Sunday, September 6, 2020

ਹਨੇਰ ਗਰਦੀ ਖ਼ਿਲਾਫ਼ ਉੱਠਣਾ ਹੀ ਗੌਰੀ ਲੰਕੇਸ਼ ਨੂੰ ਸੱਚੀ ਸ਼ਰਧਾਂਜਲੀ

Sunday: 6th September 2020 at 2:56 PM
ਪਿੰਡ ਸੁਨੇਤ ਵਿੱਚ ਗੌਰੀ ਲੰਕੇਸ਼ ਦੀ ਤੀਜੀ ਬਰਸੀ ਮੌਕੇ ਵਿਸ਼ੇਸ਼ ਆਯੋਜਨ 
ਚਰਚਾ ਵਿੱਚ ਭਾਗ ਲੈਣ ਸਮੇਂ ਵੱਖ ਵੱਖ ਜਮਹੂਰੀ ਕਾਰਕੁੰਨ ਮੌਜੂਦਾ ਹਾਲਾਤ ਬਾਰੇ ਵੀ ਚਰਚਾ ਕਰਦੇ ਹੋਏ 
ਲੁਧਿਆਣਾ: 6 ਸਤੰਬਰ 2020: (ਕਾਰਤਿਕਾ ਸਿੰਘ//ਜਸਵੰਤ ਸਿੰਘ ਜੀਰਖ//ਕਾਮਰੇਡ ਸਕਰੀਨ):: 
ਭਾਵੇਂ ਮਾਹੌਲ ਵਿਚਲੀ ਘੁਟਣ ਵੀ ਵੱਧ ਗਈ ਹੈ ਅਤੇ ਲੋਕ ਰੋਹ ਦੇ ਖਿਲਾਫ ਸਖਤੀਆਂ ਦੀ ਗਿਣਤੀ ਵੀ ਪਰ ਇਸਦੇ ਬਾਵਜੂਦ ਲੋਕਾਂ ਦੀ ਲਾਮਬੰਦੀ ਵਿੱਚ ਨਿੱਤ ਦਿਹਾੜੇ ਤੂਫ਼ਾਨੀ ਤੇਜ਼ੀ ਜਾਰੀ ਹੈ। ਹੱਕ, ਸੱਚ ਇਨਸਾਫ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੀ ਪੱਤਰਕਾਰਾ ਗੌਰੀ ਲੰਕੇਸ਼ ਦੀ ਤੀਜੀ ਬਰਸੀ ਮੌਕੇ ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਵਿਸ਼ੇਸ਼ ਆਯੋਜਨ ਹੋਇਆ। ਜਿਸ ਸੋਚ ਲਈ ਗੌਰੀ ਲੰਕੇਸ਼ ਸ਼ਹੀਦ ਹੋਈ ਉਸ ਸੋਚ ਨੂੰ ਲੋਕਾਂ ਵਿੱਚ ਲਿਜਾਣ ਲਈ ਅੱਜ ਦੇ ਦਿਨ ਜਮਹੂਰੀ ਕਾਰਕੁਨਾਂ ਨੇ ਵਿਸ਼ੇਸ਼ ਉਪਰਾਲਾ ਕੀਤਾ। 
ਉੱਘੀ ਪੱਤਰਕਾਰਾ ਗੌਰੀ ਲੰਕੇਸ਼ ਦੀ ਤੀਸਰੀ ਬਰਸੀ ਤੇ ਲੁਧਿਆਣਾ ਦੇ ਜਮਹੂਰੀ ਕਾਰਕੁਨਾਂ  ਵੱਲੋਂ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਖੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜ਼ਿਕਰਯੋਗ ਹੈ ਕਿ ਗਦਰੀ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ ਇਹ ਅਸਥਾਨ ਤੇਜ਼ੀ ਨਾਲ ਉੱਤਰੀ ਭਾਰਤ ਵਿੱਚ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। ਇਸ ਅਸਥਾਨ ਦੇ ਮੁੱਖ ਸੰਚਾਲਕਾਂ ਵਿੱਚੋਂ ਇੱਕ ਜਸਵੰਤ ਸਿੰਘ ਜੀਰਖ ਇਸ ਪਵਿੱਤਰ ਅਸਥਾਨ ਦਾ ਚਰਚਾ ਅੰਡੇਮਾਨ ਨਿਕੋਬਾਰ ਵਿਖੇ ਬਣੇ ਸੈਲੂਲਰ ਜੇਹਲ ਵਿਹਚਕ ਹੋਏ ਸਮਾਗਮਾਂ ਦੌਰਾਨ ਵੀ ਬੁਲੰਦ ਆਵਾਜ਼ ਵਿੱਚ ਛੇੜ ਕੇ ਆਏ ਸਨ। ਅੱਜ ਲੁਧਿਆਣਾ ਵਿੱਚ ਗੌਰੀ ਲੰਕੇਸ਼ ਦੀ ਯਾਦ ਵਿੱਚ ਹੋਏ ਸਮਾਗਮ ਦੌਰਾਨ ਵੀ ਗਦਰੀ ਬਾਬਿਆਂ ਦੇ ਸੁਪਨੇ ਅਤੇ ਸੁਨੇਹੇ ਤਾਜ਼ਾ ਕੀਤੇ ਗਏ। 
ਅੱਜ ਦੇ ਸਮਾਗਮ ਮੌਕੇ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਆਪਣੇ ਵਿਚਾਰ ਪ੍ਰਗਟਾਏ। ਇਸ ਵਿੱਚ ਜਸਵੰਤ ਜੀਰਖ, ਬਲਵਿੰਦਰ ਲਾਲ ਬਾਗ਼, ਮਾਸਟਰ ਜਰਨੈਲ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਅਰੁਣ ਕੁਮਾਰ, ਸਤਨਾਮ ਦੁੱਗਰੀ, ਜਗਜੀਤ ਸਿੰਘ, ਵਿਸ਼ਾਲ ਆਦਿ ਵੱਲੋਂ ਸ਼ਮੂਲੀਅਤ ਕੀਤੀ ਗਈ। ਵਿਚਾਰ ਚਰਚਾ ਦੌਰਾਨ ਇਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਸਮਾਜ ਨੂੰ ਹਨੇਰੀ ਗਲੀ ਵਿੱਚ ਧੱਕਣ ਵਾਲੇ ਸੌੜੀ ਸੋਚ ਦੇ ਕੱਟੜਵਾਦੀ ਲੋਕਾਂ ਨੇ, ਹਮੇਸ਼ਾਂ ਹੀ ਸਮਾਜ ਨੂੰ ਨਵੀਂ ਰੌਸ਼ਨੀ ਦੇਕੇ ਰੌਸ਼ਨ ਕਰਨ ਵਾਲਿਆਂ ਦੀ ਵਿਰੋਧਤਾ ਹੀ ਕੀਤੀ ਹੈ। ਇਤਿਹਾਸ ਗਵਾਹ ਹੈ ਕਿ ਸਰਕਾਰਾਂ ਨੇ ਇਹਨਾਂ ਕੱਟੜਵਾਦੀਆਂ ਦਾ ਸਾਥ ਦਿੰਦਿਆਂ ਹਰ ਵਾਰ ਹੀ ਰੌਸ਼ਨ ਦਿਮਾਗਾਂ ਨੂੰ ਤਸੀਹੇ ਦੇਕੇ ਉਹਨਾਂ ਦੀ ਹੱਕ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦਾ ਭਰਮ ਪਾਲਿਆ ਹੈ ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਪਰ ਜੁਲਮ ਢਾਹਕੇ ਕਦੀ ਵੀ ਹੱਕੀ ਤੇ ਸੱਚੀ ਆਵਾਜ ਨੂੰ ਖਤਮ ਨਹੀਂ ਕੀਤਾ ਜਾ ਸਕਿਆ। ਗੌਰੀ ਲੰਕੇਸ਼ ਤੋਂ ਪਹਿਲਾਂ ਡਾਕਟਰ ਨਰੇਂਦਰ ਦਭੋਲਕਰ, ਪ੍ਰੋਫੈਸਰ ਗੋਬਿੰਦ ਪੰਸਾਰੇ ਵਰਗੇ ਉੱਚ ਪਾਏ ਦੇ ਬੁੱਧੀਜੀਵੀ ਅਤੇ ਤਰਕਸ਼ੀਲ ਵਿਚਾਰਾਂ ਦੇ ਧਾਰਨੀਆਂ ਨੂੰ ਵੀ ਇਹਨਾਂ ਲੋਕਾਂ ਨੇ ਕਤਲ ਕਰਕੇ ਇਹ ਸਿੱਧ ਕੀਤਾ ਹੈ ਕਿ ਉਹਨਾਂ ਕੋਲ ਵਿਗਿਆਨਕ ਵਿਚਾਰਧਾਰਾ ਨੂੰ ਰੱਦ ਕਰਨ ਲਈ ਕੋਈ ਤਰਕਪੂਰਨ ਜਵਾਬ ਨਹੀਂ ਹੈ। ਸੰਵਿਧਾਨਿਕ ਤੌਰ ਤੇ ਹਰ ਸਰਕਾਰ ਦੀ ਜ਼ੁੰਮੇਵਾਰੀ ਹੈ ਕਿ ਉਹ ਵਿਗਿਆਨਿਕ ਵਿਚਾਰਧਾਰਾ ਨੂੰ ਪ੍ਰਫੁੱਲਤ ਕਰੇ, ਪਰ ਸਾਡੇ ਦੇਸ਼ ਵਿੱਚ ਸਰਕਾਰਾਂ ਦਾ ਰੋਲ ਇਸ ਤੋਂ ਬਿਲਕੁੱਲ ਉੱਲਟ ਹੈ। ਉਹਨਾਂ ਵੱਲੋਂ ਸੰਸਕਿਰਤੀ ਦੇ ਪਰਦੇ ਹੇਠ ਗੈਰ ਵਿਗਿਆਨਿਕ ਵਿਚਾਰਾਂ ਦੇ ਪਸਾਰੇ ਰਾਹੀਂ ਅੰਧਵਿਸ਼ਵਾਸ ਫੈਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਚਰਚਾ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਿਗਿਆਨਿਕ ਵਿਚਾਰਾਂ ਦੇ ਧਾਰਨੀਆਂ ਅਤੇ ਪ੍ਰਚਾਰਕਾਂ ਨੂੰ ਮਨਘੜਤ ਕੇਸਾਂ ਵਿੱਚ ਫਸਾਕੇ ਜੇਹਲਾਂ ਵਿੱਚ ਡੱਕਿਆ ਹੋਇਆ ਹੈ। ਧਰਮਾਂ ਦੇ ਨਾਂ ਹੇਠ ਸਹੀ ਗੱਲ ਕਰਨ ਵਾਲਿਆਂ ਖਿਲਾਫ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੇ ਕੇਸ ਦਰਜ ਕੀਤੇ ਜਾ ਹਰੇ ਹਨ। ਸਾਰਿਆਂ ਨੇ ਗੌਰੀ ਲੰਕੇਸ਼ ਨੂੰ ਸੱਚੀ ਸ਼ਰਧਾਂਜਲੀ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਟੋਰਨਾ ਹੀ ਕਹਿੰਦਿਆਂ ਹਰ ਗਲਤ ਵਰਤਾਰੇ ਵਿਰੁੱਧ ਆਵਾਜ ਉਠਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਜਿਸ ਜਿਸ ਨੇ ਭੀ ਇਸ ਜਨਤਾ ਕੋ 
ਛਲਨੇ ਕਾ ਪ੍ਰਯਾਸ ਕੀਆ ਹੈ 
ਮੈਂ ਉਸ ਛਲ ਕੀ ਬਾਤ ਕਰੂੰਗੀ 

No comments:

Post a Comment