6th October 2021 at 3:57 PM
ਸੀਪੀਆਈ ਲੁਧਿਆਣਾ ਨੇ ਜ਼ੋਰਦਾਰ ਮੁਜ਼ਾਹਰਾ ਕਰਕੇ ਪੁਛੇ ਤਿੱਖੇ ਸੁਆਲ
ਉਹਨਾਂ ਦੱਸਿਆ ਕਿ ਅੱਜ ਇਥੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੁਆਰਾ ਕਿਸਾਨਾਂ ਨੂੰ ਕਾਰ ਦੇ ਹੇਠ ਕੁਚਲ ਕੇ ਕਤਲ ਕਰਨ ਦੀ ਘਟਨਾ ਦੇ ਵਿਰੋਧ ਵਿੱਚ ਰੋਸ ਰੈਲੀ ਅਤੇ ਜ਼ੋਰਦਾਰ ਮੁਜ਼ਾਹਰੇ ਦਾ ਆਜੋਜਨ ਕੀਤਾ ਗਿਆ।
ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਹ ਕਾਰਾ ਭਾਜਪਾ ਦੀ ਹਿੰਸਕ ਮਾਨਸਿਕਤਾ ਦਾ ਪ੍ਰਗਟਾਵਾ ਹੈ। ਹਾਲ ਵਿੱਚ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਦੋ ਮਿੰਟਾਂ ਵਿੱਚ ਹੀ ਕੁਚਲਿਆ ਜਾ ਸਕਦਾ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਉਸ ਦੇ ਬੇਟੇ ਉਸ ਦੇ ਹੋਰ ਸਹਿਯੋਗੀਆਂ ਨੇ ਇਹ ਵਹਿਸ਼ੀਆਨਾ ਫਾਸ਼ੀ ਕਾਰਾ ਕੀਤਾ ਹੈ।
ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਦੀ ਜੋ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ" ਭਾਜਪਾ ਦੇ ਕਾਰਜਕਰਤਾ ਡੰਡੇ ਲੈ ਕੇ ਕਿਸਾਨਾਂ ਨੂੰ ਸਿੱਧਾ ਕਰਨ" -ਇਹ ਐਲਾਨ ਅਤੇ ਬਿਆਨ ਵੀ ਸੰਵਿਧਾਨਕ ਮਰਿਆਦਾਵਾਂ ਦੀ ਘੋਰ ਉਲੰਘਣਾ ਹੈ। ਪਾਰਟੀ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਫੌਰਨ ਬਰਖਾਸਤ ਕੀਤਾ ਜਾਏ ਉਸ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਫੌਰਨ ਫੜ ਕੇ ਕਤਲ ਦਾ ਮੁਕੱਦਮਾ ਚਲਾਇਆ ਜਾਏ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਅਜੇ ਮਿਸ਼ਰਾ ਅਤੇ ਉਸ ਦੇ ਲੜਕੇ ਤੇ ਪਹਿਲਾਂ ਵੀ ਬਹੁਤ ਸਾਰੇ ਕੇਸ ਚਲ ਰਹੇ ਹਨ। ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਉਪਰੋਕਤ ਬਿਆਨ ਕਰਕੇ ਉਸ ਨੂੰ ਵੀ ਬਰਖਾਸਤ ਕੀਤਾ ਜਾਏ। ਬੁਲਾਰਿਆਂ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਕਿ ਏਡੀ ਵੱਡੀ ਘਟਨਾ ਹੋਣ ਤੇ ਵੀ ਪ੍ਰਧਾਨ ਮੰਤਰੀ ਵੱਲੋਂ ਅਫਸੋਸ ਦਾ ਇੱਕ ਲਫਜ਼ ਵੀ ਮੂੰਹੋਂ ਨਹੀਂ ਕੱਢਿਆ ਗਿਆ।
ਨਰਿੰਦਰ ਮੋਦੀ ਦੀ ਚੁੱਪੀ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆਂਦੀ ਹੈ ਤੇ ਇਹ ਦਰਸਾਉਂਦੀ ਹੈ ਕਿ ਇਸ ਕਿਸਮ ਦੇ ਕਾਰਿਆਂ ਨਾਲ ਉਨ੍ਹਾਂ ਦੀ ਸਹਿਮਤੀ ਹੈ। ਭਾਜਪਾ ਪ੍ਰਸ਼ਾਸਿਤ ਸੂਬਿਆਂ ਵਿੱਚ ਕਾਨੂੰਨ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਅਤੇ ਫਿਰਕੂ ਦੰਗਿਆਂ ਰਾਹੀਂ ਸਮਾਜ ਨੂੰ ਵੰਡ ਕੇ ਅਰਾਜਕਤਾ ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਖੇਤਰ ਵਿਚ ਅਸਫਲ ਹੋਣ ਤੋਂ ਬਾਅਦ ਹੁਣ ਭਾਜਪਾ ਹੋਛੇ ਕਾਰਿਆਂ ਤੇ ਉਤਰ ਆਈ ਹੈ।
