Saturday, April 14, 2018

ਬਹੁਤ ਚੁਣੌਤੀਆਂ ਹਨ CPI ਦੇ ਨਵੇਂ ਸੂਬਾ ਸਕੱਤਰ ਬੰਤ ਬਰਾੜ ਦੇ ਸਾਹਮਣੇ

CPI ਛੇਤੀ ਹੀ ਮੁੜ ਨਜ਼ਰ ਆ ਸਕਦੀ ਹੈ ਖਾੜਕੂ ਸੰਗਰਾਮੀ ਵਾਲੇ ਰੂਪ ਵਿੱਚ 
ਚੰਡੀਗੜ: 14 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਛੇਤੀ ਹੀ ਆਪਣੀ ਸੰਗਰਾਮੀ ਅਤੇ ਜੋਸ਼ੀਲੀ ਭੂਮਿਕਾ ਵਾਲੀ ਸਾਖ ਫਿਰ ਬਹਾਲ ਕਰ ਸਕਦੀ ਹੈ। ਇਸਦਾ ਕਾਰਨ ਹੈ ਜੋਸ਼ੀਲੇ ਅਤੇ ਖਾੜਕੂ ਆਗੂ ਬੰਤ ਸਿੰਘ ਬਰਾੜ ਦੀ ਸੂਬਾ ਸਕੱਤਰ ਵੱਜੋਂ ਚੋਣ। 
ਨੌਜਵਾਨੀ ਦੇ ਵੇਲਿਆਂ ਤੋਂ ਹੀ ਲਾਲ ਝੰਡੇ ਨਾਲ ਜੁੜੇ ਹੋਏ ਆਗੂ ਕਾਮਰੇਡ ਬੰਤ ਸਿੰਘ ਬਰਾੜ ਨੂੰ ਅੱਜ ਚੰਡੀਗੜ ਵਿਖੇ ਹੋਈ ਸੀਪੀਆਈ ਦੀ ਸੂਬਾ  ਸਕੱਤਰੇਤ ਮੀਟਿੰਗ ਦੌਰਾਨ ਸੂਬਾ ਸਕੱਤਰ ਚੁਣ ਲਿਆ ਗਿਆ। ਖਾਸ ਗੱਲ ਇਹ ਹੈ ਕਿ ਇਹ ਚੋਣ ਸਰਬਸੰਮਤੀ ਨਾਲ ਹੋਈ। ਬੰਤ ਬਰਾੜ ਬਹੁਤ ਸਾਰੇ ਖਾੜਕੂ ਘੋਲਾਂ ਦੇ ਸਰਗਰਮੀ ਨਾਲ ਕੰਮ ਕਰਨ ਵਾਲੇ ਗਵਾਹ ਰਹੇ ਹਨ। ਉਹਨਾਂ ਪਾਰਟੀ ਦੇ ਉਤਰਾਵਾਂ ਚੜਾਵਾਂ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਕਈ ਵਾਰ ਪਾਰਟੀ ਦੇ ਕਈ ਫੈਸਲਿਆਂ ਨਾਲ ਸਹਿਮਤੀ ਨਾ ਵੀ ਹੁੰਦੀ ਤਾਂ ਵੀ ਪਾਰਟੀ ਦੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। 
ਵਿਦਿਆਰਥੀ ਅਤੇ ਨੌਜਵਾਨੀ ਘੋਲਾਂ ਵੀ ਬੰਤ ਬਰਾੜ ਦਾ ਸਰਗਰਮ ਰੋਲ ਇੱਕ ਨਵਾਂ ਉਤਸ਼ਾਹ ਅਤੇ ਜੋਸ਼ ਭਰਿਆ ਕਰਦਾ ਸੀ। ਜਦੋਂ ਪੰਜਾਬ ਵਿੱਚ ਗੋਲੀਆਂ ਚੱਲਦੀਆਂ ਸਨ, ਬੰਬ ਧਮਾਕੇ ਹੁੰਦੇ ਸਨ, ਹਰ ਗਲੀ ਦੀ ਹਰ ਨੁੱਕਰ 'ਤੇ ਦਹਿਸ਼ਤ ਛਾਈ ਹੁੰਦੀ ਸੀ ਉਦੋਂ ਵੀ ਕਾਮਰੇਡ ਬੰਤ ਬਰਾੜ ਬੇਖੌਫ ਹੋ ਕੇ ਲਾਲ ਝੰਡੇ ਵਾਲੀ ਵਿਚਾਰਾਂ ਨਾਲ ਪਰਤੀਬੱਧ ਰਹੇ।
ਹਾਲਾਂਕਿ ਬੰਤ ਬਰਾੜ ਪਹਿਲਾਂ ਵੀ ਇਸ ਅਹੁਦੇ ਤੇ ਰਹਿ ਚੁੱਕੇ ਹਨ ਪਰ ਇਸ ਵਾਰ ਉਹਨਾਂ ਸਾਹਮਣੇ ਕਈ ਨਵੀਆਂ ਅਤੇ ਵੱਡੀਆਂ ਚੁਣੌਤੀਆਂ ਹਨ। ਇਸ ਵਾਰ ਉਹਨਾਂ ਤੋਂ ਪਹਿਲਾਂ ਕਾਮਰੇਡ ਹਰਦੇਵ ਅਰਸ਼ੀ ਇਸ ਅਹੁਦੇ 'ਤੇ ਸਨ।  ਕਾਮਰੇਡ ਹਰਦੇਵ ਅਰਸ਼ੀ ਹੱਬੀ ਮੁਹਿੰਮ ਨੂੰ ਪਿੰਡ ਪਿੰਡ ਜਾ ਕੇ ਸਰਗਰਮ ਕਰਨ ਵਿੱਚ ਸਫਲ ਰਹੇ ਹਨ। ਸ਼ਾਇਦ ਹੀ ਕੋਈ ਜਨਤਕ ਮਸਲਾ ਅਜਿਹਾ ਹੋਵੇ ਜਿੱਥੇ ਕਾਮਰੇਡ ਹਰਦੇਵ ਅਰਸ਼ੀ ਨਾ ਪਹੁੰਚੇ ਹੋਣ। ਨਗਰ ਨਿਗਮ ਦੀਆਂ ਚੋਣਾਂ ਤੋਂ ਲੈ ਕੇ ਵੱਡੀਆਂ ਚੋਣਾਂ ਤੱਕ ਕਾਮਰੇਡ ਅਰਸ਼ੀ ਨੇ ਸੀਪੀਆਈ ਦੀ ਮਜ਼ਬੂਤ ਮੌਜੂਦਗੀ ਦਾ ਅਹਿਸਾਸ ਕਰਾਇਆ। ਕਾਮਰੇਡ ਅਰਸ਼ੀ ਦੀਆਂ ਨਿਰੰਤਰ ਸਰਗਰਮੀਆਂ ਸਦਕਾ ਪਾਰਟੀ ਵਿੱਚ ਇੱਕ ਅਜਿਹਾ ਕੇਡਰ ਵੀ ਤਿਆਰ ਹੋਇਆ ਜਿਹੜਾ ਪਾਰਟੀ ਲਈ ਹਰ ਪਲ ਉੱਠ ਖੜੋਣ ਲਈ ਤਿਆਰ ਬਰ ਤਿਆਰ ਰਹਿੰਦਾ। ਕਾਮਰੇਡ ਅਰਸ਼ੀ ਨੇ ਐਮ ਐਲ ਏ ਰਹਿੰਦਿਆਂ ਵੀ ਆਪਣੀਆਂ ਇਹਨਾਂ ਸਰਗਰਮੀਆਂ ਵਿੱਚ ਕਮੀ ਨਹੀਂ ਆਉਣ ਦਿੱਤੀ। ਖੁਦ ਵੀ ਪਾਰਟੀ ਲਈ ਸਭ ਕੁਝ ਅਰਪਿਤ ਕੀਤਾ ਅਤੇ ਹੋਰਨਾਂ ਨੂੰ ਵੀ ਪਰੇਰਿਆ। 
ਏਨੀ ਲਗਨ ਅਤੇ ਸਖਤ ਮੇਹਨਤ ਦੇ ਬਾਵਜੂਦ ਚੁਣੌਤੀਆਂ ਵਿੱਚ ਵਾਧਾ ਹੋਇਆ। ਲਗਾਤਾਰ ਵੱਧ ਰਹੇ ਫਾਸ਼ੀਵਾਦ ਦੇ ਖਤਰੇ ਅਤੇ ਇੱਕ ਵਾਰ ਫਿਰ ਸਿਰ ਚੁੱਕ ਰਹੀ ਫਿਰਕਪਰ੍ਸਤੀ ਨੇ ਨਵੇਂ ਖਾੜਕੂ ਸੰਗਰਾਮਾਂ ਦੀ ਲੋੜ ਦਾ ਅਹਿਸਾਸ ਕਰਾਇਆ। 
ਇਸ ਵੇਲੇ ਜਿੱਥੇ ਆਮ ਪਰਿਵਾਰਾਂ ਦੇ ਬੱਚਿਆਂ ਲਈ ਵਿੱਦਿਆ ਦਾ ਅਧਿਕਾਰ ਖਤਰੇ ਵਿੱਚ ਹੈ ਉੱਥੇ ਕਿਰਤੀਆਂ ਲਈ ਬਣੇ ਕਿਰਤ ਕਾਨੂੰਨ ਵੀ ਖਤਰੇ ਵਿੱਚ ਹਨ। ਪਬਲਿਕ ਸੈਕਟਰ ਨੂੰ ਤਬਾਹ ਕਰਨ ਅਤੇ ਨਿਜੀਖੇਤਰ ਨੂੰ ਉਤਸਾਹਿਤ ਕਰਨ ਦੇ ਰੁਝਾਣ ਨੇ ਖੱਬੀਆਂ ਪਾਰਟੀਆਂ ਸਾਹਮਣੇ ਨਵੇਂ ਖਰੇ ਸਾਹਮਣੇ ਲਿਆਂਦੇ ਹਨ ਜਿਹਨਾਂ ਦਾ ਸਾਹਮਣਾ ਜੁਝਾਰੂ ਸੰਗਰਾਮਾਂ ਬਿਨਾ ਸੰਭਵ ਹੀ ਨਹੀਂ।ਲਾਲ ਝੰਡੇ ਦੇ ਜੱਦੀ ਵਿਰੋਧੀ ਲਗਾਤਾਰ ਲਾਲ ਝੰਡੇ ਵਾਲਿਆਂ ਨੂੰ ਹਾਸ਼ੀਏ ਤੋਂ ਬਾਹਰ ਕਰਨ ਲਈ ਸਾਜ਼ਿਸ਼ਾਂ ਰਚ ਰਹੇ ਹਨ। ਅਜਿਹੀ ਹਾਲਤ ਵਿੱਚ ਬੰਤ ਬਰਾੜ ਨੂੰ ਬੇਹੱਦ ਸੰਤੁਲਿਤ ਅਤੇ ਬੇਕਿਰਕ ਲੜਾਈ ਵੀ ਲੜਨੀ ਪੈਣੀ ਹੈ। ਮਹਿੰਗਾਈ, ਬੇਰੋਜ਼ਗਾਰੀ ਅਤੇ ਹੋਰ ਮਾਰੂ ਹਾਲਤਾਂ ਕਾਰਨ ਪੈਦਾ ਹੋਏ ਨਿਰਾਸ਼ਾ ਦੇ ਹਨੇਰਿਆਂ ਵਿੱਚ ਸੰਘਰਸ਼ਾਂ ਦੀ ਮਿਸ਼ਾਲ ਜਗਾਉਣੀ ਕੋਈ ਸੌਖਾ ਕੰਮ ਨਹੀਂ ਹੋਣਾ। ਪਾਰਟੀ ਦੇ ਕੇਡਰ ਵਿੱਚ ਆ ਰਹੀ ਕਮੀ ਆਪਣੇ ਆਪ ਵਿੱਚ ਹੀ ਇੱਕ ਵੱਡੀ ਚੁਣੌਤੀ ਹੈ। ਬਜ਼ੁਰਗ ਲੀਡਰ ਅਤੇ ਵਰਕਰ ਇੱਕ ਇੱਕ ਕਰਕੇ ਤੁਰਦੇ ਜਾ ਰਹੇ ਹਨ ਪਰ ਨਵੀਂ ਆਮਦ ਓਨੀ ਤੇਜ਼ੀ ਨਾਲ ਨਹੀਂ ਹੋ ਰਹੀ ਜਿੰਨੀ ਕੁ ਤੇਜ਼ੀ ਨਾਲ ਹੋਣੀ ਜ਼ਰੂਰੀ ਹੈ। ਪਾਰਟੀ ਦੀ ਹੋਰ ਮਜ਼ਬੂਤੀ, ਹੋਰ ਲਾਮਬੰਦੀ ਅਤੇ ਦੁਸ਼ਮਣਾਂ ਦਾ ਟਾਕਰਾ ਬੇਹੱਦ ਨਾਜ਼ੁਕ ਹਾਲਾਤ ਵਾਲੀ ਸਥਿਤੀ ਹੈ। ਅਜਿਹੀ ਸਥਿਤੀ ਵਿੱਚ ਕਾਮਰੇਡ ਬੰਤ ਬਰਾੜ ਦੀ ਚੋਣ ਇੱਕ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ ਜਿਹੜਾ ਸਰਬਸੰਮਤੀ ਨਾਲ ਹੋਇਆ ਹੈ। ਕਾਮਰੇਡ ਬੰਤ ਬਰਾੜ ਨੂੰ ਖੰਡੇ ਦੀ ਧਾਰ 'ਤੇ ਤੁਰਨ ਦੀ ਮੁਹਾਰਤ ਹਾਸਲ ਹੈ। 
ਪਾਰਟੀ ਦਾ ਇਹ ਫੈਸਲਾ ਛੇਤੀ ਹੀ ਰੰਗ ਲਿਆਵੇਗਾ ਅਤੇ ਸੀਪੀਆਈ ਲੋਕ ਸੰਘਰਸ਼ਾਂ ਦਾ ਇੱਕ ਨਵਾਂ ਇਤਿਹਾਸ ਰਚੇਗੀ।  ਕੋਲਮ (ਕੇਰਲ) ਵਿਖੇ 25 ਤੋਂ 29 ਅਪਰੈਲ 2018 ਤੱਕ ਹੋਣ ਵਾਲੀ ਸੀਪੀਆਈ ਦੀ 23ਵੀਂ ਕੌਮੀ ਕਾਂਗਰਸ ਵਿੱਚ ਵੀ ਆਉਣ ਵਾਲੇ ਸੰਘਰਸ਼ਾਂ ਦੀ ਦਸਤਕ ਸਪਸ਼ਟ ਸੁਣਾਈ ਦੇਵੇਗੀ। ਦੇਸ਼ ਦੀ ਨਾਜ਼ੁਕ ਸਥਿਤੀ ਅਤੇ ਆਉਣ ਵਾਲੇ ਸਮੇਂ ਵਿੱਚ ਛੇਤੀ ਹੀ ਵਿੱਢੇ ਜਾਣ ਵਾਲੇ ਸੰਘਰਸ਼ਾਂ ਵਿੱਚ ਪੰਜਾਬ ਦੀ ਭੂਮਿਕਾ ਦਾ ਅਹਿਸਾਸ ਇਸ ਕੌਮੀ ਕਾਨਫਰੰਸ ਵਿੱਚ ਹੋਵੇਗਾ।
ਇਸ ਵਾਰ ਵੀ ਕਾਮਰੇਡ ਬੰਤ ਬਰਾੜ ਦੀ ਚੋਣ ਸਰਬਸੰਮਤੀ ਨਾਲ ਹੋਈ। ਭਾਰਤੀ ਕਮਿਊਨਿਸਟ ਪਾਰਟੀ ਦੀ ਨਵੀਂ ਪੰਜਾਬ ਸੂਬਾ ਕੌਂਸਲ ਦੀ ਇਥੇ ਹੋਈ ਪਲੇਠੀ ਮੀਟਿੰਗ ਵਿਚ ਪੰਜਾਬ ਏਟਕ ਦੇ ਪ੍ਰਧਾਨ ਅਤੇ ਸਾਬਕਾ ਨੌਜਵਾਨ ਅਤੇ ਵਿਦਿਆਰਥੀ ਆਗੂ ਸਾਥੀ ਬੰਤ ਸਿੰਘ ਬਰਾੜ ਨੂੰ ਨਵਾਂ ਸੂਬਾ ਸਕੱਤਰ ਸਰਬ-ਸੰਮਤੀ ਨਾਲ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਵੀ ਸਾਥੀ ਬਰਾੜ 2012 ਤੋਂ 2015 ਤੱਕ ਇਹ ਜ਼ਿੰਮੇਵਾਰੀ ਨਿਭਾ ਚੁੱਕੇ ਹਨ।
ਇਸ ਅਹੁਦੇ ਤੋਂ ਵਿਦਾ ਹੋ ਰਹੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਆਪਣੀ ਸਿਹਤ ਅਤੇ ਦਿਲ ਦੀ ਬਿਮਾਰੀ ਦਾ ਹਵਾਲਾ ਦਿੰਦਿਆਂ ਵੱਡੀ ਜ਼ਿੰਮੇਵਾਰੀ ਚੁੱਕਣ ਤੋਂ ਆਪਣੀ ਅਸਮਰੱਥਾ ਜ਼ਾਹਰ ਕੀਤੀ। ਸਾਥੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅੱਗੇ ਲਈ ਸਾਥੀ ਬੰਤ ਸਿੰਘ ਬਰਾੜ ਦਾ ਸਕੱਤਰ ਵਜੋਂ ਨਾਂਅ ਤਜਵੀਜ਼ ਕੀਤਾ, ਜਿਸ ਨੂੰ ਕਈ ਮੈਂਬਰਾਂ ਨੇ ਤਾਈਦ ਕਰ ਦਿੱਤਾ ਅਤੇ ਕੋਈ ਹੋਰ ਨਾਂਅ ਨਾ ਪੇਸ਼ ਹੋਣ ਕਾਰਨ ਉਹਨਾਂ ਨੂੰ ਸਰਬ-ਸੰਮਤੀ ਨਾਲ ਨਵਾਂ ਸਕੱਤਰ ਐਲਾਨ ਦਿੱਤਾ ਗਿਆ। ਮੀਟਿੰਗ ਦੀ ਪਰਧਾਨਗੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ ਨੇ ਕੀਤੀ। ਆਮ ਪਾਠਕਾਂ ਲਈ ਜਾਣਕਾਰੀ ਹਿੱਤ ਇਹ ਦੱਸ ਦੇਣਾ ਵੀ ਢੁੱਕਵਾਂ ਰਹੇਗਾ ਕਿ ਦੂਜੀਆਂ ਪਾਰਟੀਆਂ ਤੋਂ ਉਲਟ ਕਮਿਊਨਿਸਟ ਪਾਰਟੀ ਵਿਚ ਪਰਧਾਨ ਦਾ ਅਹੁਦਾ ਨਹੀਂ ਹੁੰਦਾ, ਸਕੱਤਰ ਹੀ ਮੁੱਖ ਅਹੁਦੇਦਾਰ ਹੁੰਦਾ ਹੈ।
ਪਾਕਿਸਤਾਨ ਵਿਚ ਕਿਸਾਨੀ ਪਰਵਾਰ ਵਿਚ ਪੈਦਾ ਹੋਏ ਬੰਤ ਬਰਾੜ ਇਕ ਸਾਲ ਤੋਂ ਵੀ ਛੋਟੇ ਸਨ, ਜਦੋਂ ਉਹਨਾਂ ਦੇ ਪਰਵਾਰ ਨੂੰ ਮੁਲਕ ਦੀ ਆਜ਼ਾਦੀ ਅਤੇ ਵੰਡ ਸਮੇਂ ਉਜੜ ਕੇ ਇਧਰ ਆਉਣਾ ਪਿਆ। ਉਹਨਾਂ ਦਾ ਬਚਪਨ ਅਤੇ ਜਵਾਨੀ ਵੀ ਨਾਨਕੇ ਪਿੰਡ ਖੋਸਾ ਰਣਧੀਰ ਵਿਖੇ ਪ੍ਰਵਾਨ ਚੜ੍ਹੀ। ਉਹਨਾਂ ਨੇ ਮੈਟਰਿਕ ਦੀ ਪ੍ਰੀਖਿਆ ਜਲਾਲਾਬਾਦ (ਪੱਛਮੀ) ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਢੁੱਡੀਕੇ ਅਤੇ ਡੀ.ਐੱਮ.ਕਾਲਜ ਮੋਗਾ ਵਿਚ ਕੀਤੀ ਅਤੇ ਇਸੇ ਸਮੇਂ ਉਹਨਾਂ ਦਾ ਸੰਪਰਕ ਕਾ. ਜੋਗਿੰਦਰ ਸਿੰਘ ਭਸੀਨ ਅਤੇ ਸਥਾਨਕ ਕਾਮਰੇਡਾਂ ਨਾਲ ਹੋ ਗਿਆ ਅਤੇ ਉਹ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮ ਹੋ ਗਏ ਅਤੇ ਇਕ ਖਾੜਕੂ ਕਮਿਊਨਿਸਟ ਵਿਦਿਆਰਥੀ ਆਗੂ ਵਜੋਂ ਉਭਰ ਪਏ। ਉਹਨਾਂ ਨੇ ਇਤਿਹਾਸਕ ਮੋਗਾ ਗੋਲੀਕਾਂਡ ਦੀ ਐਜੀਟੇਸ਼ਨ ਵਿਚ ਜੁਝਾਰੂ ਭੂਮਿਕਾ ਨਿਭਾਈ। ਉਹ ਪੰਜਾਬ ਏ.ਆਈ.ਐੱਸ.ਐੱਫ. ਦੇ ਜਨਰਲ ਸਕੱਤਰ, ਨੌਜਵਾਨ ਸਭਾ ਦੇ ਪ੍ਰਧਾਨ ਅਤੇ ਕੁਲ ਹਿੰਦ ਪ੍ਰਧਾਨ ਵਜੋਂ ਆਪਣਾ ਸਿੱਕਾ ਮਨਵਾ ਚੁੱਕੇ ਹਨ। ਉਪਰੰਤ ਉਹ ਮਜ਼ਦੂਰ ਮੋਰਚੇ 'ਤੇ ਤੈਨਾਤ ਕਰ ਦਿੱਤੇ ਗਏ ਅਤੇ ਆਪਣੇ ਕੰਮ ਅਤੇ ਅਗਵਾਈ ਦੇ ਗੁਣਾਂ ਸਦਕਾ ਪੰਜਾਬ ਏਟਕ ਦੇ ਜਨਰਲ ਸਕੱਤਰ ਬਣ ਗਏ। ਅੱਜ-ਕੱਲ ਉਹ ਪੰਜਾਬ ਏਟਕ ਦੇ ਪਰਧਾਨ ਹਨ ਅਤੇ ਜਨਰਲ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ ਨਾਲ ਮਿਲ ਕੇ ਮਜ਼ਦੂਰਾਂ ਦੀ ਸੰਗਰਾਮੀ ਜਥੇਬੰਦੀ ਦੀ ਅਗਵਾਈ ਕਰ ਰਹੇ ਹਨ।
ਸਕੱਤਰ ਚੁਣੇ ਜਾਣ ਉਤੇ ਸਾਥੀ ਬੰਤ ਸਿੰਘ ਬਰਾੜ ਨੇ ਪਿਛਲੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਸਮੇਂ ਹੋਈਆਂ ਸਰਗਰਮੀਆਂ ਦੀ ਪ੍ਰਸੰਸਾ ਕੀਤੀ ਅਤੇ ਪਾਰਟੀ ਦੀ ਮਜ਼ਬੂਤੀ, ਫਾਸ਼ੀਵਾਦ ਦੇ ਖਤਰੇ ਵਿਰੁੱਧ, ਲੋਕਾਂ ਦੇ ਵਿਭਿੰਨ ਤਬਕਿਆਂ ਦੀਆਂ ਮੰਗਾਂ ਲਈ ਸਾਂਝੇ ਅਤੇ ਆਜ਼ਾਦ ਸੰਘਰਸ਼ਾਂ ਅਤੇ ਖੱਬੀਆਂ ਜਮਹੂਰੀ ਸੈਕੂਲਰ ਤਾਕਤਾਂ ਦੀ ਲਾਮਬੰਦੀ ਲਈ ਸਾਥੀਆਂ ਤੋਂ ਸਹਿਯੋਗ ਦਾ ਵਿਸ਼ਵਾਸ ਪ੍ਰਗਟ ਕੀਤਾ। ਮੀਟਿੰਗ ਵਿਚ ਪਾਰਟੀ ਕੇਂਦਰ ਵੱਲੋਂ ਕਾਮਰੇਡ ਸ਼ਮੀਮ ਫੈਜ਼ੀ ਅਤੇ ਕਾਮਰੇਡ ਅਮਰਜੀਤ ਕੌਰ, ਦੋਵੇਂ ਕੇਂਦਰੀ ਸਕੱਤਰੇਤ ਦੇ ਮੈਂਬਰ ਹਾਜ਼ਰ ਸਨ ਅਤੇ ਉਹਨਾਂ ਨੇ 23ਵੀਂ ਸੂਬਾ ਕਾਨਫਰੰਸ ਦੇ ਇਸ ਰਹਿੰਦੇ ਕਾਰਜ ਦੀ ਪੂਰਤੀ ਲਈ ਨਿਗਰਾਨੀ ਅਤੇ ਅਗਵਾਈ ਕੀਤੀ ਅਤੇ ਉਸ ਨੂੰ ਸਰਬ-ਸੰਮਤੀ ਨਾਲ ਨੇਪਰੇ ਚਾੜਿਆ। ਪਹਿਲਾਂ ਸੂਬਾ ਕੌਂਸਲ ਨੇ ਸਰਬ-ਸੰਮਤੀ ਨਾਲ 27 ਮੈਂਬਰੀ ਸੂਬਾ ਕਾਰਜਕਾਰਨੀ ਦੀ ਚੋਣ ਕੀਤੀ, ਜਿਸ ਸੂਚੀ 'ਚ ਸਰਵਸਾਥੀ ਡਾਕਟਰ ਜੋਗਿੰਦਰ ਦਿਆਲ, ਜਗਰੂਪ ਸਿੰਘ, ਹਰਦੇਵ ਅਰਸ਼ੀ, ਬੰਤ ਬਰਾੜ, ਭੂਪਿੰਦਰ ਸਾਂਬਰ, ਹਰਭਜਨ ਸਿੰਘ, ਡੀ.ਪੀ. ਮੌੜ, ਗੁਰਨਾਮ ਕੰਵਰ, ਗੁਲਜ਼ਾਰ ਗੋਰੀਆ, ਨਿਰਮਲ ਸਿੰਘ ਧਾਲੀਵਾਲ, ਕੁਸ਼ਲ ਭੌਰਾ, ਬਲਦੇਵ ਸਿੰਘ ਨਿਹਾਲਗੜ੍ਹ, ਅਮਰਜੀਤ ਆਸਲ, ਸੁਖਦੇਵ ਸ਼ਰਮਾ, ਜਗਜੀਤ ਸਿੰਘ ਜੋਗਾ, ਕਸ਼ਮੀਰ ਸਿੰਘ ਗਦਾਈਆ, ਕੁਲਦੀਪ ਭੋਲਾ, ਹੰਸਰਾਜ ਗੋਲਡਨ, ਪਵਨਪਰੀਤ ਸਿੰਘ, ਪਰਿਥੀਪਾਲ ਮਾੜੀਮੇਘਾ, ਲਖਬੀਰ ਨਿਜ਼ਾਮਪੁਰਾ, ਕਰਿਸ਼ਨ ਚੌਹਾਨ, ਕਸ਼ਮੀਰ ਸਿੰਘ ਫਿਰੋਜ਼ਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਲਜ਼ਾਰ ਸਿੰਘ ਗੁਰਦਾਸਪੁਰ, ਨਰਿੰਦਰ ਸੋਹਲ, ਹਰਲਾਭ ਸਿੰਘ, ਬੀਬੀ ਦਸਵਿੰਦਰ ਕੌਰ ਅਤੇ ਸੁਖਜਿੰਦਰ ਮਹੇਸ਼ਰੀ (ਇਨਵਾਇਟੀ) ਆਦਿ ਮੈਂਬਰ ਹਨ।
