Saturday, May 14, 2022

ਕਾਮਰੇਡ ਗੁਰਮੇਲ ਹੂੰਝਣ ਨੂੰ ਯਾਦ ਕਰਦਿਆਂ//*ਡਾ. ਗੁਲਜ਼ਾਰ ਸਿੰਘ ਪੰਧੇਰ

ਖਾਲਿਸਤਾਨੀਆਂ ਨੇ ਸ਼ਹੀਦ ਕੀਤਾ ਸੀ ਕਾਮਰੇਡ ਗੁਰਮੇਲ ਹੂੰਝਣ 

ਲੁਧਿਆਣਾ: 13 ਮਈ 2022: (ਡਾ. ਗੁਲਜ਼ਾਰ ਪੰਧੇਰ//ਕਾਮਰੇਡ ਸਕਰੀਨ)::

ਫਾਈਲ ਫੋਟੋ 
ਸਾਥੀ ਗੁਰਮੇਲ ਸਿੰਘ ਹੂੰਝਣ ਦਾ ਜਨਮ 15 ਨਵੰਬਰ 1951 ਨੂੰ  ਉੱਘੇ ਅਜ਼ਾਦੀ ਸੰਗਰਾਮੀਏ ਕਾਮਰੇਡ ਚੰਨਣ ਸਿੰਘ ਵਰੋਲਾ ਦੇ ਸਪੁੱਤਰ ਵਜੋਂ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿੰਡ ਪੰਧੇਰ ਖੇੜੀ, ਜਿਲ੍ਹਾ ਲੁਧਿਆਣਾ ਹੋਇਆ, ਮੁੱਢਲੀ ਵਿੱਦਿਆ ਨਾਲ ਦੇ ਕਸਬੇ ਮਲੋਦ ਤੋਂ ਪ੍ਰਾਪਤ ਕੀਤੀ ਤੇ ਉੱਚ ਵਿੱਦਿਆ ਐਮ.ਏ.ਰਾਜਨੀਤੀ ਸ਼ਾਸ਼ਤਰ ਆਰੀਆਂ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। ਸਕੂਲੀ ਪੜ੍ਹਾਈ ਸਮੇਂ ਹੀ ਉਹ ਹੁਸ਼ਿਆਰ ਵਿਦਿਆਰਥੀ ਦੇ ਨਾਲ ਨਾਲ ਕਬੱਡੀ ਦਾ ਦਰਸ਼ਨੀ ਖਿਡਾਰੀ ਸੀ। ਮੇਰੇ ਤੋਂ ਚਾਰ ਸਾਲ ਉਮਰ ਵੱਡੀ ਸੀ ਤੇ ਮੈਂ ਉਸ ਨੂੰ  ਆਪਣੇ ਪਿੰਡ ਦੇ ਟੂਰਨਾਮੈਂਟਾਂ ਵਿੱਚ ਕਬੱਡੀ ਖੇਡਦਿਆਂ ਮੇਲਾ ਲੁੱਟਦੇ ਖੁਦ ਵੇਖਿਆ ਹੈ।  ਬੀ.ਏ. ਤੱਕ ਦੀ ਪੜ੍ਹਾਈ ਉਸਨੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਪ੍ਰਾਪਤ ਕੀਤੀ। ਉੱਥੇ ਪੜ੍ਹਦਿਆ ਹੀ ਉਹ ਉਸ ਸਮੇਂ ਵਿਦਿਆਰਥੀਆਂ ਦੀ ਹਰਮਨ ਪਿਆਰੀ ਜੱਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਸੂਬਾਈ ਆਗੂ ਬਣ ਗਿਆ ਸੀ। ਉਸ ਸਮੇਂ ਵਿਦਿਆਰਥੀ ਘੋਲ ਦੀ ਪ੍ਰਸਿੱਧ ਘਟਨਾ ਮੋਗਾ ਗੋਲੀ ਕਾਂਡ ਤੋਂ ਬਾਅਦ ਉਹ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਕਾਮਰੇਡ ਕਰਤਾਰ ਬੁਆਣੀ ਦੀ ਸੱਜੀ ਬਾਂਹ ਬਣ ਕੇ ਉਭਰਿਆ ਸੀ। ਮੇਰਾ ਪਿੰਡ ਸਿਆੜ੍ਹ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਉਹਨਾਂ ਦਿਨਾਂ ਵਿੱਚ ਮੈਂ ਸਰਕਾਰੀ ਕਾਲਜ ਕਰਮਸਰ ਦਾ ਵਿਦਿਆਰਥੀ ਸੀ। ਪਹਿਲਾਂ ਪਹਿਲ ਵਿਚਾਰਧਾਰਕ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਉਹਦੀ ਮਿਕਨਾਤੀਸੀ ਸ਼ਖ਼ਸੀਅਤ ਨੇ ਇਸ ਕਦਰ ਪ੍ਰਭਾਵਤ ਕੀਤਾ ਕਿ ਉਸ ਦੇ ਬਹੁਤ ਨੇੜੇ ਹੋ ਗਿਆ ਤੇ ਵਿਦਿਆਰਥੀ ਜੱਥੇਬੰਦੀ ਵਿਚ ਸ਼ਾਮਿਲ ਹੋ ਕੇ ਬਹਿਸ ਮੁਬਾਸਿਆਂ ਤੋਂ ਬਾਅਦ ਵਿਚਾਰਧਾਰਕ ਸਹਿਮਤੀ ਵੀ ਹੋ ਗਈ। 

ਉਹਨਾਂ ਦੇ ਪਿਤਾ ਕਾਮਰੇਡ ਚੰਨਣ ਸਿੰਘ ਵਰੋਲਾ ਉਹਨਾਂ ਦਿਨਾਂ ਵਿੱਚ ਸਾਡੇ ਇਲਾਕੇ ਦੇ ਵਿਰਲੇ ਵਿਰਲੇ ਕਮਿਊਨਿਸਟ ਆਗੂਆਂ ਵਿੱਚੋਂ ਸਨ। ਕਮਿਊਨਿਸਟ ਮੋਰਚਿਆਂ ਅਤੇ ਕਾਮਰੇਡਾਂ ਵੱਲੋਂ ਇਲਾਕੇ ਵਿੱਚ ਕੀਤੇ ਜਾਂਦੇ ਉਪੇਰੇ ਨਾਟਕ ਅਤੇ ਜਲਸਿਆਂ ਕਰਕੇ ਜਾਣੇ ਜਾਂਦੇ ਸੀ।  ਇਕ ਹੋਰ ਜਿਹੜਾ ਮਾਨਵਦੀ ਕਾਰਜ ਇਹਨਾਂ ਨੇ ਕੀਤਾ ਸੀ ਉਹ ਇਹ ਸੀ ਕਿ 1947 ਦੇ ਫਸਾਦਾਂ ਸਮੇਂ ਬਹੁਤ ਸਾਰੇ ਮੁਸਲਮਾਨ ਪਰਿਵਾਰਾਂ ਨੂੰ  ਇਹਨਾਂ ਨੇ ਰਾਮਗੜ੍ਹ ਸਰਦਾਰਾਂ ਦੇ ਸਾਥੀਆਂ ਨਾਲ ਮਿਲ ਕੇ ਮਲੇਰਕੋਟਲਾ ਰਿਆਸਤ ਜੋ 10-11 ਕਿਲੋਮੀਟਰ ਪੈਂਦੀ ਸੀ ਦੀ ਹੱਦ ਵਿੱਚ ਪੁਚਾ ਕ ਰੱਖਿਆ ਕੀਤੀ  | ਅਜਾਦੀ ਸੰਗਰਾਮ ਸਮੇਂ ਕਾਮਰੇਡ ਬਰੋਲਾ ਜੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਰਹੇ ਤੇ ਫੇਰ ਜੇਲ੍ਹ ਵਿੱਚ ਹੁੰਦੀਆਂ ਬਹਿਸਾਂ ਤੋਂ ਬਾਅਦ ਕਮਿਊਨਿਸਟ ਗਰੁੱਪ ਵਿੱਚ ਸ਼ਾਮਿਲ ਹੋ ਗਏ  | ਉਹ ਦੱਸਦੇ ਹੁੰਦੇ ਸੀ ਕਿ ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਲਿਖਤ, 'ਗਲਿੰਪਸਿਜ ਆਫ਼ ਦੀ ਵਰਲਡ ਹਿਸਟਰੀ, ਅਤੇ 'ਡਿਸਕਵਰੀ ਆਫ਼ ਇੰਡੀਆ, ਪੜ੍ਹਨ ਤੋਂ ਬਾਅਦ ਕਮਿਊਨਿਸਟ ਵਿਚਾਰਧਾਰਾ ਵੱਲ ਝੁਕਣਾ ਸ਼ੁਰੂ ਕੀਤਾ  | ਉਹਨਾਂ ਤੋਂ ਸੁਣੇ ਲੈਕਚਰਾਂ ਨੇ ਮੈਨੂੰ ਆਪਣੀ ਪੜ੍ਹਾਈ ਵਿੱਚ ਵੀ ਕਾਫੀ ਮੱਦਦ ਕੀਤੀ ਤੇ ਇਹ ਕਾਮਰੇਡ ਚੰਨਣ ਸਿੰਘ ਬਰੋਲਾ ਅਤੇ ਕਾਮਰੇਡ ਗੁਰਮੇਲ ਹੂੰਝਣ ਦੀ ਸ਼ਖਸੀਅਤ ਸੀ ਜਿਸ ਕਰਕੇ ਵਧੇਰੇ ਸਮਾਜਿਕ ਜਿੰਮੇਵਾਰੀ ਵਾਲਾ ਸੁਭਾਅ ਬਣਿਆ | ਮਾਰਕਸਵਾਦ ਦੇ ਲੈਕਚਰਾਂ ਨੇ ਤਾਂ ਮੇਰੀ ਲੇਖਣੀ ਵਿੱਚ ਵੀ ਬੜਾ ਨਿਖਾਰ ਲਿਆਂਦਾ  |

ਕਾਮਰੇਡ ਗੁਰਮੇਲ ਹੂੰਝਣ ਉੱਚ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਥੋੜੀ ਦੇਰ ਕੋਅਪਰੇਟਿਵ ਬੈਂਕ ਵਿੱਚ ਨੌਕਰੀ ਪਰ ਛੇਤੀ ਹੀ ਭਾਰਤੀ ਕਮਿਊਨਿਸਟ ਪਾਰਟੀ ਵਿਚ ਕੁਲ ਵਕਤੀ ਦੇ ਤੌਰ ਤੇ ਕੰਮ ਕਰਨ ਲੱਗ ਗਏ ਸਨ। ਪਾਰਟੀ ਵਿੱਚ ਕੰਮ ਕਰਦਿਆਂ ਉਹ ਲੁਧਿਆਣਾ ਜਿਲ੍ਹੇ ਦੇ ਸੰਯੁਕਤ ਸਹਾਇਕ ਸਕੱਤਰ ਅਤੇ ਸੂਬਾ ਕੌਂਸਲ ਪੰਜਾਬ ਦੇ ਮੈਂਬਰ ਬਣੇ. ਬਹੁਤਾ ਸਮਾਂ ਉਹਨਾਂ ਸਰਵ ਭਾਰਤ ਨੌਜਵਾਨ ਸਭਾ ਵਿੱਚ ਕੰਮ ਕੀਤਾ, ਪਿੰਡ ਪਿੰਡ ਨੌਜਵਾਨ ਸਭਾ ਦੀਆਂ ਬਰਾਂਚਾਂ ਬਣਾਈਆ ਵਿਸ਼ੇਸ ਕਰਕੇ ਸਾਡੇ ਇਲਾਕੇ ਵਿੱਚ ਨੌਜਵਾਨਾਂ ਨੂੰ  ਖੇਡਾਂ ਅਤੇ ਖੇਡ ਮੇਲਿਆ ਵੱਲ ਪ੍ਰੇਰਿਆ। ਨਾਲ ਰਹਿੰਦਿਆ ਉਹ ਅਕਸਰ ਕਹਿੰਦੇ ਸਨ ਕਿ ਨੌਜਵਾਨਾਂ ਨੂੰ  ਬਹੁ-ਪੱਖੀ  ਸਰਗਰਮੀਆਂ ਵਿੱਚ ਪਾਉਣਾ ਚਾਹੀਦਾ ਹੈ ਨਹੀਂ ਤਾਂ ਨੌਜਵਾਨ ਨਸ਼ਿਆ ਵੱਲ ਖਿੱਚੇ ਜਾਣਗੇ। ਉਹਨਾਂ ਦਿਨਾਂ ਵਿੱਚ ਨੌਜਵਾਨਾਂ ਵਿੱਚ ਨਸ਼ੇ ਇੰਨ੍ਹੇ ਜਿਆਦਾ ਨਹੀਂ ਸੀ ਹੁੰਦੇ ਪਰ ਅੱਜ ਦੇ ਹਾਲਾਤ ਵੇਖਦਿਆਂ ਲਗਦਾ ਹੈ ਕਿ ਉਹ ਅਗਾਊਂ ਹੀ ਜਾਣਦੇ ਸਨ।  ਉਹ ਭਾਵੇਂ ਘਰੋਂ ਬਹੁਤੇ ਸਰਦੇ ਪੁਜਦੇ ਨਹੀਂ ਸਨ ਪਰ ਫੇਰ ਵੀ ਜਦੋਂ ਉਹ ਇਮਾਨਦਾਰੀ ਨਾਲ ਲੋਕਾਂ ਲਈ ਕੰਮ ਕਰਦੇ ਸੀ ਲੋਕ ਪਾਰਟੀ ਲਈ ਉਹਨਾਂ ਰਾਂਹੀ ਖੁੱਲ੍ਹ ਕੇ ਸਹਾਇਤਾ ਵੀ ਦਿੰਦੇ ਸਨ। 

ਪਾਰਟੀ ਵਾਸਤੇ ਸਾਧਨ ਪੈਦਾ ਕਰਨ ਵਾਲਿਆਂ ਵਿੱਚੋਂ ਉਹ ਪਹਿਲੇ ਨੰਬਰ ਤੇ ਗਿਣੇ ਜਾਂਦੇ ਸਨ। ਮਜ਼ਦੂਰ ਜਮਾਤ ਲਈ ਹਮਦਰਦੀ ਉਹਨਾਂ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਸੀ। ਸਰਵ ਭਾਰਤ ਨੌਜਵਾਨ ਸਭਾ ਅਤੇ ਪਾਰਟੀ ਲਈ ਕੰਮ ਕਰਦਿਆ ਉਹਨਾਂ ਨੇ ਅਹਿਮਦਗੜ੍ਹ, ਮਲੋਦ, ਡੇਹਲੋਂ ਲੁਧਿਆਣਾ ਆਦਿ ਸ਼ਹਿਰਾਂ ਨੂੰ  ਆਪਣਾ ਕੇਂਦਰ ਬਣਾਇਆ। ਇਹਨਾਂ ਸ਼ਹਿਰਾਂ ਕਸਬਿਆਂ ਵਿੱਚ ਉਹਨੀ ਦਿਨੀਂ ਪੱਲੇਦਾਰ ਮਜ਼ਦੂਰ ਵੱਡੀ ਗਿਣਤੀ ਵਿੱਚ ਪੈਦਾ ਹੋਏ ਸਨ। ਉਹਨਾਂ ਆਪਣੇ ਇਲਾਕੇ ਵਿੱਚ ਪੱਲੇਦਾਰ ਦੀ ਮਜਬੂਤ ਜੱਥੇਬੰਦੀ ਨੂੰ ਅਗਵਾਈ ਦਿੱਤੀ। ਅਹਿਮਦਗੜ੍ਹ ਭਾਵੈਂ ਜਿਲ੍ਹਾ ਸੰਗਰੂਰ ਵਿੱਚ ਪੈਂਦਾ ਸੀ ਤਾਂ ਵੀ ਉਥੋਂ ਦੇ ਤਾਂ ਉਹ ਪ੍ਰਵਾਨਤ ਆਗੂ ਵਜੋਂ ਉੱਭਰ ਚੁੱਕੇ ਸਨ। 

