿਨਾਂ ਮਾਰਚ ਕੀਤਾ ਗਿਆ। ਜਦੋਂ ਪਿੰਡ ਸੋਹਲ ਵਿੱਚ ਇਸ ਸਬੰਧੀ ਜਲਸਾ ਕੀਤਾ ਜਾ ਰਿਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਘੁਰ-ਘੁਰ ਕਰਨੀ ਸ਼ੁਰੂ ਕਰ ਦਿੱਤੀ। ਕਾਮਰੇਡ ਸੋਹਲ ਨੇ ਸਟੇਜ ਤੋਂ ਸਿੱਧਾ ਵੰਗਾਰਦਿਆਂ ਕਿਹਾ, ‘ਏਥੇ ਸ਼ਰਾਰਤ ਨਹੀਂ ਚੱਲੇਗੀ, ਜਿਸ ਕਿਸੇ ਨੂੰ ਜਿਆਦਾ ਤੰਗੀ ਹੈ, ਬਾਹਰ ਨਿੱਕਲ ਕੇ ਵੇਖ ਲਵੇ।’ ਸ਼ਰਾਰਤੀਆਂ ਨੇ ਓਥੋਂ ਖਿਸਕਣਾ ਹੀ ਠੀਕ ਸਮਝਿਆ। ਪਰ ਆਪਣੇ ਖਿਲਾਫ ਉਠੀ ਇਹ ਆਵਾਜ਼ ਅੱਤਵਾਦੀਆਂ ਨੂੰ ਕਿਵੇਂ ਰਾਸ ਆ ਸਕਦੀ ਸੀ। ਉਹ ਇਸ ਆਵਾਜ਼ ਨੂੰ ਬੰਦ ਕਰਨ ਲਈ ਤਰਲੋ ਮੱਛੀ ਹੁੰਦੇ, ਮੌਕੇ ਦੀ ਤਲਾਸ਼ ਕਰਨ ਲੱਗੇ। ਇਹ ਮੌਕਾ ਉਹਨਾਂ ਨੂੰ ਜਲਦੀ ਹੀ ਮਿਲ ਗਿਆ। 21 ਜੁਲਾਈ 1987 ਨੂੰ ਦਿਨ ਵੇਲੇ ਪਿੰਡ ਵਿੱਚ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜਾ ਵੰਡਿਆ ਜਾ ਰਿਹਾ ਸੀ। ਇਸਦੀ ਵੰਡ ਵਿੱਚ ਹੇਰਾ ਫੇਰੀ ਨਾ ਹੋਵੇ ਤਾਂ ਕਾਮਰੇਡ ਸੋਹਲ ਕਿਸਾਨ ਸਭਾ ਦੇ ਆਗੂ ਵਜੋਂ ਓਥੇ ਹਾਜਰ ਰਹੇ। ਅੱਤਵਾਦੀ ਜੋ ਉਹਨਾਂ ਨਾਲ ਸਿੱਧੇ ਮੁਕਾਬਲੇ ਵਿੱਚ ਨਹੀਂ ਸਨ ਪੈਣਾ ਚਹੁੰਦੇ, ਸਿਰਫ ਉਸ ਦਿਨ ਅਵੇਸਲੇ ਹੋਣ ’ਤੇ ਹਨੇਰੇ ਦਾ ਲਾਹਾ ਉਠਾ ਗਏ। ਰਾਤ ਰੋਜ ਦੀ ਤਰ੍ਹਾਂ ਉਹ ਅਤੇ ਘਰ ‘ਚ ਕੰਮ ਕਰਦਾ ਕਾਮਾ ਹੀਰਾ ਸਿੰਘ (ਜਿਸਨੂੰ ਆਪਣੇ ਪੁੱਤ ਵਾਂਗ ਹੀ ਸਮਝਦੇ ਸਨ) ਛੱਤ ਉੱਤੇ ਤੇ ਬਾਕੀ ਸਾਰਾ ਪਰਵਾਰ ਵਿਹੜੇ ‘ਚ ਸੁੱਤਾ ਪਿਆ ਸੀ, 11 ਵਜੇ ਦੇ ਲਗਭਗ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਭ ਤੋਂ ਬੇਖ਼ਬਰ ਜਦੋਂ ਹੀ ਮੈਂ ਮੰਜੇ ਤੇ ਪਾਸਾ ਲਿਆ ਤਾਂ ਛੱਤ ਤੇ ਖੜੇ ਇੱਕ ਬੰਦੇ ਨੇ ਗੋਲੀ ਚਲਾ ਦਿੱਤੀ ਜੋ ਮੇਰੀ ਸੱਜੀ ਲੱਤ ਵਿੱਚ ਵੱਜੀ, ਮੇਰੀਆਂ ਚੀਕਾਂ ਨਿੱਕਲ ਗਈਆਂ। ਸਾਡੀ ਸਭ ਤੋਂ ਵੱਡੀ ਭੈਣ ਭੁਪਿੰਦਰ ਨੇ ਭੱਜ ਕੇ ਮੈਨੂੰ ਚੁੱਕ ਲਿਆ ਤੇ ਵਿਹੜੇ ਦੇ ਇੱਕ ਪਾਸੇ ਰੁੱਖ ਕੋਲ ਖੜੀ ਟਰਾਲੀ ਦੀ ਓਟ ‘ਚ ਲੈ ਗਈ। ਇੱਥੇ ਦੋ ਭੈਣਾਂ ਸਭ ਤੋਂ ਛੋਟੀ ਕੁਲਵਿੰਦਰ ਅਤੇ ਮੇਰੇ ਤੋਂ ਵੱਡੀ ਵੀਰਇੰਦਰ ਜਿਸਦੀ ਰੀੜ ਦੀ ਹੱਡੀ ਕੋਲ ਗੋਲੀ ਲੱਗੀ ਸੀ, ਵੀ ਸਾਹ ਰੋਕੀ ਲੁਕ ਕੇ ਬੈਠੀਆਂ ਸਨ। ਤਕਰੀਬਨ ਅੱਧਾ ਘੰਟਾ ਗੋਲੀਆਂ ਚੱਲਦੀਆਂ ਰਹੀਆਂ, ਉਹਨਾਂ ਆਪਣੇ ਵੱਲੋਂ ਪੂਰਾ ਪਰਵਾਰ ਖਤਮ ਕਰਨ ਦੀ ਤਸੱਲੀ ਤੱਕ ਗੋਲੀ ਚਲਾਈ। ਪਰ ਉਹ ਘਰ ਦੇ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ। ਜਦੋਂ ਕਾਫੀ ਦੇਰ ਤੱਕ ਸ਼ਾਂਤੀ ਰਹੀ ਤਾਂ ਅਸੀਂ ਉੱਠ ਖੜੀਆਂ ਅਤੇ ਵੇਖਿਆ ਛੋਟੀ ਭੈਣ ਰਾਜਵਿੰਦਰ ਮੰਜੇ ਤੇ ਪਈ ਦਰਦ ਨਾਲ ਹੂੰਗ ਰਹੀ ਸੀ ,ਜਿਸਦੇ ਸਿਰ ਅਤੇ ਸਰੀਰ ਉੱਪਰ ਅਣਗਿਣਤ ਗੋਲੀਆਂ ਵੱਜੀਆਂ ਸਨ, ਉਸਦੀ ਹਾਲਤ ਬੜੀ ਗੰਭੀਰ ਸੀ, ਅਖੀਰ ਉਸਨੇ ਵੀ ਦਮ ਤੋੜ ਦਿੱਤਾ। ਸਾਡੀ ਮਾਂ ਜਮੀਨ ‘ਤੇ ਡਿੱਗੀ ਪਈ ਸੀ, ਜਿਸਦੀ ਛਾਤੀ ਗੋਲੀਆਂ ਨਾਲ ਛਨਣੀ ਸੀ। ਦਾਦੀ, ਜੋ ਸ਼ਾਇਦ ਉੱਠਣ ਦੀ ਕੋਸ਼ਿਸ਼ ਕਰਦਿਆਂ ਗੋਲੀਆਂ ਦਾ ਸ਼ਿਕਾਰ ਹੋਈ ਹੋਵੇਗੀ, ਉਸਦਾ ਬੇਜਾਨ ਸਰੀਰ ਅੱਧਾ ਮੰਜੇ ਤੋਂ ਉੱਪਰ ਅਤੇ ਅੱਧਾ ਥੱਲੇ ਸੀ। ਭੂਆ ਪ੍ਰਸਿੰਨੀ ਅਤੇ ਸਭ ਤੋਂ ਵੱਡੀ ਭੈਣ ਨੇ ਸਭ ਤੋਂ ਪਹਿਲਾ ਕੰਮ ਵੀਰ ਗੁਰਬਿੰਦਰ ਨੂੰ ਲੱਭਣ ਦਾ ਕੀਤਾ, ਜੋ ਮੋਟਰ ਵਾਲੀ ਕੋਠੜੀ ਵਿੱਚ ਲੁਕ ਕੇ ਬੈਠ ਗਿਆ ਸੀ। ਉਸਨੇ ਭੂਆ ਨੂੰ ਹੌਲੀ ਜਿਹੇ ਕਿਹਾ ‘ਮੈਂ ਠੀਕ ਹਾਂ, ਮੇਰਾ ਫਿਕਰ ਨਾ ਕਰੋ ਦੂਜਿਆਂ ਨੂੰ ਦੇਖੋ।’ ( ਅਸਲ ਵਿੱਚ ਉਸਨੂੰ ਪਾਪਾ ਨੇ ਪਹਿਲਾਂ ਹੀ ਇਸ ਬਾਰੇ ਸੁਚੇਤ ਕੀਤਾ ਹੋਇਆ ਸੀ, ਕਿ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ, ‘ਤੂੰ ਮੇਰੀ ਚਿੰਤਾ ਨਾ ਕਰੀਂ, ਆਪਣੀ ਜਾਨ ਬਚਾਉਣ ਦੀ ਕੋਸ਼ਿਸ ਕਰੀਂ।’) 
