ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ-ਕਿਹਾ ਡੀ ਰਾਜਾ ਨੇ
*ਕਾਮਰੇਡ ਵਿਮਲਾ ਡਾਂਗ ਹਾਲ, ਜਲੰਧਰ ਤੋਂ ਵਿਸ਼ੇਸ਼ ਰਿਪੋਰਟ 8 ਸਤੰਬਰ 2022:
ਭਾਰਤੀ ਕਮਿਊਨਿਸਟ ਪਾਰਟੀ (ਪੰਜਾਬ) ਦੀ 24ਵੀਂ ਸੂਬਾਈ ਕਾਨਫਰੰਸ ਅੱਜ ਬਾਕਾਇਦਾ ਸ਼ੁਰੂ ਹੋ ਗਈ। ਪੰਜਾਬ ਦੇ ਨਾਲ ਨਾਲ ਦੇਸ਼ ਅਤੇ ਦੁਨੀਆ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਨੂੰ ਦੇਖਦਿਆਂ ਸੀਪੀ ਆਈ ਦੀ ਇਹ ਕਾਨਫਰੰਸ ਖਾਸ ਅਹਿਮੀਅਤ ਰੱਖਦੀ ਹੈ। ਜਿਸ ਤੇਜ਼ੀ ਨਾਲ ਕਾਂਗਰਸ ਵਰਗੀ ਪਾਰਟੀ ਦੇ ਸੀਨੀਅਰ ਆਗੂ ਭਾਜਪਾ ਵੱਲ ਉਲਾਰ ਹੁੰਦੇ ਜਾ ਰਹੇ ਹਨ ਅਤੇ ਸੂਬੇ ਵਿਚ ਆਏ ਦਿਨ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਹਨ ਉਹਨਾਂ ਨੂੰ ਦੇਖਦਿਆਂ ਇਸ ਕਾਨਫਰੰਸ ਤੋਂ ਨਵੀਆਂ ਨੀਤੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਜਿਹੜੀਆਂ ਕਮਿਉਨਿਸਟ ਅੰਦੋਲਨਾਂ ਦੀ ਨਵੀਂ ਰੂਪ ਰੇਖਾ ਸਾਹਮਣੇ ਲਿਆਉਣਗੀਆਂ। ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀ ਰਾਜਾ ਵਰਗੀ ਸ਼ਖ਼ਸੀਅਤ ਨੇ ਦੇਸ਼ ਦੁਨੀਆ ਅਤੇ ਪਾਰਟੀ ਵਿਚ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ ਹਨ। ਅਤੀਤ ਵੀ ਉਹਨਾਂ ਲਾਇ ਕਲ੍ਹ ਵਰਗਾ ਹੈ ਅਤੇ ਆਉਣ ਵਾਲਾ ਸਮਾਂ ਵੀ ਉਹਨਾਂ ਦੇ ਸਾਹਮਣੇ ਹੈ। ਵਰਤਮਾਨ ਹਾਲਾਤ ਨੂੰ ਸਾਹਮਣੇ ਰੱਖਦਿਆਂ ਆਉਣ ਵਾਲੀ ਰਣਨੀਤੀ ਦਾ ਝਲਕਾਰਾ ਕਾਮਰੇਡ ਦੀ ਰਾਜਾ ਦੇ ਵਿਚਾਰਾਂ ਤੋਂ ਹੀ ਪਏਗਾ ਜਿਹੜੇ ਅੱਜ ਪਹਿਲੇ ਦਿਨ ਲੋਕਾਂ ਸਾਹਮਣੇ ਆਏ ਹਨ।
ਕਾਮਰੇਡ ਡੀ ਰਾਜਾ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿਚ ਅਤੇ ਬੜੀ ਹੀ ਬੇਬਾਕੀ ਨਾਲ ਆਖਿਆ ਕਿ ਮੋਦੀ ਕਮਿਊਨਿਜ਼ਮ ਨੂੰ ਜੰਗਲ ਦੀ ਅੱਗ ਦੱਸ ਕੇ ਇਸ ਤੋਂ ਡਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੀ ਸੱਤਾ ਨੂੰ ਕਮਿਊਨਿਜ਼ਮ ਹੀ ਬਦਲ ਸਕਦਾ ਹੈ। ਜਦੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਵੀਰਵਾਰ ਨੂੰ ਕੀਤਾ ਤਾਂ ਹਾਲ ਵਿੱਚ ਇਹਨਾਂ ਵਿਚਾਰਾਂ ਨੂੰ ਬੜੀ ਇਕਾਗਰਤਾ ਨਾਲ ਸੁਣਿਆ ਗਿਆ। ਜ਼ਿਕਰਯੋਗ ਹੈ ਕਿ ਡੀ ਰਾਜ ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਰੋਜ਼ਾ 24ਵੀਂ ਪੰਜਾਬ ਸੂਬਾ ਕਾਨਫ਼ਰੰਸ ਵਿੱਚ ਉਦਘਾਟਨੀ ਤਕਰੀਰ ਕਰ ਰਹੇ ਸਨ। ਇਹਨਾਂ ਵਿਚਾਰਾਂ ਵਿਚ ਦਸਤਕ ਸੀ ਆਉਣ ਵਾਲੇ ਅੰਦੋਲਨਾਂ ਦੀ। ਖਾੜਕੂ ਕਿਸਮ ਦੀ ਧਮਕ ਸੀ ਉਹਨਾਂ ਮਾਰਚਾਂ ਦੀ ਜਿਹੜੇ ਕਮਿਉਨਿਸਟਾਂ ਨੇ ਮੋਦੀ ਸੱਤਾ ਦੇ ਖਿਲਾਫ ਹੁਣ ਹੋਰ ਵੀ ਜ਼ੋਰਦਾਰ ਢੰਗ ਨੇੜ ਭਵਿੱਖ ਵਿਚ ਹੀ ਕਰਨੇ ਹਨ।
ਇੱਕ ਨਜ਼ਰੇ ਅਤੀਤ ਅਤੇ ਇੱਕ ਨਜ਼ਰੇ ਭਵਿੱਖ ਨੂੰ ਦੇਖ ਲੈਣ ਵਾਲੇ ਚੁਸਤ ਦਰੁਸਤ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਡੀ ਰਾਜਾ ਨੇ ਆਪਣੀ ਲੰਮੀ ਤਕਰੀਰ ’ਚ ਸੀ ਪੀ ਆਈ ਦੇ ਮਾਣਮੱਤੇ ਇਤਿਹਾਸ ਦੇ ਵਰਣਨ ਤੋਂ ਲੈ ਕੇ ਮੋਦੀ ਸਰਕਾਰ ਦੇ ਫਿਰਕੂ ਏਜੰਡੇ, ਦੇਸ਼ ਵਿੱਚ ਸਿਆਸੀ ਸੰਕਟ, ਆਰਥਿਕ ਤੇ ਸਮਾਜਕ ਪ੍ਰਸਥਿਤੀਆਂ ਨੂੰ ਬਾ-ਦਲੀਲ ਪੇਸ਼ ਕਰਦਿਆਂ ਦੇਸ਼ ਵਿੱਚ ਧਰਮਨਿਰਪੱਖ, ਜਮਹੂਰੀ ਤੇ ਖੱਬੀਆਂ ਧਿਰਾਂ ਦੇ ਮਜ਼ਬੂਤ ਏਕੇ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ 2024 ਵਿੱਚ ਭਾਜਪਾ ਨੂੰ ਸਿਆਸੀ ਸੱਤਾ ਵਿੱਚੋਂ ਬਾਹਰ ਕਰਨਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਸੱਦੇ ਦੇ ਨਾਲ ਨਾਲ ਉਹਨਾਂ ਬੜੀ ਫਰਾਖਦਿਲੀ ਨਾਲ ਇਹ ਸਵੀਕਾਰ ਵੀ ਕੀਤਾ ਕਿ ਇਕੱਲੀ ਖੱਬੀ ਧਿਰ ਇਸ ਵੇਲੇ ਏਨੀ ਸਮਰੱਥ ਨਹੀਂ ਕਿ ਉਹ ਭਾਜਪਾ ਨੂੰ ਗੱਦੀ ਤੋਂ ਲਾਹ ਸਕੇ। ਇਸ ਲਈ ਸੈਕੂਲਰ, ਜਮਹੂਰੀ ਤੇ ਖੇਤਰੀ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਦੀ ਵੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਮਿਊਨਿਸਟ ਪਾਰਟੀਆਂ ਦੀ ਏਕਤਾ ਦੀ ਗੱਲ ਕਰਦਿਆਂ 33 ਸਾਲ ਪੁਰਾਣੇ ਸੱਦੇ ਦੀ ਗੱਲ ਵੀ ਚੇਤੇ ਕਰਵਾਈ। ਉਹਨਾਂ 1989 ਦੀ ਕੋਲਕਾਤਾ ਪਾਰਟੀ ਕਾਂਗਰਸ ਦਾ ਹਵਾਲਾ ਦੇਂਦਿਆਂ ਯਾਦ ਕਰਾਇਆ ਕਿ ਉਦੋਂ ਵੀ ਖੱਬੀਆਂ ਧਿਰਾਂ ਦੀ ਏਕਤਾ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਾਰਟੀ ਕਾਂਗਰਸ ਵਿੱਚ ਉਸ ਵੇਲੇ ਦੇ ਜਨਰਲ ਸਕੱਤਰ ਕਾਮਰੇਡ ਸੀ ਰਾਜੇਸ਼ਵਰ ਰਾਓ ਨੇ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਸੰਘਰਸ਼ਾਂ ਦਾ ਸੱਦਾ ਦਿੱਤਾ ਸੀ। ਸਪਸ਼ਟ ਹੈ ਕਿ ਜੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਇਹ ਏਕਤਾ ਹੋ ਚੁੱਕੀ ਹੁੰਦੀ ਤਾਂ ਗੱਲ ਹੀ ਸੀ। ਹੁਣ ਉਸ ਸੱਦੇ ਨੂੰ ਯਾਦ ਕਰਾਉਣਾ ਵੀ ਏਕਤਾ ਦੀ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਾਉਣਾ ਹੀ ਹੈ।
ਕਾਮਰੇਡ ਡੀ ਰਾਜਾ ਨੇ ਕੌਮਾਂਤਰੀ ਪੱਧਰ ਦੀਆਂ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂੰਜੀਵਾਦੀ ਢਾਂਚਾ ਖੜੋਤ ਵਿੱਚ ਹੈ। ਇਹ ਢਹਿਢੇਰੀ ਹੋਣ ਵਲ ਵਧ ਰਿਹਾ ਹੈ। ਇਸ ਦਾ ਬਦਲ ਸਿਰਫ਼ ਸਮਾਜਵਾਦ ਹੀ ਹੈ। ਉਨ੍ਹਾ ਕਿਹਾ ਕਿ ਸ਼ੋਸ਼ਣ ਦਾ ਅੰਤ ਹੀ ਮਨੁੱਖਤਾ ਦੀ ਮੁਕਤੀ ਦਾ ਮਾਰਗ ਹੈ। ਉਨ੍ਹਾ ਨੇ ਚਿੱਲੀ ਅਤੇ ਬੋਲੀਵੀਆ ਵਰਗੇ ਮੁਲਕਾਂ ਵਿੱਚ ਖੱਬੇ ਪੱਖੀਆਂ ਦੇ ਉਭਾਰ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ’ਤੇ ਕਬਜ਼ੇ ਲਈ ਹੋਏ ਵੱਡੇ ਮੁਜ਼ਾਹਰਿਆਂ ਦਾ ਸਾਰਥਿਕ ਨਤੀਜਾ ਨਿਕਲਣਾ ਸੀ ਜੇ ਉੱਥੇ ਖੱਬਾ ਪੱਖ ਮਜ਼ਬੂਤ ਹੁੰਦਾ।
ਕਾਮਰੇਡ ਡੀ ਰਾਜਾ ਨੇ ਸੂਬਾ ਕਾਨਫ਼ਰੰਸ ਦੀਆਂ ਪੰਜਾਬ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਪੰਜਾਬ ਦੀ ਇਕਾਈ ਦਾ ਅਹਿਮ ਸਥਾਨ ਹੈ। ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ। ਇਹ ਨਾ ਸਿਰਫ਼ ਸਿਆਸੀ ਤੇ ਵਿਚਾਰਧਾਰਕ ਤੌਰ ’ਤੇ ਹੀ, ਸਗੋਂ ਜਥੇਬੰਦਕ ਮਾਮਲਿਆਂ ਵਿੱਚ ਵੀ ਕੇਂਦਰ ਦੀ ਸੀ ਪੀ ਆਈ ਨੂੰ ਯੋਗਦਾਨ ਦਿੰਦੀ ਹੈ। ਉਨ੍ਹਾਂ ਆਪਣੀ ਤਕਰੀਰ ਵਿੱਚ ਕਾਮਰੇਡ ਸੱਤਪਾਲ ਡਾਂਗ, ਵਿਮਲਾ ਡਾਂਗ, ਚੈਨ ਸਿੰਘ ਚੈਨ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਅਤੇ ਡਾ. ਜੁਗਿੰਦਰ ਦਿਆਲ ਦੀ ਪਾਰਟੀ ਲਈ ਦੇਣ ਨੂੰ ਯਾਦ ਕੀਤਾ।
ਆਖਿਰ ਵਿੱਚ ਉਨ੍ਹਾਂ ਸੂਬਾ ਕਾਨਫ਼ਰੰਸ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਔਰਤਾਂ, ਨੌਜਵਾਨਾਂ, ਪਛੜਿਆਂ ਅਤੇ ਘੱਟਗਿਣਤੀ ਵਰਗਾਂ ਨੂੰ ਵਿਸ਼ੇਸ਼ ਸਥਾਨ ਦੇ ਕੇ ਅੱਗੇ ਵਧਣ ਦੀ ਲੋੜ ਹੈ। ਕਾਮਰੇਡ ਡੀ ਰਾਜਾ ਦੀ ਤਕਰੀਰ ਤੋਂ ਫੌਰਨ ਬਾਅਦ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਵਿੱਕੀ ਮਹੇਸ਼ਰੀ ਨੇ ਖੂਬਸੂਰਤ ਢੰਗ ਨਾਲ ਤਕਰੀਰ ਦਾ ਉਲਥਾ ਪੇਸ਼ ਕੀਤਾ।
ਇਸ ਸਮਾਗਮ ਦੀ ਖਾਸ ਗੱਲ ਸੀ ਇਸ ਵਿੱਚ ਪੱਤਰਕਾਰ ਸਤਨਾਮ ਮਾਣਕ ਦਾ ਸ਼ਾਮਲ ਹੋਣਾ। ਅਜੀਤ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਉਦਘਾਟਨੀ ਸੈਸ਼ਨ ਵਿੱਚ ਭਰਾਤਰੀ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੱਬੀਆਂ ਧਿਰਾਂ ਤੇ ਖਾਸ ਕਰਕੇ ਸੀ ਪੀ ਆਈ ਨਾਲ ਉਨ੍ਹਾ ਦੀ ਜਜ਼ਬਾਤੀ ਸਾਂਝ ਹੈ। ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਰਿਪੋਰਟ ਪੇਸ਼ ਕਰਦਿਆਂ ਬਹੁਤ ਸਾਰੇ ਮਸਲਿਆਂ ਨੂੰ ਵਿਚਾਰਿਆ। ਉਨ੍ਹਾ ਕਿਸਾਨ ਤੇ ਮਜ਼ਦੂਰ ਵਰਗ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਨਿਹਾਲਗੜ੍ਹ ਦੇਵੀ ਕੁਮਾਰੀ ਸਰਹਾਲੀ ਕਲਾਂ, ਚਰਨਜੀਤ ਛਾਂਗਾ ਰਾਏ ਅਤੇ ਰਜਿੰਦਰ ਪਾਲ ਕੌਰ ਨੂੰ ਸੱਦਾ ਦੇਣ ਉਪਰਤ ਸੂਬਾ ਕਾਨਫ਼ਰੰਸ ਨੂੰ ਕਾਰਗਰ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾਉਣ ਬਾਰੇ ਜਾਣਕਾਰੀ ਦਿੱਤੀ।
ਕਾਮਰੇਡ ਪਿ੍ਰੰਥੀਪਾਲ ਸਿੰਘ ਮਾੜੀ ਮੇਘਾ ਨੇ ਪਿਛਲੇ ਸੱਤਾਂ ਸਾਲਾ ਦੌਰਾਨ ਵਿੱਛੜ ਗਏ ਸਾਥੀਆਂ ਦੀ ਲਿਸਟ ਪੜ੍ਹ ਕੇ ਸੁਣਾਈ। ਉਸ ਤੋਂ ਬਾਅਦ ਉਨ੍ਹਾਂ ਸਾਥੀਆਂ ਨੂੰ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਸੱਤਪਾਲ ਭਗਤ ਨੇ ਡੈਲੀਗੇਟਾਂ ਦਾ ਰਸਮੀ ਸਵਾਗਤ ਕੀਤਾ।ਕਾਮਰੇਡ ਗੁਰਦਿਆਲ ਨਿਰਮਾਣ ਅਤੇ ਜਸਵੀਰ ਝੱਜ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਦੌਰਾਨ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਸੰਪਾਦਿਤ ਕਿਤਾਬ ‘ਜੁਝਾਰੂ ਔਰਤ-ਵਿਮਲਾ ਡਾਂਗ’ ਲੋਕ ਅਰਪਣ ਕੀਤੀ ਗਈ।
ਉਦਘਾਟਨੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀ ਪੀ ਆਈ ਪੰਜਾਬ ਦੇ ਸਾਬਕਾ ਸਕੱਤਰ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਨੇ ਕਾਮਰੇਡ ਡੀ ਰਾਜਾ ਦੀ ਮੌਜੂਦਗੀ ਵਿੱਚ ਝੰਡਾ ਲਹਿਰਾਇਆ। ਇਸ ਮੌਕੇ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ, ਜ਼ਿਲ੍ਹਾ ਮੋਗਾ ਦੇ ਸਕੱਤਰ ਕਾਮਰੇਡ ਕੁਲਦੀਪ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਕਾਮਰੇਡ ਕਰਮਵੀਰ ਕੌਰ ਬੱਧਨੀ, ਕਾਮਰੇਡ ਨਰਿੰਦਰ ਸੋਹਲ, ਸੀ ਪੀ ਆਈ ਜਲੰਧਰ ਦੇ ਸਕੱਤਰ ਕਾਮਰੇਡ ਰਾਜਿੰਦਰ ਸਿੰਘ ਮੰਡ, ਤਹਿਸੀਲ ਸ਼ਾਹਕੋਟ-ਨਕੋਦਰ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਜਲੰਧਰ ਸਿਟੀ ਦੇ ਸਕੱਤਰ ਕਾਮਰੇਡ ਰਾਜੇਸ਼ ਥਾਪਾ, ਕਾਮਰੇਡ ਦਰਸ਼ਨ ਚੌਹਾਨ ਮਾਨਸਾ, ਕਾਮਰੇਡ ਸੁਖਦੇਵ ਸ਼ਰਮਾ ਸੰਗਰੂਰ, ਸੀ ਪੀ ਆਈ ਫਿਲੌਰ ਦੇ ਸਕੱਤਰ ਕਾਮਰੇਡ ਰਛਪਾਲ ਕੈਲੇ, ਤਹਿਸੀਲ ਜਲੰਧਰ ਦੇ ਸਕੱਤਰ ਹਰਜਿੰਦਰ ਸਿੰਘ ਮੌਜੀ, ਕਾਮਰੇਡ ਕੁਲਵੰਤ ਸਿੰਘ ਪਟਿਆਲਾ, ਕਾਮਰੇਡ ਸੂਰਤ ਸਿੰਘ ਧਰਮਕੋਟ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ, ਕਿਸਾਨ ਆਗੂ ਲਖਵੀਰ ਸਿੰਘ ਨਿਜ਼ਾਮਪੁਰਾ ਵੀ ਮੌਜੂਦ ਸਨ।
ਹੁਣ ਦੇਖਣਾ ਹੈ ਕਿ ਕੱਲ੍ਹ ਅੰਤਲੇ ਦਿਨ 9 ਸਤੰਬਰ ਨੂੰ ਇਹ ਕਾਨਫਰੰਸ ਕਿਹੜੇ ਨਤੀਜਿਆਂ 'ਤੇ ਪਹੁੰਚ ਕੇ ਸਮਾਪਤ ਹੁੰਦੀ ਹੈ। ਕੱਲ੍ਹ ਤੱਕ ਅੱਜ ਵਾਲੀ ਬਹਿਸ ਦਾ ਵੀ ਪਤਾ ਲੱਗ ਜਾਏਗਾ ਕਿ ਇਹ ਕਿੱਥੇ ਮੁੱਕਦੀ ਹੈ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment