Showing posts with label Seminar. Show all posts
Showing posts with label Seminar. Show all posts

Monday, December 19, 2022

2014 ਤੋਂ ਹੀ ਦੇਸ਼ ਵਿੱਚ ਫਾਸ਼ੀਵਾਦੀ ਹਮਲੇ ਤੇਜ਼ ਹੋਏ-AFDR

19th December 2022 at 3:08 PM

ਜਮਹੂਰੀ ਅਧਿਕਾਰ ਸਭਾ ਵੱਲੋਂ ਬੀਜੇਪੀ ਸਰਕਾਰ ਦੀ ਤਿੱਖੀ ਆਲੋਚਨਾ 


ਲੁਧਿਆਣਾ
: 19 ਦਸੰਬਰ 2022: (ਕਾਮਰੇਡ ਸਕਰੀਨ ਡੈਸਕ)::

ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ 
ਚੋਣਾਂ ਵਰਗੀਆਂ ਸਿਆਸੀ ਸਰਗਰਮੀਆਂ ਤੋਂ ਦੂਰ ਰਹਿਣ ਵਾਲੇ ਸੰਗਠਨ ਲਗਾਤਾਰ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਹਾਲਤ ਬਾਰੇ ਆਪਣੇ ਨਜ਼ਰੀਏ ਨੂੰ ਲੈ ਕੇ ਸਰਗਰਮ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਾਈਟਸ (AFDR) ਅਰਥਾਤ ਜਮਹੂਰੀ ਅਧਿਕਾਰ ਸਭਾ ਲਗਾਤਾਰ ਵੱਖ ਵੱਖ ਹਿੱਸਿਆਂ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਦਰਮਿਆਨ ਸਰਗਰਮ ਰਹਿੰਦੀ ਹੈ। ਹੁਣ ਇਸ ਸੰਗਠਨ ਨੇ ਇੱਕ ਸੈਮੀਨਾਰ ਲੁਧਿਆਣਾ ਵਿੱਚ ਵੀ ਕੀਤਾ ਹੈ। 

ਦੇਸ਼ ਵਿੱਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਹਵਾਲਾ ਦੇਂਦਿਆਂ ਜਮਹੂਰੀ ਅਧਿਕਾਰ ਸਭਾ ਨੇ ਬੀਜੇਪੀ ਸਰਕਾਰ ਨੂੰ ਤਿੱਖੇ ਸ਼ਬਦਾਂ ਨਾਲ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਐਸੋਸੀਏਸ਼ਨ ਫੇਰ ਡੈਮੋਕ੍ਰੇਟਿਕ ਰਾਈਟਸ ਅਰਥਾਤ ਜਮਹੂਰੀ ਅਧਿਕਾਰ ਸਭਾ ਨੇ ਲੁਧਿਆਣਾ ਵਿੱਚ ਇੱਕ ਸੈਮੀਨਾਰ ਦੌਰਾਨ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਲੰਮੇ ਹੱਥੀਂ ਲਿਆ। ਇਸ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਸੰਨ 2014 ਤੋਂ ਹੀ ਦੇਸ਼ ਵਿੱਚ ਫਾਸੀਵਾਦੀ ਹਮਲੇ ਤੇਜ਼ ਹੋਏ ਹਨ।  

ਇਹ ਸੈਮੀਨਾਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵਲੋਂ ਕਰਾਇਆ ਗਿਆ ਸੀ ਜਿਸ ਵਿਚ ਬਹੁਤ ਸਾਰੇ ਜਨਤਕ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਹੋਈ। ਜਮਹੂਰੀ ਹੱਕਾਂ ਦੇ ਦਿਨ ਨੂੰ ਸਮਰਪਿਤ ਇਹ ਸੈਮੀਨਾਰ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਕਰਵਾਇਆ ਗਿਆ। 

“ਜਮਹੂਰੀ ਹੱਕ ਅਤੇ ਦੇਸ਼ ਦੇ ਮੌਜੂਦਾ ਹਾਲਾਤ“ ਵਿਸ਼ੇ ਤੇ ਕਰਵਾਏ ਇਸ ਸੈਮੀਨਾਰ ਦੌਰਾਨ ਸਭਾ ਦੇ ਕਾਰਜਕਾਰਣੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ ਨੇ ਸਪਸ਼ਟ ਕੀਤਾ ਕਿ ਦੇਸ਼ ਵਿੱਚ 2014 ਦੌਰਾਨ ਹੋਂਦ ਵਿੱਚ ਆਈ ਕੇਂਦਰ ਦੀ ਭਾਜਪਾ ਸਰਕਾਰ ਨੇ ਗਊ ਹੱਤਿਆ ਦੇ ਬਹਾਨੇ ਮੁਸਲਮਾਨਾਂ , ਦਲਿਤਾਂ ਉੱਪਰ ਹਮਲੇ ਸ਼ੁਰੂ ਕੀਤੇ ਅਤੇ ਇਸਾਈਆਂ ਨੂੰ ਵੀ ਨਿਸ਼ਾਨਾ ਬਣਾਇਆ ਹੋਇਆ ਹੈ। ਉਹਨਾਂ ਕੇਂਦਰ ਸਰਕਾਰ ਅਤੇ ਨਿਆਇਕ ਪ੍ਰਣਾਲੀ ਰਾਹੀਂ ਬਿਲਕੀਸ ਬਾਨੋ ਦੇ ਬਲਾਤਕਾਰੀ ਦੋਸ਼ੀਆਂ ਨੂੰ ‘ਸੰਸਕਾਰੀ’ ਬ੍ਰਾਹਮਣਾ ਦੇ ਨਾਂ ਹੇਠ ਉਮਰ ਕੈਦ ਦੀ ਸਜ਼ਾ ਤੋਂ ਬਰੀ ਕਰਨ ਨੂੰ ਪੀੜਤ ਧਿਰ ਨਾਲ ਬੇਇਨਸਾਫ਼ੀ ਕਰਾਰ ਦਿੱਤਾ। 

ਇਸਦੇ ਨਾਲ ਹੀ ਇਸ ਨਿਆਂ ਦੇ ਖਿਲਾਫ ਹੋਈ ਕਾਰਵਾਈ ਤੇ ਹੈਰਾਨੀ ਵੀ ਪ੍ਰਗਟਾਈ ਗਈ। ਸਰਕਾਰੀ ਸਰਪ੍ਰਸਤੀ ਹੇਠ ਗੁਜਰਾਤ ਵਿੱਚ ਹੋਏ ਕਤਲੇਆਮ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਇਹ ਕਹਿਣਾ ਕਿ ਦੇਸ਼ ਧ੍ਰੋਹੀਆਂ ਨਾਲ ਇਸੇ ਤਰ੍ਹਾਂ ਕੀਤਾ ਜਾਵੇਗਾ, ਸਿੱਧੇ ਤੌਰ ਤੇ ਦੇਸ਼ ਦੇ ਲੋਕਾਂ ਨੂੰ ਧਮਕੀ ਦੇਣਾ ਅਤੇ ਕਤਲੇਆਮ ਦੀ ਜ਼ੁੰਮੇਵਾਰੀ ਕਬੂਲਣਾ ਹੈ। 

ਉਹਨਾਂ ਕਿਹਾ ਕਿ ਆਰ ਐਸ ਐਸ ਦੇ ਪ੍ਰੋਗਰਾਮ ਅਨੁਸਾਰ ਬੀਜੇਪੀ ਸਰਕਾਰ ਸੰਸਕਾਰਾਂ ਦੇ ਨਾਂ ਹੇਠ ਮੰਨੂਵਾਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਕੇ ਮੰਨੂਸਿਮਰਤੀ ਤੇ ਅਧਾਰਤ ਰਾਜ ਪ੍ਰਬੰਧ ਲਾਗੂ ਕਰਨ ਵੱਲ ਨਿਰੰਤਰ ਅੱਗੇ  ਵਧ ਰਹੀ ਹੈ ਜਿਸ ਨੂੰ ਲੋਕ ਤਾਕਤ ਨਾਲ ਹੀ ਰੋਕਿਆ ਜਾ ਸਕਦਾ ਹੈ। 

ਇਹ ਸਭ ਕੁੱਝ ਲੋਕਾਂ ਦੀ ਸਮਝ ਦਾ ਹਿੱਸਾ ਬਣਾਉਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਲੋਕ ਇਸ ਪਿਛਾਖੜੀ ਅਤੇ ਗ਼ੈਰ ਵਿਗਿਆਨਿਕ ਤੇ ਗ਼ੈਰ ਜਮਹੂਰੀ  ਵਿਚਾਰਧਾਰਾ ਖਿਲਾਫ ਆਵਾਜ਼ ਉਠਾਉਣ ਲਈ ਅੱਗੇ ਆਉਣ। ਉਹਨਾਂ ਸਰਕਾਰ ਵੱਲੋਂ ਜੇਲ੍ਹੀ ਬੰਦ ਕੀਤੇ ਲੋਕ ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ , ਡਾਕਟਰਾਂ, ਵਕੀਲਾਂ, ਰੰਗ ਕਰਮੀਆਂ ਆਦਿ ਨੂੰ ਬਿਨਾ ਕੇਸ ਚਲਾਏ ਜੇਲ੍ਹ ‘ ਚ ਰੱਖਣ ਅਤੇ ਉਹਨਾਂ ਦੀਆਂ ਜ਼ਮਾਨਤਾਂ ਹੋਣ ਵਿੱਚ ਅੜਿੱਕੇ ਡਾਹੁਣ ਨੂੰ ਮਨੁੱਖੀ ਹੱਕਾਂ ਦੇ ਵਿਰੋਧੀ ਕਰਾਰ ਦਿੱਤਾ। 

ਇਸ ਸਮੇਂ ਕਾਂਗਰਸ ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਦੀ ਵੀ ਤਿੱਖੀ ਆਲੋਚਨਾ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਵੀ ਵੀ ਲੋਕਾਂ ਨੂੰ ਮੂਰਖ ਬਣਾਉਣ ਦੇ ਤੁਲ ਹੀ ਹੈ।  ਉੱਘੇ ਗਾਂਧੀਵਾਦੀ ਸਮਾਜ ਸੇਵਕ ਹਿਮਾਂਸ਼ੂ ਕੁਮਾਰ ਨੂੰ ਅਦਾਲਤ ਵੱਲੋਂ ਕੀਤੇ ਜੁਰਮਾਨੇ ਨੂੰ ਹਾਸੋਹੀਣਾ ਕਹਿੰਦਿਆਂ, ਮਨੁੱਖੀ ਹੱਕਾਂ ਲਈ ਲੜਨ ਵਾਲੇ ਕਾਰਕੁੰਨਾਂ ਦੀ ਸੱਚੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰਾਰ ਦਿੱਤਾ। 

ਹੁਣੇ ਜਿਹੇ ਹੋਈ ਗੁਜਰਾਤ ਵਿਧਾਨ ਸਭਾ ਦੀ ਚੋਣ ਸਮੇਂ ਸ਼ਰੇਆਮ ਗੁੰਡਾ ਅਨਸਰਾਂ ਵੱਲੋਂ ਵੋਟਾਂ ਭਗਤਾਉਣ ਦੀ ਵੀਡੀਓ ਬਾਰੇ ਇਲੈਕਸਨ ਕਮਿਸ਼ਨ ਵੱਲੋਂ ਧਾਰੀ ਚੁੱਪ ਤੇ ਵੀ ਸਵਾਲ ਉਠਾਏ। ਇਸ ਦੌਰਾਨ ਡਾ ਸੁਰਜੀਤ ਸਿੰਘ, ਪ੍ਰਮਜੀਤ ਸਿੰਘ ਪਨੇਸਰ, ਬਲਦੇਵ ਸਿੰਘ, ਪ੍ਰਮਜੀਤ ਸਿੰਘ ਖ਼ਜ਼ਾਨਚੀ, ਕਾ ਸੁਰਿੰਦਰ, ਜਗਜੀਤ ਸਿੰਘ, ਟੇਕ ਚੰਦ ਕਾਲੀਆ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇ ਕੇ ਸੰਤੁਸਟ ਕੀਤਾ। ਸਮੁੱਚਾ ਸਟੇਜ ਸੰਚਾਲਨ ਜਸਵੰਤ ਜੀਰਖ ਵੱਲੋਂ ਨਿਭਾਇਆ ਗਿਆ।

ਅਰੁਣ ਕੁਮਾਰ , ਐਡਵੋਕੇਟ ਹਰਪ੍ਰੀਤ ਜੀਰਖ, ਰਾਕੇਸ਼ ਆਜ਼ਾਦ, ਪ੍ਰੋ ਏ ਕੇ ਮਲੇਰੀ, ਅਜਮੇਰ ਦਾਖਾ, ਹਿੰਮਤ ਸਿੰਘ ,ਸ਼ਮਸ਼ੇਰ ਨੂਰਪੁਰੀ, ਦਲਜੀਤ ਸਿੰਘ, ਵਿਜੇ ਨਰਾਇਣ, ਮਾ ਸੁਰਜੀਤ ਸਿੰਘ, ਮਲਕੀਤ ਸਿੰਘ ਮਾਲ੍ਹੜਾ,  ਮੈਡਮ ਮਧੂ ਪ੍ਰਵਾਰ  ਸਮੇਤ ਇਨਸਾਫ਼ ਪਸੰਦ ਲੋਕ ਹਾਜ਼ਰ ਸਨ।ਇਨਕਲਾਬੀ ਮਜ਼ਦੂਰ ਕੇਂਦਰ ਦੇ ਬੱਚਿਆਂ ਰਾਬਿਤਾ ਅਤੇ ਮਨੀ ਨੇ ਗੀਤ ਗਾ ਕੇ ਹਾਜ਼ਰੀ ਲਵਾਈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, September 1, 2022

ਜੰਗ ਅਤੇ ਹਿੰਸਾ 'ਤੇ ਫਜ਼ੂਲ ਖਰਚੀ ਮਜ਼ਦੂਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ

1st September 2022 at 4:22 PM

ਵਿਸ਼ਵ ਸ਼ਾਂਤੀ ਦਿਵਸ 'ਤੇ ਏਟਕ ਨੇ ਲਿਆ ਹਿੰਸਾ ਮੁਕਤ ਸਮਾਜ ਦਾ ਸੰਕਲਪ 

ਪ੍ਰਮਾਣੂ ਹਥਿਆਰਾਂ ਅਤੇ ਹਰ ਕਿਸਮ ਦੀ ਹਿੰਸਾ ਤੋਂ ਮੁਕਤ ਸਮਾਜ ਲਈ ਕੰਮ ਕਰਨ ਦਾ ਪ੍ਰਣ ਦੁਹਰਾਇਆ 


ਲੁਧਿਆਣਾ
:(ਐਮ ਐਸ ਭਾਟੀਆ//ਇਨਪੁਟ-ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਪਿਛਲੇ ਕੁਝ ਸਾਲਾਂ ਵਿੱਚ ਕਿਰਤੀਆਂ ਪ੍ਰਤੀ ਹਿੰਸਾ ਵੱਧ ਗਈ ਹੈ। ਔਰਤਾਂ ਨੇ ਜਦੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਸਵੈ  ਨਿਰਭਰ ਬਣਨ ਦੇ ਉਪਰਾਲੇ ਤੇਜ਼ ਕੀਤੇ ਤਾਂ ਉਸ ਪ੍ਰਤੀ ਵੀ ਹਿੰਸਾ ਵੱਧ ਗਈ। ਜਦੋਂ ਲੜਕੀਆਂ ਨੇ ਆਪਣੀ ਪੜ੍ਹਾਈ ਲਿਖਾਈ ਲਈ ਘਰਾਂ ਤੋਂ ਕਦਮ ਬਾਹਰ ਪੁੱਟੇ ਤਾਂ ਉਹਨਾਂ 'ਤੇ ਵੀ ਹਮਲੇ ਵੱਧ ਗਏ। ਮਨੂੰ ਸਮ੍ਰਿਤੀ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਨੂੰ ਜੋ ਜੋ ਵੀ ਅਣਸੁਖਾਵਾਂ ਲੱਗਦਾ ਸੀ ਉਹਨਾਂ ਨੇ ਉਸ ਦੇ ਖਿਲਾਫ ਹਿੰਸਾ ਸ਼ੁਰੂ ਕੀਤੀ। ਇਹ ਹਹਿੰਸਾ ਗਲੀਆਂ,ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਵੀ ਪਹੁੰਚੀ। ਆਪਣੀ ਹਫਤੇ, ਮਹੀਨੇ ਜਾਂ ਦਿਹਾੜੀ ਦੀ ਕਮਾਈ ਜੇਬ ਵਿਚ ਪਾ ਕੇ ਘਰ  ਮਜ਼ਦੂਰ ਸੁਰਖਿਅਤ ਰਿਹਾ। ਲੁਟੇਰਿਆਂ ਵੱਲੋਂ ਲੁਧਿਆਣਾ ਵਰਗੇ ਸ਼ਹਿਰ ਵਿਚ ਮਜ਼ਦੂਰਾਂ 'ਤੇ ਲੁਟੇਰਿਆਂ ਵੱਲੋਂ ਹਮਲੇ ਆਮ ਵਰਤਾਰਾ ਬਣ ਗਿਆ। ਗੱਲ ਗਲੀਆਂ ਮੁਹੱਲਿਆਂ ਤੱਕ ਹੀ ਸੀਮਿਤ ਨਹੀਂ ਰਹੀ। ਸੱਤਾ ਵਾਲੇ ਵੀ ਉਹਨਾਂ ਦੇ ਲੰਮੇ ਸੰਘਰਸ਼ਾਂ ਮੱਗਰੋਂ ਹਾਸਲ ਕੀਤੇ ਹੱਕਾਂ ਨੂੰ ਖੋਹਣ ਲੱਗ ਪਏ। ਬਲਾਤਕਾਰ ਕਰਨ ਵਾਲਿਆਂ ਨੂੰ ਰਿਹਾਅ ਕਰ ਕੇ ਮਨ ਸਨਮਾਨ ਦਿੱਤਾ ਜਾਣ ਲੱਗ ਪਿਆ। ਜਾਗ ਉੱਥੇ ਮਜ਼ਦੂਰ ਅਤੇ ਜਾਗ ਪਈ ਔਰਤ ਦੇ ਖਿਲਾਫ ਸਰਹੱਦੋਂ ਪਾਰ ਵੀ ਹਮਲੇ ਹੋਏ। ਇਹਨਾਂ ਹਮਲਿਆਂ ਵਿਚ ਵਾਧਾ ਵੀ ਹੋਇਆ ਪਰ ਜਾਗ੍ਰਤੀ ਨਹੀਂ ਰੋਕੀ ਜਾ ਸਕੀ। ਹਿੰਸਾ ਦੇ ਇਹਨਾਂ ਆਧੁਨਿਕ ਰੂਪਾਂ ਦਾ ਇੱਕ ਵਾਰ ਫੇਰ ਗੰਭੀਰ ਨੋਟਿਸ ਲਿਆ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਨੇ। ਜਿਸਦਾ ਪ੍ਰਗਟਾਵਾ ਅੱਜ ਹੋਏ ਸੈਮੀਨਾਰ ਵਿਚ ਨਜ਼ਰ ਆਇਆ। 

ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਲੁਧਿਆਣਾ ਇਕਾਈ ਨੇ ਅੱਜ ਪਹਿਲੀ ਸਤੰਬਰ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਫਾਸ਼ੀਵਾਦ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਮੀਟਿੰਗ ਕੀਤੀ। ਵਰਲਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਵਫਟੂ)  ਦੇ ਸੱਦੇ 'ਤੇ 1 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਹੀ ਹਿਟਲਰ ਨੇ ਪੋਲੈਂਡ 'ਤੇ ਹਮਲਾ ਕੀਤਾ ਸੀ ਅਤੇ ਇਸ ਨਾਲ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ। 

ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ 5.5 ਕਰੋੜ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 1.5 ਕਰੋੜ ਇਕੱਲੇ ਸੋਵੀਅਤ ਸੰਘ ਨਾਲ ਸਬੰਧਤ ਸਨ। ਜਰਮਨੀ ਵਿਚ ਹਥਿਆਰ ਉਦਯੋਗ ਅਤੇ ਕਾਰਪੋਰੇਟ ਸੈਕਟਰ ਦੇ ਇਸ਼ਾਰੇ 'ਤੇ ਕੰਮ ਕਰਦੇ ਹੋਏ ਹਿਟਲਰ ਨੇ ਜਰਮਨ ਨਸਲ ਨੂੰ ਦੂਜਿਆਂ ਨਾਲੋਂ ਬਿਹਤਰ ਬਣਾਉਣ ਦਾ ਨਾਅਰਾ ਦਿੱਤਾ। ਇਸ ਨਾਅਰੇ ਦੇ ਆਧਾਰ 'ਤੇ ਉਸ ਨੇ ਯਹੂਦੀਆਂ, ਕਮਿਊਨਿਸਟਾਂ, ਸਮਾਜਵਾਦੀਆਂ ਅਤੇ ਉਸ ਨਾਲ ਮਤਭੇਦ ਰੱਖਣ ਵਾਲਿਆਂ ਵਿਰੁੱਧ ਜ਼ਹਿਰ ਫੈਲਾਇਆ। 

ਉਸ ਨੇ 80 ਲੱਖ ਤੋਂ ਵੱਧ ਲੋਕਾਂ ਨੂੰ ਤਸ਼ੱਦਦ ਕੈਂਪਾਂ ਵਿਚ ਪਾ ਕੇ ਖਤਮ ਕਰ ਦਿੱਤਾ। ਏਨੇ ਵੱਡਾ ਕਤਲ ਆਮ ਪਰ ਫਿਰਕੂ ਲੂਤੀਆਂ ਲਾਉਣ ਵਿੱਚ ਰੁਝੇ ਰਹਿਣ ਵਾਲਿਆਂ ਨੇ ਇਹਨਾਂ ਕਿਰਤੀਆਂ ਦੇ ਕਤਲਾਂ ਉੱਤੇ ਕਦੇ ਅਫਸੋਸ ਪ੍ਰਗਟ ਨਹੀਂ ਕੀਤਾ। ਹੁਣ ਤੱਕ ਦੁਨੀਆ ਦੇ ਇਤਿਹਾਸ ਵਿਚ ਇਸ ਕਤਲੇਆਮ ਦੀ ਚਰਚਾ ਕਿਓਂ ਨਹੀਂ ਹੋਈ? ਕੀ ਉਹਨਾਂ ਲੱਖਾਂ ਕਿਰਤੀਆਂ ਦਾ ਖੂਨ ਕੋਈ ਖੂਨ ਨਹੀਂ ਸੀ? ਕੀ ਉਹ ਪਾਣੀ ਸੀ?

 ਦੂਜੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਆਖਰਕਾਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੱਲ ਲੈ ਗਈਆਂ  ਜਿਸ ਨਾਲ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ 2 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਅਜੋਕੇ ਸਮੇਂ ਦੇ ਪ੍ਰਮਾਣੂ ਹਥਿਆਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹਨ ਅਤੇ ਅਧਿਐਨਾਂ ਨੇ ਦਿਖਾਇਆ ਹੈ ਕਿ ਰੂਸ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਆਦਾਨ-ਪ੍ਰਦਾਨ ਦੀ ਸਥਿਤੀ ਵਿੱਚ ਪੂਰੀ ਦੀ ਪੂਰੀ ਆਧੁਨਿਕ ਸਭਿਅਤਾ ਅਲੋਪ ਹੋ ਜਾਵੇਗੀ। ਇਸ ਪੂਰੀ ਦੁਨੀਆ ਦਾ ਨਾਮੋ ਨਿਸ਼ਾਨ ਨਹੀਂ ਲੱਭੇਗਾ। ਲੋਕਾਂ ਵਿੱਚ ਵੰਡੀਆਂ ਪਾ ਕੇ ਉਹਨਾਂ ਦੀ ਕਿਰਤ ਲੁੱਟਣ ਵਾਲੇ ਵੀ ਨਹੀਂ ਬਚ ਸਕਣਗੇ। 

ਇੱਥੋਂ ਤੱਕ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਪਰਮਾਣੂ ਹਥਿਆਰਾਂ ਦੇ ਆਦਾਨ-ਪ੍ਰਦਾਨ ਵਰਗੀ ਇੱਕ ਖੇਤਰੀ ਪ੍ਰਮਾਣੂ ਜੰਗ ਵੀ  ਆਉਣ ਵਾਲੇ ਕਈ ਸਾਲਾਂ ਲਈ ਕੁੱਲ ਫਸਲਾਂ ਦੀ ਅਸਫਲਤਾ ਵੱਲ ਲੈ ਜਾਵੇਗੀ ਅਤੇ ਅਗਲੇ 2 ਸਾਲਾਂ ਵਿੱਚ 2 ਬਿਲੀਅਨ ਤੋਂ ਵੱਧ ਲੋਕਾਂ ਨੂੰ ਮਾਰ ਦੇਵੇਗੀ। ਇਸ ਲਈ ਮਜ਼ਦੂਰਾਂ ਦਾ ਇਹ ਸਭ ਤੋਂ ਵੱਡਾ ਫਰਜ਼ ਹੈ ਕਿ ਉਹ ਇੱਕਜੁੱਟ ਹੋ ਕੇ ਹਥਿਆਰਾਂ ਦੀ ਦੌੜ ਦਾ ਵਿਰੋਧ ਕਰਨ ਕਿਉਂਕਿ ਜੰਗ ਅਤੇ ਹਿੰਸਾ ਦੀ ਸਥਿਤੀ ਵਿੱਚ ਇਸ ਦਾ ਸਭ ਤੋਂ ਵੱਧ ਨੁਕਸਾਨ ਮਿਹਨਤਕਸ਼ ਲੋਕਾਂ ਨੂੰ ਹੁੰਦਾ ਹੈ।

ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਜਰਮਨੀ ਵਿੱਚ 1930ਵਿਆਂ ਦੀਆਂ ਘਟਨਾਵਾਂ ਦੀ ਯਾਦ ਤਾਜ਼ਾ ਕਰਵਾ ਰਹੀਆਂ ਹਨ। ਸਾਨੂੰ ਸਮਾਜਿਕ ਸਦਭਾਵਨਾ ਦੀ ਉਸਾਰੀ ਰਾਹੀਂ ਆਪਣੇ ਦੇਸ਼ ਵਿੱਚ ਅਜਿਹੀਆਂ ਪ੍ਰਵਿਰਤੀਆਂ ਨੂੰ ਹਰਾਉਣ ਲਈ ਇੱਕਜੁੱਟ ਹੋਣਾ ਪਵੇਗਾ। ਮੌਜੂਦਾ ਦੌਰ ਦੇ ਵਰਤਾਰੇ ਅਤੇ ਇਸ਼ਾਰੇ ਖਤਰਨਾਕ ਹੁੰਦੇ ਜਾ।  ਯਾਦ ਆ ਰਹੇ ਹਨ ਸਾਹਿਰ ਲੁਧਿਆਣਵੀ ਸਾਹਿਬ--

ਗੁਜ਼ਸ਼ਤਾ ਜੰਗ ਮੇਂ ਤੋ ਪੈਕਰ ਜਲੇ ਮਗਰ ਇਸ ਬਾਰ; ਅਜਬ ਨਹੀਂ ਕਿ ਯੇ ਪਰਛਾਈਆਂ ਭੀ ਜਲ ਜਾਏਂ!

ਅੱਜ ਜਿਹਨਾਂ  ਸਾਥੀਆਂ ਵੱਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਵਿਚ ਸਨ ਡਾ: ਰਜਿੰਦਰ ਪਾਲ, ਗੁਲਜ਼ਾਰ ਪੰਧੇਰ, ਚਰਨ ਸਰਾਭਾ, ਰਮੇਸ਼ ਰਤਨ, ਜਸਬੀਰ ਝੱਜ, ਡਾ: ਅਰੁਣ ਮਿੱਤਰ, ਗੁਰਮੇਲ ਸਿੰਘ ਮੇਡਲੇ, ਡੀਪੀ ਮੌੜ, ਨਰੇਸ਼ ਗੌੜ, ਕੇਵਲ ਸਿੰਘ ਬਨਵੈਤ, ਅਜੀਤ ਜਵੱਦੀ ਅਤੇ ਕੁਝ ਹੋਰ ਵੀ। 

Sunday, July 24, 2022

ਬੀਜੇਪੀ ਦੀ ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਨੂੰ ਤੱਥਾਂ ਦੀ ਜ਼ੁਬਾਨੀ ਨੰਗਾ ਕੀਤਾ

Sunday 24th July 2022 at 4:45 PM

 ਤਰਕਸ਼ੀਲ ਸੁਸਾਇਟੀ ਦੇ ਸੈਮੀਨਾਰ ਦੌਰਾਨ ਮੁਖ ਬੁਲਾਰੇ ਸਨ ਬੂਟਾ ਸਿੰਘ 


ਲੁਧਿਆਣਾ: 24 ਜੁਲਾਈ 2022: (ਜਸਵੰਤ ਜੀਰਖ//ਪੰਜਾਬ ਸਕਰੀਨ):: 
ਸਮਾਜ ਵਿੱਚ ਬਹਿਸਾਂ ਵੀ ਬੜੀਆਂ ਹੋ ਰਹੀਆਂ ਹਨ ਅਤੇ ਇੱਕ ਦੂਜੇ 'ਤੇ ਦੋਸ਼ ਵੀ ਬੜੇ ਲਗਾਏ ਜਾ ਰਹੇ ਹਨ। ਇਸਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਕਿਹਾ ਸੁਣਿਆ ਜਾ ਰਿਹਾ ਹੈ ਪਰ ਗਿਣਵੇਂ ਚੁਣਵੇਂ ਬੌਧਿਕ ਤਬਕੇ ਨੂੰ ਕੋਲ ਬਿਠਾ ਕੇ ਕਿਸੇ ਕਲਾਸ ਰੂਮ ਵਾਂਗ ਇੱਕ ਇੱਕ ਨੁਕਤਾ ਸਮਝਾਉਣਾ ਇੱਕ ਵੱਖਰੀ ਗੱਲ ਹੈ ਅਤੇ ਇਹ ਕੰਮ ਵਿਰਲੇ ਟਾਂਵੇਂ ਲੋਕ ਹੀ ਕਰ ਰਹੇ ਹਨ। ਇਹਨਾਂ ਵਿੱਚੋਂ ਲੁਧਿਆਣਾ ਦੇ ਤਰਕਸ਼ੀਲਾਂ ਦੀ ਟੀਮ ਵੀ ਇੱਕ ਹੈ। ਇਸ ਟੀਮ ਦੇ ਮੈਂਬਰ ਕੁਝ ਕੁ ਦਿਨਾਂ ਦੇ ਵਕਫ਼ੇ ਮਗਰੋਂ ਕੋਈ ਨ ਕੋਈ ਸੈਮੀਨਾਰ ਕਿਸੇ ਨ ਕਿਸੇ ਵਿਸ਼ੇ ਤੇ ਕਰਵਾਉਂਦੇ ਹੀ ਰਹਿੰਦੇ ਹਨ। ਅੱਜ ਇਹਨਾਂ ਦਾ ਸੈਮੀਨਾਰ ਫਾਸ਼ੀਵਾਦੀ ਵਿਚਾਰਧਾਰਾ ਬਾਰੇ ਸੀ। 
ਅੱਜ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਜੁਲਾਈ ਮਹੀਨੇ ਦੇ ਇਨਕਲਾਬੀ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸਿਰਧਾਂਜਲੀ ਭੇਂਟ ਕੀਤੀ ਗਈ।ਸੈਮੀਨਾਰ ਦੇ ਮੁੱਖ ਬੁਲਾਰੇ ਤੇ ਉੱਘੇ ਸਮਾਜ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਬੀਜੇਪੀ ਦੀ ਫਿਰਕੂ ਤੇ ਫਾਸੀਵਾਦੀ ਵਿਚਾਰਧਾਰਾ ਬਾਰੇ ਸਪਸਟ ਕੀਤਾ। ਉਹਨਾਂ ਕਿਹਾ ਕਿ ਬੀਜੇਪੀ ਵੱਲੋਂ ਹਿੰਦੂ ਤਬਕੇ ‘ਚ ਡਰ ਪੈਦਾ ਕਰਕੇ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ , ਕਿ ਉਹਨਾਂ ਅਤੇ ਹਿੰਦੂ ਧਰਮ ਬੀਜੇਪੀ ਦੇ ਰਾਜ ਵਿੱਚ ਹੀ ਸੁਰੱਖਿਅਤ ਹਨ। 
ਦੂਜੇ ਪਾਸੇ ਉਸ ਵੱਲੋਂ ਹੋਰ ਘੱਟ ਗਿਣਤੀਆਂ, ਮੁਸਲਮਾਨਾਂ ਤੇ ਦਲਿਤਾਂ ਨਾਲ ਦੁਸ਼ਮਣਾਨਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਇਸ ਗੱਲ ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਇੱਕ ਪਾਸੇ ਸਾਈਬਾਬਾ, ਗੌਤਮ ਨਵਲੱਖਾ, ਤੀਸਤਾ ਸੀਤਲਵੜ ਵਰਗੇ ਲੋਕ ਪੱਖੀ ਬੁੱਧੀ-ਜੀਵੀਆਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ, ਪਰ ਦੂਜੇ ਪਾਸੇ  ਭਗਵੇਂ ਅਪਰਾਧੀਆਂ ਤੇ ਦੰਗਾਕਾਰੀ ਕਾਤਲਾਂ ਨੂੰ ਮੀਡੀਆ ਸਾਹਮਣੇ ਆਪਣੇ ਅਪਰਾਧਾਂ ਨੂੰ ਮੰਨ ਲੈਣ ਤੇ ਵੀ ਖੁੱਲ੍ਹਾ ਛੱਡਿਆ ਹੋਇਆ ਹੈ। 
ਕੇਂਦਰ ਦੀ ਸੱਤਾਧਾਰੀ ਪਾਰਟੀ ਇੱਕ ਝੂਠ ਨੂੰ ਸੌ ਵਾਰ ਬੋਲਕੇ ਉਸ ਨੂੰ ਸੱਚ ਬਣਾਉਣ ਲੱਗੀ ਹੋਈ ਹੈ। ਸੋਸ਼ਲ ਤੇ ਗੋਦੀ ਮੀਡੀਆ ਰਾਹੀਂ ਫਿਰਕੂ ਨਫ਼ਰਤ ਅਤੇ ਹਿੰਸਾ ਨੂੰ ਫੈਲਾਕੇ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਨੂੰ ਝੂਠੇ ਕੇਸਾਂ ਅਤੇ ਧਮਕੀਆਂ ਰਾਹੀਂ ਖ਼ਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਹਿੰਦੂ ਧਰਮ ਸੰਸਦ ਵਰਗੇ ਮੰਚਾਂ ਤੋਂ ਹਥਿਆਰ ਚੁੱਕਣ, ਕਤਲੇਆਮ ਤੇ ਬਲਾਤਕਾਰ ਕਰਨ ਦੇ ਸੱਦੇ ਦੇਣ ਵਾਲੇ ਅਖੌਤੀ ਧਰਮ ਗੁਰੂਆਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਸੈਮੀਨਾਰ ਨੇ ਸਾਰੀਆਂ ਲੋਕ ਪੱਖੀ ਸ਼ਕਤੀਆਂ ਨੂੰ ਇਕੱਠੇ ਹੋ ਕੇ ਫਿਰਕੂ ਫਾਸੀਵਾਦ ਦਾ ਟਾਕਰਾ ਅਤੇ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਬੁੱਧੀਜੀਵੀਆਂ, ਪੱਤਰਕਾਰਾਂ, ਅਲੋਚਕਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਸਮੁੱਚਾ ਸਟੇਜ ਸੰਚਾਲਨ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਨਿਭਾਇਆ। ਇਸ ਮੌਕੇ ਲੋਕ ਪੱਖੀ ਸ਼ਖ਼ਸੀਅਤਾਂ ਵਿੱਚ ਮਾ ਪ੍ਰਮਜੀਤ ਪਨੇਸਰ, ਪ੍ਰਿੰਸੀਪਲ ਹਰਭਜਨ ਸਿੰਘ, ਕਸਤੂਰੀ ਲਾਲ, ਐਡਵੋਕੇਟ ਹਰਪ੍ਰੀਤ ਜੀਰਖ, ਡਾ ਮੋਹਨ ਸਿੰਘ, ਡਾ ਮਨਿੰਦਰ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਮਾ ਨਿਰਪਾਲ ਸਿੰਘ, ਮਨਜੀਤ ਸਿੰਘ, ਕੈਪਟਨ ਗੁਰਦੀਪ ਸਿੰਘ, ਸੁਬੇਗ ਸਿੰਘ,ਮਾ ਟੇਕ ਚੰਦ ਕਾਲੀਆ,ਜਲਾਲਦੀਵਾਲ,  ਆਤਮਾ ਸਿੰਘ, ਧਰਮਪਾਲ ਸਿੰਘ ਹਾਜ਼ਰ ਸਨ। ਪ੍ਰਬੰਧਕੀ ਤੌਰ ਤੇ ਨੌਜਵਾਨ ਸਭਾ ਦੇ ਆਗੂ ਅਰੁਣ ਕੁਮਾਰ, ਰਾਕੇਸ ਆਜਾਦ, ਪ੍ਰਮਜੀਤ ਸਿੰਘ, ਮਹੇਸ਼ ਕੁਮਾਰ ਨੇ ਮੁੱਖ ਜ਼ੁੰਮੇਵਾਰੀ ਨਿਭਾਈ।

