11th September 2021 at 4:29 PM
27 ਸਤੰਬਰ ਦੇ ਕਿਸਾਨ ਭਾਰਤ ਬੰਦ ਦੀ ਹਮਾਇਤ--ਖੱਬੀਆਂ ਪਾਰਟੀਆਂ
ਚੰਡੀਗੜ੍ਹ:11 ਸਤੰਬਰ 2021:(ਕਾਮਰੇਡ ਸਕਰੀਨ ਬਿਊਰੋ)::
ਜਲਿਆਂਵਾਲਾ ਬਾਗ ਦੇ ਇਤਿਹਾਸਿਕ ਸਰੂਪ ਨਾਲ ਛੇੜਛਾੜ ਅਸਲ ਵਿੱਚ ਉਹਨਾਂ ਧਾਰਮਿਕ ਜਜ਼ਬਾਤਾਂ ਨਾਲ ਵੀ ਛੇੜਛਾੜ ਹੈ ਜਿਹੜੇ ਉਹਨਾਂ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨਾਲ ਜੁੜੇ ਹੋਏ ਹਨ ਜਿਹਨਾਂ ਦਾ ਧਰਮ ਅਸਲੀ ਤੌਰ ਤੇ ਰਾਸ਼ਟਰ ਧਰਮ ਹੈ। ਜਿਹਨਾਂ ਨੇ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਹੀ ਆਪਣਾ ਅਸਲੀ ਅਤੇ ਸਭ ਤੋਂ ਉੱਚਾ ਧਰਮ ਸਮਝਿਆ ਹੈ। ਜਿਹਨਾਂ ਨੂੰ ਜਲ੍ਹਿਆਂਵਾਲਾ ਬਾਗ ਜਾ ਕੇ ਲੱਗਦਾ ਸੀ ਕਿ ਉਹ ਆਪਣੇ ਪੁਰਖਿਆਂ ਦੇ ਕੋਲ ਆਏ ਹਨ। ਉਹਨਾਂ ਪੁਰਾਣੀਆਂ ਕੰਧਾਂ ਤੇ ਹੱਥ ਫੇਰਦਿਆਂ ਜਿਹਨਾਂ ਨੂੰ ਮਹਿਸੂਸ ਹੁੰਦਾ ਹੈ ਸੀ ਕਿ ਅਸੀਂ ਉਹਨਾਂ ਦੇ ਜ਼ਖਮੀ ਪੀਂਦਿਆਂ ਤੇ ਹੱਥ ਫੇਰ ਰਹੇ ਹਾਂ। ਖੂਹ ਦੇ ਕੋਲੋਂ ਲੰਘਦਿਆਂ ਜਿਹਨਾਂ ਨੂੰ ਉਸ ਗੋਲੀਕਾਂਡ ਵੇਲੇ ਇਸ ਖੂਹ ਵਿਚ ਛਾਲਾਂ ਮਾਰਨ ਵਾਲੇ ਬੇਬਸ ਭਾਰਤੀਆਂ ਦੀਆਂ ਮਨੋਅਵਸਥਾਵਾਂ ਦੇ ਨਾਲ ਨਾਲ ਉਹਨਾਂ ਦੀਆਂ ਸ਼ਕਲਾਂ ਦੇ ਝੌਲੇ ਵੀ ਪੈਂਦੇ ਸਨ। ਇਸ ਤਰ੍ਹਾਂ ਇਸ ਅਸਥਾਨ ਨਾਲ ਜੁੜੇ ਹੋਏ ਉਹ ਸਾਰੇ ਲੋਕ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਨੂੰ ਆਪਣੇ ਨਾਲ ਨਾਲ ਛੱਲ ਹੋ ਗਿਆ ਹੈ। ਇਸ ਛੱਲ ਦੇ ਖਿਲਾਫ ਗੰਭੀਰ ਨੋਟਿਸ ਲਿਆ ਹੈ ਖੱਬੀਆਂ ਪਾਰਟੀਆਂ ਨੇ।
ਅੱਜ ਇਥੇ ਖੱਬੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਨੇ ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਬਦਲਣ ਦੀਆਂ ਕੇਂਦਰੀ ਸਰਕਾਰ ਦੀਆਂ ਸਾਜ਼ਿਸ਼ਾਂ ਦੀ ਨਿਖੇਧੀ ਕਰਦਿਆਂ ਆਖਿਆ ਹੈ ਕਿ ਮੋਦੀ ਸਰਕਾਰ ਆਜ਼ਾਦੀ ਸੰਗਰਾਮ ਦੀ ਮਹਾਨ ਇਤਿਹਾਸਕ ਯਾਦਗਾਰ ਜਲ੍ਹਿਆਂਵਾਲਾ ਬਾਗ ਦੇ ਬੁਨਿਆਦੀ ਢਾਂਚੇ ਨੂੰ ਬਦਲਕੇ ਵਿਗਾੜਣ ਦੇ ਯਤਨਾਂ ਵਿਚ ਹੈ ਜਿਹੜਾ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਸਾਥੀ ਬੰਤ ਸਿੰਘ ਬਰੜ ਦੀ ਪ੍ਰਧਾਨਗੀ ਹੇਠ ਅਜੈ ਭਵਨ, ਸੀਪੀਆਈ ਦੇ ਦਫਤਰ ਚੰਡੀਗੜ੍ਹ ਵਿਚ ਹੋਈ। ਖੱਬੀਆਂ ਪਾਰਟੀਆਂ ਦੀ ਮੀਟਿੰਗ ਵਿਚ ਵਿਚਾਰ ਕਰਦਿਆਂ ਹੋਇਆਂ ਆਖਿਆ ਗਿਆ ਹੈ ਕਿ ਦੁਨੀਆਂ ਵਿਚ ਇਤਿਹਾਸਕ ਯਾਦਗਾਰਾਂ ਨੂੰ ਸਾਰੇ ਦੇਸਾਂ ਨੇ ਸੰਭਾਲ ਕੇ ਰਖਿਆ ਹੋਇਆ ਹੈ ਪਰ ਮੋਦੀ ਦੀ ਆਰਐਸਐਸ ਭਾਜਪਾ ਸਰਕਾਰ ਨੂੰ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਯਾਦਗਾਰ ਸ਼ਾਇਦ ਇਸ ਕਰਕੇ ਰਾਸ ਨਹੀਂ ਆਉਂਦੀ ਕਿਉਂਕਿ ਜਦੋਂ ਅੰਗਰੇਜ਼ ਇਸ ਜਲ੍ਹਿਆਂਵਾਲਾ ਬਾਗ ਵਿਚ ਖੂਨੀ ਖੇਡ ਖੇਡ ਰਹੇ ਸਨ ਤਾਂ ਆਰਐਸਐਸ ਅੰਗਰੇਜ਼ਾਂ ਦੀ ਹਮਾਇਤ ਕਰ ਰਹੀ ਸੀ।
ਇਹਨਾਂ ਖੱਬੀਆਂ ਪਾਰਟੀਆਂ ਨੇ ਇਸ ਮੌਕੇ ਕਿਸਾਨੀ ਅੰਦੋਲਨ ਦੀ ਭਰਪੂਰ ਹਮਾਇਤ ਕਰਦਿਆਂ ਹੋਇਆਂ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਂਰਤ ਬੰਦ ਦੀ ਵੀ ਪੂਰਣ ਹਮਾਇਤ ਕੀਤੀ ਹੈ ਤੇ ਇਸ ਸੰਬੰਧੀ ਖੱਬੀਆਂ ਪਾਰਟੀਆਂ ਦੀ ਜ਼ਿਲਾ ਪੱਧਰ ’ਤੇ ਮੀਟਿੰਗਾਂ ਕਰਕੇ ਇਸਨੂੰ ਸਫਲ ਬਨਾਉਣ ਦਾ ਫੈਸਲਾ ਵੀ ਹੋਇਆ ਹੈ।
ਚੋਣਾਂ ਦੇ ਸੰਬੰਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਕਿ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਤਕ ਚੋਣ ਰੈਲੀਆਂ ਨਾ ਕੀਤੀਆਂ ਜਾਣ ਦੀ ਵੀ ਹਮਾਇਤ ਕੀਤੀ ਗਈ। ਮੀਟਿੰਗ ਵਿਚ ਸਰਵਸਾਥੀ ਬੰਤ ਬਰਾੜ ਤੇ ਗੁਰਨਾਮ ਕੰਵਰ (ਦੋਨੋਂ ਸੀਪੀਆਈ), ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾ ਰਾਏ, ਪ੍ਰੋਫੈਸਰ ਜੈਪਾਲ (ਤਿੰਨੇ ਆਰਐਮਪੀਆਈ), ਗੁਰਮੀਤ ਬਖਤੂਪਰਾ, ਰਾਜਵਿੰਦਰ ਰਾਣਾ (ਦੋੋਨੋਂ ਸੀਪੀਆਈ ਐਮਐਲ ਲਿਬਰੇਸ਼ਨ) ਸ਼ਾਮਲ ਹੋਏ। ਅਗਲੀ ਮੀਟਿੰਗ 18 ਸਤੰਬਰ ਨੂੰ ਜਲੰਧਰ ਵਿਖੇ ਦੇਸ਼ਭਗਤ ਯਾਦਗਾਰ ਹਾਲ ਵਿਚ ਕਰਨ ਦਾ ਫੈਸਲਾ ਲਿਆ ਗਿਆ ਹੈ।
No comments:
Post a Comment