ਛੱਤ ਤੇ ਕੀ ਵਾਪਰ ਚੁੱਕਾ, ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਵੇਖਣ ਦਾ ਹੌਸਲਾ। ਭੂਆ ਤੇ ਵੱਡੀ ਭੈਣ ਵਲੋਂ ਗੁਆਂਢ ਜਾ ਕੇ ਦੱਸਣ ਦੇ ਬਾਵਜੂਦ ਸਾਰੀ ਰਾਤ ਕੋਈ ਨਹੀਂ ਆਇਆ। ਸਾਡੇ ਦੋਵਾਂ ਭੈਣਾਂ ਦੇ ਜਖਮਾਂ ਚੋਂ ਖੂਨ ਬਹੁਤ ਵਹਿ ਰਿਹਾ ਸੀ। ਵੱਡੀ ਭੈਣ ਅਤੇ ਭੂਆ ਨੇ ਆਪਣੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਜਖਮਾਂ ’ਤੇ ਬੰਨ੍ਹ ਦਿੱਤੀਆਂ। ਅਸੀਂ ਸਾਰੀ ਰਾਤ ਕਦੀ ਅੰਦਰ ਅਤੇ ਕਦੀ ਬਾਹਰ ਤੁਰੇ ਫਿਰਦੇ ਰਹੇ, ਖੁੱਲ ਕੇ ਰੋ ਵੀ ਨਹੀਂ ਸਾਂ ਸਕਦੇ। ਸਵੇਰੇ ਚਾਰ ਕੁ ਵਜੇ ਪਿੰਡ ਦੇ ਕੁਝ ਮੋਹਤਬਰ ਬੰਦੇ ਘਰ ਆਏ, ਗੱਲਬਾਤ ਕਰਕੇ ਵੀਰ ਨੂੰ ਆਪਣੇ ਨਾਲ ਲੈ ਗਏ।
ਇਧਰ ਏਨੀ ਵੱਡੀ ਘਟਨਾ ਵਾਪਰ ਚੁੱਕੀ ਸੀ ਤੇ ਓਧਰ ਪਿੰਡ ਦੇ ਦੂਜੇ ਪਾਸੇ ਕਾਮਰੇਡ ਕੁੰਦਨ ਲਾਲ ਇਸ ਗੱਲ ਤੋਂ ਬੇਖਬਰ ਸਨ। ਸੁਭਾ ਜਦੋਂ ਉਹਨਾਂ ਦਾ ਕਿਸੇ ਨੇ ਗੇਟ ਖੜਕਾਇਆ ਤਾਂ ਉਹਨਾਂ ਸਮਝਿਆ ‘ਕਾਮਰੇਡ ਸਵਰਨ ਆਇਆ’ ਕਿਉਂਕਿ ਰਾਤ ਚੱਲੀਆਂ ਗੋਲੀਆਂ ਨੂੰ ਉਹ ‘ਕਿਤੇ ਮੁਕਾਬਲਾ ਹੋਇਆ’ ਸਮਝਦੇ ਰਹੇ। ਪਰ ਗੇਟ ਖੋਹਲਣ ‘ਤੇ ਪਤਾ ਲੱਗਾ ਕਿ ਜਿਸਦੀ ਉਡੀਕ ਕਰ ਰਹੇ, ਉਹ ਤਾਂ ਸਾਥ ਛੱਡ ਕੇ ਬਹੁਤ ਦੂਰ ਜਾ ਚੁੱਕਾ, ਜਿਥੋਂ ਕੋਈ ਵਾਪਸ ਨਹੀਂ ਆਉਂਦਾ। ਤੁਰੰਤ ਹਰ ਪਾਸੇ ਸੁਨੇਹੇ ਭੇਜ ਦਿੱਤੇ ਗਏ ਤੇ ਜਿਉਂ-ਜਿਉਂ ਦਿਨ ਚੜ੍ਹਦਾ ਜਾ ਰਿਹਾ ਸੀ, ਘਰ ਵਿਚ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਸਾਨੂੰ ਦੋਵਾਂ ਜ਼ਖ਼ਮੀ ਭੈਣਾਂ ਨੂੰ ਹਸਪਤਾਲ ਲੈਕੇ ਜਾਣ ਲਈ ਟੈਕਸੀ ਵਿਚ ਬਿਠਾਇਆ ਗਿਆ। ਛੱਤ ਤੋਂ ਰੱਸਿਆਂ ਨਾਲ ਬੰਨ੍ਹ ਕੇ ਲਾਸ਼ਾਂ ਉਤਾਰੀਆਂ ਜਾ ਰਹੀਆਂ ਸਨ। ਕਿਸੇ ਅੱਗੇ ਨਾ ਝੁਕਣ ਵਾਲਾ ਸੂਰਮਾ, ਮੰਜੇ ਤੇ ਨਿਢਾਲ ਪਿਆ ਸੀ, ਜਿਸ ਨੂੰ ਵੇਖ ਦਿਲ ਡੁੱਬੀ ਜਾ ਰਿਹਾ ਸੀ। ਸਾਨੂੰ ਰੋਂਦਿਆਂ ਦੇਖ ਟੈਕਸੀ ਓਸੇ ਵੇਲੇ ਹਸਪਤਾਲ ਨੂੰ ਤੁਰ ਪਈ ਤੇ ਅਸੀਂ ਆਪਣੇ ਸ਼ਹੀਦ ਪਰਵਾਰ ਚੋਂ ਕਿਸੇ ਦਾ ਮੂੰਹ ਵੀ ਨਾ ਵੇਖ ਸਕੀਆਂ। ਇਹ ਤ੍ਰਾਸਦੀ ਅਤੇ ਸਭ ਦੇ ਮੂੰਹ ਅਗਲੇ ਦਿਨ ਅਸੀਂ ਅਖ਼ਬਾਰ ਵਿੱਚ ਵੇਖੇ। ਸਾਡਾ ਦਾਦਾ ਜੋ ਉਸ ਰਾਤ ਘਰ ਨਹੀਂ ਸੀ, ਘਟਨਾ ਬਾਰੇ ਵੀ ਉਸਨੂੰ ਪੂਰਾ ਪਤਾ ਨਹੀਂ ਸੀ, ਉਹ ਭੁਲੇਖੇ ‘ਚ ਸੀ ਕਿ ਉਹਨਾਂ ਦੀ ਨੂੰਹ ਜਿੰਦਾ ਹੈ। ਪਰ ਜਦੋਂ ਉਹਨਾਂ ਨੂੰ ਸੱਚ ਪਤਾ ਲੱਗਾ ਤਾਂ ਉਹ ਪੂਰੀ ਤਰਾਂ ਟੁੱਟ ਗਏ। ਉਹਨਾਂ ਨੂੰ ਲੱਗੇ ਏਨੇ ਵੱਡੇ ਸਦਮੇ ਕਾਰਨ ਹੀ ਉਹ ਇਸ ਘਟਨਾ ਤੋਂ ਬਾਅਦ ਛੇ ਮਹੀਨੇ ਤੋਂ ਵੱਧ ਜਿਊਂਦੇ ਨਾ ਰਹਿ ਸਕੇ। ਪਾਪਾ ਦੇ ਸਭ ਤੋਂ ਨੇੜਲੇ ਮਿੱਤਰ ਅਤੇ ਪੱਗ ਵੱਟ ਭਰਾ ਕਾਮਰੇਡ ਸੁਖਚੈਨ ਸਿੰਘ ,ਜੋ ਹਮੇਸ਼ਾ ਇਕੱਠੇ ਰਹਿੰਦੇ ਹੁੰਦੇ ਸਨ। ਪਰਵਾਰ ਸਮੇਤ ਝਬਾਲ ਸ਼ੈਲਰ ’ਤੇ ਰਹਿੰਦੇ ਸਨ, ਇਹ ਸ਼ੈਲਰ ਇਲਾਕੇ ਦੇ ਕਮਿਊਨਿਸਟਾਂ ਲਈ ਸਰਗਰਮੀਆ ਦਾ ਕੇਂਦਰ ਸੀ। ਇੱਥੇ ਵੱਡੀ ਗਿਣਤੀ ਵਿੱਚ ਹਥਿਆਰ ਸਨ ਅਤੇ 24 ਘੰਟੇ ਕਮਿਊਨਿਸਟ ਨੌਜਵਾਨ ਕਾਮਰੇਡ ਹਰਭਜਨ ਸਿੰਘ, ਪਿਰਥੀਪਾਲ ਮਾੜੀਮੇਘਾ, ਦਵਿੰਦਰ ਸੋਹਲ, ਕੁਲਵਿੰਦਰ ਵਲਟੋਹਾ, ਬਲਕਾਰ ਵਲਟੋਹਾ, ਜਗਤਾਰ ਸਿੰਘ ਆਦਿ ਮੋਰਚਾ ਸੰਭਾਲੀ ਰੱਖਦੇ। ਕਾ: ਸੁਖਚੈਨ ਸਿੰਘ ਅਤੇ ਉਹਨਾਂ ਦੀ ਪਤਨੀ ਰਜਿੰਦਰਪਾਲ ਨੇ ਘਟਨਾ ਤੋਂ ਬਾਅਦ ਸਾਡੇ ਪਰਵਾਰ ਦੀ ਸਾਰੀ ਜਿੰਮੇਵਾਰੀ ਸੰਭਾਲੀ। ਹਾਲਾਤਾਂ ਨੂੰ ਸਾਹਮਣੇ ਰੱਖਦਿਆਂ ਵੱਡੀ ਭੈਣ ਦਾ ਜਲਦੀ ਵਿਆਹ ਕਰ ਦਿੱਤਾ ਗਿਆ। ਵੀਰ ਨੂੰ ਜਲੰਧਰ ਹੋਸਟਲ ਅਤੇ ਸਭ ਤੋਂ ਛੋਟੀ ਕੁਲਵਿੰਦਰ ਨੂੰ ਪਟਿਆਲਾ ਅਨਾਥ ਆਸ਼ਰਮ ਭੇਜ ਦਿੱਤਾ। ਭੈਣ ਵੀਰਇੰਦਰ ਨੂੰ ਨੋਕਰੀ ਮਿਲ ਜਾਣ ਕਾਰਨ, ਉਹ ਸ਼ੈਲਰ ਤੇ ਰਹਿਣ ਲੱਗ ਪਈ। ਮੈਂ ਆਪਣੀ ਭੂਆ ਨਾਲ ਉਸੇ ਘਰ ਰਹਿੰਦੀ ਸੀ( ਭੂਆ ਵਿਧਵਾ ਹੋਣ ਕਾਰਨ ਆਪਣੇ ਤਿੰਨ ਬੱਚਿਆਂ ਨਾਲ ਸਾਡੇ ਕੋਲ ਹੀ ਰਹਿੰਦੀ ਸੀ।) ਸਮੱਸਿਆਵਾਂ ਅਜੇ ਖਤਮ ਨਹੀਂ ਸਨ ਹੋਈਆਂ, ਇਕ ਰਾਤ ਚੋਰ ਆ ਪਏ। ਉਹਨਾਂ ਨੂੰ ਜਿੰਨੇ ਵੀ ਪੈਸੇ ਮਿਲੇ ਲੈ ਕੇ ਚਲੇ ਗਏ, ਪਰ ਸਾਡੇ ‘ਤੇ ਛੱਡ ਗਏ ਇੱਕ ਹੋਰ ਦਹਿਸ਼ਤ। ਦਿਲ ਤਾਂ ਨਹੀਂ ਕਰਦਾ ਸੀ ਉਸ ਘਰ ਰਹਿਣ ਨੂੰ ਪਰ ਮਜਬੂਰੀ ਸੀ। ਅਗਲੇ ਦਿਨ ਇਹ ਫੈਸਲਾ ਕੀਤਾ ਕਿ ਰਾਤ ਨੂੰ ਘਰ ਨਾ ਰਿਹਾ ਜਾਵੇ। ਅਸੀਂ ਗੁਆਂਢ ਸ਼ਰੀਕੇ ਚੋਂ ਲੱਗਦੇ ਤਾਏ ਦੇ ਘਰ ਰਾਤਾਂ ਗੁਜਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ਾਮ ਨੂੰ ਵੇਲੇ ਨਾਲ ਰੋਟੀ ਖਾ ਕੇ ਉਹਨਾਂ ਦੇ ਘਰ ਚਲੇ ਜਾਣਾ ਤੇ ਸਵੇਰੇ ਜਲਦੀ ਆ ਜਾਣਾ। ਇੱਕ ਸ਼ਾਮ ਤਾਈ ਬਹੁਤ ਘਬਰਾਈ ਹੋਈ ਸਾਡੇ ਘਰ ਆਈ, ਉਸਨੇ ਭੂਆ ਨੂੰ ਦੱਸਿਆ ਕਿ ਝਬਾਲ ਕੋਲ ਮੁਕਾਬਲਾ ਹੋ ਰਿਹਾ, ਤੁਸੀਂ ਜਲਦੀ ਸਾਡੇ ਘਰ ਆ ਜਾਓ। ਇਹ ਸੁਣ ਕੇ ਸਾਡੀਆਂ ਲੱਤਾਂ ਹੀ ਜਾਮ ਹੋ ਗਈਆਂ। ਭੂਆ ਨੇ ਜਲਦੀ-ਜਲਦੀ ਕੰਮ ਸਮੇਟਣਾ ਸ਼ੁਰੂ ਕਰ ਦਿੱਤਾ, ਕੰਮ ਨਿਬੇੜ ਕੇ ਤਾਏ ਦੇ ਘਰ ਵੱਲ ਤੁਰ ਪਈਆਂ। ਹਨੇਰਾ ਹੋ ਚੁੱਕਾ ਸੀ ਅਤੇ ਝੋਨਾ ਲਗਾਉਣ ਲਈ ਖੇਤਾਂ ‘ਚ ਹਰ ਪਾਸੇ ਪਾਣੀ ਲੱਗਾ ਹੋਇਆ ਸੀ। ਜਦੋਂ ਅਸੀਂ ਕਾਹਲੀ-ਕਾਹਲੀ ਤੁਰੇ ਜਾ ਰਹੇ ਸੀ ਕਿ ਅਚਾਨਕ ਪੁਲਿਸ ਵੱਲੋਂ ਛੱਡੇ ਰਾਕਟ ਲਾਂਚਰ ਨੇ ਚਾਰ-ਚੁਫੇਰੇ ਮਨਾਂ ਮੂੰਹੀਂ ਚਾਨਣ ਕਰ ਦਿੱਤਾ। ਸਾਡੇ ਸਭ ਦੇ ਸਾਹ ਰੁਕ ਗਏ ਤੇ ਲੱਤਾਂ ਭਾਰ ਚੁੱਕਣ ਤੋਂ ਅਸਮਰਥ ਹੋ ਗੲੀਆਂ। ਅਸੀਂ ਡਿੱਗਦੇ ਢਹਿੰਦੇ ਜਦ ਤਾਏ ਦੇ ਘਰ ਪਹੁੰਚੇ ਤਾਂ ਕਮਰ ਤੱਕ ਚਿੱਕੜ ਨਾਲ ਲਿੱਬੜ ਚੁੱਕੇ ਸੀ। ਰੋਜ ਕਿਸੇ ਦੇ ਘਰ ਰਹਿਣਾ ਸੌਖਾ ਨਹੀਂ ਸੀ,ਅਖੀਰ ਮੈਨੂੰ ਵੀ ਭੈਣ ਜੀ ਵਿਮਲਾ ਡਾਂਗ ਹੁਰਾਂ ਪਟਿਆਲੇ ਅਨਾਥ ਆਸ਼ਰਮ ਵਿੱਚ ਛੋਟੀ ਭੈਣ ਕੋਲ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ। ਸਮਾਂ ਗੁਜ਼ਰਦਾ ਚਲਾ ਗਿਆ, ਅਸੀਂ ਸਭ ਭੈਣ- ਭਰਾ ਬੱਚਿਆਂ ਵਾਲੇ ਬਣ ਗਏ ਪਰ 31 ਸਾਲ ਬੀਤ ਜਾਣ ਦੇ ਬਾਵਜੂਦ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ। ਅੱਜ ਜਦੋਂ ਇਸ ਦੌਰ ਬਾਰੇ ਗੱਲ ਕਰਦੇ ਹਾਂ ਤਾਂ ਬੱਚਿਆਂ ਨੂੰ ਯਕੀਨ ਨਹੀਂ ਆਉਂਦਾ, ਉਹ ਇਸਨੂੰ ਇੱਕ ਕਹਾਣੀ ਵਾਂਗ ਹੀ ਸਮਝਦੇ ਨੇ, ਜਿਵੇਂ ਅਸੀਂ ਛੋਟੇ ਹੁੰਦੇ 1947 ਦੀਆਂ ਘਟਨਾਵਾਂ ਬਾਰੇ ਸੁਣਦੇ ਹੁੰਦੇ ਸੀ ਤਾਂ ਸਾਨੂੰ ਵੀ ਇਹ ਸੱਚ ਨਹੀਂ ਲੱਗਦੀਆਂ ਸਨ। ਪੰਜਾਬ ਵਿੱਚ ਅੱਤਵਾਦ ਦਾ ਦੌਰ ਚਾਹੇ ਖਤਮ ਹੋ ਚੁੱਕਾ ਪਰ ਅੱਜ ਵੀ ਸਾਡਾ ਸਮਾਜ ਕਈ ਸਮੱਸਿਆਵਾਂ ਵਿੱਚ ਉਲਝਿਆ ਹੋਇਆ ਹੈ। ਇਹ ਵੀ ਅੱਤਵਾਦ ਤੋਂ ਘੱਟ ਨਹੀਂ, ਜਦੋਂ ਜਵਾਨੀ ਕੋਈ ਕੰਮ ਨਾ ਮਿਲਣ ਕਾਰਨ ਆਤਮ ਹੱਤਿਆ ਜਾਂ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ। ਹਜਾਰਾਂ ਘਰ ਇਸਦੀ ਲਪੇਟ ‘ਚ ਆ ਚੁੱਕੇ ਅਤੇ ਦਰਜਨਾਂ ਨੌਜਵਾਨ ਨਸ਼ੇ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਜੇ ਇਹਨਾਂ ਵਿਹਲੇ ਹੱਥਾਂ ਨੂੰ ਯੋਗ ਕੰਮ ਤੇ ਨਾ ਲਗਾਇਆ ਗਿਆ ਤਾਂ ਸਾਡੇ ਸਮਾਜ ਲਈ ਇਸਦੇ ਨਤੀਜੇ ਬਹੁਤ ਮਾੜੇ ਨਿੱਕਲਣਗੇ ਕਿਉਂਕਿ ਅਸੀਂ ਪਹਿਲਾਂ ਹੀ ਘਰਾਂ ਦੀ ਮਾੜੀ ਹਾਲਤ ਅਤੇ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਕੰਮ ਦੇ ਯੋਗ ਮੌਕੇ ਨਾ ਦੇਣ ਕਾਰਨ, ਅੱਤਵਾਦ ਦੇ ਰੂਪ ਵਿੱਚ ਇਸਦਾ ਸੰਤਾਪ ਹੰਢਾ ਚੁੱਕੇ ਹਾਂ। ਜਿਸ ਵਿੱਚ ਹਜਾਰਾਂ ਬੇਕਸੂਰਾਂ ਦੀ ਜਾਨ ਗਈ। ਪੰਜਾਬ ਦੀ ਇੱਜਤ, ਅਣਖ ਦਾ ਘਾਣ ਹੋਇਆ। ਆਰਥਿਕ ਪੱਖੋਂ ਵੀ ਮਾਰ ਸਹਿਣੀ ਪਈ। ਇਸ ਦੌਰ ‘ਚ ਹੋਏ ਵੱਡੇ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਅੱਜ ਕਿਸਾਨਾਂ ਦੀ ਜਮੀਨ ਦੀ ਢੇਰੀ ਹਰ ਰੋਜ ਛੋਟੀ ਹੁੰਦੀ ਜਾ ਰਹੀ ਤੇ ਕਰਜੇ ਦੀ ਪੰਡ ਭਾਰੀ, ਜਿਸ ਕਾਰਨ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਮਜਦੂਰਾਂ ਨੂੰ ਰੱਜਵੀਂ ਰੋਟੀ ਲਈ ਆਪਣਾ ਆਪ ਵੇਚਣਾ ਪੈ ਰਿਹਾ ਹੈ। ਇਲਾਜ ਖੁਣੋਂ ਲੋਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਏ, ਮੌਤ ਦੇ ਮੂੰਹ ਜਾ ਰਹੇ ਹਨ। ਔਰਤਾਂ ਖ਼ਾਸ ਕਰਕੇ ਛੋਟੀਆਂ ਛੋਟੀਆਂ ਬੱਚੀਆਂ ਨਾਲ ਹੈਵਾਨੀਅਤ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਕੰਮ ਨਾ ਦੇ ਕੇ, ਯੋਗਤਾ ਦਾ ਮਜਾਕ ਉਡਾਇਆ ਜਾ ਰਿਹਾ ਹੈ। ਠੇਕੇਦਾਰੀ ਸਿਸਟਮ ਅਧੀਨ ਆਰਜੀ ਰੁਜਗਾਰ ‘ਚ ਲੱਗੇ ਲੱਖਾਂ ਨੌਜਵਾਨ ਮਜਬੂਰੀ ਵੱਸ ਬਹੁਤ ਘੱਟ ਤਨਖਾਹਾਂ ‘ਤੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ। ਸਵਾਰਥੀ ਘਰਾਣੇ/ਸਰਕਾਰਾਂ ਲੋਕਾਂ ਦਾ ਇਹਨਾਂ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਕਰਨ ਲਈ, ਖਾਸ ਕਰ ਜਵਾਨੀ ਨੂੰ ਇੰਟਰਨੈੱਟ ਅਤੇ ਹੋਰ ਸਾਧਨਾਂ ਰਾਹੀਂ ਕੁਰਾਹੇ ਪਾਉਣ ਲਈ ਯਤਨਸ਼ੀਲ ਹਨ। ਉਹਨਾਂ ਨੂੰ ਭਾੜੇ ਦੇ ਗੁੰਡੇ ( ਗੈਂਗਸਟਰ) ਬਨਣ ਅਤੇ ਹੋਰ ਸਮਾਜਕ ਬੁਰਾਈਆਂ ਵੱਲ ਤੋਰਿਆ ਜਾ ਰਿਹਾ। ਇਹਨਾਂ ਹਾਲਾਤਾਂ ਦੇ ਸਤਾਏ, ਵੱਡੀ ਗਿਣਤੀ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਕਰਜ਼ੇ ਚੁੱਕ ਕੇ ਵਿਦੇਸ਼ੀ ਤੋਰਨ ਲਈ ਮਜਬੂਰ ਹੋ ਰਹੇ ਹਨ। 'ਬੇਰੁਜਗਾਰੀ' ਹੀ ਇਹਨਾਂ ਹਾਲਾਤਾਂ ਦੀ ਜਨਮਦਾਤੀ ਹੈ। ਸਭ ਨੂੰ ਰੁਜਗਾਰ ਦੇਣਾ ਹੀ ਇੱਕੋ ਇੱਕ ਹੱਲ ਹੈ, ਜਿਸ ਨਾਲ ਇਹ ਹਲਾਤ ਬਦਲੇ ਜਾ ਸਕਦੇ। ਇਸ ਲੲੀ ਪਾਰਲੀਮੈਂਟ ਦੁਆਰਾ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ( BNEGA -- Bhagat Singh National Employment Guarantee Act) ਪਾਸ ਕਰਵਾਉੇਣਾ ਅਣਸਰਦੀ ਲੋੜ ਹੈ। ਇਸ ਕਾਨੂੰਨ ਤਹਿਤ ਹਰ ਇੱਕ ਨੂੰ ਉਸਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਦੀ ਗਰੰਟੀ ਹੋਵੇ। ਜਿਵੇਂ ਅਣਸਿੱਖਿਅਤ ਲਈ 20,000/- ਪ੍ਰਤੀ ਮਹੀਨਾ ਤਨਖਾਹ, ਅਰਧ ਸਿੱਖਿਅਤ ਲਈ 25,000/-, ਸਿੱਖਿਅਤ ਲਈ 30,000/-, ਅਤੇ ਉੱਚ ਸਿੱਖਿਅਤ ਲਈ 35,000/- ਦੀ ਗਾਰੰਟੀ। ਕੰਮ ਨਾ ਮਿਲਣ ਦੀ ਸੂਰਤ ਵਿੱਚ ਕੈਟੇਗਰੀ ਅਨੁਸਾਰ ਤਨਖ਼ਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ। ਨੌਜਵਾਨ-ਵਿਦਿਆਰਥੀਆਂ ਨੇ ‘ਰੁਜ਼ਗਾਰ ਪ੍ਰਾਪਤੀ ਮੁਹਿੰਮ’ ਵੱਲੋਂ ਇਸ ਕਾਨੂੰਨ ਦੀ ਪ੍ਰਾਪਤੀ ਲਈ, ਚੇਤਨ ਸਰਗਰਮੀ ਆਰੰਭੀ ਹੋਈ ਹੈ। ਆਓ ਇਸ ਵਿੱਚ ਬਣਦਾ ਯੋਗਦਾਨ ਪਾਉਂਦਿਆਂ, ਰਲ ਕੇ ਇਸ ਸਮਾਜ ਨੂੰ ਬਦਲਣ ਦਾ ਤਹੱਈਆ ਕਰੀਏ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲ ਜ਼ਿੰਦਗੀ ਜੀਅ ਸਕਣ। ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਨਰਿੰਦਰ ਸੋਹਲ
9464113255

No comments:

Post a Comment