ਜਦੋਂ ਇਲਾਕੇ ਵਿੱਚ ਕਮਿਊਨਿਸਟ ਪਾਰਟੀ ਅਤੇ ਸਾਥੀ ਗੁਰਮੇਲ ਹੂੰਝਣ ਰੋਜ਼ ਤਰੱਕੀ ਕਰ ਰਹੇ ਸੀ ਤਾਂ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੇ ਜ਼ੋਰ ਪਕੜਨਾਂ ਸ਼ੁਰੂ ਕਰ ਦਿੱਤਾ। ਕਿਓਂਕਿ ਇਸ ਲਹਿਰ ਦਾ ਸੁਭਾਅ ਫਿਰਕੂ ਅਤੇ ਤਾਨਾਸ਼ਾਹੀ ਵਾਲਾ ਸੀ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੋਕ ਪੱਖੀ ਨੀਤੀ ਅਨੁਸਾਰ ਉਸਨੇ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।  ਅੱਸੀਵਿਆਂ ਵਿਚ ਜਦੋਂ ਬਹੁਤ ਸਾਰੇ ਕਮਿਊਨਿਸਟਾਂ ਨੂੰ  ਖਾਲਿਸਤਾਨੀਆਂ ਵੱਲੋਂ ਸ਼ਹੀਦ ਕੀਤਾ ਗਿਆ ਤਾਂ ਕਾਮਰੇਡ ਗੁਰਮੇਲ ਹੂੰਝਣ, ਕਾਮਰੇਡ ਕਰਤਾਰ ਸਿੰਘ ਬੁਆਣੀ ਅਤੇ ਡਾ. ਅਰੁਣ ਮਿੱਤਰਾ ਦੀ ਅਗਵਾਈ ਹੇਠਲੀ ਟੀਮ ਫਿਰਕੂ ਏਕਤਾ ਲਈ ਸਾਰੀਆਂ ਸੰਭਾਵਨਵਾਂ ਝੋਕ ਕੇ ਕੰਮ ਕਰਦੀ ਰਹੀ। ਕਾਮਰੇਡ ਗੁਰਮੇਲ ਹੂੰਝਣ ਅਕਸਰ ਸਾਡੇ ਇਲਾਕੇ ਵਿੱਚ ਵੀ ਕਾਨਫਰੰਸ ਵਿੱਚ ਕਾਮਰੇਡ ਸਤਪਾਲ ਡਾਂਗ ਅਤੇ ਜਗਜੀਤ ਸਿੰਘ ਅਨੰਦ ਵਰਗੇ ਆਗੂਆਂ ਨੂੰ  ਬੁਲਾ ਕੇ ਪ੍ਰੋਗਰਾਮ ਕਰਵਾਉਂਦੇ ਰਹੇ।   

ਉਹਨਾਂ ਦੀ 14 ਮਈ 1989 ਨੂੰ  ਆਪਣੇ ਪਿੰਡ ਪੰਧੇਰ ਖੇੜੀ ਵਿੱਖੇ ਹੀ ਆਪਣੇ ਗੰਨਮੈਨ ਸਾਥੀ ਜੁਗਿੰਦਰ ਸਿੰਘ ਨਾਲ ਖਾਲਿਸਤਾਨੀਆਂ ਹੱਥੋਂ ਸ਼ਹਾਦਤ ਹੋਈ। ਮਹੀਨਾ ਕੁ ਪਹਿਲਾਂ ਹੀ ਉਹਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਉਹਨਾਂ ਨੂੰ  ਗੰਨਮੈਨ ਦਿੱਤੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਅਸੀ ਰਲ ਕੇ ਉਹਨਾਂ ਲਈ ਗੱਡੀ ਲੈਣ ਹਿਤ ਸਾਧਨ ਇਕਠੇ ਕਰਨੇ ਸ਼ੁਰੂ ਕਰ ਦਿੱਤੇ ਸਨ। ਬਾਅਦ ਵਿੱਚ ਭਾਵੇ ਕਾਤਲ ਵੀ ਮਾਰੇ ਗਏ ਪਰ ਉਹਨਾਂ ਸਾਡੇ ਸਮਾਜ ਦੇ ਹੀਰੇ ਨੂੰ ਸਾਥੋਂ ਹਮੇਸ਼ਾਂ ਲਈ ਖੋਹ ਲਿਆ।

