1st September 2022 at 4:22 PM
ਵਿਸ਼ਵ ਸ਼ਾਂਤੀ ਦਿਵਸ 'ਤੇ ਏਟਕ ਨੇ ਲਿਆ ਹਿੰਸਾ ਮੁਕਤ ਸਮਾਜ ਦਾ ਸੰਕਲਪ
ਪ੍ਰਮਾਣੂ ਹਥਿਆਰਾਂ ਅਤੇ ਹਰ ਕਿਸਮ ਦੀ ਹਿੰਸਾ ਤੋਂ ਮੁਕਤ ਸਮਾਜ ਲਈ ਕੰਮ ਕਰਨ ਦਾ ਪ੍ਰਣ ਦੁਹਰਾਇਆ
ਲੁਧਿਆਣਾ:(ਐਮ ਐਸ ਭਾਟੀਆ//ਇਨਪੁਟ-ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::
ਪਿਛਲੇ ਕੁਝ ਸਾਲਾਂ ਵਿੱਚ ਕਿਰਤੀਆਂ ਪ੍ਰਤੀ ਹਿੰਸਾ ਵੱਧ ਗਈ ਹੈ। ਔਰਤਾਂ ਨੇ ਜਦੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਸਵੈ ਨਿਰਭਰ ਬਣਨ ਦੇ ਉਪਰਾਲੇ ਤੇਜ਼ ਕੀਤੇ ਤਾਂ ਉਸ ਪ੍ਰਤੀ ਵੀ ਹਿੰਸਾ ਵੱਧ ਗਈ। ਜਦੋਂ ਲੜਕੀਆਂ ਨੇ ਆਪਣੀ ਪੜ੍ਹਾਈ ਲਿਖਾਈ ਲਈ ਘਰਾਂ ਤੋਂ ਕਦਮ ਬਾਹਰ ਪੁੱਟੇ ਤਾਂ ਉਹਨਾਂ 'ਤੇ ਵੀ ਹਮਲੇ ਵੱਧ ਗਏ। ਮਨੂੰ ਸਮ੍ਰਿਤੀ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਨੂੰ ਜੋ ਜੋ ਵੀ ਅਣਸੁਖਾਵਾਂ ਲੱਗਦਾ ਸੀ ਉਹਨਾਂ ਨੇ ਉਸ ਦੇ ਖਿਲਾਫ ਹਿੰਸਾ ਸ਼ੁਰੂ ਕੀਤੀ। ਇਹ ਹਹਿੰਸਾ ਗਲੀਆਂ,ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਵੀ ਪਹੁੰਚੀ। ਆਪਣੀ ਹਫਤੇ, ਮਹੀਨੇ ਜਾਂ ਦਿਹਾੜੀ ਦੀ ਕਮਾਈ ਜੇਬ ਵਿਚ ਪਾ ਕੇ ਘਰ ਮਜ਼ਦੂਰ ਸੁਰਖਿਅਤ ਰਿਹਾ। ਲੁਟੇਰਿਆਂ ਵੱਲੋਂ ਲੁਧਿਆਣਾ ਵਰਗੇ ਸ਼ਹਿਰ ਵਿਚ ਮਜ਼ਦੂਰਾਂ 'ਤੇ ਲੁਟੇਰਿਆਂ ਵੱਲੋਂ ਹਮਲੇ ਆਮ ਵਰਤਾਰਾ ਬਣ ਗਿਆ। ਗੱਲ ਗਲੀਆਂ ਮੁਹੱਲਿਆਂ ਤੱਕ ਹੀ ਸੀਮਿਤ ਨਹੀਂ ਰਹੀ। ਸੱਤਾ ਵਾਲੇ ਵੀ ਉਹਨਾਂ ਦੇ ਲੰਮੇ ਸੰਘਰਸ਼ਾਂ ਮੱਗਰੋਂ ਹਾਸਲ ਕੀਤੇ ਹੱਕਾਂ ਨੂੰ ਖੋਹਣ ਲੱਗ ਪਏ। ਬਲਾਤਕਾਰ ਕਰਨ ਵਾਲਿਆਂ ਨੂੰ ਰਿਹਾਅ ਕਰ ਕੇ ਮਨ ਸਨਮਾਨ ਦਿੱਤਾ ਜਾਣ ਲੱਗ ਪਿਆ। ਜਾਗ ਉੱਥੇ ਮਜ਼ਦੂਰ ਅਤੇ ਜਾਗ ਪਈ ਔਰਤ ਦੇ ਖਿਲਾਫ ਸਰਹੱਦੋਂ ਪਾਰ ਵੀ ਹਮਲੇ ਹੋਏ। ਇਹਨਾਂ ਹਮਲਿਆਂ ਵਿਚ ਵਾਧਾ ਵੀ ਹੋਇਆ ਪਰ ਜਾਗ੍ਰਤੀ ਨਹੀਂ ਰੋਕੀ ਜਾ ਸਕੀ। ਹਿੰਸਾ ਦੇ ਇਹਨਾਂ ਆਧੁਨਿਕ ਰੂਪਾਂ ਦਾ ਇੱਕ ਵਾਰ ਫੇਰ ਗੰਭੀਰ ਨੋਟਿਸ ਲਿਆ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਨੇ। ਜਿਸਦਾ ਪ੍ਰਗਟਾਵਾ ਅੱਜ ਹੋਏ ਸੈਮੀਨਾਰ ਵਿਚ ਨਜ਼ਰ ਆਇਆ।
