Monday, July 4, 2022

ਫਾਦਰ ਸਟੈਨ ਸਵਾਮੀ ਦੀ ਬਰਸੀ ਮੌਕੇ ਲੁਧਿਆਣਾ ਵਿੱਚ ਵੱਡਾ ਐਕਸ਼ਨ

 ਜਮਹੂਰੀ ਅਧਿਕਾਰ ਸਭਾ ਦੇ ਸੱਦੇ ਲੁਧਿਆਣਾ ਵਿੱਚ ਰੋਸ ਵਖਾਵਾ ਅੱਜ 

ਫਾਦਰ ਸਟੈਨ ਸਵਾਮੀ ਦੀ ਇਹ ਤਸਵੀਰ ਵਿਕੀਪੀਡੀਆ ਤੋਂ ਧੰਨਵਾਦ ਸਹਿਤ 
ਲੁਧਿਆਣਾ: 4 ਜੁਲਾਈ 2022: (ਜਸਵੰਤ ਜੀਰਖ//ਕਾਮਰੇਡ ਸਕਰੀਨ ਟੀਮ):: 

ਜਸਵੰਤ ਸਿੰਘ ਜੀਰਖ 
ਫਾਦਰ ਸਟੈਨ ਸਵਾਮੀ ਦੀ ਮੌਤ ਨੂੰ ਸਿਆਸੀ ਕਤਲ ਦੱਸਦਿਆਂ ਲੋਕ ਪੱਖੀ ਸੰਗਠਨ ਜਮਹੂਰੀ ਅਧਿਕਾਰ ਸਭਾ ਨੇ ਲੁਧਿਆਣਾ ਵਿਚ ਜ਼ੋਰਦਾਰ ਰੋਸ ਵਖਾਵੇ ਦਾ ਸੱਦਾ ਦਿੱਤਾ ਹੈ। ਇਸ ਸਿਆਸੀ ਸਿਆਸੀ ਕਤਲ ਦੇ ਨਾਲ ਨਾਲ ਹੋਰ ਮਨੁੱਖੀ ਹੱਕਾਂ ਲਈ ਜੂਝ ਰਹੇ ਹੋਰਨਾਂ ਕਾਰਕੁੰਨਾਂ ਨੂੰ ਵੀ ਫ਼ਰਜ਼ੀ ਕੇਸਾਂ ਵਿੱਚ ਜੇਲ੍ਹੀਂ ਡੱਕਣ ਖਿਲਾਫ ਲੋਕ ਰੋਹ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਹੀ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਖੇ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਅਜਿਹੇ ਆਯੋਜਨ ਹੋਰਨਾਂ ਥਾਂਵਾਂ ਤੇ ਵੀ ਹੋਣੇ ਹਨ। ਜਿਕਰਯੋਗ ਹੈ ਕੀ ਇਸ ਸੰਗਠਨ ਨੇ ਨਵੰਬਰ-1984 ਦੇ ਕਾਤਲਾਂ ਨੂੰ ਵੀ ਤੁਰੰਤ ਅਤੇ ਸਭ ਤੋਂ ਪਹਿਲਾਂ ਬੇਨਕਾਬ ਕੀਤਾ ਸੀ। ਇਨਸਾਫ਼ ਅਤੇ ਜਮਹੂਰੀ ਅਧਿਕਾਰਾਂ ਦੀ ਇਸ ਜੰਗ ਨੂੰ ਲੜਨ ਲਈ ਇਸ ਸੰਗਠਨ ਦੀ ਟੀਮ ਨੂੰ ਸਰਕਾਰੀ ਕਰੋਪੀ ਦਾ ਸ਼ਿਕਾਰ ਵੀ ਹੋਣਾ ਪਿਆ ਸੀ। 

ਹੁਣ ਇਸ ਸੰਗਠਨ ਨੇ ਮਾਮਲਾ ਉਠਾਇਆ ਹੈ ਫ਼ਾਦਰ ਸਟੇਨ ਸਵਾਮੀ ਜਿਹਨਾਂ ਨੂੰ ਬੇਹਦ ਬਜ਼ੁਰਗ ਅਤੇ ਬਿਮਾਰੀ ਵਾਲੀ ਅਵਸਥਾ ਵਿੱਚ ਬਿਨਾ ਲੋੜੀਂਦਾ  ਇਲਾਜ ਦਿੱਤਿਆਂ ਜੇਲ੍ਹ ਦੇ ਵਿੱਚ ਹੀ ਮੌਤ ਦਾ ਸ਼ਿਕਾਰ ਬਣਾ ਦਿੱਤਾ ਗਿਆ ਸੀ। ਇਸ ਅਫਸੋਸਨਾਕ ਘਟਨਾਕ੍ਰਮ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਹੁਣ ਫਾਦਰ ਸਟੇਨ ਸਵਾਮੀ ਦੀ ਪਹਿਲੀ ਬਰਸੀ ਹੈ। ਦੇਸ਼ ਦੇ ਉੱਘੇ ਸਮਾਜ ਚਿੰਤਕ ਫਾਦਰ ਸਟੈਨ ਸਵਾਮੀ ਨੂੰ ਬੀਜੇਪੀ ਸਰਕਾਰ ਵੱਲੋਂ ਨਜਾਇਜ ਕੈਦ ਵਿੱਚ ਰੱਖਣ ਕਾਰਣ ਪਿਛਲੇ ਸਾਲ 5 ਜੁਲਾਈ ਨੂੰ ਮੌਤ ਹੋ ਗਈ ਸੀ। 

ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ  ਸ਼ਰਧਾਂਜਲੀ ਸਮਾਗਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸਭਾ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋਂ ਇਹ ਸਮਾਗਮ 5 ਜੁਲਾਈ ਨੂੰ ਸ਼ਾਮ 5.30 ਵਜੇ ਸਥਾਨਕ ਭਾਈ ਬਾਲਾ ਚੌਕ ਵਿੱਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਕੀਤਾ ਜਾ ਰਿਹਾ ਹੈ। 

ਰੋਸ ਪ੍ਰਦਰਸ਼ਨ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ  ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਮੀਤ ਪ੍ਰਧਾਨ ਪ੍ਰੋ ਏ ਕੇ ਮਲੇਰੀ ਅਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਤੇ ਸਕੱਤਰ ਮਨਜੀਤ ਸਿੰਘ ਬੁਢੇਲ ਨੇ ਦੱਸਿਆ ਕਿ ਇਸ ਸਮੇਂ ਜਿੱਥੇ ਫਾਦਰ ਸਟੈਨ ਸਵਾਮੀ ਨੂੰ ਉਹਨਾਂ ਦੀ ਪਹਿਲੀ ਬਰਸੀ ਤੇ  ਸ਼ਰਧਾਂਜਲੀ ਦਿੱਤੀ ਜਾਵੇਗੀ ਉਥੇ ਫਰਜ਼ੀ ਕੇਸਾਂ ਵਿੱਚ ਜੇਲ੍ਹੀਂ ਡੱਕੇ ਹੋਰ ਬੁੱਧੀ-ਜੀਵੀਆਂ, ਵਕੀਲਾਂ, ਡਾਕਟਰਾਂ, ਪੱਤਰਕਾਰਾਂ, ਰੰਗ ਕਰਮੀਆਂ ਅਤੇ ਤੀਸਤਾ ਸੀਤਲਵਾੜ ਸਮੇਤ ਉਸ ਨਾਲ ਗ੍ਰਿਫਤਾਰ ਕੀਤੇ ਸਾਥੀਆਂ ਦੇ ਹੱਕ ਵਿੱਚ ਆਵਾਜ ਉਠਾਈ ਜਾਵੇਗੀ। 

ਇਹਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਆਰ ਐਸ ਐਸ ਦੇ ਇਛਾਰੇ ਤੇ ਚੱਲਦਿਆਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਨੁੱਖੀ ਹੱਕਾਂ ਨੂੰ ਕੁਚਲਕੇ ਦੇਸ਼ ਵਿੱਚ ਹਿੰਦੂਤਵ ਦਾ ਏਜੰਡਾ ਲਾਗੂ ਕਰਕੇ ਦਿਨੋ ਦਿਨ  ਭਗਵਾਂਕਰਣ ਕਰਨ ਵੱਲ ਵਧ ਰਹੀ ਹੈ। ਮੰਨੂ ਸਿਮਰਤੀ ਲਾਗੂ ਕਰਕੇ ਦਲਿਤਾਂ ਤੇ ਘੱਟ ਗਿਣਤੀਆਂ ਨੂੰ ਮੱਧਯੁਗੀ ਕਾਲ ਦੀ ਤਰ੍ਹਾਂ ਗੁਲਾਮ ਬਣਾਉਣ ਦੇ ਸੁਪਨੇ ਪਾਲ ਰਹੀ ਹੈ। ਇਸ ਲਈ ਉਹਨਾਂ ਸਾਰੀਆਂ ਇਨਸਾਫ ਪਸੰਦ, ਇਨਕਲਾਬੀ ਜਮਹੂਰੀ, ਤਰਕਸ਼ੀਲ, ਮੁਲਾਜ਼ਮ, ਪੈਨਸ਼ਨਰਜ਼ ਤੇ  ਮਜ਼ਦੂਰ-ਕਿਸਾਨ ਜੱਥੇਬੰਦੀਆਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੀ ਬੀਜੇਪੀ ਦੀ ਹੈਂਕੜਬਾਜ ਸਰਕਾਰ ਦੇ ਸੰਵਿਧਾਨ ਵਿਰੋਧੀ  ਹੱਲੇ ਨੂੰ ਰੋਕਣ ਲਈ ਸਾਰੇ ਵਰਗਾਂ ਦੇ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ ਹੈ।

No comments:

Post a Comment