Sunday, July 24, 2022

ਬੀਜੇਪੀ ਦੀ ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਨੂੰ ਤੱਥਾਂ ਦੀ ਜ਼ੁਬਾਨੀ ਨੰਗਾ ਕੀਤਾ

Sunday 24th July 2022 at 4:45 PM

 ਤਰਕਸ਼ੀਲ ਸੁਸਾਇਟੀ ਦੇ ਸੈਮੀਨਾਰ ਦੌਰਾਨ ਮੁਖ ਬੁਲਾਰੇ ਸਨ ਬੂਟਾ ਸਿੰਘ 


ਲੁਧਿਆਣਾ: 24 ਜੁਲਾਈ 2022: (ਜਸਵੰਤ ਜੀਰਖ//ਪੰਜਾਬ ਸਕਰੀਨ):: 
ਸਮਾਜ ਵਿੱਚ ਬਹਿਸਾਂ ਵੀ ਬੜੀਆਂ ਹੋ ਰਹੀਆਂ ਹਨ ਅਤੇ ਇੱਕ ਦੂਜੇ 'ਤੇ ਦੋਸ਼ ਵੀ ਬੜੇ ਲਗਾਏ ਜਾ ਰਹੇ ਹਨ। ਇਸਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਕਿਹਾ ਸੁਣਿਆ ਜਾ ਰਿਹਾ ਹੈ ਪਰ ਗਿਣਵੇਂ ਚੁਣਵੇਂ ਬੌਧਿਕ ਤਬਕੇ ਨੂੰ ਕੋਲ ਬਿਠਾ ਕੇ ਕਿਸੇ ਕਲਾਸ ਰੂਮ ਵਾਂਗ ਇੱਕ ਇੱਕ ਨੁਕਤਾ ਸਮਝਾਉਣਾ ਇੱਕ ਵੱਖਰੀ ਗੱਲ ਹੈ ਅਤੇ ਇਹ ਕੰਮ ਵਿਰਲੇ ਟਾਂਵੇਂ ਲੋਕ ਹੀ ਕਰ ਰਹੇ ਹਨ। ਇਹਨਾਂ ਵਿੱਚੋਂ ਲੁਧਿਆਣਾ ਦੇ ਤਰਕਸ਼ੀਲਾਂ ਦੀ ਟੀਮ ਵੀ ਇੱਕ ਹੈ। ਇਸ ਟੀਮ ਦੇ ਮੈਂਬਰ ਕੁਝ ਕੁ ਦਿਨਾਂ ਦੇ ਵਕਫ਼ੇ ਮਗਰੋਂ ਕੋਈ ਨ ਕੋਈ ਸੈਮੀਨਾਰ ਕਿਸੇ ਨ ਕਿਸੇ ਵਿਸ਼ੇ ਤੇ ਕਰਵਾਉਂਦੇ ਹੀ ਰਹਿੰਦੇ ਹਨ। ਅੱਜ ਇਹਨਾਂ ਦਾ ਸੈਮੀਨਾਰ ਫਾਸ਼ੀਵਾਦੀ ਵਿਚਾਰਧਾਰਾ ਬਾਰੇ ਸੀ। 
ਅੱਜ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਜੁਲਾਈ ਮਹੀਨੇ ਦੇ ਇਨਕਲਾਬੀ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸਿਰਧਾਂਜਲੀ ਭੇਂਟ ਕੀਤੀ ਗਈ।ਸੈਮੀਨਾਰ ਦੇ ਮੁੱਖ ਬੁਲਾਰੇ ਤੇ ਉੱਘੇ ਸਮਾਜ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਬੀਜੇਪੀ ਦੀ ਫਿਰਕੂ ਤੇ ਫਾਸੀਵਾਦੀ ਵਿਚਾਰਧਾਰਾ ਬਾਰੇ ਸਪਸਟ ਕੀਤਾ। ਉਹਨਾਂ ਕਿਹਾ ਕਿ ਬੀਜੇਪੀ ਵੱਲੋਂ ਹਿੰਦੂ ਤਬਕੇ ‘ਚ ਡਰ ਪੈਦਾ ਕਰਕੇ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ , ਕਿ ਉਹਨਾਂ ਅਤੇ ਹਿੰਦੂ ਧਰਮ ਬੀਜੇਪੀ ਦੇ ਰਾਜ ਵਿੱਚ ਹੀ ਸੁਰੱਖਿਅਤ ਹਨ। 
ਦੂਜੇ ਪਾਸੇ ਉਸ ਵੱਲੋਂ ਹੋਰ ਘੱਟ ਗਿਣਤੀਆਂ, ਮੁਸਲਮਾਨਾਂ ਤੇ ਦਲਿਤਾਂ ਨਾਲ ਦੁਸ਼ਮਣਾਨਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਇਸ ਗੱਲ ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਇੱਕ ਪਾਸੇ ਸਾਈਬਾਬਾ, ਗੌਤਮ ਨਵਲੱਖਾ, ਤੀਸਤਾ ਸੀਤਲਵੜ ਵਰਗੇ ਲੋਕ ਪੱਖੀ ਬੁੱਧੀ-ਜੀਵੀਆਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ, ਪਰ ਦੂਜੇ ਪਾਸੇ  ਭਗਵੇਂ ਅਪਰਾਧੀਆਂ ਤੇ ਦੰਗਾਕਾਰੀ ਕਾਤਲਾਂ ਨੂੰ ਮੀਡੀਆ ਸਾਹਮਣੇ ਆਪਣੇ ਅਪਰਾਧਾਂ ਨੂੰ ਮੰਨ ਲੈਣ ਤੇ ਵੀ ਖੁੱਲ੍ਹਾ ਛੱਡਿਆ ਹੋਇਆ ਹੈ। 
ਕੇਂਦਰ ਦੀ ਸੱਤਾਧਾਰੀ ਪਾਰਟੀ ਇੱਕ ਝੂਠ ਨੂੰ ਸੌ ਵਾਰ ਬੋਲਕੇ ਉਸ ਨੂੰ ਸੱਚ ਬਣਾਉਣ ਲੱਗੀ ਹੋਈ ਹੈ। ਸੋਸ਼ਲ ਤੇ ਗੋਦੀ ਮੀਡੀਆ ਰਾਹੀਂ ਫਿਰਕੂ ਨਫ਼ਰਤ ਅਤੇ ਹਿੰਸਾ ਨੂੰ ਫੈਲਾਕੇ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਨੂੰ ਝੂਠੇ ਕੇਸਾਂ ਅਤੇ ਧਮਕੀਆਂ ਰਾਹੀਂ ਖ਼ਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਹਿੰਦੂ ਧਰਮ ਸੰਸਦ ਵਰਗੇ ਮੰਚਾਂ ਤੋਂ ਹਥਿਆਰ ਚੁੱਕਣ, ਕਤਲੇਆਮ ਤੇ ਬਲਾਤਕਾਰ ਕਰਨ ਦੇ ਸੱਦੇ ਦੇਣ ਵਾਲੇ ਅਖੌਤੀ ਧਰਮ ਗੁਰੂਆਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਸੈਮੀਨਾਰ ਨੇ ਸਾਰੀਆਂ ਲੋਕ ਪੱਖੀ ਸ਼ਕਤੀਆਂ ਨੂੰ ਇਕੱਠੇ ਹੋ ਕੇ ਫਿਰਕੂ ਫਾਸੀਵਾਦ ਦਾ ਟਾਕਰਾ ਅਤੇ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਬੁੱਧੀਜੀਵੀਆਂ, ਪੱਤਰਕਾਰਾਂ, ਅਲੋਚਕਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਸਮੁੱਚਾ ਸਟੇਜ ਸੰਚਾਲਨ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਨਿਭਾਇਆ। ਇਸ ਮੌਕੇ ਲੋਕ ਪੱਖੀ ਸ਼ਖ਼ਸੀਅਤਾਂ ਵਿੱਚ ਮਾ ਪ੍ਰਮਜੀਤ ਪਨੇਸਰ, ਪ੍ਰਿੰਸੀਪਲ ਹਰਭਜਨ ਸਿੰਘ, ਕਸਤੂਰੀ ਲਾਲ, ਐਡਵੋਕੇਟ ਹਰਪ੍ਰੀਤ ਜੀਰਖ, ਡਾ ਮੋਹਨ ਸਿੰਘ, ਡਾ ਮਨਿੰਦਰ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਮਾ ਨਿਰਪਾਲ ਸਿੰਘ, ਮਨਜੀਤ ਸਿੰਘ, ਕੈਪਟਨ ਗੁਰਦੀਪ ਸਿੰਘ, ਸੁਬੇਗ ਸਿੰਘ,ਮਾ ਟੇਕ ਚੰਦ ਕਾਲੀਆ,ਜਲਾਲਦੀਵਾਲ,  ਆਤਮਾ ਸਿੰਘ, ਧਰਮਪਾਲ ਸਿੰਘ ਹਾਜ਼ਰ ਸਨ। ਪ੍ਰਬੰਧਕੀ ਤੌਰ ਤੇ ਨੌਜਵਾਨ ਸਭਾ ਦੇ ਆਗੂ ਅਰੁਣ ਕੁਮਾਰ, ਰਾਕੇਸ ਆਜਾਦ, ਪ੍ਰਮਜੀਤ ਸਿੰਘ, ਮਹੇਸ਼ ਕੁਮਾਰ ਨੇ ਮੁੱਖ ਜ਼ੁੰਮੇਵਾਰੀ ਨਿਭਾਈ।

No comments:

Post a Comment