Monday, May 1, 2023

ਮੋਦੀ ਸਰਕਾਰ ਨੂੰ ਚੱਲਦਾ ਕਰਨਾ ਸਮੇਂ ਦੀ ਲੋੜ-ਏਟਕ ਲੁਧਿਆਣਾ

Monday 1st May 2023 at 4:05 PM

ਏਟਕ:-ਮੋਦੀ ਸਰਕਾਰ ਲੋਕ-ਵਿਰੋਧੀ,ਮਜ਼ਦੂਰ-ਵਿਰੋਧੀ ਅਤੇ ਦੇਸ਼ ਵਿਰੋਧੀ 

ਗੈਸ ਲੀਕ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ 20-20 ਲੱਖ ਮੁਆਵਜ਼ੇ ਦੀ ਮੰਗ


ਲੁਧਿਆਣਾ
: 1 ਮਈ 2023: (ਕਾਮਰੇਡ 
ਸਕਰੀਨ ਬਿਊਰੋ)::


ਮੀਂਹ ਹਨੇਰੀ ਵਾਲੇ ਮੌਸਮ ਦੇ ਬਾਵਜੂਦ ਮਈ ਦਿਵਸ ਦੇ ਸ਼ਹੀਦਾਂ ਨੂੰ ਬਹੁਤ ਸਾਰੀਆਂ ਥਾਂਵਾਂ 'ਤੇ ਜੋਸ਼ੋ ਖਰੋਸ਼ ਨਾਲ ਯਾਦ ਕੇਤਾ ਗਿਆ ਅਤੇ ਇਸ ਦਿਨ ਮਜ਼ਦੂਰਾਂ ਦੀ ਇਤਿਹਾਸਿਕ ਜਿੱਤ ਦੀਆਂ ਖੁਸ਼ੀਆਂ ਵੀ ਮਨਾਈਆਂ ਗਈਆਂ। ਲੁਧਿਆਣਾ ਦੇ ਬਸ ਸਟੈਂਡ 'ਤੇ ਵੀ ਏਟਕ ਵੱਲੋਂ ਭਾਰੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਮੁਖ ਮਹਿਮਾਨ ਸਨ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ। ਉਹਨਾਂ ਦੇ ਨਾਲ ਪੰਜਾਬ ਏਟਕ ਦੇ ਹੀ ਮੀਤ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਵੀ ਮੌਜੂਦਾ ਰਹੇ। ਏਟਕ ਦੇ ਸੰਘਰਸ਼ਾਂ ਵਿੱਚ ਇਤਿਹਾਸਿਕ ਹਿੱਸਾ ਪਾਉਣ ਵਾਲੇ ਕਾਮਰੇਡ ਰਮੇਸ਼ ਰਤਨ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਚਰਨ ਸਿੰਘ ਸਰਾਭਾ, ਡਾਕਟਰ ਗੁਲਜ਼ਾਰ ਪੰਧੇਰ ਅਤੇ ਹੋਰ ਬਹੁਤ ਸਾਰੇ ਆਗੂ ਇਸ ਮੌਕੇ ਮੌਜੂਦ ਰਹੇ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਹੋਈ ਗੈਸ ਲੀਕ ਵਾਲੀ ਤ੍ਰਾਸਦੀ ਮੁੱਖ ਮੁੱਦਾ ਬਣੀ ਰਹੀ। 


ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਲੁਧਿਆਣਾ ਵੱਲੋਂ ਅੱਜ ਬੱਸ ਸਟੈਂਡ ਵਿਖੇ ਮਈ ਦਿਵਸ ਮਨਾਇਆ ਗਿਆ, ਜਿਸ ਵਿੱਚ ਏਟਕ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਰੈਲੀ ਦੇ ਸ਼ੁਰੂ ਵਿਚ 30 ਅਪ੍ਰੈਲ ਨੂੰ ਗਿਆਸਪੁਰਾ ਵਿਖੇ ਗੈਸ ਲੀਕ ਹੋਣ ਨਾਲ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਰੈਲੀ ਨੂੰ  ਸੰਬੋਧਨ ਕਰਦਿਆਂ ਟਰੇੇਡ ਯੂਨੀਅਨ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫ਼ਲ, ਕੇਂਦਰ ਵਿੱਚ ਆਰਐਸਐਸ  ਦੀ ਹੱਥ ਠੋਕਾ ਮੋਦੀ ਸਰਕਾਰ  ਲੋਕਾਂ ਦਾ ਧਿਆਨ ਹਟਾਉਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਬਜਟ  ਲੋਕ ਵਿਰੋਧੀ ਅਤੇ ਦੇਸ਼  ਵਿਰੋਧੀ ਹੈ। ਇਹ ਕਾਰਪੋਰੇਟਾਂ ਦਾ ਪੱਖ ਪੂਰਦਾ ਹੈ। ਕਿਰਤੀ ਲੋਕਾਂ ਦੇ ਕਿਸੇ ਵੀ ਅਸਲ ਮੁੱਦੇ ਨੂੰ ਸੰਬੋਧਿਤ ਨਹੀਂ ਕੀਤਾ ਗਿਆ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਸਭ ਨੂੰ ਸਮਾਜਿਕ ਸੁਰੱਖਿਆ, ਸਾਰਿਆਂ ਨੂੰ ਪੈਨਸ਼ਨ, ਸਕੀਮ ਵਰਕਰਾਂ ਨੂੰ ਰੈਗੂਲਰ ਕਰਨਾ, ਅਸੰਗਠਿਤ/ਗੈਰ-ਰਸਮੀ, ਸਨਅਤੀ ਅਤੇ ਖੇਤ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਵਾਧਾ, ਕੇਂਦਰ ਅਤੇ ਰਾਜਾਂ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨਾ ਆਦਿ।ਦੇਸ਼ ਦੀ 94% ਗੈਰ ਰਸਮੀ ਆਰਥਿਕਤਾ ਦੀ ਕਾਰਜ ਸ਼ਕਤੀ ਜੋ ਜੀਡੀਪੀ ਵਿੱਚ 60% ਯੋਗਦਾਨ ਪਾਉਂਦੀ ਹੈ, ਨੂੰ ਪੂਰੀ ਤਰਾਂ ਅਣਗੌਲਿਆ ਗਿਆ ਹੈ। ਸਾਰੀਆਂ ਨੌਕਰੀਆਂ ਨੂੰ ਸੀਮਤ ਸਮੇਂ ਲਈ ਠੇਕੇ ਤੇ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਫ਼ੌਜ ਵਿਚ ਅਗਨੀਵੀਰਾਂ ਦੀ 4 ਸਾਲ ਲਈ ਭਰਤੀ ਕੀਤੀ ਜਾ ਰਹੀ ਹੈ।