ਦਸ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਜਦੋਂ ਤੋਂ ਲੱਖਾਂ ਕਿਸਾਨ ਆਪਣਾ ਘਰ ਬਾਰ ਛੱਡ ਕੇ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਦੀਆਂ ਸੀਮਾਵਾਂ ਤੇ ਬੈਠੇ ਹਨ, ਪਰ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ ਵੀ ਨਹੀਂ ਸਰਕੀ। ਮੋਦੀ ਦੀ ਲਖੀਮਪੁਰ ਖੀਰੀ ਦੇ ਕਤਲਾਂ ਬਾਰੇ ਚੁੱਪੀ ਕੌਮਾਂਤਰੀ ਪੱਧਰ ਤੇ ਭਾਰਤ ਦੀ ਸਾਖ਼ ਡੇਗ ਰਹੀ ਹੈ ਕਿਉਂਕਿ ਉਹ ਦੇਸ਼ ਦੀ ਸਰਕਾਰ ਦੇ ਮੁਖੀ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸਾਰਾ ਜ਼ਿੰਮਾ ਉਨ੍ਹਾਂ ਦਾ ਹੈ। ਪਾਰਟੀ ਆਗੂਆਂ ਨੇ ਫਿਰ ਦੁਹਰਾਇਆ ਕਿ ਅਜੇ ਮਿਸ਼ਰਾ ਨੂੰ ਫੌਰਨ ਬਰਖਾਸਤ ਕਰ ਕੇ ਉਸ ਦੇ ਬੇਟੇ ਤੇ ਕਤਲ ਦਾ ਮੁਕੱਦਮਾ ਚਲਾਇਆ ਜਾਏ ਅਤੇ ਯੂਪੀ ਸਰਕਾਰ ਨੂੰ ਵੀ ਤੁਰੰਤ ਬਰਖਾਸਤ ਕੀਤਾ ਜਾਏ।
ਪਹਿਲਾਂ ਮੁਸਲਮਾਨਾਂ ਨੂੰ ਪਾਕਿਸਤਾਨੀ ਦੱਸਿਆ ਗਿਆ, ਹੁਣ ਸਿੱਖਾਂ ਨੂੰ ਬੱਬਰ ਖ਼ਾਲਸਾ ਤੇ ਖ਼ਾਲਿਸਤਾਨੀ ਦੱਸਿਆ ਜਾ ਰਿਹਾ ਹੈ। ਵਿਰੋਧ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਦੱਸਿਆ ਜਾ ਰਿਹਾ ਹੈ ਅਤੇ ਆਮ ਨਾਗਰਿਕਾਂ ਜਿਵੇਂ ਕਿ ਮੁਨੀਸ਼ ਗੁਪਤਾ ਦਾ ਪੁਲੀਸ ਦੁਆਰਾ ਕਤਲ ਅਤੇ ਪੁਲੀਸ ਦੇ ਇੰਸਪੈਕਟਰ ਸੁਬੋਧ ਕੁਮਾਰ ਦਾ ਭਾਜਪਾ ਦੀਆਂ ਭੀੜਾਂ ਦੁਆਰਾ ਕਤਲ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਦਾ ਸੂਚਕ ਹਨ।
ਪਾਰਟੀ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਿਆ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਏ ਅਤੇ ਉਨ੍ਹਾਂ ਦੇ ਘਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੀ ਇਨਕੁਆਇਰੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਇਸ ਮੌਕੇ ਤੇ ਵਿਚਾਰ ਦੇਣ ਵਾਲਿਆਂ ਵਿੱਚ ਪਾਰਟੀ ਦੇ ਜ਼ਿਲਾ ਸਹਾਇਕ-ਡਾ ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਮਨਿੰਦਰ ਸਿੰਘ ਭਾਟੀਆ, ਚਰਨ ਸਰਾਭਾ, ਡਾ ਗਗਨਦੀਪ ,ਡਾ ਅੰਕੁਸ਼ ਕੁਮਾਰ, ਕੇਵਲ ਬੱਨਵੈਤ, ਨਵਲ ਛਿੱਬੜ, ਡਾ. ਪਰਮ ਸੈਣੀ, ਵਿਜੇ ਕੁਮਾਰ ਅਤੇ ਗਗਨ ਸ਼ਾਮਿਲ ਸਨ। ਰੈਲੀ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
No comments:
Post a Comment