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਲੁਧਿਆਣਾ ਇਕਾਈ ਨੇ ਅੱਜ ਪਹਿਲੀ ਸਤੰਬਰ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਫਾਸ਼ੀਵਾਦ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਮੀਟਿੰਗ ਕੀਤੀ। ਵਰਲਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਵਫਟੂ) ਦੇ ਸੱਦੇ 'ਤੇ 1 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਹੀ ਹਿਟਲਰ ਨੇ ਪੋਲੈਂਡ 'ਤੇ ਹਮਲਾ ਕੀਤਾ ਸੀ ਅਤੇ ਇਸ ਨਾਲ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ 5.5 ਕਰੋੜ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 1.5 ਕਰੋੜ ਇਕੱਲੇ ਸੋਵੀਅਤ ਸੰਘ ਨਾਲ ਸਬੰਧਤ ਸਨ। ਜਰਮਨੀ ਵਿਚ ਹਥਿਆਰ ਉਦਯੋਗ ਅਤੇ ਕਾਰਪੋਰੇਟ ਸੈਕਟਰ ਦੇ ਇਸ਼ਾਰੇ 'ਤੇ ਕੰਮ ਕਰਦੇ ਹੋਏ ਹਿਟਲਰ ਨੇ ਜਰਮਨ ਨਸਲ ਨੂੰ ਦੂਜਿਆਂ ਨਾਲੋਂ ਬਿਹਤਰ ਬਣਾਉਣ ਦਾ ਨਾਅਰਾ ਦਿੱਤਾ। ਇਸ ਨਾਅਰੇ ਦੇ ਆਧਾਰ 'ਤੇ ਉਸ ਨੇ ਯਹੂਦੀਆਂ, ਕਮਿਊਨਿਸਟਾਂ, ਸਮਾਜਵਾਦੀਆਂ ਅਤੇ ਉਸ ਨਾਲ ਮਤਭੇਦ ਰੱਖਣ ਵਾਲਿਆਂ ਵਿਰੁੱਧ ਜ਼ਹਿਰ ਫੈਲਾਇਆ।
ਉਸ ਨੇ 80 ਲੱਖ ਤੋਂ ਵੱਧ ਲੋਕਾਂ ਨੂੰ ਤਸ਼ੱਦਦ ਕੈਂਪਾਂ ਵਿਚ ਪਾ ਕੇ ਖਤਮ ਕਰ ਦਿੱਤਾ। ਏਨੇ ਵੱਡਾ ਕਤਲ ਆਮ ਪਰ ਫਿਰਕੂ ਲੂਤੀਆਂ ਲਾਉਣ ਵਿੱਚ ਰੁਝੇ ਰਹਿਣ ਵਾਲਿਆਂ ਨੇ ਇਹਨਾਂ ਕਿਰਤੀਆਂ ਦੇ ਕਤਲਾਂ ਉੱਤੇ ਕਦੇ ਅਫਸੋਸ ਪ੍ਰਗਟ ਨਹੀਂ ਕੀਤਾ। ਹੁਣ ਤੱਕ ਦੁਨੀਆ ਦੇ ਇਤਿਹਾਸ ਵਿਚ ਇਸ ਕਤਲੇਆਮ ਦੀ ਚਰਚਾ ਕਿਓਂ ਨਹੀਂ ਹੋਈ? ਕੀ ਉਹਨਾਂ ਲੱਖਾਂ ਕਿਰਤੀਆਂ ਦਾ ਖੂਨ ਕੋਈ ਖੂਨ ਨਹੀਂ ਸੀ? ਕੀ ਉਹ ਪਾਣੀ ਸੀ?
ਦੂਜੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਆਖਰਕਾਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੱਲ ਲੈ ਗਈਆਂ ਜਿਸ ਨਾਲ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ 2 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਅਜੋਕੇ ਸਮੇਂ ਦੇ ਪ੍ਰਮਾਣੂ ਹਥਿਆਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹਨ ਅਤੇ ਅਧਿਐਨਾਂ ਨੇ ਦਿਖਾਇਆ ਹੈ ਕਿ ਰੂਸ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਆਦਾਨ-ਪ੍ਰਦਾਨ ਦੀ ਸਥਿਤੀ ਵਿੱਚ ਪੂਰੀ ਦੀ ਪੂਰੀ ਆਧੁਨਿਕ ਸਭਿਅਤਾ ਅਲੋਪ ਹੋ ਜਾਵੇਗੀ। ਇਸ ਪੂਰੀ ਦੁਨੀਆ ਦਾ ਨਾਮੋ ਨਿਸ਼ਾਨ ਨਹੀਂ ਲੱਭੇਗਾ। ਲੋਕਾਂ ਵਿੱਚ ਵੰਡੀਆਂ ਪਾ ਕੇ ਉਹਨਾਂ ਦੀ ਕਿਰਤ ਲੁੱਟਣ ਵਾਲੇ ਵੀ ਨਹੀਂ ਬਚ ਸਕਣਗੇ।
ਇੱਥੋਂ ਤੱਕ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਪਰਮਾਣੂ ਹਥਿਆਰਾਂ ਦੇ ਆਦਾਨ-ਪ੍ਰਦਾਨ ਵਰਗੀ ਇੱਕ ਖੇਤਰੀ ਪ੍ਰਮਾਣੂ ਜੰਗ ਵੀ ਆਉਣ ਵਾਲੇ ਕਈ ਸਾਲਾਂ ਲਈ ਕੁੱਲ ਫਸਲਾਂ ਦੀ ਅਸਫਲਤਾ ਵੱਲ ਲੈ ਜਾਵੇਗੀ ਅਤੇ ਅਗਲੇ 2 ਸਾਲਾਂ ਵਿੱਚ 2 ਬਿਲੀਅਨ ਤੋਂ ਵੱਧ ਲੋਕਾਂ ਨੂੰ ਮਾਰ ਦੇਵੇਗੀ। ਇਸ ਲਈ ਮਜ਼ਦੂਰਾਂ ਦਾ ਇਹ ਸਭ ਤੋਂ ਵੱਡਾ ਫਰਜ਼ ਹੈ ਕਿ ਉਹ ਇੱਕਜੁੱਟ ਹੋ ਕੇ ਹਥਿਆਰਾਂ ਦੀ ਦੌੜ ਦਾ ਵਿਰੋਧ ਕਰਨ ਕਿਉਂਕਿ ਜੰਗ ਅਤੇ ਹਿੰਸਾ ਦੀ ਸਥਿਤੀ ਵਿੱਚ ਇਸ ਦਾ ਸਭ ਤੋਂ ਵੱਧ ਨੁਕਸਾਨ ਮਿਹਨਤਕਸ਼ ਲੋਕਾਂ ਨੂੰ ਹੁੰਦਾ ਹੈ।
ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਜਰਮਨੀ ਵਿੱਚ 1930ਵਿਆਂ ਦੀਆਂ ਘਟਨਾਵਾਂ ਦੀ ਯਾਦ ਤਾਜ਼ਾ ਕਰਵਾ ਰਹੀਆਂ ਹਨ। ਸਾਨੂੰ ਸਮਾਜਿਕ ਸਦਭਾਵਨਾ ਦੀ ਉਸਾਰੀ ਰਾਹੀਂ ਆਪਣੇ ਦੇਸ਼ ਵਿੱਚ ਅਜਿਹੀਆਂ ਪ੍ਰਵਿਰਤੀਆਂ ਨੂੰ ਹਰਾਉਣ ਲਈ ਇੱਕਜੁੱਟ ਹੋਣਾ ਪਵੇਗਾ। ਮੌਜੂਦਾ ਦੌਰ ਦੇ ਵਰਤਾਰੇ ਅਤੇ ਇਸ਼ਾਰੇ ਖਤਰਨਾਕ ਹੁੰਦੇ ਜਾ। ਯਾਦ ਆ ਰਹੇ ਹਨ ਸਾਹਿਰ ਲੁਧਿਆਣਵੀ ਸਾਹਿਬ--
ਗੁਜ਼ਸ਼ਤਾ ਜੰਗ ਮੇਂ ਤੋ ਪੈਕਰ ਜਲੇ ਮਗਰ ਇਸ ਬਾਰ; ਅਜਬ ਨਹੀਂ ਕਿ ਯੇ ਪਰਛਾਈਆਂ ਭੀ ਜਲ ਜਾਏਂ!
ਅੱਜ ਜਿਹਨਾਂ ਸਾਥੀਆਂ ਵੱਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਵਿਚ ਸਨ ਡਾ: ਰਜਿੰਦਰ ਪਾਲ, ਗੁਲਜ਼ਾਰ ਪੰਧੇਰ, ਚਰਨ ਸਰਾਭਾ, ਰਮੇਸ਼ ਰਤਨ, ਜਸਬੀਰ ਝੱਜ, ਡਾ: ਅਰੁਣ ਮਿੱਤਰ, ਗੁਰਮੇਲ ਸਿੰਘ ਮੇਡਲੇ, ਡੀਪੀ ਮੌੜ, ਨਰੇਸ਼ ਗੌੜ, ਕੇਵਲ ਸਿੰਘ ਬਨਵੈਤ, ਅਜੀਤ ਜਵੱਦੀ ਅਤੇ ਕੁਝ ਹੋਰ ਵੀ।
No comments:
Post a Comment