ਉਸਦੇ ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ਵਿਚ ਲੋਕ ਇੱਕਠੇ ਹੋਏ। ਉਹਨਾਂ ਦੇ ਪਿਤਾ ਕਾਮਰੇਡ ਚੰਨਣ ਸਿੰਘ ਵਰੋਲਾ ਜੀ ਨੇ ਬੋਲਦਿਆ ਕਿਹ ਕਿ ਗੁਰਮੇਲ ਸੂਰਮਾ ਸੀ 'ਦਾਤਾ ਤੇ ਭਗਤ, ਸੁਰਮਾ ਤਿੰਨੇ ਜੱਗ ਰਹਿੰਦੇ ਨੇਂ, |ਲੋਕਾਂ ਨੇ ਪੈਦਾ ਕੀਤਾ ਸੀ ਤੇ ਲੋਕਾਂ ਲਈ ਜੀਵਿਆ ਤੇ ਸ਼ਹੀਦ ਹੋਇਆ ਹੈ। ਉਸਤੋਂ ਬਾਅਦ ਲਗਾਤਾਰ ਹਰ ਸਾਲ 14 ਮਈ ਨੂੰ  ਪਿੰਡ ਪੰਧੇਰ ਖੇੜੀ ਵਿਖੇ ਲੋਕਾਂ ਦਾ ਇੱਕ ਵੱਡਾ ਇੱਕਠ ਸਾਥੀ ਗੁਰਮੇਲ ਹੂੰਝਣ ਅਤੇ ਜੁਗਿੰਦਰ ਸਿੰਘ ਨੂੰ  ਸਰਧਾ ਭੇਟ ਕਰਨ ਲਈ ਪੁਜਦਾ ਹੈ ਤੇ ਸਮਾਜ ਨੂੰ  ਦਰਪੇਸ਼ ਚੁਣੌਤੀਆਂ ਵਿਰੁਧ ਸੰਘਰਸ਼ ਲਈ ਪ੍ਰੇਰਨਾ ਲੈਂਦਾ ਹੈ। 

ਪਿਛਲੀ ਵਾਰ ਵੀ ਕਰੋਨਾ ਮਾਹਾਂਮਾਰੀ ਕਾਰਨ ਲਾਕਡਾਊਨ ਦੇ ਹਲਾਤ ਸਨ ਤੇ ਪੰਧੇਰ ਖੇੜੀ ਵਿਖੇ ਪਹਿਲਾਂ ਵਰਗਾ ਵੱਡਾ ਇਕੱਠ ਨਹੀਂ ਸੀ ਹੋ ਸਕਿਆ। ਪ੍ਰੰਤੂ 'ਨਵਾਂ ਜ਼ਮਾਨਾ, ਰਾਂਹੀ ਉਹਨਾਂ ਨੂੰ  ਯਾਦ ਕਰਦਿਆ ਅਸੀ ਮਾਹਾਮਾਰੀ ਦੌਰਾਨ ਅਤੇ ਇਸ ਤੋਂ ਬਾਅਦ ਵਾਲੀਆਂ ਹਾਲਤਾਂ ਅਤੇ ਚੁਣੌਤੀਆਂ ਖਿਲਾਫ਼ ਸੰਗਰਾਮੀ ਪ੍ਰੇਰਨਾ ਸਾਥੀ ਗੁਰਮੇਲ ਹੂੰਝਣ ਅਤੇ ਜੁਗਿੰਦਰ ਸਿੰਘ ਦੀ ਸ਼ਹਾਦਤ ਤੋਂ ਲੈਂਦੇ ਰਹਾਂਗੇ।

*ਡਾ. ਗੁਲਜ਼ਾਰ ਸਿੰਘ ਪੰਧੇਰ ਉਘੇ ਲੇਖਕ ਹੋਣ ਦੇ ਨਾਲ ਨਾਲ ਸ਼ਹੀਦ ਕਾਮਰੇਡ ਗੁਰਮੇਲ ਦੇ ਨੇੜਲੇ ਸਾਥੀ ਵੀ ਰਹੇ 

No comments:

Post a Comment