ਇਹਨਾਂ ਆਗੂਆਂ ਨੇ ਕਿਹਾ ਕਿ 1886 ਵਿਚ 8 ਘੰਟੇ ਦੀ ਦਿਹਾੜੀ ਪ੍ਰਾਪਤ ਕਰਨ ਲਈ ਸ਼ਿਕਾਗੋ ਵਿਖੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ । ਪਰ ਸਾਡੇ ਦੇਸ਼ ਵਿਚ 150 ਸਾਲਾਂ ਦੇ ਸੰਘਰਸ਼ ਨਾਲ ਪ੍ਰਾਪਤ ਕੀਤੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡ ਬਣਾਉਣ ਨਾਲ  ਇਕ ਪਾਸੇ ਮਜ਼ਦੂਰਾਂ ਤੋੰ ਯੂਨੀਅਨ ਬਣਾਉਣ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਦਿਹਾੜੀ 12 ਘੰਟੇ ਦੀ ਕੀਤੀ ਜਾ ਰਹੀ ਹੈ ਅਤੇ ਦਿਹਾੜੀ ਦੀ ਕੀਮਤ 178/- ਰੁਪਏ ਕਰ ਦਿੱਤੀ ਗਈ ਹੈ।


ਇਹ ਸਰਕਾਰ ਵਿਦੇਸ਼ੀ ਅਤੇ ਭਾਰਤੀ  ਕਾਰਪੋਰੇਟ ਪੱਖੀ ਹੈ ਅਤੇ ਇਹ ਉਸ  ਸਵੈ-ਨਿਰਭਰ ਆਰਥਿਕ ਮਾਡਲ ਨੂੰ ਉਲਟਾ ਰਹੀ ਹੈ  ਜਿਸ ਨੂੰ ਦੇਸ਼ ਨੇ ਆਜ਼ਾਦੀ ਤੋਂ ਬਾਅਦ ਅਪਣਾਇਆ ਸੀ। ਮੌਜੂਦਾ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਨਤੀਜੇ ਵਜੋਂ ਲੋਕਾਂ ਦੇ ਜੀਵਨ ਪੱਧਰ ਵਿੱਚ ਪਾੜੇ ਵਧੇ ਹਨ, ਉਹਨਾਂ ਦਾ ਜਿਊਣਾ  ਹੋਰ ਵੀ ਦੂੱਭਰ  ਹੋ ਗਿਆ ਹੈ।ਆਰਥਿਕਤਾ ਹੋਰ ਵਿਗੜ ਰਹੀ ਹੈ। ਜ਼ਰੂਰੀ ਵਸਤਾਂ, ਅਨਾਜ, ਦਾਲਾਂ, ਕਣਕ ਦਾ ਆਟਾ, ਚੌਲ,  ਤੇਲ, ਰਸੋਈ ਗੈਸ (ਜੋ 2014 ਵਿੱਚ 400/- ਦਾ ਮਿਲਦਾ ਸੀ, ਹੁਣ 1150 ਰੁਪਏ ਪ੍ਰਤੀ ਸਿਲੰਡਰ),ਪੈਟਰੋਲ  ਅਤੇ ਡੀਜ਼ਲ  ਆਦਿ ਦੀਆਂ ਕੀਮਤਾਂ ਲਗਾਤਾਰ  ਵਧ ਰਹੀਆਂ ਹਨ। ਲੋਕਾਂ ਦਾ ਸਿੱਖਿਆ ਅਤੇ ਸਿਹਤ ਸੇਵਾਵਾਂ ਤੇ ਖਰਚ ਵਿੱਚ ਵਾਧਾ ਹੋ ਰਿਹਾ ਹੈ, ਜਦੋਂ ਕਿ ਆਮਦਨ/ਉਜਰਤ ਵਿੱਚ ਵਾਧਾ ਨਹੀਂ ਹੋ ਰਿਹਾ, ਹਰ ਗੁਜ਼ਰਦੇ ਦਿਨ ਦੇ ਨਾਲ ਗਰੀਬ ਕਿਰਤੀ ਜਨਤਾ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।


