Monday, May 15, 2023

ਸ਼ਹੀਦ ਗੁਰਮੇਲ ਨੂੰ ਸ਼ਰਧਾਂਜਲੀ ਦੇਣ ਲਈ ਇਸ ਵਾਰ ਵੀ ਲੋਕ ਵਹੀਰਾਂ ਘਤ ਕੇ ਪਹੁੰਚੇ

ਸਿਆਸੀ ਲੀਡਰਾਂ ਦੇ ਨਾਲ ਨਾਲ ਲੇਖਕ, ਪੱਤਰਕਾਰ, ਕਲਾਕਾਰ ਵੀ ਪੁੱਜੇ 


ਪੰਧੇਰਖੇੜੀ
(ਲੁਧਿਆਣਾ): 14 ਮਈ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਲੋਕ-ਇਨਕਲਾਬ ਦੀ ਲੜਾਈ ਲੜਦਿਆਂ ਜਦੋਂ ਫਿਰਕੂ ਅਨਸਰਾਂ ਨੇ ਜਦੋਂ ਆਮ ਲੋਕਾਂ ਨੂੰ ਵੀ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਖਿਲਾਫ ਉੱਠਣ ਵਾਲਿਆਂ ਵਿੱਚ ਕਾਮਰੇਡ ਗੁਰਮੇਲ ਹੂੰਝਣ ਵੀ ਸੀ। ਖਤਰਿਆਂ ਦੇ ਬਾਵਜੂਦ ਉਸਨੇ ਆਮ ਲੋਕਾਂ ਵਿਚ  ਵਿਚਰਨਾ ਨਹੀਂ ਸੀ ਛੱਡਿਆ। ਧਮਕੀਆਂ ਨੂੰ ਉਸਨੇ ਟਿੱਚ ਸਮਝਿਆ ਸੀ। ਹਿੰਸਕ ਵਾਰਦਾਤਾਂ ਦੀ ਹਨੇਰੀ ਉਸਨੂੰ ਆਮ ਲੋਕਾਂ ਨਾਲ ਮਿਲਣ ਗਿਲਣ ਤੋਂ ਰੋਕ ਨਹੀਂ ਸੀ ਸਕੀ। ਇਹ ਉਸਦੀ ਆਪਣੇ ਵਿਲੱਖਣ ਅੰਦਾਜ਼ ਵਿੱਚ ਹੀ ਉਹਨਾਂ ਵੇਲਿਆਂ ਵਿੱਚ ਵੀ ਇੱਕ ਜਨ ਸੰਪਰਕ ਮੁਹਿੰਮ ਹੀ ਸੀ। ਅਜਿਹੀ ਜਨਸੰਪਰਕ ਮੁਹਿੰਮ ਜਿਸ ਲਈ ਨਾ ਪਾਰਟੀ ਦੀ ਸੂਬਾ ਹਾਈ ਕਮਾਨ ਨੇ ਕੋਈ ਮਤਾ ਜਾਂ ਪ੍ਰੋਗਰਾਮ ਭੇਜਿਆ ਸੀ ਤੇ ਨਾ ਹੀ ਕੌਮੀ ਹਾਈ ਕਮਾਨ ਨੇ। ਉਦੋਂ ਗੁਰਮੇਲ ਵਰਗੇ ਬਹਾਦਰ ਸਾਥੀਆਂ ਕਾਰਨ ਹੀ ਭਾਰਤੀ ਕਮਿਊਨਿਸਟ ਪਾਰਟੀ ਵੀ ਆਮ ਲੋਕਾਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। 

ਇਸ ਹਕੀਕਤ ਦੇ ਬਾਵਜੂਦ ਪਾਰਟੀ ਨਾਲ ਜੁੜੇ ਸਾਥੀਆਂ ਨੂੰ ਕਦਮ ਕਦਮ ਤੇ ਖਤਰਾ ਸੀ। ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ:

ਹਰ ਮੋੜ 'ਤੇ ਸਲੀਬਾਂ, ਹਰ ਪੈਰ ਤੇ ਹਨੇਰਾ 

ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ!

ਇਸੇ ਬੇਖੌਫ਼ੀ ਅਤੇ ਬੇਪਰਵਾਹੀ ਵਾਲੀ ਮੁਸਕਰਾਹਟ ਵੰਡਦਾ ਗੁਰਮੇਲ ਹਰ ਰੋਜ਼ ਸਵੇਰ ਸਾਰ  ਹੀ ਘਰੋਂ ਨਿਕਲਦਾ ਅਤੇ  ਆਪਣੇ ਪਹਿਲਾਂ ਤੋਂ ਹੀ ਉਲੀਕੇ ਜਾਂ ਬਣੇ ਬਣਾਏ ਪ੍ਰੋਗਰਾਮ ਮੁਤਾਬਿਕ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਗਿਲਦਾ। ਇਹਨਾਂ ਵਿੱਚ ਟੀਵੀ, ਫਰਿੱਜ ਅਤੇ ਬਿਜਲੀ ਦੇ ਹੋਰ ਸਾਜ਼ੋ ਸਾਮਾਨ ਵੇਚਣ ਵਾਲੀ ਦੁਕਾਨ ਚਲਾਉਂਦਾ ਮੰਡੀ ਅਹਿਮਦਗੜ੍ਹ ਵਾਲਾ ਜਤਿੰਦਰ ਭੋਲਾ ਵੀ ਸੀ। ਇਹ ਦੁਕਾਨ ਛਪਾਰ ਰੋਡ 'ਤੇ ਸਥਿਤ ਸੀ। ਅਕਸਰ ਇਸ ਦੁਕਾਨ ਵਿੱਚ ਗੁਰਮੇਲ ਹੁਰਾਂ ਦਾ ਸਤਿਸੰਗ ਜੁੜਿਆ ਕਰਦਾ ਸੀ ਜਿਸ ਵਿਚ ਉਹਨਾਂ ਵੇਲਿਆਂ ਦੇ ਸੱਚ ਦੀ ਚਰਚਾ ਹੁੰਦੀ ਸੀ। । 

ਗੁਰਮੇਲ ਹੁਰਾਂ ਦੇ ਮਿੱਤਰਾਂ ਵਿੱਚ ਹੀ ਮੰਡੀ ਅਹਿਮਦਗੜ੍ਹ ਦੀ ਛਪਾਰ ਰੋਡ 'ਤੇ ਹੀ ਟਰੈਕਟਰ ਪਾਰਟਸ ਵੇਚਣ ਦੀ ਦੁਕਾਨ ਚਲਾਉਣ ਦੇ ਨਾਲ ਪੱਤਰਕਾਰੀ ਕਰਨ ਵਾਲਾ ਪਵਨ ਗੁਪਤਾ ਵੀ ਸੀ। ਇਸੇ ਦੁਕਾਨ ਦੇ ਸਾਹਮਣੇ ਚੱਲਦੀ ਪ੍ਰਿੰਟਿੰਗ ਪ੍ਰੈਸ ਦਾ ਸੰਚਾਲਕ ਤੇਜਿੰਦਰ ਬਿੰਝੀ ਵੀ ਸੀ। ਬਹੁਤ ਸਾਰੇ ਹੋਰ ਲੋਕ ਵੀ ਉਸਨੂੰ ਚਾਹੁਣ ਵਾਲੇ ਸਨ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚ ਗੈਰ ਕਮਿਊਨਿਸਟ ਅਤੇ ਵਿਚਾਰਧਾਰਕ ਵਖਰੇਵਿਆਂ ਵਾਲੇ ਲੋਕ ਅਕਸਰ ਜ਼ਿਆਦਾ ਹੁੰਦੇ। ਇਹਨਾਂ ਨਾਲ ਮਿਲਣਾ ਗਿਲਣਾ ਅਸਲ ਵਿੱਚ ਨੁੱਕੜ ਮੀਟਿੰਗਾਂ ਵਰਗਾ ਅਸਰ ਹੀ ਛੱਡ ਰਿਹਾ ਸੀ। 

ਬਿਜਲੀ ਵਾਲਾ ਜਤਿੰਦਰ ਭੋਲਾ ਉਸਦੀ ਜਗਾਈ ਚੇਤਨਾ ਦੇ ਸਿੱਟੇ ਵੱਜੋਂ ਹੀ ਇੱਕ ਦਿਨ ਨਗਰਪਾਲਿਕਾ ਦਾ ਕੌਂਸਲਰ ਮੈਂਬਰ ਵੀ ਬਣਿਆ ਅਤੇ ਫਿਰ ਸ਼ਾਇਦ ਪ੍ਰਧਾਨ ਵੀ। ਇਸੇ ਤਰ੍ਹਾਂ ਪਵਨ ਗੁਪਤਾ ਵਿਚ ਏਨੀ ਜਾਗ੍ਰਤੀ ਅਤੇ ਹਿੰਮਤ ਆ ਗਈ ਕਿ ਉਹ ਨਾ ਵਡੇ ਅਫਸਰ ਦਾ ਲਿਹਾਜ਼ ਕਰਿਆ ਕਰੇ ਅਤੇ ਨਾ ਹੀ ਕਿਸੇ ਲੀਡਰ ਦਾ। ਸੁਆਲ ਪੁੱਛਣ ਲੱਗਿਆਂ ਉਹ ਸਾਹਮਣੇ ਵਾਲੇ ਨੂੰ ਪਸੀਨੇ ਲਿਆ ਦੇਂਦਾ ਸੀ। ਇਲਾਕਾ ਹੈਰਾਨ ਸੀ ਇਹ ਪੱਤਰਕਾਰ ਏਨੇ ਤਿੱਖੇ ਸੁਆਲ ਕਿਵੇਂ ਪੁੱਛ ਲੈਂਦੈ? 

ਇਸ ਸਾਰੇ ਘਟਨਾਕ੍ਰਮਨੂੰ ਦੇਖਦਿਆਂ ਅਸੀਂ ਸਾਰੇ ਖੁਸ਼ ਵੀ ਸਾਂ ਪਰ ਹੋਣੀ ਆਪਣੀਆਂ ਚਾਲਾਂ ਚੱਲ ਰਹੀ ਸੀ ਜਿਹਨਾਂ ਨੂੰ ਸਮੇਂ ਸਿਰ ਦੇਖਣ ਵਿਚ ਅਸੀਂ ਨਾਕਾਮ ਰਹੇ। ਕਤਲਾਂ ਨੂੰ ਆਏ ਦਿਨ ਸਕੋਰ ਦਸ ਕੇ ਵਧਾਉਂਦੇ ਆ ਰਹੇ ਕਾਤਲ ਟੋਲਿਆਂ ਦੇ ਮੈਂਬਰ ਲਗਾਤਾਰ ਨੇੜੇ ਹੀ ਨੇੜੇ ਹੁੰਦੇ ਆ ਰਹੇ ਸਨ। ਉਹਨਾਂ ਦੇ ਸੂਹੀਏ ਸ਼ਾਇਦ ਸਾਡੇ ਸਰਕਲਾਂ ਨਾਲੋਂ ਵਧੇਰੇ ਸਨ। ਕਾਮਰੇਡ ਗੁਰਮੇਲ ਦੀ ਇੱਕ ਪਹਿਲਕਦਮੀ ਅਤੇ ਪ੍ਰੋਗਰਾਮ ਦਾ ਪੂਰਾ ਬਿਓਰਾ ਉਹਨਾਂ ਕੋਲ ਪਹੁੰਚ ਰਿਹਾ ਸੀ। ਇੱਕ ਦਿਨ ਇਹਨਾਂ ਕਾਲੇ ਦਿਨਾਂ ਦੇ ਦੌਰ ਨੇ ਹੀ ਸਾਡਾ ਹਰਮਨ ਪਿਆਰਾ ਗੁਰਮੇਲ ਸਾਡੇ ਕੋਲੋਂ ਖੋਹ ਲਿਆ। 

ਉਸਨੇ ਲੋਕਾਂ ਦੇ ਭਲੇ ਹਿੱਤ ਲੜਦਿਆਂ ਆਪਣੀ ਜਾਨ ਵਾਰ ਦਿੱਤੀ। ਉਸ ਸ਼ਹੀਦੀ ਅਸਥਾਨ ਤੇ ਹੁਣ ਬਹੁਤ ਹੀ ਸ਼ਾਨਦਾਰ ਸ਼ਹੀਦੀ ਲਾਟ ਸੁਸ਼ੋਭਿਤ ਹੈ ਜਿਥੇ ਹਰ ਸਾਲ ਭਰਵਾਂ ਮੇਲਾ ਲੱਗਦਾ ਹੈ। ਲੋਕ ਬੜੇ ਅਦਬ ਨਾਲ ਆਪਣਾ ਸਿਰ ਝੁਕਾਉਂਦੇ ਹਨ ਅਤੇ ਉਥੋਂ ਦੀ  ਦੀ ਮਿੱਟੀ ਨੂੰ ਮੱਥੇ ਤੇ ਲਾ ਕੇ ਕਾਮਨਾ ਕਰਦੇ ਹਨ ਕਿ ਸਾਡੇ ਸਭਨਾਂ ਦੇ ਅੰਦਰ ਵੀ ਇਹ ਜੇਰਾ ਹਮੇਸ਼ਾਂ ਬਣਿਆ ਰਹੇ। ਇਸ ਵਾਰ ਵੀ ਬਰਸੀ ਮੌਕੇ ਜੋਸ਼ੀਲਾ ਸਮਾਗਮ ਆਯੋਜਿਤ ਹੋਇਆ ਜਿਸ ਵਿੱਚ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਡੀ ਪੀ ਮੌੜ, ਡਾਕਟਰ ਅਰੁਣ ਮਿੱਤਰਾ, ਡਾਕਟਰ ਗੁਲਜ਼ਾਰ ਪੰਧੇਰ ਅਤੇ ਕਾਮਰੇਡ ਐਮ ਐਸ ਭਾਟੀਆ ਵੀ ਉਚੇਚ ਨਾਲ ਪੁੱਜੇ। ਕਾਮਰੇਡ ਗੁਰਨਾਮ ਸਿੱਧੂ ਦੀ ਪਤਨੀ ਅਤੇ ਇਸਤਰੀ ਸਭਾ ਭ ਦੀ ਜੁਝਾਰੂ ਲੀਡਰ ਕੁਲਵੰਤ ਵੀ ਆਪਣੀਆਂ ਸਾਥਣਾਂ ਨਾਲ ਪੁੱਜੀ ਹੋਈ ਸੀ। 

ਦੂਰ ਦੁਰਾਡੇ ਇਲਾਕਿਆਂ ਵਿੱਚੋਂ ਬਸਾਂ, ਮਿੰਨੀ ਬਸਾਂ ਅਤੇ ਟੈਂਪੂ ਟਰੱਕ ਵਗੈਰਾ ਉਹਨਾਂ ਲੋਕਾਂ ਨਾਲ ਭਰ ਕੇ ਆਏ ਹੋਏ ਸਨ ਜਿਹੜੇ ਅੱਜ ਵੀ ਉਸੇ ਸੋਚ ਨੂੰ ਪ੍ਰਣਾਏ ਹੋਏ ਹਨ ਜਿਸ ਸੋਚ ਦਾ ਸੂਰਜ ਕਾਮਰੇਡ ਗੁਰਮੇਲ ਦੇ ਮੱਥੇ ਵਿੱਚ ਰੌਸ਼ਨੀ ਵੰਡਦਾ ਸੀ। ਸਥਿਰੀ ਜੰਗ ਵਰਗੀ ਸੀ। ਇੱਕ ਅਜਿਹੀ ਜੰਗ ਜਿਹੜੀ ਆਮ ਕਿਰਤੀ ਲੋਕਾਂ ਨੇ ਕਦੇ ਨਹੀਂ ਸੀ ਚਾਹੀ। ਪਰ ਲੜਨਾ ਵੀ ਜ਼ਰੂਰੀ ਸੀ। ਹੋਰ ਕੋਈ ਚਾਰ ਹੀ ਨਹੀਂ ਸੀ ਬਚਿਆ। ਪਾਸ਼ ਦੀਆਂ ਸਤਰਾਂ ਸੱਚ ਸਾਬਿਤ ਹੋ ਰਹੀਆਂ ਸਨ-ਅਸੀਂ ਲੜਾਂਗੇ ਸਾਥ!

ਜਦੋਂ ਬੂਹੇ ਲੱਗੀ ਜੰਗ ਹੋਵੇ,ਸਿਰਾਂ ਦੀ ਵੀ ਮੰਗ ਹੋਵੇ

ਲੁਕਦੇ ਲੁਕਾਉਂਦੇ ਉਦੋਂ ਹੋਰ ਹੁੰਦੇ ਨੇ!

ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ;

ਉਦੋਂ ਜੰਗ ਵਿਚ ਜਾਣ ਵਾਲੇ ਹੋਰ ਹੁੰਦੇ ਨੇ!

ਅਮਰ ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਨੂੰ ਆਪਣੀ ਸ਼ਹਾਦਤ ਵਾਲੀ ਇਸ ਹੋਣੀ ਦਾ ਪਤਾ ਵੀ ਸੀ। ਉਹ ਚਾਹੁੰਦਾ ਤਾਂ ਬਚ ਵੀ ਸਕਦਾ ਸੀ। ਉਸਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਸਲਾਹ ਦਿੱਤੀ ਹੋਈ ਸੀ ਕਿ ਚਾਰ ਪੰਜ ਦਿਨ ਘਰੇ ਨਾ ਵੜੀਂ ਤੈਨੂੰ ਮਾਰਨ ਵਾਲਾ ਕਾਤਲੀ ਟੋਲਾ ਆਪਣੇ ਘੁਰਨੇ ਵਿੱਚੋਂ ਨਿਕਲ ਚੁੱਕਿਆ ਹੈ। ਅਸੀਂ ਪੈੜ ਵੀ ਲਭ ਲਈ ਹੈ ਬਹੁਤ ਜਲਦੀ ਨੱਪ ਵੀ ਲਵਾਂਗੇ ਪਰ ਇਹ ਚਾਰ ਕੂ ਦਿਨ ਔਖੇ ਹਨ ਜ਼ਰਾ ਬਚ ਕੇ ਰਹੀਂ। 

ਕਾਮਰੇਡ ਗੁਰਮੇਲ ਨੇ ਇਹ ਚੇਤਾਵਨੀ ਅਣਸੁਣੀ ਕਰ ਛੱਡੀ। ਉਹ ਆਖ਼ਿਰੀ ਸਾਹਾਂ ਤੀਕ ਬੇਖੌਫ਼ੀ ਨਾਲ ਵਿਚਰਿਆ। ਇਸਦੇ ਬਾਵਜੂਦ ਗੁਰਮੇਲ ਹੂੰਝਣ ਨਿਡਰ ਵੀ ਰਿਹਾ, ਬੇਬਾਕ ਅਤੇ ਬੇਪਰਵਾਹ ਵੀ। ਅਸਲ ਵਿੱਚ ਉਸਦਾ ਯਕੀਨ ਵੀ ਸੀ ਕਿ ਇਹ ਜੰਗਲ ਮੇਰੇ ਲੋਕਾਂ ਦਾ ਹੈ ਜਿਸ ਦੇ ਭਲੇ ਲਈ ਅਸੀਂ ਉਮਰਾਂ ਲਾਈਆਂ ਹਨ। ਲੋਕਾਂ ਦੇ ਇਸ ਅਜਿੱਤ ਇਸ ਕਿਲੇ ਵਿਚ ਕਿਹੜਾ ਮਾਈ ਦਾ ਲਾਲ ਆ ਜਾਊ? ਬਸ ਏਥੇ ਹੀ ਸ਼ਾਇਦ ਗਲਤੀ ਲੱਗ ਗਈ ਸੀ। ਦਨਦਨਾਉਂਦੇ ਫਿਰਦੇ ਕਾਤਲੀ ਟੋਲਿਆਂ ਸਾਹਮਣੇ ਵਿਚਾਰੇ ਲੋਕ ਵੀ ਬੇਬਸ ਜਿਹੇ ਹੋਏ ਪਏ ਸਨ। ਉਹ ਗੁਰਮੇਲ ਦੇ ਨਿਹਚੇ ਤੇ ਪੂਰੇ ਨਹੀਂ ਸਨ ਉਤਰ ਸਕੇ। 

ਕਾਤਲ ਇਕੱਠੇ ਹੋ ਕੇ ਜਦੋਂ ਪਿੰਡ ਵਿਚ ਆਏ ਤਾਂ ਇੱਕ ਨੇੜਲੇ ਧਾਰਮਿਕ ਅਸਥਾਨ ਤੋਂ ਅਚਾਨਕ ਹੀ ਕਿਸੇ ਨੇ ਸਪੀਕਰ ਦੀ ਆਵਾਜ਼ ਪਲ ਭਰ ਲਈ ਬੰਦ ਵਰਗੀ ਹੌਲੀ ਕਰ ਦਿੱਤੀ। ਅਸਲ ਵਿੱਚ ਆਵਾਜ਼ ਹੋਲੀ ਕਰਕੇ ਕਾਤਲੀ ਟੋਲੇ ਨੂੰ ਇਸ਼ਾਰਾ ਦੇ ਦਿੱਤਾ ਗਿਆ ਸੀ  ਕਿ ਕਾਮਰੇਡ ਘਰੋਂ ਬਾਹਰ ਨਿਕਲ ਆਇਆ ਹੈ। ਅੱਛੋਪਲੇ ਹੀ ਕਾਤਲਾਂ ਨੇ ਕਾਮਰੇਡ ਗੁਰਮੇਲ ਅਤੇ ਕਾਮਰੇਡ ਜੋਗਿੰਦਰ ਸਿੰਘ ਨੂੰ ਆਪਣਾ ਨਿਸ਼ਾਨਾ ਬਣਾ ਦਿੱਤਾ।

ਉਦੋਂ ਤੋਂ ਲੈ ਕੇ ਹੁਣ ਤੱਕ ਸ਼ਹਾਦਤ ਵਾਲੇ ਉਸ ਦਿਨ ਨੂੰ ਲਗਾਤਾਰ ਮਨਾਇਆ ਜਾਂਦਾ ਹੈ। ਜਨਮ ਵੇਲੇ ਤਾਂ ਕਾਮਰੇਡ ਗੁਰਮੇਲ ਦਾ ਦੁਨਿਆਵੀ ਜਨਮ ਹੋਇਆ ਸੀ ਪਰ ਇਸ ਸ਼ਹਾਦਤ ਨੇ ਉਸਨੂੰ ਅਮਰ ਬਣਾ ਦਿੱਤਾ। ਉਹ ਲਾਲ ਸਵੇਰੇ ਦੀ ਕਾਮਨਾ ਵਿੱਚ ਲਹਿਰਾਉਂਦੇ ਲਾਲ ਝੰਡੇ ਦਾ ਸਪੁੱਤਰ ਬਣ ਗਿਆ। ਉਸਦਾ ਲਹੂ ਵੀ ਸ਼ਿਕਾਗੋ ਵਾਲੇ ਸ਼ਹੀਦਾਂ ਨਾਲ ਜਾ ਰਲਿਆ। ਉਸਨੇ ਪੰਜਾਬ ਦੇ ਉਹਨਾਂ ਅਮਰ ਸ਼ਹੀਦਾਂ ਵਿੱਚ ਆਪਣਾ ਨਾਮ ਲਿਖਵਾ ਲਿਆ ਜਿਹਨਾਂ ਨੇ ਕਿਸੇ ਵੀ ਹਥਿਆਰਬੰਦ ਟੋਲੇ ਦੀ ਈਨ ਨਹੀਂ ਸੀ ਮੰਨੀ।ਲਾਲ ਝੰਡੇ ਆਸ਼ਕਾਂ ਨੇ ਥਾਂ ਥਾਂ ਆਪਣੀਆਂ ਜਾਣਾ ਵਾਰੀਆਂ ਪਰ ਪਿੱਠ ਨਹੀਂ ਦਿਖਾਈ। 

ਉਹ ਸਾਡੇ ਚੇਤਿਆਂ ਵਿੱਚ ਹਮੇਸ਼ਾਂ ਰਹੇਗਾ।  ਉਹ ਅਮਰ ਹੈ ਜਦਕਿ ਉਸਦੇ ਕਾਤਲ ਚੌਥੇ ਕੂ ਦਿਨ ਹੀ ਮੁਕਾਬਲੇ ਵਿੱਚ ਮਾਰੇ ਗਏ ਸਨ।

ਲੋੜ ਸੀ ਜਿਹਨਾਂ ਹਾਲਾਤਾਂ ਵਿਚ ਜਿਸ ਸੋਚ ਕਾਰਨ ਗੁਰਮੇਲ ਨੇ ਆਪਣੀ ਸ਼ਹਾਦਤ ਦਿੱਤੀ ਉਸ ਭਾਵਨਾ ਨੂੰ ਅਤੇ ਹਾਲਾਤ ਦੇ ਉਸ ਵੇਲੇ ਦੇ ਵੇਰਵੇ ਨੂੰ ਘਰ ਘਰ ਹੀ ਨਹੀਂ ਬਲਕਿ ਹਰ ਦਿਲ ਤੱਕ ਪਹੁੰਚਾਇਆ ਜਾਂਦਾ। ਸਿਰਫ 14 ਮਈ ਹੀ ਨਹੀਂ ਹਰ ਰੋਜ਼ ਹਰ ਪਾਲ ਗੁਰਮੇਲ ਦੀਆਂ ਯਾਦਾਂ ਤਾਜ਼ਾ ਕੀਤੀਆਂ ਜਾਂਦੀਆਂ। ਹੁਣ ਹਰ ਸਾਲ ਮੇਲਾ ਜ਼ਰੂਰ ਲੱਗਦਾ ਹੈ ਪਰ ਉਸ ਮੇਲੇ ਵਿੱਚ ਪਾਰਟੀ ਦਾ ਮੌਜੂਦਾ ਸਿਆਸੀ ਏਜੰਡਾ ਸਾਹਮਣੇ ਆ ਜਾਂਦਾ ਹੈ। ਲੀਡਰਾਂ ਦੇ ਭਾਸ਼ਣ ਸਾਹਮਣੇ ਆ ਜਾਂਦੇ ਹਨ ਅਤੇ ਇਸ ਸਾਰੇ ਭਾਰੀ ਭਰਕਮ ਆਯੋਜਨ ਵਿਚ ਗੁਰਮੇਲ ਦੀ ਗੱਲ ਗੁਆਚ ਜਾਂਦੀ ਹੈ। ਅਜਿਹੇ ਮੌਕੇ ਵੀ ਰਸਮੀ ਜਿਹੇ ਬੋਲਾਂ ਨੂੰ ਛੱਡ ਕੇ ਗੁਰਮੇਲ ਦੀਆਂ ਯਾਦਾਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ ਜਦਕਿ ਗੁਰਮੇਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰ ਕੇ ਹੀ ਲੋਕਾਂ ਨੂੰ ਉਸ ਸੋਚ ਨਾਲ ਜੋੜਿਆ ਜਾ ਸਕਦਾ ਹੈ ਜਿਸ ਸੋਚ ਲਈ ਗੁਰਮੇਲ ਸ਼ਹੀਦ ਹੋਇਆ।   

ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇ ਅਤੇ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਰਹੀਏ ਇਸ ਮਕਸਦ ਲਈ ਸਾਨੂੰ ਸਭਨਾਂ ਨੂੰ ਹਰ ਪਲ ਸੁਚੇਤ ਰਹਿਣਾ ਹੀ ਚਾਹੀਦਾ ਹੈ। ਘਟੋਘਟ ਰੋਜ਼ ਨਹੀਂ ਤਾਂ ਇੱਕੋ  ਬਰਸੀ ਵਾਲਾ ਦਿਨ ਤਾਂ ਸਿਰਫ ਉਸ ਸ਼ਹੀਦ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ ਜਿਸਦੀ ਯਾਦ ਮਨਾਈ ਜਾ ਰਹੀ ਹੋਵੇ। ਸ਼ਹੀਦਾਂ ਨੂੰ ਭੁੱਲ ਕੇ ਸਦਾ ਕੋਈ ਸਿਆਸੀ ਏਜੰਡਾ ਜਾਂ ਸਮਾਜਕ ਏਜੰਡਾ ਪੂਰਾ ਨਹੀਂ ਹੋ ਸਕਦਾ। ਸ਼ਹੀਦਾਂ ਦੀ ਯਾਦ ਵਿਚ ਡਰਾਮੇ ਵੱਧ ਤੋਂ ਵੱਧ ਹੋਣ, ਸ਼ਾਇਰੀ ਦਾ ਦੌਰ ਵੀ ਉਹਨਾਂ ਨੂੰ ਸਮਰਪਿਤ ਰਹੇ। ਉਹਨਾਂ ਦੀ ਯਾਦ ਵਿਚ ਨਿੱਕੀਆਂ ਨਿੱਕੀਆਂ ਫ਼ਿਲਮਾਂ ਵੀ ਬਣਾਈਆਂ ਜਾਣ।  ਸਿਆਸੀ ਏਜੰਡੇ ਵਾਲੇ ਭਾਸ਼ਣ ਤਾਂ ਹਰ ਰੋਜ਼ ਹੁੰਦੇ ਹੀ ਰਹਿਣੇ ਹਨ। 

