Friday, January 7, 2022

ਭਾਜਪਾਈ ਉੱਧ-ਮੂਲ ਦਾ ਡਟ ਕੇ ਵਿਰੋਧ ਕਰੋ//*ਪਾਵੇਲ ਕੁੱਸਾ

6th January 2022 at 23.56 PM

ਇਹ ਸਾਰਾ ਚੀਕ ਚਿਹਾੜਾ ਇਕ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਕੋਸ਼ਿਸ਼ ਹੈ


ਮੋਦੀ ਦੇ ਪੰਜਾਬ 'ਚੋਂ ਬੇਰੰਗ ਪਰਤਣ 'ਤੇ ਖੜ੍ਹਾ ਕੀਤਾ ਜਾ ਰਿਹਾ ਉੱਧ-ਮੂਲ
ਭਾਜਪਾ ਵੱਲੋਂ ਮੁੱਦਿਆਂ ਨੂੰ ਪਿਛਾਖੜੀ ਰੰਗਤ ਦੇਣ ਦਾ ਪ੍ਰਚਲਿਤ ਅਭਿਆਸ ਹੀ ਹੈ। ਪ੍ਰਧਾਨ ਮੰਤਰੀ ਦੀ ਸਿਆਸੀ ਨਮੋਸ਼ੀ ਨੂੰ ਕੌਮੀ ਸੁਰੱਖਿਆ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਮੇਸ਼ਾਂ ਦੀ ਤਰ੍ਹਾਂ ਸਿਰੇ ਦੀ ਢੀਠਤਾਈ ਨਾਲ ਕੀਤੀ ਜਾ ਰਹੀ ਹੈ। ਭਾਜਪਾਈ ਬੁਲਾਰੇ ਦੇਸ਼ ਦੇ ਟੀ ਵੀ ਚੈਨਲਾਂ 'ਤੇ ਤਿੰਘ ਰਹੇ ਹਨ, ਦੇਸ਼ ਦੇ ਅਪਮਾਨ ਦੀਆਂ ਗੱਲਾਂ ਕਰ ਰਹੇ ਹਨ ਤੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣ ਦੇ ਹੋਕਰੇ ਮਾਰ ਰਹੇ ਹਨ।

