Saturday, October 16, 2021

ਮੋਦੀ, ਅਮਿੱਤ ਸ਼ਾਹ, ਯੋਗੀ ਸਮੇਤ ਸਹਿਯੋਗੀਆਂ ਦਾ ਪੁਤਲੇ ਫੂਕੇ

16 October 2021 at  5:11 PM

ਸੰ. ਕਿਸਾਨ ਮੋਰਚੇ ਦੇ ਸੱਦੇ ਤੇ ਮਨਾਇਆ ਗਿਆ ਅਜੋਕੇ ਸਮੇਂ ਦਾ ਦੁਸਹਿਰਾ


ਲੁਧਿਆਣਾ
: 16 ਅਕਤੂਬਰ 2021: (ਕਾਮਰੇਡ ਸਕਰੀਨ ਬਿਊਰੋ)::

ਕਾਮਰੇਡ ਆਮ ਤੌਰ ਤੇ ਧਾਰਮਿਕ ਸਮਾਗਮਾਂ ਨੂੰ ਬਹੁਤ ਰੀਝ ਨਾਲ ਨਹੀਂ ਮਨਾਉਂਦੇ। ਬਹੁਤ ਦੇਰ ਤੱਕ ਉਹਨਾਂ ਨੂੰ ਇਹ ਸਭ ਅਡੰਬਰ ਲੱਗਦੇ ਰਹੇ। ਧਰਮ ਦੇ ਵਿਰੋਧੀ ਹੋਣ ਦਾ ਲੇਬਲ ਲਵਾ ਕੇ ਵੀ ਕਾਮਰੇਡ ਆਪਣੀ ਅੜੀ ਛੱਡਣ ਤੇ ਨਾ ਆਏ। ਫਿਰ ਦੌਰ ਬਦਲਿਆ। ਉਘੇ ਸ਼ਾਇਰ ਸੰਤ ਰਾਮ ਉਦਾਸੀ ਨੇ ਲਿਖਿਆ:

ਐਵੇਂ ਕਾਗਜਾਂ ਦੇ ਰਾਵਣਾ ਨੂੰ ਸਾੜ ਕੀ ਬਣੇ।
ਤੀਰ ਤੀਲਾਂ ਦੇ ਕਮਾਨ ਵਿਚ ਚਾੜ੍ਹ ਕੀ ਬਣੇ।
ਕੋਈ ਉੱਠੇ ਹਨੂੰਮਾਨ, ਕਰੇ ਯੁੱਧ ਦਾ ਐਲਾਨ।
ਮੂਹਰੇ ਆਉਣ ਵਾਲੇ ਸਾਗਰਾਂ ਦੀ ਹਿੱਕ ਪਾੜੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।

ਅੱਜ ਸੈਂਕੜੇ ਹੀ ਰਾਖਸ਼ਾਂ ਦੀ ਧਾੜ ਆ ਗਈ।
ਅੱਗ-ਬਰਛੀ ਵੀ ਜਾਤੀਆਂ ਨੂੰ ਸਾੜ ਆ ਗਈ।
ਅੱਜ ਮੇਘਨਾਥ ਹੱਸੇ, ਕੁੰਭਕਰਨ ਵੀ ਵੱਸੇ।
ਕਿਓਂ ਨਾਂ ਜਿਉਂਦਿਆਂ ਦੇ ਧੌਲਰਾਂ 'ਚ ਤੀਰ ਮਾਰੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।