ਅਖੀਰ ਵਿੱਚ ਕਾਮਰੇਡ ਗੁਰਮੇਲ ਨੂੰ ਸ਼ਰਧਾਂਜਲੀ ਦੇਂਦਿਆਂ ਇੱਕ ਵਾਰ ਫੇਰ ਪਾਸ਼ ਦੀ ਬਹੁ ਚਰਚਿਤ ਕਵਿਤਾ ਦੀਆਂ ਕੁਝ ਸਤਰਾਂ ਆਓ ਇੱਕ ਵਾਰ ਫੇਰ ਪੜ੍ਹੀਏ:

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ

ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ

ਤੇ ਅਸੀਂ ਲੜਾਂਗੇ ਸਾਥੀ………….

ਅਸੀਂ ਲੜਾਂਗੇ

ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ

ਅਸੀਂ ਲੜਾਂਗੇ

ਕਿ ਹਾਲੇ ਤੱਕ ਲੜੇ ਕਿਉਂ ਨਹੀਂ


ਅਸੀਂ ਲੜਾਂਗੇ

ਆਪਣੀ ਸਜ਼ਾ ਕਬੂਲਣ ਲਈ

ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ

ਅਸੀਂ ਲੜਾਂਗੇ ਸਾਥੀ…

ਅੰਤ ਵਿਚ ਇਸ ਲਿਖਤ ਬਾਰੇ ਵੀ:

ਰੈਕਟਰ ਕਥੂਰੀਆ ਅਤੇ ਉਹਨਾਂ ਵੇਲਿਆਂ ਦੇ ਹੋਰ ਪੱਤਰਕਾਰਾਂ ਨਾਲ ਹੋਈ ਗੱਲਬਾਤ ਅਤੇ ਜਾਣਕਾਰੀ ਤੇ ਅਧਾਰਿਤ ਇਹ ਲਿਖਤ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ!ਛੇਤੀ ਹੀ ਅਸੀਂ ਇਸ ਸੰਬੰਧੀ ਆਪਣੇ ਨਵੇਂ ਪ੍ਰੋਜੈਕਟ ਨੂੰ ਵੀ ਤੁਹਾਡੇ ਸਾਹਮਣੇ ਲਿਆਵਾਂਗੇ। ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਦੱਸਣਾ! ਸਾਨੂੰ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ ਹੀ। ਉਸ ਖੌਫਨਾਲ ਦੌਰ ਨਾਲ ਸਬੰਧਤ ਪੁਰਾਣੀਆਂ ਤਸਵੀਰਾਂ, ਵੀਡੀਓ ਅਤੇ ਹੋਰ ਵੇਰਵੇ ਸਾਡੇ ਲਈ ਅੱਜ ਵੀ ਬਹੁਤ ਅਨਮੋਲ ਹਨ। ਸ਼ਹੀਦ ਗੁਰਮੇਲ ਦੇ ਹੋਰਨਾਂ ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਤੱਕ ਵੀ ਸਾਡੀ ਇਹੀ ਅਪੀਲ ਹੈ ਕਿ ਇਸ ਪਾਸੇ ਗੰਭੀਰ ਹੋਣ। --ਕਾਰਤਿਕਾ ਸਿੰਘ (ਪੀਪਲਜ਼ ਮੀਡੀਆ ਲਿੰਕ)

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment