18th September 2022 at 04:39 PM
ਲੰਮੇ ਸੰਘਰਸ਼ਾਂ ਦੌਰਾਨ ਇਤਿਹਾਸਿਕ ਕਾਰਕਰਦਗੀ ਦਿਖਾਉਣ ਵਾਲੇ ਮੋਗਾ ਦੀ ਧਰਤੀ ਤੋਂ ਅੱਜ ਵੀ ਹੱਕ ਸੱਚ ਦੀ ਆਵਾਜ਼ ਲਗਾਤਾਰ ਬੁਲੰਦ ਹੁੰਦੀ ਰਹਿੰਦੀ ਹੈ। ਇਸ ਵਾਰ ਮੋਗਾ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਛੁੱਟੀ ਨਾ ਕੀਤੇ ਜਾਣ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ।
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ, ਜ਼ਿਲ੍ਹਾ ਮੋਗਾ ਵੱਲੋਂ ਪਰਮਗੁਣੀ ਭਗਤ ਸਿੰਘ ਦੇ 116ਵੇਂ ਜਨਮ ਦਿਨ 'ਤੇ ਜਲੰਧਰ ਦੀ ਧਰਤੀ 'ਤੇ ਕੀਤੇ ਜਾ ਰਹੇ ਵਲੰਟੀਅਰ ਮਾਰਚ ਅਤੇ ਸੰਮੇਲਨ ਦੀ ਤਿਆਰੀ ਦੇ ਸਬੰਧ 'ਚ ਵਿਦਿਆਰਥੀ/ਨੌਜਵਾਨ ਵਲੰਟੀਅਰ ਟਰੇਨਿੰਗ ਕੈਂਪ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾਂ ਆਗੂ ਸਵਰਾਜ ਖੋਸਾ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾਂ ਪ੍ਰਧਾਨ ਜਗਵਿੰਦਰ ਕਾਕਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ, ਜਿਸ ਵਿੱਚ ਮੁੱਖ ਵਕਤਾ ਦੇ ਤੌਰ 'ਤੇ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕੇ ਸੂਬਾ ਸਕੱਤਰ ਕੁਲਦੀਪ ਭੋਲਾ ਤੇ ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਬੱਧਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਉਹਨਾਂ ਵਿਦਿਆਰਥੀਆਂ/ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਦਾ ਵਿਚਾਰਧਾਰਕ ਆਗੂ ਹੈ,ਉਸਦੇ ਜੀਵਨ ਤੋਂ ਪ੍ਰੇਰਨਾ ਲੈ ਜਵਾਨੀ ਸਮਾਜ ਨੂੰ ਬਦਲਣ ਲਈ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਪੰਜਾਬ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਜਜ਼ਬਾਤੀ ਤੌਰ 'ਤੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਨਾਮ 'ਤੇ ਗੁੰਮਰਾਹ ਕਰ ਲੈਣ ਵਾਲੀ ਮੌਜੂਦਾ ਸਰਕਾਰ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਤੋਂ ਕੋਹਾਂ ਦੂਰ ਹੈ। ਪਬਲਿਕ ਸੈਕਟਰ ਤਬਾਹ ਹੋ ਰਹੇ ਹਨ ਤੇ ਨਿੱਜੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ । ਬੇਰੁਜ਼ਗਾਰੀ , ਆਤਮਹੱਤਿਆ, ਨਸ਼ੇ, ਮਾੜੀਆਂ ਸਿਹਤ ਸਹੂਲਤਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਉਸਦੇ ਨਕਲੀ ਪੈਰੋਕਾਰ ਹੋਣ ਦਾ ਗੁਮਰਾਹਕੁੰਨ ਪ੍ਰਚਾਰ ਕਰਨ ਵਾਲਾ ਮੁੱਖ ਮੰਤਰੀ ਭਗਤ ਸਿੰਘ ਦੇ ਜਨਮ ਦਿਨ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨਾ ਵੀ ਜਰੂਰੀ ਨਹੀਂ ਸਮਝਦਾ। ਪਰ ਭਗਤ ਸਿੰਘ ਨੂੰ ਨਵੀਂ ਪੀੜ੍ਹੀ ਨਾਲ ਜਾਣੂ ਕਰਵਾਉਣ ਤੇ ਉਸਦਾ ਲਗਾਤਾਰ ਜਨਮ ਦਿਨ ਮਨਾਉਣ ਦੀ ਰਵਾਇਤ ਦੇਣ ਵਾਲੀਆਂ ਜੱਥੇਬੰਦੀਆਂ ਹੁਣ ਵੀ ਉਸੇ ਤਰਾਂ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਨੂੰ ਅੱਗੇ ਲੈ ਜਾਕੇ ਜਵਾਨੀ ਨੂੰ ਚੇਤਨ ਕਰਨ ਦਾ ਕੰਮ ਕਰ ਰਹੀਆਂ ਹਨ।
ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸਾਥੀਆਂ ਨੇ ਦੱਸਿਆ ਕਿ ਭਗਤ ਸਿੰਘ ਦਾ ਜਨਮ ਦਿਨ ਹਰ ਸਾਲ ਵਾਂਗ ਜਲੰਧਰ ਦੇਸ਼ਭਗਤ ਯਾਦਗਾਰ, ਜਲੰਧਰ ਵਿਖੇ ਉਸੇ ਸਾਨੋ ਸੌਕਤ ਨਾਲ ਮਨਾਇਆ ਜਾਵੇਗਾ। ਇਸ ਕੰਮ ਲਈ ਨੌਜਵਾਨ ਵਰਗ ਨੂੰ ਚੇਤਨ ਕਰਨ ਲਈ ਵੱਖ ਵੱਖ ਪਿੰਡਾਂ,ਸ਼ਹਿਰਾਂ, ਬਲਾਕਾਂ ਵਿਚ ਮੀਟਿੰਗਾਂ/ਵਲੰਟੀਅਰ ਟਰੇਨਿੰਗ ਕੈਂਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 28 ਸਤੰਬਰ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰੇ । ਜਿਸ ਨਾਲ ਨਵੇਂ ਮੁੰਡੇ ਕੁੜੀਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਰਾਹੀਂ ਭਗਤ ਸਿੰਘ ਨਾਲ ਜੋੜਿਆ ਜਾ ਸਕੇਗਾ ਤੇ ਜਵਾਨੀ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਨਵੀਆਂ ਉਮੀਦਾਂ ਤੇ ਨਵੇਂ ਰਾਹਾਂ ਰਾਹੀਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਜਿਲ੍ਹਾਂ ਮੀਤ ਸਕੱਤਰ ਹਰਪ੍ਰੀਤ ਬਾਵਾ,ਲਖਵੀਰ ਸਿੰਘ ਰਾਜੂ,ਜਬਰਜੰਗ ਮਹੇਸਰੀ,ਸੁੱਖਾ ਮਹੇਸਰੀ, ਜਸਕਰਨ ਮੋਗਾ,ਰਵਿੰਦਰ ਕੌਰ ਚੋਟੀਆ, ਹਰਜੀਤ ਸਿੰਘ, ਗਗੜਾ ਮੋਗਾ,ਸੁਖਚੈਨ ਖੋਸਾ,ਗੁਰਮੀਤ ਮੋਗਾ, ਆਦਿ ਹਾਜ਼ਰ ਸਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment