ਪੰਜਾਬ ਦੋਖੀ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਗਿਣੀ ਮਿਥੀ ਸਾਜਿਸ਼ ਜਾਪਦੀ ਹੈ
ਅੱਜ ਦੁਪਹਿਰੇ ਲੁਧਿਆਣੇ ਦੀਆਂ ਕਚਹਿਰੀਆਂ ਵਿਚ ਹੋਇਆ ਬੰਬ ਧਮਾਕਾ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਮਾਹੌਲ ਨੂੰ ਖ਼ਰਾਬ ਕਰਨ ਦੀ ਪੰਜਾਬ ਦੋਖੀ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਇਕ ਗਿਣੀ ਮਿਥੀ ਸਾਜਿਸ਼ ਜਾਪਦੀ ਹੈ। ਇਸ ਤੋਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਦਾ ਹੋਣਾ ਅਤੇ ਉਸ ਵਿਚ ਬੰਦਿਆਂ ਦਾ ਮਾਰਿਆ ਜਾਣਾ ਬਹੁਤ ਹੀ ਚਿੰਤਾਜਨਕ ਹੈ । ਜਿਵੇਂ ਜਿਵੇਂ ਪੰਜਾਬ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਉਵੇਂ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਲੁਧਿਆਣਾ ਜ਼ਿਲ੍ਹਾ ਦੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਡੀ ਪੀ ਮੌੜ , ਡਾ ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਐਮ ਐਸ ਭਾਟੀਆ ਅਤੇ ਵਿਜੈ ਕੁਮਾਰ ਨੇ ਇੱਥੇ ਜਾਰੀ ਇਕ ਬਿਆਨ ਵਿੱਚ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਰੋਧੀ ਤਾਕਤਾਂ ਦੇ ਬਹਿਕਾਵੇ ਵਿਚ ਨਾ ਆਉਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਕਿਸਾਨਾਂ ਨੇ ਲੰਮੇ ਸੰਘਰਸ਼ ਤੋਂ ਬਾਅਦ ਅਮਨ ਸ਼ਾਂਤੀ ਨਾਲ ਅੰਦੋਲਨ ਜਿੱਤਿਆ ਹੈ ਜਿਸ ਦੀ ਜਿੱਤ ਨੂੰ ਧੁੰਦਲਾ ਕਰਨ ਲਈ ਇਹੋ ਜਿਹੀਆਂ ਕੋਝੀਆਂ ਹਰਕਤਾਂ ਦੀ ਸਹਾਇਤਾ ਦੇਸ਼ ਵਿਰੋਧੀ ਤਾਕਤਾਂ ਵੱਲੋਂ ਲਈ ਜਾ ਰਹੀ ਹੈ।
No comments:
Post a Comment