ਫੇਰ 'ਭੀਲਣੀ' ਤੇ 'ਰਾਮ' ਦਾ ਪਿਆਰ ਨਾ ਮੁੜੇ।
ਵਾਂਗ 'ਬਾਨਰਾਂ' ਦੇ ਕਿਰਤੀ ਕਿਸਾਨ ਜੇ ਜੁੜੇ।
ਮੁੱਕ ਜਾਣ 'ਬਣਵਾਸ', 'ਸੀਤਾ' ਰਹੇ ਨਾ 'ਉਦਾਸ'।
ਅਸੀਂ ਵਰਾਂ ਤੇ ਸਰਾਪਾਂ ਦਾ ਅਹਿਦ ਪਾੜੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।
ਸੰਤ ਰਾਮ ਉਦਾਸੀ ਨੇ ਸਿੱਖ ਧਰਮ ਨਾਲ ਸਬੰਧਤ ਗੱਲਾਂ ਨੂੰ ਵੀ ਪ੍ਰਤੀਕਾਂ ਵਾਂਗ ਬੜੇ ਹੀ ਖੂਬਸੂਰਤ ਢੰਗ ਨਾਲ ਵਰਤਿਆ। ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਨਾਲ ਇਨਕਲਾਬੀ ਗੱਲਾਂ ਆਖੀਆਂ। ਫਿਰ ਵੀ ਸਾਡੇ ਕਾਮਰੇਡ "ਸੈਕੂਲਰ" ਬਣੇ ਰਹੇ। ਦੂਜੇ ਪਾਸੇ ਬੀਜੇਪੀ ਨੇ ਰਾਮ ਮੰਦਿਰ ਨਾਲ ਚੋਣਾਂ ਜਿੱਤ ਲਈਆਂ। ਸੰਤ ਰਾਮ ਉਦਾਸੀ ਦੀਆਂ ਜਿਹਨਾਂ ਰਮਜ਼ਾਂ ਅਤੇ ਨਾਲ ਹੀ ਭਾਜਪਾਈ ਚਾਲਾਂ ਨੂੰ ਸਮਝਣ ਵਿੱਚ ਸਾਡੇ ਸ਼ਹਿਰੀ ਕਾਮਰੇਡ ਤਾਂ ਨਾਕਾਮ ਹੀ ਬਣੇ ਰਹੇ ਪਰ ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਦਾ ਅਹਿਸਾਸ ਕੀਤਾ। ਉਹਨਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਕਿ ਇਸ ਵਾਰ ਦੁਸਹਿਰੇ ਤੇ ਰਵਾਇਤੀ ਪੁਤਲੇ ਨਹੀਂ ਬਲਕਿ ਅੱਜ ਦੀਆਂ ਰਾਵਣਾਂ ਦੇ ਪੁਤਲੇ ਸਾਡੇ ਜਾਣ।  ਭਾਜਪਾ ਵਾਲਿਆਂ ਨੇ ਇਸ ਦਾ ਤਿੱਖਾ ਪ੍ਰਤੀਕਰਮ ਵੀ ਕੀਤਾ। ਇਹ ਬੋਲੀ ਉਹਨਾਂ ਨੂੰ ਬੜੀ ਛੇਤੀ ਸਮਝ ਆਈ ਕਿਓਂਕਿ ਇਹ ਉਹਨਾਂ ਦੇ ਹਿੰਦੂਤਵ ਵਾਲੇ ਚਿਹਰੇ ਨੂੰ ਨਿਸ਼ਾਨਾ ਬਣਾਉਂਦੀ ਸੀ। 
ਅੱਜ ਇਨਕਲਾਬੀ- ਜਮਹੂਰੀ ਜੱਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਭਾਜਪਾ ਦੀ ਫਿਰਕੂ ਸਰਕਾਰ ਦੇ ਮੋਦੀ, ਅਮਿੱਤ ਸ਼ਾਹ, ਅਦਿਤਿਆ ਨਾਥ ਯੋਗੀ ਸਮੇਤ ਸਹਿਯੋਗੀਆਂ ਦਾ ਪੁਤਲਾ ਸਾੜਿਆ ਗਿਆ। ਇਨਕਲਾਬੀ ਕੇਂਦਰ ਪੰਜਾਬ ( ਇਕਾਈ ਲੁਧਿਆਣਾ ) , ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾਂ ਨੇ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੂੰਜੀਪਤੀਆਂ ਦੀ ਰਖੇਲ ਕਰਾਰ ਦਿੰਦਿਆਂ ਇਸ ਦੀ ਗੁੰਡਾਗਰਦੀ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ ।ਲਖੀਮਪੁਰ ਖੀਰੀ ਵਿੱਖੇ ਸਰਕਾਰੀ ਸ਼ਹਿ ਹੇਠ ਕਿਸਾਨਾਂ ਨੂੰ ਗੱਡੀ ਹੇਠ ਦਰੜਕੇ ਸ਼ਹੀਦ ਕਰਨ ਵਾਲੇ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਅਤੇ ਅੱਧੇ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਕੇ ਲੋਕਾਂ ਉੱਪਰ ਦਹਿਸਤ ਪਾਉਣ ਦੀ ਨੀਤੀ ਖਿਲਾਫ ਲੋਕਾਂ ਨੂੰ ਜੱਥੇਬੰਦ ਹੋਣ ਦਾ ਸੱਦਾ ਦਿੱਤਾ ਗਿਆ।ਇਸ ਸਮੇਂ ਜਸਵੰਤ ਜੀਰਖ, ਰਾਜਿੰਦਰ ਸਿੰਘ, ਸਤੀਸ਼ ਸੱਚਦੇਵਾ,ਡਾ ਹਰਬੰਸ ਗਰੇਵਾਲ਼ , ਟੇਕ ਚੰਦ ਕਾਲੀਆ, ਅਰੁਣ ਕੁਮਾਰ, ਡਾ ਮੋਹਨ ਸਿੰਘ, ਸਤਨਾਮ ਸਿੰਘ ਦੁੱਗਰੀ, ਕਾ ਸੁਰਿੰਦਰ ਸਿੰਘ, ਵਿਨੋਦ ਕੁਮਾਰ ਦੁੱਗਰੀ, ਕਮਲਜੀਤ ਠੇਕੇਦਾਰ, ਮੈਡਮ ਮਧੂ ਅਤੇ ਹਰਜਿੰਦਰ ਕੌਰ ਸਮੇਤ ਸੂਝਵਾਨ ਲੋਕ ਹਾਜ਼ਰ ਸਨ। 

No comments:

Post a Comment