Sunday, April 22, 2018

ਲੈਨਿਨ ਦਾ ਸਾਮਰਾਜਵਾਦ ਬਾਰੇ ਥੀਸਿਸ ਅੱਜ ਵੀ ਸਾਰਥਿਕ- ਅੰਮ੍ਰਿਤਪਾਲ

Sun, Apr 22, 2018 at 6:13 PM
ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ
ਲੁਧਿਆਣਾ: 22 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ)::
ਅੱਜ ਕਾ. ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ‘ ਇਤਿਹਾਸਕ ਪਦਾਰਥਵਾਦ ਦੇ ਸਾਮਰਾਜਵਾਦੀ ਪ੍ਰਬੰਧ ‘ ਵਿਸ਼ੇ ਤੇ ਸੈਮੀਨਾਰ ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ ਕਰਵਾਇਆ ਗਿਆ। ਗ਼ਦਰ ਲਹਿਰ ਦੇ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ  ਹਾਲ ਸੁਨੇਤ ਵਿਖੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਅੰਮ੍ਰਿਤ ਪਾਲ ਪੀ ਏ ਯੂ ਨੇ ਇਸ ਸਮੇਂ ਦੱਸਿਆ ਕਿ ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ ਹੈ ਅਤੇ ਇਸ ਤੋਂਂ ਬਾਅਦ ਮਜ਼ਦੂਰ ਜਮਾਤ ਦੇ ਇਨਕਲਾਬਾਂ ਦੀ ਲੜੀ ਦਾ ਦੌਰ ਆਵੇਗਾ।ਉਹਨਾਂ ਨੇ ਸਾਮਰਾਜਵਾਦ ਦੇ ਪੰਜ ਕਿਰਦਾਰੀ ਲੱਛਣਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਪੂੰਜੀਵਾਦ ਦੀ ਆਜ਼ਾਦ ਮੁਕਾਬਲੇ ਤੋਂ ਇਜਾਰੇਦਾਰੀਆਂ ‘ਚ ਤਬਦੀਲੀ ਸਾਮਰਾਜਵਾਦ ਦੀ ਮੁੱਖ ਪਹਿਚਾਣ ਹੈ। ਉਹਨਾ ਲੱਛਣਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਾਮਰਾਜਵਾਦੀ ਦੌਰ ’ਚ ਪੈਦਾਵਾਰ ਤੇ ਪੂੰਜੀ ਕੁੱਝ ਕੁ ਹੱਥਾਂ ‘ਚ ਕੇਂਦਰਿਤ ਹੋ ਗਈ ਹੈ। ਬੈਂਕਾਂ ਦਾ ਰੋਲ ਲੈਣ- ਦੇਣ ਕਰਨ ਵਾਲੇ ਸਿਰਫ ਵਿਚੋਲੇ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਅਥਾਹ ਵਿੱਤੀ ਪੂੰਜੀ ਦਾ ਸਾਧਨ ਬਣਕੇ ਆਰਥਿਕਤਾ ਤੇ ਆਪਣੀ ਉੱਤਮਤਾ ਸਥਾਪਤ ਕਰ ਲਈ ਹੈ। ਬੈਂਕਾਂ ਤੇ ਉਦਯੋਗਾਂ ਦਾ ਆਪਸੀ ਗੱਠਜੋੜ ਐਨਾ ਤਕੜਾ ਹੋ ਗਿਆ ਹੈ ਕਿ ਬੈਂਕਾਂ ਦੇ ਪ੍ਰਬੰਧਕੀ ਅਦਾਰਿਆਂ ‘ਚ ਉਦਯੋਗਾਂ ਦੇ ਨੁਮਾਇੰਦੇ  ਅਤੇ ਉਦਯੋਗਾਂ ਦੇ ਪ੍ਰਬੰਧਕੀ ਅਦਾਰਿਆਂ 'ਚ ਬੈਂਕਾਂ ਦੇ ਨਮਾਇੰਦੇ ਉੱਚੇ ਅਹੁਦਿਆਂ ਤੇ ਬਰਾਜਮਾਨ ਹੋ ਗਏ ਹਨ। ਵਸਤਾਂ ਦੇ ਨਿਰਯਾਤ ਦੀ ਬਜਾਏ ਪੂੰਜੀ ਦੇ ਨਿਰਯਾਤ ਦੀ ਮਹੱਤਤਾ ਵਧ ਗਈ ਹੈ। ਇਜਾਰੇਦਾਰ ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ ਅਤੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੇ ਕੁੱਲ ਦੁਨੀਆਂ ਦੀ ਇਲਾਕਾਈ ਵੰਡ ਮੁਕੰਮਲ ਕਰ ਲਈ ਹੈ।
      ਸਾਥੀ ਅੰਮ੍ਰਿਤ ਪਾਲ ਨੇ ਇਹਨਾਂ ਲੱਛਣਾਂ ਬਾਰੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ 19 ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਲੈਨਿਨ ਦੇ ਸਮਿਆਂ ‘ਚ ਇਕ ਪ੍ਰਤਿਸ਼ਤ ਇਜਾਰੇਦਾਰ ਪੂੰਜੀਵਾਦੀ ਅਦਾਰਿਆਂ ਕੋਲ ਕੁੱਲ ਕਾਮਾ ਸ਼ਕਤੀ ਦਾ ਲੱਗਪਗ 40%, ਕੁੱਲ ਭਾਫ਼ ਅਤੇ ਬਿਜਲੀ ਪਾਵਰ  ਦਾ 75% ਤੋਂ ਵੀ ਵੱਧ ਦਾ ਹਿੱਸਾ ਸੀ ਅਤੇ 1% ਅਦਾਰੇ ਕੋਲ ਪੈਦਾਵਾਰ ਦੇ 40% ਪੈਦਾਵਾਰ ਦੇ ਮਾਲਕ ਸਨ। ਅਜੋਕੇ ਸਮੇ ਵਿੱਚ ਵੀ 1/2% ਤੋਂ ਵੀ ਘੱਟ ਇਜਾਰੇਦਾਰ ਪੂੰਜੀਵਾਦ ਅਦਾਰਿਆਂ ਕੋਲ ਲਗ-ਪਗ 35% ਕਾਮਾ ਸ਼ਕਤੀ ਹੈ। 
ਉਹਨਾਂ ਦੱਸਿਆ ਕਿ ਲੈਨਿਨ ਦੇ ਸਮਿਆਂ ‘ਚ ਪੂੰਜੀ ਦਾ ਨਿਰਯਾਤ 1882 ਤੋਂ ਲੈਕੇ 1914 ਤੱਕ ਤਕਰੀਬਨ 300% ਵਧਿਆ, ਜਦੋਂ ਕਿ ਅਜੋਕੇ ਸਮੇਂ ਦੌਰਾਨ ਪੂੰਜੀ ਦਾ ਨਿਰਯਾਤ 1970 ਤੋਂ ਲੈਕੇ 2004 ਤੱਕ 1386% ਭਾਵ 14 ਗੁਣਾ ਵਧਿਆ। ਮੰਡੀਆਂ ਦੀ ਮੁਕੰਮਲ ਹੋ ਚੁੱਕੀ ਵੰਡ ਹੀ ਪਹਿਲੀ ਤੇ ਦੂਜੀ ਸੰਸਾਰ ਜੰਗ ਰਾਹੀਂ ਮੁੜ ਵੰਡ ਕੀਤੀ ਗਈ ਅਤੇ ਅਜੋਕੇ ਸਮਿਆਂ ‘ਚ ਇਲਾਕਾਈ ਜੰਗਾਂ ਲਾਕੇ ਬਾਰ ਬਾਰ ਮੁੜ ਵੰਡ ਦੇ ਯਤਨ ਹੋ ਰਹੇ ਹਨ।ਸੋ ਕੁੱਲ ਮਿਲਾਕੇ ਕਹਿਣਾ ਮੁਨਾਸਬ ਹੋਵੇਗਾ ਕਿ ਲੈਨਿਨ ਵੱਲੋਂ 1916 ‘ਚ ਦਰਜ ਕੀਤੇ ਗਏ ਸਾਮਰਾਜਵਾਦ ਦੇ ਲੱਛਣ ਅੱਜ ਹੋਰ ਵੀ ਵੱਧ ਉੱਭਰਕੇ ਆਏ ਹਨ।

 ਸਟੇਜ ਸੰਚਾਲਨ ਕਰਦਿਆਂ ਸੁਸਾਇਟੀ ਦੇ ਜੱਥੇਬੰਦਕ ਮੁੱਖ ਜਸਵੰਤ ਜੀਰਖ ਨੇ ਪਹਿਲੀ ਮਈ ਦੇ ਕੌਮਾਂਤਰੀ ਮਜ਼ਦੂਰ ਦਿਵਸ  ਅਤੇ 15 ਮਈ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਉਣ ਦਾ ਸੱਦਾ ਦਿੱਤਾ। ਅਗਲਾ ਸੈਮੀਨਾਰ 27 ਮਈ ਨੂੰ ਕਰਨਾ ਤਹਿ ਕੀਤਾ ਗਿਆ। ਇਸ ਸਮੇ ਪ੍ਰਿੰਸੀਪਲ ਹਰਭਜਨ ਸਿੰਘ, ਕਾ. ਸੁਰਿੰਦਰ, ਸੁਰਜੀਤ ਦੌਧਰ ਨੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਭਾਗ ਲਿਆ। ਗੁਰਮੇਲ ਕਨੇਡਾ ਨੇ ਇਨਕਲਾਬੀ ਗੀਤ ਰਾਹੀਂ ਹਾਜ਼ਰੀ ਲਵਾਈ। ਸਤੀਸ ਸੱਚਦੇਵਾ, ਆਤਮਾ ਸਿੰਘ, ਡਾ. ਵੀ ਕੇ ਵਸਿਸਟ,ਐਡਵੋਕੇਟ ਹਰਪ੍ਰੀਤ ਜੀਰਖ, ਨਛੱਤਰ ਸਿੰਘ ਕਨੇਡਾ,ਕਰਨਲ ਜੇ ਐਸ ਬਰਾੜ, ਅਰੁਣ ਕੁਮਾਰ, ਰਾਕੇਸ ਆਜ਼ਾਦ, ਸੁਖਦੇਵ ਸਿੰਘ ਜਗਰਾਓਂ, ਕੁਲਵਿੰਦਰ ਸਿੰਘ ਸੁਨੇਤ, ਹਰੀ ਸਿੰਘ ਸਾਹਨੀ, ਸਤਨਾਮ ਦੁੱਗਰੀ, ਪ੍ਰਿੰਸੀਪਲ ਅਜਮੇਰ ਦਾਖਾ, ਮੈਡਮ ਮਧੂ, ਮਾ. ਸੁਰਜੀਤ ਸਿੰਘ ਸਮੇਤ ਬਹੁਤ ਸਾਰੇ ਕਾਰਕੁਨ ਹਾਜਰ ਸਨ।