ਸੀਪੀਆਈ ਦੀ ਕੋਲਮ ਕੇਰਲ ਕਾਨਫਰੰਸ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ
ਕੋਲਮ (ਕੇਰਲ): 28 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ)::
ਕੋਲਮ (ਕੇਰਲ): 28 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ)::
ਸੀਪੀਆਈ ਦੀ 23ਵੀਂ ਕੌਮੀ ਕਾਨਫਰੰਸ ਐਤਵਾਰ 29 ਅਪਰੈਲ 2018 ਨੂੰ ਸਮਾਪਤ ਹੋ ਜਾਣੀ ਹੈ। ਬਹਿਸ ਨਾਲ ਸਬੰਧਤ ਇਸ ਦੇ ਅੰਤਲੇ ਅਜਲਾਸ ਵਿੱਚ ਕੰਨਈਆ ਕੁਮਾਰ ਦੀ ਤਕਰੀਰ ਨੇ ਇੱਕ ਨਵੀਂ ਬਹਿਸ ਛੇੜੀ ਹੈ। ਇਹ ਤਕਰੀਰ ਉਹਨਾਂ ਕਾਮਰੇਡਾਂ ਨੂੰ ਸ਼ਾਇਦ ਚੰਗੀ ਨਾ ਲੱਗੀ ਹੋਵੇ ਜਿਹੜੇ ਅਜੇ ਵੀ ਕਾਂਗਰਸ ਪਾਰਟੀ ਵਿੱਚ ਇੰਦਰਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵਾਲਾ ਅਕਸ ਦੇਖ ਰਹੇ ਹਨ। ਸਮੇਂ ਨੇ ਕਾਂਗਰਸ ਨੂੰ ਵੀ ਬਦਲ ਦਿੱਤਾ ਹੈ। ਬਾਬਰੀ ਮਸਜਿਦ ਨੂੰ ਢਾਇਆ ਜਾਣਾ, ਫਿਰ ਵਿੱਤੀ ਖੇਤਰਾਂ ਵਿੱਚ ਨਿਜੀਕਰਨ ਅਤੇ ਖੁੱਲੀਆਂ ਹਵਾਵਾਂ 'ਚ ਤੇਜ਼ੀ ਆਉਣੀ ਅਤੇ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਮੰਤਰੀ ਦੀ ਨਿਯੁਕਤੀ ਵੇਲੇ ਹਿੰਦੂ ਸੰਗਠਨਾਂ ਵੱਲੋਂ ਢੋਲ ਢਮੱਕੇ ਅਤੇ ਮਠਿਆਈਆਂ ਵੰਡਣੀਆਂ। ਜ਼ਾਹਿਰ ਹੈ ਹੁਣ ਕਾਂਗਰਸ ਪਾਰਟੀ ਪਹਿਲਾਂ ਵਾਲੀ ਨਹੀਂ ਰਹੀ। ਫਾਸ਼ੀਵਾਦ ਦਾ ਖਤਰਾ ਵੀ ਸਿਰ 'ਤੇ ਕੂਕ ਰਿਹਾ ਹੈ। ਖੱਬੀਆਂ ਪਾਰਟੀਆਂ ਦਾ ਕਮਜ਼ੋਰ ਹੋਇਆ ਆਧਾਰ ਵੀ ਸਾਹਮਣੇ ਹੈ। ਅਜਿਹੀ ਹਾਲਤ ਵਿੱਚ ਕੁਮਾਰ ਦਾ ਇਹ ਕਹਿਣਾ ਡੂੰਘੇ ਅਰਥ ਰੱਖਦਾ ਹੈ ਕਿ ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ।
ਭਾਰਤੀ ਕਮਿਊਨਿਸਟ ਪਾਰਟੀ ਦੀ ਕਾਮਰੇਡ ਏ ਬੀ ਬਰਧਨ ਨਗਰ ਵਿੱਚ ਚੱਲ ਰਹੀ 23ਵੀਂ ਪਾਰਟੀ ਕਾਂਗਰਸ ਆਪਣੇ ਅੰਤਮ ਪੜਾਅ ਵੱਲ ਵਧਣ ਤੋਂ ਪਹਿਲਾਂ ਉਸ ਵੇਲੇ ਸਿਖਰ 'ਤੇ ਪਹੁੰਚੀ ਦਿਖਾਈ ਦਿੱਤੀ, ਜਦੋਂ ਵਿਦਿਆਰਥੀ ਆਗੂ ਕਾਮਰੇਡ ਕੰਨਈਆ ਕੁਮਾਰ ਨੇ ਆਪਣੀ ਅਰਥ ਭਰਪੂਰ ਤੇ ਜੋਸ਼ੀਲੀ ਤਕਰੀਰ ਰਾਹੀਂ ਸਾਰੇ ਡੈਲੀਗੇਟਾਂ ਅੰਦਰ ਨਵਾਂ ਉਤਸ਼ਾਹ ਭਰ ਦਿੱਤਾ।
ਕੰਨਈਆ ਕੁਮਾਰ ਵੱਲੋਂ ਜੈ ਭੀਮ, ਲਾਲ ਸਲਾਮ ਆਖ ਕੇ ਸ਼ੁਰੂ ਕੀਤੀ ਤਕਰੀਰ ਨੇ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਦੇ ਕਾਰਜਸ਼ੀਲ ਰਹਿਣ ਦੇ ਬਾਵਜੂਦ ਇਨਕਲਾਬ ਦਾ ਰੰਗ ਫਿੱਕਾ ਪੈ ਜਾਣ ਦੇ ਕਾਰਨਾਂ ਦਾ ਬੜੇ ਹੀ ਭਾਵਪੂਰਤ ਤਰੀਕੇ ਨਾਲ ਡੈਲੀਗੇਟਾਂ ਨਾਲ ਸਾਂਝਾ ਕੀਤਾ।
ਖੱਬੀਆਂ ਧਿਰਾਂ ਦੀ ਏਕਤਾ ਦੇ ਹੋ ਰਹੇ ਵਾਰ-ਵਾਰ ਜ਼ਿਕਰ ਦੀ ਗੱਲ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਸਾਨੂੰ ਸਮਾਜ ਅੰਦਰ ਉੱਠ ਰਹੇ ਸਾਰੇ ਸਵਾਲਾਂ ਦੇ ਰੂ-ਬ-ਰੂ ਹੋ ਕੇ ਇੱਕ ਸਾਂਝਾ ਫਰੰਟ ਉਸਾਰਨ ਦੀ ਲੋੜ ਹੈ। ਕਾਂਗਰਸ ਨਾਲ ਵੋਟਾਂ ਦਾ ਲੈ-ਦੇ ਕਰਨ ਦੇ ਚਰਚਿਆਂ ਦੇ ਸੰਦਰਭ ਵਿੱਚ ਕਾਮਰੇਡ ਕੰਨਈਆ ਨੇ ਕਿਹਾ ਕਿ ਸਾਨੂੰ ਸਾਡੇ ਘਰ (ਕਮਿਊਨਿਸਟ ਪਾਰਟੀ) ਦੀ ਸਥਿਤੀ ਮਜ਼ਬੂਤ ਕਰਨੀ ਹੋਵੇਗੀ, ਫਿਰ ਸਾਨੂੰ ਕਾਂਗਰਸ ਵੱਲ ਨਹੀਂ ਬਲਕਿ ਕਾਂਗਰਸ ਨੂੰ ਸਾਡੇ ਵੱਲ ਆਉਣਾ ਪਵੇਗਾ। ਉਹਨਾਂ ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ। ਕਾਂਗਰਸ ਪਾਰਟੀ ਨੂੰ ਜੇਕਰ ਬਿਹਾਰ ਵਰਗੇ ਸੂਬੇ ਵਿੱਚ ਸਿਆਸੀ ਸਮਝੌਤਾ ਕਰਨ ਦੀ ਲੋੜ ਹੋਵੇਗੀ ਤਾਂ ਉਹ ਆਰ ਜੇ ਡੀ ਨੂੰ ਪਹਿਲ ਦੇਵੇਗੀ। ਕੰਨਈਆ ਕੁਮਾਰ ਨੇ ਕਿਹਾ ਕਿ ਇਸ ਮੁਲਕ ਲਈ ਸਭ ਤੋਂ ਵੱਧ ਕਮਿਊਨਿਸਟਾਂ ਨੇ ਕੁਰਬਾਨੀਆਂ ਦਿੱਤੀਆਂ, ਪਰ ਮੌਜੂਦਾ ਹਾਕਮਾਂ ਵੱਲੋਂ ਉਨ੍ਹਾਂ ਨੂੰ ਹੀ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਥਿਤੀ ਪੈਦਾ ਕਿਉਂ ਹੋਈ, ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਵਿਦਿਆਰਥੀ ਆਗੂ ਨੇ ਯੂਨਾਈਟਿਡ ਫਰੰਟ ਦੀ ਰੂਪ-ਰੇਖਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਦਲਿਤਾਂ, ਪੱਛੜਿਆਂ, ਅੱਤ ਪੱਛੜਿਆਂ ਅਤੇ ਔਰਤਾਂ ਆਦਿ ਵਰਗਾਂ ਦੀ ਬਰਾਬਰ ਦੀ ਸ਼ਮੂਲੀਅਤ ਹੋਵੇਗੀ। ਫਾਸ਼ੀਵਾਦ ਦੇ ਖ਼ਤਰਨਾਕ ਰੂਪ ਦਾ ਜ਼ਿਕਰ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਇਹ ਮਾਨਵਤਾ ਨੂੰ ਕਤਲ ਕਰਨ ਵਾਲੀ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦੇ ਖਾਤਮੇ ਲਈ ਕਮਿਊਨਿਸਟਾਂ ਨੂੰ ਹੀ ਅੱਗੇ ਆਉਣਾ ਪਵੇਗਾ।
ਸਿਰਫ਼ ਸੱਤ ਮਿੰਟ ਦੇ ਮਿਲੇ ਸਮੇਂ ਵਿੱਚ ਆਪਣੀ ਗੱਲ ਸਮੇਟਦਿਆਂ ਕੰਨਈਆ ਕੁਮਾਰ ਨੇ ਕਿਹਾ ਕਿ ਅੰਬੇਡਕਰ, ਭਗਤ ਸਿੰਘ ਅਤੇ ਬਿਰਸਾ ਮੁੰਡਾ ਦੀ ਵਿਚਾਰਧਾਰਾ ਦਾ ਸੁਮੇਲ ਕਰਕੇ ਤੇ ਇਸ ਨੂੰ ਜ਼ਿੰਦਾ ਰੱਖਣ ਲਈ ਯੂਨਾਈਟਿਡ ਫਰੰਟ ਉਸਾਰਨਾ ਅਜੋਕੇ ਸਮਿਆਂ ਦੀ ਪਹਿਲੀ ਲੋੜ ਹੈ।
ਇਸ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ 'ਤੇ ਚੱਲ ਰਹੀ ਬਹਿਸ ਵਿੱਚ ਇਪਟਾ ਵੱਲੋਂ ਰਕੇਸ਼, ਇਸਤਰੀ ਵਿਭਾਗ ਵੱਲੋਂ ਕਾਮਰੇਡ ਅਰੁਣਾ ਸਿਨਹਾ, ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਕਾਮਰੇਡ ਤ੍ਰਿਪਲਾਏ, ਘੱਟ ਗਿਣਤੀਆਂ ਵੱਲੋਂ ਕਾਮਰੇਡ ਸੁਹੇਬ ਸ਼ੇਰਵਾਨੀ, ਟੀਚਰਜ਼ ਫਰੰਟ ਵੱਲੋਂ ਕਾ. ਭੋਲਾ ਪਾਸਵਾਨ ਅਤੇ ਕਾਮਰੇਡ ਮਲਿੰਦ ਰਾਨਾਡੇ ਵੱਲੋਂ ਹਿੱਸਾ ਲਿਆ ਗਿਆ। ਕੰਨਈਆ ਕੁਮਾਰ ਦੀ ਤਕਰੀਰ ਨਾਲ ਬਹਿਸ ਵਾਲੇ ਸੈਸ਼ਨ ਦੀ ਸਮਾਪਤੀ ਹੋ ਗਈ। ਇਸ ਕਾਨਫਰੰਸ ਰਾਹੀਂ ਸੀਪੀਆਈ ਦੇ ਸੰਗਰਾਮਾਂ ਨਨ ਨਵੀਂ ਦਿਸ਼ਾ ਦੇਣ ਵਾਲੇ ਰਾਜਨੀਤਕ ਪ੍ਰ੍ਸਤਾਵਾਂ ਵਿੱਚ ਸੋਧ ਕਰਨ ਦੀ ਵਿਚਾਰ ਚਰਚਾ ਕਿਸ ਨੁਕਤੇ 'ਤੇ ਮੁੱਕਦੀ ਹੈ ਇਸਦਾ ਐਲਾਨ ਸ਼ਾਇਦ ਕਲ 29 ਅਪਰੈਲ ਨੂੰ ਖੁੱਲੇਆਮ ਕਰ ਦਿੱਤਾ ਜਾਵੇ।
No comments:
Post a Comment