ਲੇਖਕ ਪਾਵੇਲ ਕੁੱਸਾ 
ਇਹ ਸਾਰਾ ਚੀਕ ਚਿਹਾੜਾ ਇਕ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਕੋਸ਼ਿਸ਼ ਹੈ।
ਸਭ ਤੋਂ ਪਹਿਲਾਂ ਤਾਂ ਇਹ ਮੋਦੀ ਦੀ ਬੁਰੀ ਤਰ੍ਹਾਂ ਫਲਾਪ ਹੋਈ ਰੈਲੀ ਨੂੰ ਢਕਣ ਦਾ ਯਤਨ ਹੈ, ਪ੍ਰਧਾਨ ਮੰਤਰੀ ਲਈ ਚੋਣਾਂ ਚ ਹਮਦਰਦੀ ਬਟੋਰਨ ਦੀ ਕੋਸ਼ਿਸ਼ ਹੈ, "ਮੋਦੀ ਹੀ ਰਾਸ਼ਟਰ ਹੈ" ਦੇ ਦੰਭੀ ਬਿਰਤਾਂਤ ਨੂੰ ਤਕੜਾ ਕਰਨ ਦੀ ਕੋਸ਼ਿਸ਼ ਹੈ। ਸਿਆਸੀ ਸ਼ਰੀਕ ਪੰਜਾਬ ਕਾਂਗਰਸ ਨੂੰ ਗੁੱਠੇ ਲਾਉਣ ਦੀ ਕੋਸ਼ਿਸ਼ ਹੈ।
ਹਾਲਾਂਕਿ ਇਹ ਹਕੀਕਤ ਜੱਗ ਜ਼ਾਹਿਰ ਹੈ ਕਿ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਮਿਥ ਕੇ ਨਹੀਂ ਘੇਰਿਆ, ਉਸ ਨੇ ਆਪ ਮੌਕੇ 'ਤੇ ਸੜਕੀ ਰੂਟ ਦੀ ਚੋਣ ਕੀਤੀ ਤੇ ਹੋ ਰਹੇ ਪ੍ਰਦਰਸ਼ਨਾਂ ਕੋਲ ਉਸ ਨੂੰ 10 ਮਿੰਟ ਰੁਕਣਾ ਪੈ ਗਿਆ। ਕਿਸੇ ਨੇ ਪ੍ਰਧਾਨ ਮੰਤਰੀ ਦੇ ਨੇੜੇ ਜਾਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਜੇ ਆਪਣੇ ਹੀ ਲੋਕਾਂ ਤੋਂ ਇੰਨਾ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਪ੍ਰਧਾਨਮੰਤਰੀ ਦੇ ਸੋਚਣ ਦਾ ਮਸਲਾ ਹੈ। ਇਸ 10 ਮਿੰਟ ਦੀ ਰੁਕਾਵਟ ਜੱਗੋਂ ਤੇਰਵੀਂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਬੁਰੀ ਤਰ੍ਹਾਂ ਖਾਲੀ ਰਹੀ ਰੈਲੀ ਦੀ ਤਸਵੀਰ ਨੂੰ ਸਮੁੱਚੇ ਦਿ੍ਸ਼ ਤੋਂ ਪਾਸੇ ਕੀਤਾ ਜਾ ਸਕੇ। ਉਸ ਦੀ ਵਾਪਸ ਮੁੜਨ ਦੀ ਚੋਣ ਵੀ ਖਾਲੀ ਰੈਲੀ ਕਾਰਨ ਬਣੀ ਹੈ , ਪਰ ਉਸ ਨੇ ਜਾਂਦੇ ਜਾਂਦੇ ਆਪਣੀ ਘੋਰ ਪਿਛਾਖੜੀ ਬਿਰਤੀ ਰਾਹੀਂ ਨਵਾਂ ਬਖੇੜਾ ਖੜ੍ਹਾ ਕੀਤਾ ਹੈ। ਸਰੀਰਕ ਤੌਰ 'ਤੇ ਤਾਂ ਉਸ ਨੂੰ ਫੁੱਲ ਦੀ ਨਹੀਂ ਲੱਗੀ , ਨਾ ਹੀ ਅਜਿਹਾ ਕਰਨ ਦਾ ਕਿਸੇ ਦਾ ਕੋਈ ਮਨਸ਼ਾ ਜ਼ਾਹਰ ਹੋਇਆ ਹੈ। ਝੱਲੀ ਤਾਂ ਉਸਤੋਂ ਅਸਲ 'ਚ ਸਿਆਸੀ ਲੋਟਣੀ ਨਹੀਂ ਜਾ ਰਹੀ ।
ਇਸ ਸਮੁੱਚੀ ਬਹਿਸ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਤਕਨੀਕੀ ਨੁਕਤਿਆਂ ਪੱਖੋਂ ਜੁਆਬਦੇਹੀ ਤੈਅ ਕਰਨ ਦਾ ਆਪਣਾ ਸਥਾਨ ਹੈ ਪਰ ਇਹ ਲੋਕਾਂ ਦੇ ਰੋਸ ਪ੍ਰਗਟਾਵੇ ਦੇ ਜਮਹੂਰੀ ਹੱਕ ਨਾਲੋਂ ਉੱਪਰ ਦੀ ਨਹੀਂ ਹੈ । ਸਭ ਤੋਂ ਪਹਿਲਾਂ ਲੋਕਾਂ ਦਾ ਰੋਸ ਪ੍ਰਗਟਾਉਣ ਦਾ ਜਮਹੂਰੀ ਹੱਕ ਬੁਲੰਦ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੂਹਰੇ ਆਪਣਾ ਰੋਸ ਜ਼ਾਹਰ ਕਰਨਾ ਲੋਕਾਂ ਦਾ ਬੁਨਿਆਦੀ ਜਮੂਹਰੀ ਹੱਕ ਹੈ। ਜੇ ਲੋਕ ਮਿੱਥ ਕੇ ਵੀ ਦੋ ਘੰਟੇ ਮੋਦੀ ਦੀ ਕਾਰ ਘੇਰ ਕੇ ਨਾਅਰੇਬਾਜ਼ੀ ਕਰ ਦਿੰਦੇ ਤਾਂ ਵੀ ਅਸਮਾਨੋਂ ਬਿਜਲੀ ਨਹੀਂ ਸੀ ਡਿੱਗਣ ਲੱਗੀ । ਲੋਕ ਆਪਣਾ ਜਮਹੂਰੀ ਹੱਕ ਹੀ ਪੁਗਾ ਰਹੇ ਹੁੰਦੇ।
ਕਿਸਾਨ ਅੰਦੋਲਨ ਮੁਲਤਵੀ ਕੀਤਾ ਗਿਆ ਸੀ, ਖ਼ਤਮ ਨਹੀਂ ਸੀ ਹੋਇਆ। ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਉੱਠੇ ਸਨ ਜਦ ਕਿ ਐੱਮ ਐੱਸ ਪੀ ਤੇ ਕੇਸਾਂ ਸਮੇਤ ਸਾਰੇ ਮੁੱਦੇ ਅਜੇ ਉਵੇਂ ਖੜੇ ਹਨ ਤੇ ਇਨ੍ਹਾਂ ਮਸਲਿਆਂ ਪ੍ਰਤੀ ਬਾਤ ਨਾ ਪੁੱਛਣ ਵਾਲਾ ਮੋਦੀ ਦੀ ਸਰਕਾਰ ਦਾ ਰਵੱਈਆ ਸਾਹਮਣੇ ਆ ਚੁੱਕਾ ਹੈ। ਅਜਿਹੀ ਹਾਲਤ 'ਚ ਜੇ ਕਿਸਾਨ ਰੋਸ ਨਾ ਪ੍ਰਗਟਾਉਣਗੇ ਤਾਂ ਹੋਰ ਕੀ ਕਰਨਗੇ। ਇਹ ਪ੍ਰਧਾਨ ਮੰਤਰੀ ਨੂੰ ਪੰਜਾਬ ਆਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਪਰ ਉਹ ਤਾਂ ਆਇਆ ਹੀ ਪੰਜਾਬ ਜਿੱਤਣ ਸੀ, ਉਹ ਤਾਂ ਕੇਂਦਰੀ ਖ਼ਜ਼ਾਨੇ 'ਤੇ ਕਾਬਜ਼ ਹੋਣ ਦੇ ਹੰਕਾਰ 'ਚੋਂ ਪੰਜਾਬੀਆਂ ਨੂੰ ਖ਼ਰੀਦਣ ਆਇਆ ਸੀ।
ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਸਲਾ ਨਹੀਂ ਹੈ ਸਗੋਂ ਉਸ ਦੀ ਲੋਕਾਂ ਪ੍ਰਤੀ ਜਵਾਬਦੇਹੀ ਦਾ ਮਸਲਾ ਹੈ, ਜੇ ਉਹ ਪੰਜਾਬ ਦੇ ਲੋਕਾਂ ਨੂੰ ਸੱਚਮੁੱਚ ਖੁਸ਼ਹਾਲ ਜ਼ਿੰਦਗੀ ਦੇ "ਪੈਕੇਜ" ਐਲਾਨਣ ਆ ਰਿਹਾ ਸੀ , ਉਹੀ ਲੋਕ ਉਸ ਦੇ ਵਿਰੋਧ 'ਚ ਸੜਕਾਂ 'ਤੇ ਸਨ , ਤਾਂ ਉਸ ਨੂੰ ਸੁਰੱਖਿਆ ਖੇਤਰ 'ਚ ਨਹੀਂ ਸਗੋਂ ਲੋਕਾਂ ਨਾਲ ਰਿਸ਼ਤੇ ਦੇ ਖੇਤਰ 'ਚ ਸਵਾਲ ਉੱਠਣਾ ਚਾਹੀਦਾ ਹੈ। ਜਦੋਂ ਪ੍ਰਧਾਨ ਮੰਤਰੀ ਫ਼ਿਰੋਜ਼ਪੁਰ ਵੱਲ ਨੂੰ ਜਾ ਰਿਹਾ ਸੀ ਉਸ ਸਮੇਂ ਪੰਜਾਬ ਦੇ ਸ਼ਹਿਰਾਂ ਕਸਬਿਆਂ ਚ ਉਸਦੇ ਪੁਤਲਿਆਂ ਨੂੰ ਲਾਂਬੂ ਕਿਉਂ ਲੱਗ ਰਹੇ ਸਨ। ਪਿੰਡਾਂ ਚੋਂ ਅਣਭੋਲ ਲੋਕਾਂ ਨੂੰ ਬੱਸਾਂ ਚ ਬਿਠਾ ਕੇ ਫਿਰੋਜ਼ਪੁਰ ਲਿਜਾਣਾ ਵੀ ਭਾਜਪਾਈਆਂ ਲਈ ਮੁਹਾਲ ਕਿਉਂ ਹੋ ਗਿਆ ਸੀ !
ਪ੍ਰਧਾਨ ਮੰਤਰੀ ਦੀ ਰੈਲੀ ਬੁਰੀ ਤਰ੍ਹਾਂ ਖਾਲੀ ਰਹੀ, ਇਹ ਜੋ ਵਾਪਰਿਆ , ਇਹ
-ਕਾਰਪੋਰੇਟਾਂ ਨਾਲ ਉਸਦੀ ਵਫ਼ਾਦਾਰੀ ਦਾ ਸਿੱਟਾ ਹੈ
-ਲਖੀਮਪੁਰ ਖੀਰੀ 'ਚ ਕੁਚਲ ਦਿੱਤੇ ਗਏ ਕਿਸਾਨਾਂ ਦੀਆਂ ਸ਼ਹਾਦਤਾਂ ਦਾ ਸਿੱਟਾ ਹੈ
-ਸਾਲ ਭਰ ਕਿਸਾਨਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਰੋਲਣ ਦਾ ਸਿੱਟਾ ਹੈ
-ਸੱਤ ਸੌ ਉਪਰ ਕਿਸਾਨਾਂ ਦੀ ਜਾਨ ਲੈਣ ਦਾ ਸਿੱਟਾ ਹੈ
-ਅਜੇ ਵੀ ਕਾਰਪੋਰੇਟਾਂ ਨੂੰ ਮੁਲਕ ਲੁਟਾਉਣ ਦੀਆਂ ਨੀਤੀਆਂ ਦੇ ਰਾਹ ਪਏ ਹੋਣ ਦਾ ਸਿੱਟਾ ਹੈ
-ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਪੰਜਾਬ ਜਿੱਤ ਲੈਣ ਦੀਆਂ ਖਾਹਿਸ਼ਾਂ ਪਾਲਣ ਦਾ ਸਿੱਟਾ ਹੈ
ਭਾਜਪਾ ਦੀ ਇਸ ਬੂ-ਦੁਹਾਈ ਦਰਮਿਆਨ ਸਾਨੂੰ ਡਟ ਕੇ ਕਹਿਣਾ ਚਾਹੀਦਾ ਹੈ ਕਿ ਇਹ ਧਰਤੀ, ਇਸਦੇ ਰਾਹ ਸਾਡੇ ਹਨ। ਸਾਡੀਆਂ ਜ਼ਿੰਦਗੀਆਂ 'ਚ ਤਬਾਹੀ ਮਚਾਉਣ ਵਾਲੇ ਹਾਕਮਾਂ ਨੂੰ ਇਹਨਾਂ ਰਾਹਾਂ 'ਤੇ ਰੋਕਣਾ ਸਾਡਾ ਜਨਮ ਸਿੱਧ ਅਧਿਕਾਰ ਹੈ। ਸਾਡੀ ਸ਼ਾਨ ਤੇ ਪ੍ਰਧਾਨ ਮੰਤਰੀ ਦੀ ਸ਼ਾਨ ਇੱਕ ਨਹੀਂ ਹੈ। ਇਸ ਸਦਾ ਹੀ ਟਕਰਾਵੀਂ ਹੈ। ਉਸਨੇ ਤਾਂ ਹਮੇਸ਼ਾ ਦੇਸ਼ ਦੇ ਲੋਕਾਂ ਦੀ ਸ਼ਾਨ ਪੈਰਾਂ ਹੇਠ ਰੋਲੀ ਹੈ। ਇਸ ਸ਼ਾਨ ਨੂੰ ਰੋਲੇ ਜਾਣ ਬਾਰੇ ਪੁੱਛਣ ਲਈ ਲੋਕ ਉਸ ਦੇ ਸਾਹਮਣੇ ਵੀ ਆਉਣਗੇ , ਉਸਦੇ ਰਾਹ ਵੀ ਰੋਕਣਗੇ।
ਸਭਨਾਂ ਇਨਸਾਫ਼ਪਸੰਦ ਤੇ ਜਾਗਦੇ ਦੇਸ਼ ਵਾਸੀਆਂ ਨੂੰ ਭਾਜਪਾ ਦੀ ਇਸ ਝਲਿਆਈ ਮੁਹਿੰਮ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ, ਲੋਕਾਂ ਦੇ ਵਿਰੋਧ ਪ੍ਰਗਟਾਵੇ ਦੇ ਜਮਹੂਰੀ ਹੱਕ ਨੂੰ ਡਟਕੇ ਬੁਲੰਦ ਕਰਨਾ ਚਾਹੀਦਾ ਹੈ, ਇਸ ਨੂੰ ਸੁਰੱਖਿਆ ਮਸਲੇ ਦਾ ਮੋੜਾ ਦੇਣ ਦੀਆਂ ਕੋਸ਼ਿਸ਼ਾਂ ਦਾ ਪਰਦਾ ਚਾਕ ਕਰਨਾ ਚਾਹੀਦਾ ਹੈ। ਕਿਸਾਨ ਸੰਘਰਸ਼ ਦੀ ਜੈ ਜੈ ਕਾਰ ਕਰਨੀ ਚਾਹੀਦੀ ਹੈ ਤੇ ਇਸ ਦੀ ਹਮਾਇਤ ਕਰਨੀ ਚਾਹੀਦੀ ਹੈ।
*ਪਾਵੇਲ ਕੁੱਸਾ ਖੱਬੀ ਲਹਿਰ ਨਾਲ ਜੁੜੇ ਹੋਏ ਸਰਗਰਮ ਨੌਜਵਾਨਾਂ ਵਿੱਚੋਂ ਇੱਕ ਹਨ ਅਤੇ ਸੁਰਖ ਲੀਹ ਨਾਲ ਸਬੰਧਤ ਹਨ
ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ:6th January 2022 at 23.56 PM

No comments:

Post a Comment