Showing posts with label Kollam. Show all posts
Showing posts with label Kollam. Show all posts

Saturday, April 28, 2018

ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ-ਕੰਨਈਆ ਕੁਮਾਰ

ਸੀਪੀਆਈ ਦੀ ਕੋਲਮ ਕੇਰਲ ਕਾਨਫਰੰਸ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ 
ਕੋਲਮ (ਕੇਰਲ): 28 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ):: 
ਸੀਪੀਆਈ ਦੀ 23ਵੀਂ ਕੌਮੀ ਕਾਨਫਰੰਸ ਐਤਵਾਰ 29 ਅਪਰੈਲ 2018 ਨੂੰ ਸਮਾਪਤ ਹੋ ਜਾਣੀ ਹੈ। ਬਹਿਸ ਨਾਲ ਸਬੰਧਤ ਇਸ ਦੇ ਅੰਤਲੇ ਅਜਲਾਸ ਵਿੱਚ ਕੰਨਈਆ ਕੁਮਾਰ ਦੀ ਤਕਰੀਰ ਨੇ ਇੱਕ ਨਵੀਂ ਬਹਿਸ ਛੇੜੀ ਹੈ। ਇਹ ਤਕਰੀਰ ਉਹਨਾਂ ਕਾਮਰੇਡਾਂ ਨੂੰ ਸ਼ਾਇਦ ਚੰਗੀ ਨਾ ਲੱਗੀ ਹੋਵੇ ਜਿਹੜੇ ਅਜੇ ਵੀ ਕਾਂਗਰਸ ਪਾਰਟੀ ਵਿੱਚ ਇੰਦਰਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ  ਨਹਿਰੂ ਵਾਲਾ ਅਕਸ ਦੇਖ ਰਹੇ ਹਨ। ਸਮੇਂ ਨੇ ਕਾਂਗਰਸ ਨੂੰ ਵੀ ਬਦਲ ਦਿੱਤਾ ਹੈ। ਬਾਬਰੀ ਮਸਜਿਦ ਨੂੰ ਢਾਇਆ ਜਾਣਾ, ਫਿਰ ਵਿੱਤੀ ਖੇਤਰਾਂ ਵਿੱਚ ਨਿਜੀਕਰਨ ਅਤੇ ਖੁੱਲੀਆਂ ਹਵਾਵਾਂ 'ਚ ਤੇਜ਼ੀ ਆਉਣੀ ਅਤੇ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਮੰਤਰੀ ਦੀ ਨਿਯੁਕਤੀ ਵੇਲੇ ਹਿੰਦੂ ਸੰਗਠਨਾਂ ਵੱਲੋਂ ਢੋਲ ਢਮੱਕੇ ਅਤੇ ਮਠਿਆਈਆਂ ਵੰਡਣੀਆਂ। ਜ਼ਾਹਿਰ ਹੈ ਹੁਣ ਕਾਂਗਰਸ ਪਾਰਟੀ ਪਹਿਲਾਂ ਵਾਲੀ ਨਹੀਂ ਰਹੀ। ਫਾਸ਼ੀਵਾਦ ਦਾ ਖਤਰਾ ਵੀ ਸਿਰ 'ਤੇ ਕੂਕ ਰਿਹਾ ਹੈ। ਖੱਬੀਆਂ ਪਾਰਟੀਆਂ ਦਾ ਕਮਜ਼ੋਰ ਹੋਇਆ ਆਧਾਰ ਵੀ ਸਾਹਮਣੇ ਹੈ। ਅਜਿਹੀ ਹਾਲਤ ਵਿੱਚ ਕੁਮਾਰ ਦਾ ਇਹ ਕਹਿਣਾ ਡੂੰਘੇ ਅਰਥ ਰੱਖਦਾ ਹੈ ਕਿ  ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ। 
ਭਾਰਤੀ ਕਮਿਊਨਿਸਟ ਪਾਰਟੀ ਦੀ ਕਾਮਰੇਡ ਏ ਬੀ ਬਰਧਨ ਨਗਰ ਵਿੱਚ ਚੱਲ ਰਹੀ 23ਵੀਂ ਪਾਰਟੀ ਕਾਂਗਰਸ ਆਪਣੇ ਅੰਤਮ ਪੜਾਅ ਵੱਲ ਵਧਣ ਤੋਂ ਪਹਿਲਾਂ ਉਸ ਵੇਲੇ ਸਿਖਰ 'ਤੇ ਪਹੁੰਚੀ ਦਿਖਾਈ ਦਿੱਤੀ, ਜਦੋਂ ਵਿਦਿਆਰਥੀ ਆਗੂ ਕਾਮਰੇਡ ਕੰਨਈਆ ਕੁਮਾਰ ਨੇ ਆਪਣੀ ਅਰਥ ਭਰਪੂਰ ਤੇ ਜੋਸ਼ੀਲੀ ਤਕਰੀਰ ਰਾਹੀਂ ਸਾਰੇ ਡੈਲੀਗੇਟਾਂ ਅੰਦਰ ਨਵਾਂ ਉਤਸ਼ਾਹ ਭਰ ਦਿੱਤਾ।
ਕੰਨਈਆ ਕੁਮਾਰ ਵੱਲੋਂ ਜੈ ਭੀਮ, ਲਾਲ ਸਲਾਮ ਆਖ ਕੇ ਸ਼ੁਰੂ ਕੀਤੀ ਤਕਰੀਰ ਨੇ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਦੇ ਕਾਰਜਸ਼ੀਲ ਰਹਿਣ ਦੇ ਬਾਵਜੂਦ ਇਨਕਲਾਬ ਦਾ ਰੰਗ ਫਿੱਕਾ ਪੈ ਜਾਣ ਦੇ ਕਾਰਨਾਂ ਦਾ ਬੜੇ ਹੀ ਭਾਵਪੂਰਤ ਤਰੀਕੇ ਨਾਲ ਡੈਲੀਗੇਟਾਂ ਨਾਲ ਸਾਂਝਾ ਕੀਤਾ।
ਖੱਬੀਆਂ ਧਿਰਾਂ ਦੀ ਏਕਤਾ ਦੇ ਹੋ ਰਹੇ ਵਾਰ-ਵਾਰ ਜ਼ਿਕਰ ਦੀ ਗੱਲ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਸਾਨੂੰ ਸਮਾਜ ਅੰਦਰ ਉੱਠ ਰਹੇ ਸਾਰੇ ਸਵਾਲਾਂ ਦੇ ਰੂ-ਬ-ਰੂ ਹੋ ਕੇ ਇੱਕ ਸਾਂਝਾ ਫਰੰਟ ਉਸਾਰਨ ਦੀ ਲੋੜ ਹੈ। ਕਾਂਗਰਸ ਨਾਲ ਵੋਟਾਂ ਦਾ ਲੈ-ਦੇ ਕਰਨ ਦੇ ਚਰਚਿਆਂ ਦੇ ਸੰਦਰਭ ਵਿੱਚ ਕਾਮਰੇਡ ਕੰਨਈਆ ਨੇ ਕਿਹਾ ਕਿ ਸਾਨੂੰ ਸਾਡੇ ਘਰ (ਕਮਿਊਨਿਸਟ ਪਾਰਟੀ) ਦੀ ਸਥਿਤੀ ਮਜ਼ਬੂਤ ਕਰਨੀ ਹੋਵੇਗੀ, ਫਿਰ ਸਾਨੂੰ ਕਾਂਗਰਸ ਵੱਲ ਨਹੀਂ ਬਲਕਿ ਕਾਂਗਰਸ ਨੂੰ ਸਾਡੇ ਵੱਲ ਆਉਣਾ ਪਵੇਗਾ। ਉਹਨਾਂ  ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ। ਕਾਂਗਰਸ ਪਾਰਟੀ ਨੂੰ ਜੇਕਰ ਬਿਹਾਰ ਵਰਗੇ ਸੂਬੇ ਵਿੱਚ ਸਿਆਸੀ ਸਮਝੌਤਾ ਕਰਨ ਦੀ ਲੋੜ ਹੋਵੇਗੀ ਤਾਂ ਉਹ ਆਰ ਜੇ ਡੀ ਨੂੰ ਪਹਿਲ ਦੇਵੇਗੀ। ਕੰਨਈਆ ਕੁਮਾਰ ਨੇ ਕਿਹਾ ਕਿ ਇਸ ਮੁਲਕ ਲਈ ਸਭ ਤੋਂ ਵੱਧ ਕਮਿਊਨਿਸਟਾਂ ਨੇ ਕੁਰਬਾਨੀਆਂ ਦਿੱਤੀਆਂ, ਪਰ ਮੌਜੂਦਾ ਹਾਕਮਾਂ ਵੱਲੋਂ ਉਨ੍ਹਾਂ ਨੂੰ ਹੀ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਥਿਤੀ ਪੈਦਾ ਕਿਉਂ ਹੋਈ, ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਵਿਦਿਆਰਥੀ ਆਗੂ ਨੇ ਯੂਨਾਈਟਿਡ ਫਰੰਟ ਦੀ ਰੂਪ-ਰੇਖਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਦਲਿਤਾਂ, ਪੱਛੜਿਆਂ, ਅੱਤ ਪੱਛੜਿਆਂ ਅਤੇ ਔਰਤਾਂ ਆਦਿ ਵਰਗਾਂ ਦੀ ਬਰਾਬਰ ਦੀ ਸ਼ਮੂਲੀਅਤ ਹੋਵੇਗੀ। ਫਾਸ਼ੀਵਾਦ ਦੇ ਖ਼ਤਰਨਾਕ ਰੂਪ ਦਾ ਜ਼ਿਕਰ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਇਹ ਮਾਨਵਤਾ ਨੂੰ ਕਤਲ ਕਰਨ ਵਾਲੀ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦੇ ਖਾਤਮੇ ਲਈ ਕਮਿਊਨਿਸਟਾਂ ਨੂੰ ਹੀ ਅੱਗੇ ਆਉਣਾ ਪਵੇਗਾ।
ਸਿਰਫ਼ ਸੱਤ ਮਿੰਟ ਦੇ ਮਿਲੇ ਸਮੇਂ ਵਿੱਚ ਆਪਣੀ ਗੱਲ ਸਮੇਟਦਿਆਂ ਕੰਨਈਆ ਕੁਮਾਰ ਨੇ ਕਿਹਾ ਕਿ ਅੰਬੇਡਕਰ, ਭਗਤ ਸਿੰਘ ਅਤੇ ਬਿਰਸਾ ਮੁੰਡਾ ਦੀ ਵਿਚਾਰਧਾਰਾ ਦਾ ਸੁਮੇਲ ਕਰਕੇ ਤੇ ਇਸ ਨੂੰ ਜ਼ਿੰਦਾ ਰੱਖਣ ਲਈ ਯੂਨਾਈਟਿਡ ਫਰੰਟ ਉਸਾਰਨਾ ਅਜੋਕੇ ਸਮਿਆਂ ਦੀ ਪਹਿਲੀ ਲੋੜ ਹੈ। 
ਇਸ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ 'ਤੇ ਚੱਲ ਰਹੀ ਬਹਿਸ ਵਿੱਚ ਇਪਟਾ ਵੱਲੋਂ ਰਕੇਸ਼, ਇਸਤਰੀ ਵਿਭਾਗ ਵੱਲੋਂ ਕਾਮਰੇਡ ਅਰੁਣਾ ਸਿਨਹਾ, ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਕਾਮਰੇਡ ਤ੍ਰਿਪਲਾਏ, ਘੱਟ ਗਿਣਤੀਆਂ ਵੱਲੋਂ ਕਾਮਰੇਡ ਸੁਹੇਬ ਸ਼ੇਰਵਾਨੀ, ਟੀਚਰਜ਼ ਫਰੰਟ ਵੱਲੋਂ ਕਾ. ਭੋਲਾ ਪਾਸਵਾਨ ਅਤੇ ਕਾਮਰੇਡ ਮਲਿੰਦ ਰਾਨਾਡੇ ਵੱਲੋਂ ਹਿੱਸਾ ਲਿਆ ਗਿਆ। ਕੰਨਈਆ ਕੁਮਾਰ ਦੀ ਤਕਰੀਰ ਨਾਲ ਬਹਿਸ ਵਾਲੇ ਸੈਸ਼ਨ ਦੀ ਸਮਾਪਤੀ ਹੋ ਗਈ। ਇਸ ਕਾਨਫਰੰਸ ਰਾਹੀਂ ਸੀਪੀਆਈ ਦੇ ਸੰਗਰਾਮਾਂ ਨਨ ਨਵੀਂ ਦਿਸ਼ਾ ਦੇਣ ਵਾਲੇ ਰਾਜਨੀਤਕ ਪ੍ਰ੍ਸਤਾਵਾਂ ਵਿੱਚ ਸੋਧ ਕਰਨ ਦੀ ਵਿਚਾਰ ਚਰਚਾ ਕਿਸ ਨੁਕਤੇ 'ਤੇ ਮੁੱਕਦੀ ਹੈ ਇਸਦਾ ਐਲਾਨ ਸ਼ਾਇਦ ਕਲ 29 ਅਪਰੈਲ ਨੂੰ ਖੁੱਲੇਆਮ ਕਰ ਦਿੱਤਾ ਜਾਵੇ। 

Tuesday, April 24, 2018

ਖੱਬੀ ਏਕਤਾ ਮੁਹਿੰਮ ਨੂੰ ਹੋਰ ਮਜ਼ਬੂਤ ਕਰੇਗੀ CPI ਦੀ ਕੇਰਲ ਕਾਨਫਰੰਸ

ਫਾਸ਼ੀ ਤਾਕਤਾਂ ਵਿਰੁੱਧ ਜੁਝਾਰੂ ਸੰਗਰਾਮਾਂ ਦੀ ਵੀ ਤਿਆਰੀ
ਕੋਲਮ (ਕੇਰਲ):: 24 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਅੱਜ ਦੇ ਨਾਜ਼ੁਕ ਹਾਲਾਤਾਂ ਵਿੱਚ ਸੀਪੀਆਈ ਦੀ 23 ਵੀ ਕੌਮੀ ਕਾਂਗਰਸ ਕੱਲ 25 ਅਪਰੈਲ ਨੂੰ ਸ਼ੁਰੂ ਹੋ ਰਹੀ ਹੈ। ਇਸੇ ਦੌਰਾਨ ਸੀਪੀਆਈ (ਐਮ) ਦੀ ਕੌਮੀ ਕਾਂਗਰਸ 18 ਤੋਂ 22 ਅਪਰੈਲ ਤੱਕ ਹੋ ਚੁੱਕੀ ਹੈ। ਸੀਪੀਐਮ ਦੀ 22ਵੀਂ ਕੌਮੀ ਕਾਂਗਰਸ ਦੌਰਾਨ ਹੋਏ ਫੈਸਲੇ ਅਤੇ ਸੀਪੀਆਈ ਦੀ 23ਵੀਂ ਕੌਮੀ ਕਾਂਗਰਸ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਤੋਂ ਮਹਿਸੂਸ ਹੁੰਦਾ ਹੈ ਕਿ ਖੱਬੀ ਏਕਤਾ ਦਾ ਅਧਾਰ ਹੁਣ ਹੋਰ ਹੋਵੇਗਾ। ਰਲੇਵਾਂ ਭਾਵੇਂ ਅਜੇ ਦੂਰ ਦੀ ਗੱਲ ਜਾਪਦਾ ਹੋਵੇ ਪਰ ਟਕਰਾਓ ਵਾਲੇ ਹਾਲਤ ਕਾਫੀ ਹੱਦ ਤੱਕ ਖਤਮ ਹੋ ਜਾਣਗੇ। ਫਾਸ਼ੀਵਾਦ ਦੇ ਨਿਰੰਤਰ ਵੱਧ ਰਹੇ ਖਤਰਿਆਂ ਵਿਰੁੱਧ ਸੰਘਰਸ਼ਾਂ ਦੇ ਰਸਤੇ ਅਤੇ ਰਣਨੀਤੀ ਕਾਫੀ ਹੱਦ ਤੱਕ ਇੱਕੋ ਹੋ ਸਕਦੀ ਹੈ। ਅਗਸਤ ਮਹੀਨੇ ਦੌਰਾਨ ਤਿਰਵੇਂਦਰਮ ਵਿੱਚ ਹੋਣ ਵਾਲੀ ਐਮ ਸੀ ਪੀ ਆਈ ਦੀ ਕੌਮੀ ਕਾਂਗਰਸ ਦੌਰਾਨ ਵੀ ਇਹਨਾਂ ਦਰਪੇਸ਼ ਔਕੜਾਂ ਨੂੰ ਲੈ ਕੇ ਏਕਤਾ ਵਾਲੇ ਫਾਰਮੂਲਿਆਂ ਉੱਤੇ ਮੋਹਰ ਲੱਗ ਸਕਦੀ ਹੈ। ਖੱਬੀਆਂ ਧਿਰਾਂ ਨਾਲ ਜੁੜੇ ਹੋਏ ਕੇਡਰ ਇਹਨਾਂ ਸੰਭਾਵਨਾਵਾਂ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ। ਖੱਬੀਆਂ ਧਿਰਾਂ ਵਿਚਲੀ ਏਕਤਾ ਦੀ ਲੋੜ ਵੀ ਚਿਰਾਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਇਸ ਬਾਰੇ ਬਹੁਤ ਦੇਰ ਤੋਂ ਬੜਾ ਕੁਝ ਕਿਹਾ ਸੁਣਿਆ ਵੀ ਜਾ ਰਿਹਾ ਸੀ ਪਰ ਇਸ ਵਾਰ ਅਮਲੀ ਉਪਰਾਲੇ ਤੇਜ਼ ਹੋਏ ਹਨ। ਇਸੇ ਦੌਰਾਨ ਖੁਸ਼ੀ ਵਾਲੀ ਗੱਲ ਹੈ ਕਿ ਮਾਂ ਪਾਰਟੀ ਸੀਪੀਆਈ ਨੇ ਜਿੱਥੇ ਇੱਕ ਵਾਰ ਫੇਰ ਸੰਗਰਾਮੀ ਪਾਰਟੀ ਵੱਜੋਂ ਉਭਰਨ ਲਈ ਠੋਸ ਅਤੇ ਨਵੀਂ ਰਣਨੀਤੀ ਬਣਾਈ ਹੈ ਉੱਥੇ ਆਪਸੀ ਏਕਤਾ ਵਾਲੇ ਮਾਹੌਲ ਨੂੰ ਵੀ ਉਤਸ਼ਾਹਿਤ ਕੀਤਾ ਹੈ। ਸੀਪੀਆਈ ਦੀਆ ਸੂਬਿਆਂ ਵਾਲੀਆਂ ਕਾਨਫਰੰਸਾਂ ਦੇ ਸੰਮੇਲਨਾਂ ਵਿੱਚ ਲੰਮੀਆਂ ਬਹਿਸਾਂ ਮਗਰੋਂ ਪਾਸ ਹੋਏ ਮਤਿਆਂ ਅਤੇ ਸੀਪੀਐਮ ਵਿੱਚ ਸੀਤਾ ਰਾਮ ਯੇਚੁਰੀ ਦਾ ਜਨਰਲ ਸਕੱਤਰ ਚੁਣੇ ਜਾਣ ਤੋਂ ਲੱਗਦਾ ਹੈ ਕਿ ਹੁਣ ਏਕਤਾ ਕੋਈ ਬਹੁਤੀ ਦੂਰ ਨਹੀਂ। ਘਟੋਘੱਟ ਖੱਬਾ ਸਾਂਝਾ ਮੁਹਾਜ਼ ਤਿਆਰ ਹੋਣ ਦੀਆਂ ਸੰਭਾਵਨਾਵਾਂ ਹੁਣ ਬਹੁਤ ਮਜ਼ਬੂਤ ਹਨ। ਵੱਡਾ ਖਤਰਾ ਕਾਂਗਰਸ ਹੈ ਜਾਂ ਫਾਸ਼ੀ ਤਾਕਤਾਂ? ਇਸ ਬਾਰੇ ਵੀ ਕਾਫੀ ਹੱਦ ਤੱਕ ਸਹਿਮਤੀ ਹੋ ਚੁੱਕੀ ਲੱਗਦੀ ਹੈ। ਖੱਬੀਆਂ ਧਿਰਾਂ ਵੱਲ ਸੇਧਿਤ ਹਮਲਿਆਂ ਵਿੱਚ ਆਈ ਤੇਜ਼ੀ ਦੇ ਨਾਲ ਨਾਲ ਲਗਾਤਾਰ ਵਧੀਆਂ ਲੋਕ ਮੁਸ਼ਕਲਾਂ ਨੇ ਇਸ ਖੱਬੀ ਏਕਤਾ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕਰਾਇਆ ਹੈ।
ਸੀਪੀਆਈ ਦੀ ਇਸ ਕੋਲਮ (ਕੇਰਲ) ਕਾਨਫਰੰਸ ਵਿੱਚ ਮਾਉਵਾਦੀਆਂ, ਨਕਸਲਵਾਦੀਆਂ ਅਤੇ ਲਾਲ ਝੰਡੇ ਨਾਲ ਜੁੜੀਆਂ ਹੋਰ ਤਾਕਤਾਂ ਬਾਰੇ ਵੀ ਡੂੰਘਾ ਵਿਸ਼ੇਲਸ਼ਨ ਅਤੇ ਵਿਚਾਰ ਵਟਾਂਦਰਾ ਹੋਵੇਗਾ , ਸੀਪੀਐਮ ਨਾਲ ਰਲੇਵੇਂ ਅਤੇ ਪਕੇਕਤਾ ਦਾ ਮੁੱਦਾ ਵੀ ਕੌਮੀ ਪੱਧਰ ਵਾਲੀ ਇਸ ਕਾਨਫਰੰਸ ਵਿੱਚ ਵਿਚਾਰਿਆ ਜਾਣਾ ਹੈ। ਇਸਦੇ ਨਾਲ ਹੀ ਆਨਲਾਈਨ ਮੀਡੀਆ ਦੀ ਵਰਤੋਂ ਅਤੇ ਪਾਰਟੀ ਦੇ ਬਜ਼ੁਰਗ ਕੇਡਰ ਨੂੰ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਨਿਪੁੰਨ ਬਣਾਉਣ ਬਾਰੇ ਵੀ ਫੈਸਲੇ ਲਏ ਜਾ ਸਕਣਗੇ।