Thursday, June 25, 2020

ਸੀਪੀਆਈ ਲੁਧਿਆਣਾ ਦੇ ਉੱਘੇ ਆਗੂ ਕਾਮਰੇਡ ਓਮ ਪ੍ਰਕਾਸ਼ ਮਹਿਤਾ ਨਹੀਂ ਰਹੇ

 ਉਹਨਾਂ ਦੀ ਯਾਦ ਵਿੱਚ ਵੈਬੀਨਾਰ ਰਾਹੀਂ ਕੀਤੀ ਗਈ ਸੋਗ ਸਭਾ  
ਰਾਜਪੁਰਾ//ਲੁਧਿਆਣਾ: 25 ਜੂਨ 2020: (ਕਾਮਰੇਡ ਸਕਰੀਨ )::
ਸਾਥੀ  ਓ ਪੀ ਮਹਿਤਾ ਹੁਣ ਨਹੀਂ ਰਹੇ ਸਾਡੇ ਦਰਮਿਆਨ 
ਦੁਸ਼ਮਨ ਨਾਲ ਵੀ ਹੱਸ ਕੇ ਗੱਲ ਕਰ ਲੈਣੀ .ਵਿਰੋਧੀ ਧਿਰ ਵਾਲੇ ਨੂੰ ਵੀ ਚਾਹ ਪਾਣੀ ਦੀ ਸੁਲਾਹ ਮਾਰ ਲੈਣੀ ਇਹ ਖੂਬੀਆਂ ਬਹੁਤ ਘੱਟ ਲੋਕਾਂ ਵਿੱਚ ਹੁੰਦੀਆਂ ਹਨ। ਕਾਮਰੇਡ ਓਮ ਪ੍ਰਕਾਸ਼ ਮਹਿਤਾ ਵਿੱਚ ਇਹ ਸਭ ਖੂਬੀਆਂ ਸਨ। ਹੁਣ ਨਾ ਸਾਡੇ ਕੋਲ ਮਹਿਤਾ ਜੀ ਰਹੇ ਅਤੇ ਨਾ ਹੀ ਇਹ ਖੂਬੀਆਂ। ਚੰਗੀ ਸ਼ਖ਼ਸੀਅਤ ਵਾਲਾ ਇੱਕ ਹੋਰ ਇਨਸਾਨ ਇਸ ਦੁਨੀਆ ਤੋਂ ਦੂਰ ਚਲਾ ਗਿਆ। ਅਤਿ ਦੇ ਔਖੇ ਵੇਲਿਆਂ ਵਿੱਚ ਟਰੇਡ ਯੂਨੀਅਨ ਲਹਿਰ ਦੇ ਸੰਘਰਸ਼ਾਂ ਨੂੰ ਲੜਨ ਵਾਲੇ ਕਾਮਰੇਡ ਓਮ ਪ੍ਰਕਾਸ਼ ਮਹਿਤਾ ਹੁਣ ਸਾਡੇ ਦਰਮਿਆਨ ਨਹੀਂ ਰਹੇ।  
ਭਾਰਤੀ ਕਮਿਊਨਿਸਟ ਪਾਰਟੀ ਦੇ ਇਸ ਉੱਘੇ ਅਤੇ ਸਰਗਰਮ ਆਗੂ ਐਡਵੋਕੇਟ ਓਮ ਪ੍ਰਕਾਸ਼ ਮਹਿਤਾ ਦਾ ਦਿਹਾਂਤ ਹੋ ਗਿਆ ਹੈ। ਉਹ ਇਨੀਂ ਦਿਨੀਂ ਰਾਜਪੁਰਾ ਵਿਖੇ ਆਪਣੀ ਬੇਟੀ ਦੇ ਕੋਲ ਰਹਿ ਰਹੇ ਸਨ, ਜਿੱਥੇ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ  ਗਿਆ। ਉਹਨਾਂ ਦਾ ਸੰਸਕਾਰ ਕੱਲ ਰਾਜਪੁਰਾ ਵਿਖੇ ਹੀ ਕਰ ਦਿੱਤਾ ਗਿਆ। ਲਾਕ ਡਾਊਨ ਦੀਆਂ ਮਜਬੂਰੀਆਂ ਅਤੇ ਗਰਮੀ ਦੀ ਅਤਿ ਨੇ ਉਹਨਾਂ ਦੀ ਦੇਹ ਨੂੰ ਲੁਧਿਆਣਾ ਦੀ ਖ਼ਾਕ ਵਿੱਚ ਖ਼ਾਕ ਨਾ ਹੋਣ ਦਿੱਤਾ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਚਾਹੁਣ ਵਾਲਿਆਂ ਤੋਂ ਦੂਰ ਕਰਨਾ ਇੱਕ ਮਜਬੂਰੀ ਬਣ ਗਈ ਸੀ। 
ਇਥੇ ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਕਾਮਰੇਡ ਵਿਜੇ, ਕਾਮਰੇਡ ਸੁਭਾਸ਼, ਕਾਮਰੇਡ ਭਰਤ ਸਿੰਘ ਅਤੇ ਕਈ ਹੋਰ ਸਾਥੀ ਭਰੀਆਂ ਅੱਖਾਂ ਨਾਲ ਵਿਚਰਦੇ ਦੇਖੇ ਗਏ। ਕਾਮਰੇਡ ਸੁਭਾਸ਼ ਤਾਂ ਸਦਮੇ ਵੱਜੋਂ ਕਾਫੀ ਦੇਰ ਤਕ ਢੋਲੇਵਾਲ ਚੌਂਕ ਦੇ ਇਲਾਕੇ ਵਿੱਚ ਆ ਕੇ ਬੈਠਾ ਉਹਨਾਂ ਦੀ ਤਸਵੀਰ ਨੂੰ ਦੇਖਦਾ ਰਿਹਾ। ਕਾਮਰੇਡ ਸੁਭਾਸ਼ ਨੇ ਸ਼ਾਇਦ ਉਹਨਾਂ ਨਾਲ ਸਭਨਾਂ ਤੋਂ ਜ਼ਿਆਦਾ ਲੰਮਾ ਸਮਾਂ ਗੁਜ਼ਾਰਿਆ। ਇੱਕ ਕੇਸ ਇੱਕ ਕੇਸ ਅਤੇ ਉਸਦਾ ਪਿਛੋਕੜ ਸ਼ਾਇਦ ਸੁਭਾਸ਼ ਹੀ ਜਾਣਦਾ ਹੈ। ਹਰ ਵੇਲੇ ਉਹਨਾਂ ਦੇ ਨਿਜੀ ਸਹਾਇਕ ਵੱਜੋਂ ਵਿਚਰਨ ਵਾਲਾ ਸੁਭਾਸ਼ ਉਹਨਾਂ ਦੀ ਸੱਜੀ ਬਾਂਹ ਵਾਂਗ ਹੀ ਸੀ। ਕਈ ਵਾਰ ਝਿੜਕਾਂ ਵੀ ਸੁਣੀਆਂ ਪਰ ਕਾਮਰੇਡ ਮਹਿਤਾ ਦਾ ਸਾਥ ਕਦੇ ਨਾ ਛੱਡਿਆ। ਹੁਣ ਮਹਿਤਾ ਜੀ ਦੀ ਮੌਤ ਨੇ ਇਹ ਸਾਥ ਹਮੇਸ਼ਾਂ ਲਈ ਛੁਡਵਾ ਦਿੱਤਾ। 
ਪੇਸ਼ੇ ਵੱਜੋਂ ਤਾਂ ਕਾਮਰੇਡ ਮਹਿਤਾ ਮਹਿਤਾ ਵਕੀਲ ਸਨ ਪਰ ਸਿਆਸੀ ਮੰਚ ਤੇ ਉਹ ਕਾਫੀ ਲੰਮਾ ਸਮਾਂ ਪਾਰਟੀ ਦੀ ਲੁਧਿਆਣਾ ਇਕਾਈ ਦੇ ਸਿਟੀ ਸਕੱਤਰ ਰਹੇ। ਲੰਮਾ ਕਦ, ਗੋਰਾ ਚਿੱਟਾ ਰੰਗ--ਇੱਕ ਵੱਖਰੀ ਜਿਹੀ ਪਰਸਨੈਲਿਟੀ ਸੀ ਉਹਨਾਂ ਦੀ। ਸ਼ਕਲੋਂ ਉਹ ਕਦੇ ਕਦੇ ਇੱਕ ਵਿਦੇਸ਼ੀ ਕਾਮਰੇਡ ਲੱਗਦੇ। 
ਉਹਨਾਂ ਦੀ ਯਾਦ ਵਿੱਚ ਅਫ਼ਸੋਸ ਵਜੋਂ ਪਾਰਟੀ ਦਾ ਝੰਡਾ ਪਾਰਟੀ ਦਫਤਰ ਵਿਖੇ ਨੀਵਾਂ ਕੀਤਾ ਗਿਆ। ਅੱਜ ਪਾਰਟੀ ਆਗੂ ਡਾ ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ ਅਤੇ ਕਾਮਰੇਡ ਰਮੇਸ਼ ਰਤਨ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਾਜਪੁਰਾ ਵਿਖੇ ਗਏ। ਪਾਰਟੀ ਦੀ ਲੁਧਿਆਣਾ ਇਕਾਈ ਨੇ ਵੈਬੀਨਾਰ ਤੇ ਮੀਟਿੰਗ ਕਰਕੇ ਉਨ੍ਹਾਂ ਦੇ ਪ੍ਰਤੀ ਸ਼ਰਧਾਂਜਲੀ ਵਜੋਂ  ਸ਼ੋਕ ਦਾ ਮਤਾ ਵੀ ਪਾਸ ਕੀਤਾ ਹੈ। 
ਏਟਕ ਲਈ ਕੰਮ ਕਰਦਿਆਂ ਉਹਨਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ ਪਰ ਉਹ ਅਡੋਲ ਰਹਿ ਕੇ ਕੰਮ ਕਰਦੇ ਰਹੇ। ਵਿਰੋਧੀ ਟਰੇਡ ਯੂਨੀਅਨਾਂ ਦੀਆਂ ਸਾਜ਼ਿਸ਼ਾਂ, ਪੂੰਜੀਪਤੀਆਂ ਦਾ ਦਬਾਅ, ਸਰਕਾਰਾਂ ਦੇ ਦਾਬੇ--ਪਰ ਕਾਮਰੇਡ ਮਹਿਤਾ ਹਰ ਮਾਮਲੇ ਵਿੱਚ ਡਟੇ ਰਹੇ। ਵਕਾਲਤ ਦੇ ਨਾਲ ਨਾਲ ਮਜ਼ਦੂਰਾਂ ਅਤੇ ਕਾਮਰੇਡਾਂ ਦੇ ਕੇਸਾਂ ਵਿੱਚ ਉਹਨਾਂ ਦੀ ਕਾਨੂੰਨੀ ਮਦਦ ਕਰਨੀ ਉਹਨਾਂ ਦੇ ਸੁਭਾਅ ਵਿੱਚ ਸ਼ਾਮਲ ਸੀ। ਗੁੱਸੇ ਵਿੱਚ ਆਏ ਵਿਰੋਧੀ ਵਿਅਕਤੀ ਨੂੰ ਵੀ ਆਪਣੀਆਂ ਮਿਠਾਸ ਭਰੀਆਂ ਗੱਲਾਂ ਨਾਲ ਆਪਣਾ ਬਣਾ ਕੇ ਸ਼ਾਨ ਕਰਨਾ ਉਹਨਾਂ ਨੂੰ ਬਾਖੂਬੀ ਆਉਂਦਾ ਸੀ। ਪਾਰਟੀ ਹਲਕਿਆਂ ਦੇ ਨਾਲ ਨਾਲ ਵਕੀਲਾਂ ਦੇ ਹਲਕਿਆਂ ਵਿੱਚ ਵੀ ਉਹਨਾਂ ਦੇ ਦੇਹਾਂਤ ਕਾਰਨ ਸੋਗ ਦੀ ਲਹਿਰ ਰਹੀ। 
ਜਿਸ ਟੁੱਟੀ ਭੱਜੀ ਖਸਤਾਹਾਲ ਇਮਾਰਤ ਵਿੱਚ ਉਹਨਾਂ ਲਗਾਤਾਰ ਏਟਕ ਦਾ ਦਫਤਰ ਚਲਾਇਆ ਉਸ ਇਲਾਕੇ ਢੋਲੇਵਾਲ ਵਿੱਚ ਵੀ ਉਹਨਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਸੋਗ ਦੀ ਲਹਿਰ ਰਹੀ। ਉਹਨਾਂ ਦੇ ਨੇੜਲੇ ਸਾਥੀਆਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ। ਦੇਹਾਂਤ ਦੇ ਸਮੇਂ ਉਹਨਾਂ ਦੀ ਉਮਰ 85 ਸਾਲਾਂ ਦੀ ਸੀ। ਜ਼ਿਕਰਯੋਗ ਹੈ ਕਿ ਉਹਨਾਂ ਦਾ ਜਨਮ ਜ਼ਿਲਾ ਮਿੰਟਗੁਮਰੀ (ਪਾਕਿਸਤਾਨ) ਦੇ ਪਿੰਡ ਦਾਦਰ ਖ਼ਾਨ ਵਿਖੇ 11 ਜੂਨ 1935 ਨੂੰ ਹੋਇਆ ਸੀ। 
ਦਿਲਚਸਪ ਗੱਲ ਹੈ ਕਿ ਉਹਨਾਂ ਨੇ ਗਿਆਨੀ ਦਾ ਇਮਤਿਹਾਨ ਲੁਧਿਆਣਾ ਦੇ ਓਕਾੜਾ ਕਾਲਜ ਵਿੱਚ ਗਿਆਨੀ ਗੁਰਬਖਸ਼ ਸਿੰਘ ਦੀ ਸਰਪ੍ਰਸਤੀ ਹੇਠ ਪੜ੍ਹਾਈ ਕਰਕੇ ਮਿਸਾਲੀ ਸਫਲਤਾ ਨਾਲ ਪਾਸ ਕੀਤਾ। ਜਦੋਂ ਇਸ ਸਫਲਤਾ ਕਾਰਨ ਉਹਨਾਂ ਦੀ ਫੋਟੋ ਸਾਰੀਆਂ ਪ੍ਰਮੁੱਖ  ਅਖਬਾਰਾਂ ਵਿੱਚ ਛਪੀ ਤਾਂ ਉਸ ਸਮੇਂ ਉਹ ਪਾਰਟੀ ਦੇ ਕਿਸੇ ਸੰਘਰਸ਼ ਕਾਰਨ ਅੰਡਰ ਗਰਾਊਂਡ ਹੋਏ ਹੋਏ ਸਨ। ਅਖਬਾਰ ਵਿੱਚ ਛਪੀ ਇਸ ਫੋਟੋ  ਨੇ ਉਹਨਾਂ ਦੀ ਸ਼ਨਾਖਤ ਆਮ ਕਰ ਦਿੱਤੀ। ਉਹ ਇਹ ਗੱਲ ਬੜੇ ਮੂਡ ਵਿੱਚ ਆਉਣ ਤੇ ਹੀ ਸੁਣਾਇਆ ਕਰਦੇ ਸਨ। 
ਜਦੋਂ ਪੰਜਾਬ ਵਿੱਚ ਗੋਲੀ ਵਾਲੀ ਸਿਆਸਤ ਤਿੱਖੀ ਹੋਈ ਤਾਂ ਉਦੋਂ ਦਾ ਸਮਾਂ ਬੇਹੱਦ ਨਾਜ਼ੁਕ ਸੀ। ਗਰੀਬਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ  ਫੈਸਲੇ ਲੈਣ ਲਈ ਜਦੋਂ ਦਿਨਰਾਤ ਮਿਹਨਤਾਂ ਕਰਨੀਆਂ ਪੈਂਦੀਆਂ ਤਾਂ ਕਈ ਮਾਲਕ ਧਮਕੀਆਂ ਵੀ ਦੇਂਦੇ। ਪਤਾ ਹੈ ਨਾ ਅਸੀਂ ਖਾੜਕੂਆਂ ਦੇ ਬੰਦੇ ਹਾਂ...! ਅਜਿਹੇ ਹਾਲਾਤ ਵਿੱਚ ਵੀ ਉਹਨਾਂ ਨੇ ਮਜ਼ਦੂਰਾਂ ਦੀਆਂ ਉਜਰਤਾਂ ਅਤੇ ਕੰਮ ਵਾਲੇ ਘੰਟਿਆਂ ਦੇ ਨਾਲ ਨਾਲ ਕੰਮ ਦੀਆਂ ਹਾਲਤਾਂ ਲਈ ਵੀ ਸੰਘਰਸ਼ ਕੀਤਾ। ਅਫਸੋਸ ਹੈ ਕਿ ਅਜੇ ਤੱਕ ਇਹਨਾਂ ਕੰਮਾਂ ਨੂੰ ਕਿਤਾਬੀ ਜਾਂ ਕਿਸੇ ਹੋਰ ਰੂਪ ਵਿੱਚ ਸਾਂਭਿਆ ਨਹੀਂ ਜਾ ਸਕਿਆ। ਕਮਿਊਨਿਸਟਾਂ ਸਰ ਆਏ ਦਿਨ ਪੈਂਦੀਆਂ ਜ਼ਿੰਮੇਵਾਰੀਆਂ ਅਤੇ ਆਰਥਿਕ ਮਜਬੂਰੀਆਂ ਨੇ ਬੜੇ ਕੰਮ ਰੋਕੇ। ਹੁਣ ਇਹਨਾਂ ਦਿਨਾਂ ਵਿੱਚ ਹੀ ਉਹਨਾਂ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਉਣ ਦੀ ਯੋਜਨਾ ਬਣੀ, ਕੁਝ ਕੁ ਸ਼ੂਟਿੰਗ ਕੀਤੀ ਵੀ ਗਈ ਪਰ ਗੱਲ ਸਿਰੇ ਨਾ ਚੜ੍ਹੀ। ਉਹਨਾਂ ਦੇ ਤੁਰ ਜਾਂ ਮਗਰੋਂ ਹੁਣ ਅਸੀਂ ਸਾਰੀਆਂ ਨੇ ਉਹਨਾਂ ਦੀਆਂ ਆਦਾਨ ਨਾਲ ਗੱਲਾਂ ਕਰਨੀਆਂ ਹਨ ਅਤੇ ਕਰਾਂਗੇ ਵੀ। ਸਿੱਧੇ ਬਾਵਜੂਦ ਇਕੱਕ ਅਪੀਲ ਕਿ ਜੇ ਕਿਸੇ ਕੋਲ ਮਹਿਤਾ ਜੀ ਦੀ ਕੋਈ ਤਸਵੀਰ, ਕੋਈ ਲਿਖਤ ਜਾਂ ਆਡੀਓ ਵੀਡੀਓ ਵਰਗੀ ਯਾਦ ਪਈ ਹੋਵੇ ਤਾਂ ਉਹ ਉਸਦੀ ਕਾਪੀ ਸਾਨੂੰ ਪਹੁੰਚਾਏ। ਅਸੀਂ ਬਹੁਤ ਧੰਨਵਾਦੀ ਹੋਵਾਂਗੇ। 
ਲਾਲ ਦਾਇਰੇ ਵਾਲੀ ਜਿਹੜੀ ਤਸਵੀਰ ਤੁਸੀਂ ਖਬਰ ਦੇ ਉੱਪਰ ਦੇਖ ਰਹੇ ਹੋ ਉਹ ਅਸਲ ਵਿੱਚ ਉਸ ਮੀਟਿੰਗ ਦੀ ਹੈ ਜਿਸ ਵਿੱਚ ਭਾਰਤੀ ਮਜ਼ਦੂਰ ਸੰਘ ਦੇ ਆਗੂਆਂ ਨੇ ਪਹਿਲੀ ਸਤੰਬਰ 2015 ਵਾਲੀ ਸਾਂਝੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਆਪਣਾ ਹੀ ਫੈਸਲਾ ਬਦਲ ਲਿਆ ਸੀ ਅਤੇ ਹੜਤਾਲ ਵਿੱਚ ਸ਼ਾਮਲ ਨਹੀਂ ਹੋਏ। ਇਹ ਤਿਆਰੀ ਮੀਟਿੰਗ 27 ਅਗਸਤ 2015 ਨੂੰ ਲੁਧਿਆਣਾ ਵਾਲੇ ਪਾਰਟੀ ਦਫਤਰ ਵਿੱਚ ਹੋਈ ਸੀ।  ਤੁਸੀਂ ਉਹ ਖਬਰ ਵੀ ਪੜ੍ਹ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। 

No comments:

Post a Comment