ਸੁਦਾਮੇ ਦੇ ਘਰ ਉਸਦਾ ਹੀ ਕੋਈ ਸਾਥੀ ਆਉਂਦਾ!
ਆ ਜਾਂਦਾ ਤਾਂ ਫੇਰ ਕਹਾਣੀ ਹੋਰ ਈ ਹੁੰਦੀ
ਇਹੀ ਸੱਚ ਹੈ
ਕਦੇ ਸੁਦਾਮਾ ਦੇ ਘਰ ਚੱਲ ਕੇ ਕ੍ਰਿਸ਼ਨ ਨਹੀਂ ਆਇਆ!
ਉਸਨੇ ਉਸਨੂੰ ਘਰ ਆ ਕੇ ਕਦੇ ਗੱਲ ਨਹੀਂ ਲਾਇਆ!
ਜਾਣੀਜਾਣ ਸੀ!
ਤ੍ਰੈਲੋਕੀ ਸੀ!
ਘਟ ਘਟ ਦੇ ਦਿਲ ਦਾ ਜਾਣੂੰ ਸੀ!
ਉਸਤੋਂ ਕਿਸਦਾ ਦੁੱਖ ਲੁਕਿਆ ਸੀ?
ਉਸਦੇ ਲਈ ਕੀ ਕੰਮ ਮੁਸ਼ਕਲ ਸੀ?
ਪਰ ਉਸਨੂੰ ਕਦੇ ਤਰਸ ਨਹੀਂ ਆਇਆ!
ਆ ਜਾਂਦਾ ਤਾਂ ਫੇਰ ਕਹਾਣੀ ਹੋਰ ਈ ਹੁੰਦੀ!
ਕਦੇ ਸੁਦਾਮਾ ਦੇ ਘਰ ਚੱਲ ਕੇ ਕ੍ਰਿਸ਼ਨ ਨਹੀਂ ਆਇਆ!
ਉਸਨੇ ਉਸਨੂੰ ਘਰ ਆ ਕੇ ਕਦੇ ਗੱਲ ਨਹੀਂ ਲਾਇਆ!
ਕਾਮਰੇਡ ਤਾਂ ਆ ਜਾਂਦੇ ਨੇ!
ਮੋਢੇ ਝੰਡਾ ਲਾਲ ਟਿਕਾ ਕੇ!
ਕਦਮਾਂ ਦੇ ਨਾਲ ਕਦਮ ਮਿਲਾ ਕੇ!
ਜ਼ੋਰ ਜ਼ੋਰ ਦੀ ਨਾਅਰੇ ਲੈ ਕੇ
ਭੁੱਲੇ ਚੁੱਕੇ ਆ ਜਾਂਦੇ ਨੇ!
ਕਾਮਰੇਡ ਤਾਂ ਆ ਜਾਂਦੇ ਨੇ!
ਸਾਡੇ ਵਰਗੇ ਲੋਕ ਸੁਦਾਮੇ!
ਗੁਰਬਤ ਦੀਆਂ ਮੁਸੀਬਤਾਂ ਮਾਰੇ!
ਥਾਣੇ ਦੀ ਪੇਸ਼ੀ ਤੋਂ ਹਾਰੇ!
ਸਾਨੂੰ ਗੱਲ ਨਾਲ ਲਾ ਜਾਂਦੇ ਨੇ!
ਇੰਨਕਲਾਬ ਦਾ ਟੁੱਟਿਆ ਸੁਪਨਾ!
ਮੁੜ ਕੇ ਫੇਰ ਦਿਖਾ ਜਾਂਦੇ ਨੇ!
ਕਾਮਰੇਡ ਤਾਂ ਆ ਜਾਂਦੇ ਨੇ!
ਜਦੋਂ ਕੋਰੋਨਾ ਹਰ ਥਾਂ ਛਾਇਆ!
ਮੌਤ ਨੇ ਨੰਗਾ ਨਾਚ ਦਿਖਾਇਆ!
ਰਾਸ਼ਨ ਪੈਸੇ ਸੁਪਨਾ ਹੋਏ!
ਉਦੋਂ ਸਾਡੀ ਸਾਰ ਲਈ ਸੀ
ਰਾਸ਼ਨ ਵਾਲੀ ਕਿੱਟ ਪਹੁੰਚਾ ਕੇ
ਉਦੋਂ ਸਾਡੀ ਬਾਂਹ ਫੜੀ ਸੀ!
ਕਿੱਟ ਨਾਲ ਕੁਝ ਨਗਦੀ ਪਾ ਕੇ
ਸਾਨੂੰ ਘਰ ਘਰ ਆ ਸਮਝਾਇਆ
ਕਦੇ ਸੁਦਾਮਾ ਦੇ ਘਰ ਕੋਈ ਕ੍ਰਿਸ਼ਨ ਨਹੀਂ ਆਉਂਦਾ
ਸੁਦਾਮੇ ਦੇ ਘਰ ਉਸਦਾ ਹੀ ਸਾਥੀ ਆਉਂਦਾ!
ਉਸਦਾ ਹੀ ਸਾਥੀ ਆ ਕੇ ਫਿਰ ਗੱਲ ਸਮਝਾਉਂਦਾ
ਜੰਗ ਖੜੀ ਹੈ ਸਿਰ 'ਤੇ ਸਾਨੂੰ ਲੜਨੀ ਪੈਣੀ
ਆਰਪਾਰ ਦੀ ਜੰਗ ਸਾਨੂੰ ਫਿਰ ਲੜਨੀ ਪੈਣੀ!
ਪੂੰਜੀਵਾਦ ਦੇ ਨਾਲ ਹੈ ਟੱਕਰ ਲੈਣੀ ਪੈਣੀ
ਸਾਡਾ ਇਨਕਲਾਬ ਅਸੀਂ ਹੀ ਲੈ ਕੇ ਆਉਣਾ!
ਕਿਸੇ ਸੁਦਾਮੇ ਦੇ ਘਰ ਕਿਸੇ ਕ੍ਰਿਸ਼ਨ ਨਹੀਂ ਆਉਣਾ!
ਆਪਾਂ ਝੌਂਪੜ ਪੱਟੀ ਵਾਲੇ
ਕ੍ਰਿਸ਼ਨ ਤਾਂ ਹੈ ਮਹਿਲਾਂ ਦਾ ਵਾਸੀ!
ਬੇਇਨਸਾਫ਼ੀ ਦੀ ਇਸ ਜੰਗ ਵਿੱਚ!
ਜੇਕਰ ਕ੍ਰਿਸ਼ਨ ਨੇ ਸ਼ੰਖ ਵਜਾਇਆ!
ਯੁੱਧ ਦਾ ਇੱਕ ਐਲਾਨ ਕਰਾਇਆ!
ਹੱਕ ਵਾਲਿਆਂ ਦੇ ਨਾਲ ਖੜ੍ਹ ਕੇ!
ਸੁਦਰਸ਼ਨ ਚੱਕਰ ਆਣ ਚਲਾਇਆ
ਓਦਣ ਉਸਦੀ ਗੱਲ ਸੁਣਾਂਗੇ
ਓਦਣ ਸਮਝਾਂਗੇ ਉਹ ਆਇਆ!
ਉਸ ਦਿਨ ਅਸੀਂ ਵੀ ਬਣਾਂਗੇ ਅਰਜਨ!
ਉਸ ਦਿਨ ਇੱਕ ਇਤਿਹਾਸ ਰਚਾਂਗੇ!
ਅਜੇ ਸਾਰਥੀ ਲੈਨਿਨ ਸਾਡਾ!
ਅਜੇ ਸਾਰਥੀ ਮਾਰਕਸ ਸਾਡਾ!
ਅਜੇ ਸਾਰਥੀ ਚੀਗੁਵੇਰਾ!
ਅਸੀਂ ਨਿਰੰਤਰ ਜੰਗ ਲੜਾਂਗੇ!
ਅਸੀਂ ਕ੍ਰਿਸ਼ਨ ਤੋਂ ਬਿਨ ਵੀ ਲੜਾਂਗੇ!
ਹਰ ਇੱਕ ਥਾਂ ਹਰ ਪਲ ਲੜਾਂਗੇ!
ਅਸੀਂ ਨਿਰੰਤਰ ਜੰਗ ਲੜਾਂਗੇ!
ਪਾਸ਼, ਉਦਾਸੀ, ਦਿਲ ਨੂੰ ਪੜ੍ਹ ਕੇ!
ਗੀਤਾ ਸਮਝ 'ਚ ਆ ਜਾਵੇਗੀ!
ਯੁੱਧ ਬਿਨਾ ਹੁਣ ਕੋਈ ਨੀ ਚਾਰਾ!
ਗੱਲ ਸਮਝ ਵਿੱਚ ਆ ਜਾਵੇਗੀ!
---ਰੈਕਟਰ ਕਥੂਰੀਆ
No comments:
Post a Comment