ਮੀਟਿੰਗ ਨੇ ਇਕ ਮਤਾ ਪਾਸ ਕਰਕੇ ਦੇਸ਼ ਵਿਚ, ਖਾਸ ਕਰਕੇ ਭਾਜਪਾ ਰਾਜ ਵਾਲੇ ਰਾਜਾਂ ਵਿਚ, ਅਮਨ ਕਾਨੂੰਨ ਦੀ ਨਿਘਰੀ ਹੋਈ ਹਾਲਤ ਅਤੇ ਇਸਤਰੀਆਂ ਬਾਲੜੀਆਂ ਦੇ ਹੁੰਦੇ ਬਲਾਤਕਾਰਾਂ ਦੀ ਸਖਤ ਨਿਖੇਧੀ ਕੀਤੀ। ਮੀਟਿੰਗ ਨੇ ਖਾਸ ਕਰਕੇ ਯੂ ਪੀ ਦੇ ਉਨਾਵ ਵਿਚ ਅਤੇ ਜੰਮੂ ਕਸ਼ਮੀਰ ਦੇ ਕਠੂਆ ਵਿਚ ਹੋਏ ਬੱਚੀਆਂ ਦੇ ਬਲਾਤਕਾਰਾਂ ਅਤੇ ਫਿਰ ਪੁਲਸ ਵੱਲੋਂ ਕਾਰਵਾਈ ਨਾ ਕਰਨ ਅਤੇ ਦੋਸ਼ੀ ਭਾਜਪਾ ਆਗੂਆਂ ਨੂੰ ਬਚਾਉਣ ਅਤੇ ਭਾਜਪਾ ਦੇ ਸਿਖਰਲੇ ਆਗੂਆਂ ਦੀ ਚੁੱਪ ਅਤੇ ਪਰਧਾਨ ਮੰਤਰੀ ਵੱਲੋਂ ਲੋਲੋ-ਪੋਪੋ ਕਰਨ ਉਤੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਇਸਤਰੀਆਂ ਦੀ ਇੱਜ਼ਤ, ਜਾਨ ਦੀ ਰਾਖੀ ਲਈ ਸੰਘਰਸ਼ ਦਾ ਫੈਸਲਾ ਕੀਤਾ।
ਮੀਟਿੰਗ ਨੇ 5 ਮਈ ਨੂੰ ਆ ਰਹੀ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਵਡੇ ਪੱਧਰ 'ਤੇ ਮਨਾਉਣ ਅਤੇ ਇਸ ਅਵਸਰ ਦੇ ਸੈਮੀਨਾਰ ਅਤੇ ਸਿਧਾਂਤਕ ਸਕੂਲ ਆਯੋਜਿਤ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿਚ ਉਪਰ ਜ਼ਿਕਰ ਕੀਤੇ ਆਗੂਆਂ ਤੋਂ ਇਲਾਵਾ ਕੌਮੀ ਕੌਂਸਲ ਮੈਂਬਰ ਸਰਵਸਾਥੀ ਭੂਪਿੰਦਰ ਸਾਂਬਰ ਅਤੇ ਜਗਰੂਪ ਸਿੰਘ ਵੀ ਹਾਜ਼ਰ ਸਨ।

No comments:

Post a Comment