ਆਕਸਫੈਮ ਇੰਡੀਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਪਰਲੀ ਸਿਰਫ਼ 5 ਫ਼ੀਸਦੀ ਵੱਸੋਂ 60 ਫ਼ੀਸਦੀ ਤੋਂ ਵੱਧ ਦੌਲਤ ਦੀ ਮਾਲਕ ਹੈ, ਜਦੋਂ ਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਸਿਰਫ਼ 3 ਫ਼ੀਸਦੀ ਦੌਲਤ ਹੈ।


ਭਾਰਤ ਦਾ ਭੁੱਖਮਰੀ ਸੂਚਕ ਅੰਕ ਹੋਰ ਵੀ ਖ਼ਰਾਬ ਹੋ ਗਿਆ ਹੈ ਅਤੇ ਦੇਸ਼ 122 ਦੇਸ਼ਾਂ ਵਿੱਚੋਂ 107ਵੇਂ ਸਥਾਨ 'ਤੇ ਹੈ। ਮਹਾਂਮਾਰੀ ਤੋਂ ਪਹਿਲਾਂ, 2019 ਵਿੱਚ, ਕੇਂਦਰ ਸਰਕਾਰ ਨੇ ਕਾਰਪੋਰੇਟ ਟੈਕਸ ਸਲੈਬਾਂ ਨੂੰ 30 ਪ੍ਰਤੀਸ਼ਤ ਤੋਂ ਘਟਾ ਕੇ 22 ਪ੍ਰਤੀਸ਼ਤ ਕਰ ਦਿੱਤਾ ਸੀ, ਜਿਸ ਵਿੱਚ ਨਵੀਆਂ ਸ਼ਾਮਲ ਕੰਪਨੀਆਂ 15 ਪ੍ਰਤੀਸ਼ਤ ਦਾ ਭੁਗਤਾਨ ਕਰਦੀਆਂ ਸਨ। ਇਸ ਨਵੀਂ ਟੈਕਸ ਨੀਤੀ ਦੇ ਨਤੀਜੇ ਵਜੋਂ ਕੁੱਲ  1.84 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 


ਇਸ ਰੈਲੀ ਨੂੰ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ, ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਡੀ ਪੀ ਮੌੜ  ਨੇ ਸੰਬੋਧਨ ਕੀਤਾ। ਏਟਕ ਜਿਲਾ ਲੁਧਿਆਣਾ ਦੇ ਪ੍ਰਧਾਨ ਰਮੇਸ਼ ਰਤਨ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਨੇ  ਮੰਗ ਕੀਤੀ ਕਿ ਗਿਆਸਪੁਰਾ ਵਿਖੇ ਗੈਸ ਲੀਕ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਮਾਰੇ ਗਏ ਲੋਕਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ । ਇਕ ਮਤਾ ਪਾਸ ਕਰਕੇ ਦਿੱਲੀ ਜੰਤਰ-ਮੰਤਰ ਤੇ ਧਰਨੇ ਤੇ ਬੈਠੇ ਪਹਿਲਵਾਨਾਂ ਦੀ ਮੰਗ ਦਾ ਸਮਰਥਨ ਕੀਤਾ ਅਤੇ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਰਾਂਹੀ ਸੂਬੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਠੇਕੇ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਪੱਕੇ ਕਰਕੇ ਭਰਨ ਦੀ ਮੰਗ ਕੀਤੀ। 


ਹੋਰਨਾਂ ਤੋਂ ਇਲਾਵਾ ਜਿਹਨਾਂ ਆਗੂਆਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਉਨ੍ਹਾਂ ਵਿੱਚ ਚਰਨ ਸਰਾਭਾ, ਗੁਰਮੇਲ ਮੈਲਡੇ, ਐਮ ਐਸ ਭਾਟੀਆ,ਚਮਕੌਰ ਸਿੰਘ, ਹਰਬੰਸ ਸਿੰਘ, ਕੇਵਲ ਬਣਵੈਤ, ਸੁਰਿੰਦਰ ਸਿੰਘ ਬੈਂਸ, ਐਸ ਪੀ ਸਿੰਘ, ਦਲਜੀਤ ਸਿੰਘ, ਕਾਮੇਸ਼ਵਰ ਯਾਦਵ, ਅਰਜਨ ਪ੍ਰਸ਼ਾਦ,ਸਰੋਜ ਕੁਮਾਰ, ਅਤੇ ਵਿਨੋਦ ਕੁਮਾਰ ਸ਼ਾਮਿਲ ਸਨ।


ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment