Showing posts with label Jalandhar. Show all posts
Showing posts with label Jalandhar. Show all posts

Sunday, June 8, 2025

ਗੈਰ ਕਾਨੂੰਨੀ ਹਿਰਾਸਤ 'ਚ ਰੱਖੇ ਮਾਓਵਾਦੀ ਆਗੂਆਂ ਨੂੰ ਅਦਾਲਤ ਵਿਚ ਪੇਸ਼ ਕਰੋ

From Amolak Singh on Saturday 7th June 2025 at 10:26 PM Regarding Govt. Actions Against Maoists

ਜਨਵਰੀ 2025 ਤੋਂ ਲੈ ਕੇ ਹੁਣ ਤੱਕ ਇਕੱਲੇ ਬਸਤਰ ਵਿਚ 182 ਮਾਓਵਾਦੀਆਂ ਨੂੰ ‘ਮੁਕਾਬਲੇ’ ਕਹਿ ਕੇ ਕਤਲ ਕੀਤਾ

ਜਮਹੂਰੀ ਫਰੰਟ ਨੇ ਕਥਿਤ ਪੁਲਿਸ ਮੁਕਾਬਲੇ ਦਾ ਖਦਸ਼ਾ ਵੀ ਪ੍ਰਗਟਾਇਆ 

*ਸੁਪਰੀਮ  ਕੋਰਟ ਅਤੇ ਰਾਸ਼ਟਰਪਤੀ ਦੇ ਦਖਲ ਦੀ ਵੀ ਮੰਗ ਕੀਤੀ 
*ਜਮਹੂਰੀ ਫਰੰਟ ਨੇ ਇਹਨਾਂ ਆਗੂਆਂ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਦੁਹਰਾਈ 
*ਕਤਲੇਆਮ ਰੋਕਣ ਲਈ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਨੂੰ ਤੁਰੰਤ ਆਦੇਸ਼ ਦੇਣ ਦੀ ਕਰੋ ਅਪੀਲ
ਜਲੰਧਰ//ਲੁਧਿਆਣਾ: ਜੂਨ 2025: (ਕਾਮਰੇਡ ਸਕਰੀਨ ਬਿਊਰੋ)::
ਪੰਜਾਬ ਵਿੱਚ ਸਰਗਰਮ ਜਮਹੂਰੀ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸੰਗਠਨਾਂ ਵੱਲੋਂ ਛੱਤੀਸਗੜ੍ਹ ਵਿੱਚ ਚੱਲ ਰਹੇ ਸਰਕਾਰੀ ਐਕਸ਼ਨਾਂ ਦੇ ਖਿਲਾਫ ਆਵਾਜ਼ ਲਗਾਤਾਰ ਬੁਲੰਦ ਕੀਤੀ ਜਾ ਰਹੀ ਹੈ।  ਇਸ ਮੁਹਿੰਮ ਵਿੱਚ ਵਿੱਚ ਬੁਧੀਜੀਵੀ ਅਤੇ ਸੁਤੰਤਰ ਪੱਤਰਕਾਰ ਵੀ ਸ਼ਾਮਿਲ ਹੋ ਰਹੇ ਹਨ। ਕੁਝ ਯੂਟਿਊਬਰ ਵੀ ਇਸ ਮੁੱਦੇ ਨਾਲ ਸਬੰਧਤ ਸਟੋਰੀਆਂ ਕਰ ਰਹੇ ਹਨ। ਆਉਂਦੇ ਦਿਨਾਂ ਵਿੱਚ ਇਹ ਰੁਝਾਨ ਹੋਰ ਵਧਣ ਦੀ ਸੰਭਾਵਨਾ ਹੈ। 

ਅੱਜ ਸੱਤ ਜੂਨ ਦੀ ਰਾਤ ਨੂੰ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਛੱਤੀਸਗੜ੍ਹ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਮਾਓਵਾਦੀ ਆਗੂ ਬੰਡੀ ਪ੍ਰਕਾਸ਼ ਅਤੇ ਦਰਜਨ ਤੋਂ ਵੱਧ ਹੋਰ ਮਾਓਵਾਦੀ ਆਗੂਆਂ ਨੂੰ ਤੁਰੰਤ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮਕਸਦ ਦੀ ,ਮੰਗ ਪੰਜਾਬ ਦੇ ਕਈ ਹੋਰਨਾਂ ਸਟੇਸ਼ਨਾਂ ਤੋਂ ਵੀ ਤੇਜ਼ੀ ਨਾਲ ਉੱਠਣ ਲੱਗੀ ਹੈ। 

ਜਮਹੂਰੀ ਫਰੰਟ ਦੇ ਆਗੂਆਂ ਨੇ ਕਿਹਾ ਕਿ ਤੇਲੰਗਾਨਾ ਸਿਵਲ ਰਾਈਟਸ ਐਸੋਸੀਏਸ਼ਨ ਅਤੇ ਤੇਲੰਗਾਨਾ ਸਿਵਲ ਲਿਬਰਟੀਜ਼ ਕਮੇਟੀ ਵਲੋਂ ਜਨਤਕ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਆਗੂਆਂ ਨੂੰ ਬੀਤੇ ਕੱਲ੍ਹ ਬੀਜਾਪੁਰ ਦੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਜਿਵੇਂ ਭਾਜਪਾ ਸਰਕਾਰ ਵੱਲੋਂ 31 ਮਾਰਚ 2026 ਤੱਕ ਭਾਰਤ ਨੂੰ ‘ਨਕਸਲ-ਮੁਕਤ’ ਕਰਨ ਦਾ ਫਾਸ਼ੀਵਾਦੀ ਟੀਚਾ ਤੈਅ ਕਰਕੇ ਛੱਤੀਸਗੜ੍ਹ ਅਤੇ ਝਾਰਖੰਡ ਵਿਚ ਮਾਓਵਾਦੀ ਆਗੂਆਂ ਅਤੇ ਆਦਿਵਾਸੀਆਂ ਨੂੰ ਕਥਿਤ ਮੁਕਾਬਲਿਆਂ ਵਿਚ  ਮਾਰਿਆ ਜਾ ਰਿਹਾ ਹੈ, ਉਸਦੇ ਮੱਦੇਨਜ਼ਰ ਇਨ੍ਹਾਂ ਆਗੂਆਂ ਨੂੰ ਵੀ ‘ਮੁਕਾਬਲੇ’ ਬਣਾ ਕੇ ਮਾਰ ਦਿੱਤੇ ਜਾਣ ਦਾ ਖ਼ਤਰਾ ਹੈ। 

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਸੀਪੀਆਈ (ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਧਾਕਰ ਅਤੇ ਇਕ ਹੋਰ ਸੀਨੀਅਰ ਆਗੂ ਭਾਸਕਰ ਨੂੰ ਇਸੇ ਤਰ੍ਹਾਂ ਜ਼ਿੰਦਾ ਗਿ੍ਰਫ਼ਤਾਰ ਕਰਨ ਤੋਂ ਬਾਅਦ ਮੁਕਾਬਲੇ ਵਿਚ ਮਰੇ ਦਿਖਾ ਦਿੱਤਾ ਗਿਆ।

ਇਸ ਸਬੰਧੀ ਅੰਕੜੇ ਦੇਂਦਿਆਂ ਇਹਨਾਂ ਆਗੂਆਂ ਨੇ ਦੱਸਿਆ ਕਿ ਜਨਵਰੀ 2025 ਤੋਂ ਲੈ ਕੇ ਹੁਣ ਤੱਕ ਇਕੱਲੇ ਬਸਤਰ ਖੇਤਰ ਵਿਚ 182 ਮਾਓਵਾਦੀਆਂ ਨੂੰ ‘ਮੁਕਾਬਲਿਆਂ’ ਦੇ ਨਾਂ ਹੇਠ ਕਤਲ ਕੀਤਾ ਗਿਆ ਹੈ।

ਇਹ ਬਿਆਨ ਜਾਰੀ ਕੀਤਾ ਡਾ. ਪਰਮਿੰਦਰ ਸਿੰਘ, 95010-25030 ਅਤੇ ਬੂਟਾ ਸਿੰਘ ਮਹਿਮੂਦਪੁਰ 94634-74342 ਨੇ। 

Thursday, June 5, 2025

ਕਾਮਰੇਡ ਗੁਰਮੀਤ ਸ਼ੁਗਲੀ ਦਾ ਨਿਊਯਾਰਕ ਵਿੱਚ ਦੇਹਾਂਤ

From M S Bhatia on 5th June 2025 at 21:42 Regarding Death of Comrade Shugly  

ਕਾਮਰੇਡ ਬੰਤ ਬਰਾੜ ਵੱਲੋਂ ਸ਼ੁਗਲੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ 


ਲੁਧਿਆਣਾ
/ /ਚੰਡੀਗੜ੍ਹ: 5 ਜੂਨ 2025: (M S Bhatia//ਮੀਡੀਆ ਲਿੰਕ/ /ਕਾਮਰੇਡ ਸਕਰੀਨ ਡੈਸਕ ) ::

ਸੀਪੀਆਈ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਰੋਜ਼ਾਨਾ "ਨਵਾਂ ਜ਼ਮਾਨਾ" ਅਖਬਾਰ ਦੇ ਪ੍ਰਿੰਟਰ ਪਬਲਿਸ਼ਰ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਕਾਮਰੇਡ ਸ਼ੁਗਲੀ ਆਪਣੇ ਵਿਦਿਆਰਥੀ ਜੀਵਨ ਕਾਲ ਤੋਂ ਹੀ ਕਮਿਊਨਿਸਟ ਅੰਦੋਲਨ ਪ੍ਰਤੀ ਪ੍ਰਸਿੱਧ ਵੀ ਸਨ ਅਤੇ ਪ੍ਰਤੀਬੱਧ ਵੀ ਸਨ। ਉਹਨਾਂ ਦੱਸਿਆ ਕਿ ਕਾਮਰੇਡ ਸ਼ੁਗਲੀ ਸੀਪੀਆਈ ਦੀ ਪੰਜਾਬ ਸੂਬਾ ਕਾਉਂਸਿਲ ਦੇ ਮੈਂਬਰ ਵੀ ਸਨ। ਇਸ ਲਾਇ ਸੀਪੀਆਈ ਤਹਿਦਿਲੋਂ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦੀ ਹੈ। ਸਾਥੀ ਬਰਾੜ ਨੇ ਕਾਮਰੇਡ ਸ਼ੁਗਲੀ ਦੇ ਸਪੁੱਤਰ ਰਾਜਿੰਦਰ ਮੰਡ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ। 

ਜ਼ਿਕਰਯੋਗ ਹੈ ਕਿ ਨਵਾਂ ਜ਼ਮਾਨਾ ਅਖਬਾਰ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਐਡਵੋਕਟ ਗੁਰਮੀਤ ਸਿੰਘ ਸ਼ੁਗਲੀ ਦਾ ਵੀਰਵਾਰ ਸਵੇਰੇ ਨਿਊ ਯਾਰਕ ਵਿੱਚ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। 

ਰੋਜ਼ਾਨਾ "ਨਵਾਂ ਜ਼ਮਾਨਾ" ਅਖਬਾਰ ਦੇ ਸੂਤਰਾਂ ਮੁਤਾਬਿਕ ਉੱਘੇ ਕਮਿਊਨਿਸਟ ਆਗੂ ਮਰਹੂਮ ਹੈੱਡਮਾਸਟਰ ਸੋਹਣ ਸਿੰਘ ਦੇ ਛੋਟੇ ਭਰਾਤਾ ਕਾਮਰੇਡ ਸ਼ੁਗਲੀ ਅਜੇ ਦੋ ਕੁ ਹਫਤੇ ਪਹਿਲਾਂ ਹੀ ਆਪਣੇ ਛੋਟੇ ਬੇਟੇ ਰਮਨਜੀਤ ਸਿੰਘ ਮੰਡ ਕੋਲ ਗਏ ਸਨ। ਤੜਕੇ ਉਨ੍ਹਾ ਨੂੰ ਹਾਰਟ ਅਟੈਕ ਆਇਆ ਤਾਂ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਹੋਰ ਅਟੈਕ ਆ ਗਿਆ ਜਿਹੜਾ ਕਿ ਜਾਨਲੇਵਾ ਸਾਬਤ ਹੋਇਆ। ਉਹ ਆਪਣੇ ਪਿੱਛੇ ਪਤਨੀ ਮਹਿੰਦਰ ਕੌਰ ਤੇ ਵੱਡਾ ਬੇਟਾ ਐਡਵੋਕੇਟ ਰਜਿੰਦਰ ਸਿੰਘ ਮੰਡ, ਦੋਸਤਾਂ-ਮਿੱਤਰਾਂ ਤੇ ਮਿਹਨਤਕਸ਼ ਸਾਥੀਆਂ ਦੀ ਵਿਸ਼ਾਲ ਦੁਨੀਆ ਛੱਡ ਗਏ ਹਨ। ਉਹਨਾਂ ਦੀਆਂ ਰਚੀਆਂ ਕਿਤਾਬਾਂ ਦੇ ਪਾਠਕਾਂ ਦੀ ਗਿਣਤੀ ਵੀ ਬੜੀ ਵਿਸ਼ਾਲ ਰਹੀ। ਉਹ ਅਖਬਾਰ ਅਤੇ ਪੁਸਤਕਾਂ ਦੇ ਨਾਲ ਨਾਲ ਬਲਾਗਾਂ ਦੀ  ਦੁਨੀਆ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਸਨ। 

ਇਸ ਮੌਕੇ ਕਾਮਰੇਡ ਬੰਤ ਬਰਾੜ ਦੇ ਨਾਲ ਨਾਲ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਜਨਰਲ ਮੈਨੇਜਰ ਗੁਰਮੀਤ, ਟਰੱਸਟੀ ਜਤਿੰਦਰ ਪਨੂੰ ਤੇ ਸਟਾਫ ਉਹਨਾਂ ਦੇ ਵਿਛੋੜੇ ਦੀ ਖਬਰ ਸੁਣ ਕੇ ਸੁੰਨ ਰਹਿ ਗਏ। ਉਹਨਾਂ ਨਾਲ ਨੇੜਤਾ ਰੱਖਣ ਵਾਲੇ ਬੁਰੀ ਤਰ੍ਹਾਂ ਉਦਾਸ ਹੋ ਗਏ। ਉਨ੍ਹਾ ਨੂੰ  ਯਾਦ ਕਰਦਿਆਂ ਸਮੂਹ ਸੱਜਣਾਂ ਮਿੱਤਰਾਂ ਨੇ ‘ਨਵਾਂ ਜ਼ਮਾਨਾ’ ਦੀ ਬਿਹਤਰੀ ਲਈ ਕਾਮਰੇਡ ਸ਼ੁਗਲੀ ਦੇ ਅਣਥਕ ਯਤਨਾਂ ਨੂੰ ਚੇਤੇ ਕਰਦਿਆਂ ਉਨ੍ਹਾ ਦੇ ਪਰਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਚੇਤੇ ਰਹੇ ਕਿ ਦਸੰਬਰ 1947 ਵਿੱਚ ਪੈਦਾ ਹੋਏ ਕਾਮਰੇਡ ਸ਼ੁਗਲੀ ਨੇ 1963 ਵਿੱਚ ਮੈਟ੍ਰਿਕ ਆਰੀਆ ਹਾਈ ਸਕੂਲ ਅਲਾਵਲਪੁਰ (ਜਲੰਧਰ) ਤੋਂ ਕੀਤੀ। 1965 ਵਿੱਚ ਮੇਹਰ ਚੰਦ ਪੋਲੀਟੈਕਨੀਕਲ ਇੰਸਟੀਚਿਊਟ ਤੋਂ ਟੀਚਿੰਗ ਟਰੇਨਿੰਗ ਦਾ ਕੋਰਸ ਕੀਤਾ ਅਤੇ ਅਪ੍ਰੈਲ 1966 ਤੋਂ ਬਿਆਸ ਪਿੰਡ ’ਚ ਖੁੱਲ੍ਹੇ ਨਵੇਂ ਜਨਤਾ ਹਾਈ ਸਕੂਲ ਵਿੱਚ ਨੌਕਰੀ ਕਰ ਲਈ। ਇਸ ਦੌਰਾਨ ਵੀ ਉਹ ਆਮ ਲੋਕਾਂ ਦੇ ਬਹੁਤ ਨੇੜੇ ਆ ਗਏ। 

ਫਿਰ ਉਹਨਾਂ ਨੇ 1967 ਵਿੱਚ ਅਲਾਵਲਪੁਰ ਵਿਖੇ ਸਨਾਤਨ ਧਰਮ ਹਾਈ ਸਕੂਲ’ਚ ਨੌਕਰੀ ਕੀਤੀ, ਜਿੱਥੇ ਕਾਮਰੇਡ ਸੋਹਣ ਸਿੰਘ ਹੈੱਡਮਾਸਟਰ ਸਨ। ਇਸੇ ਦੌਰਾਨ ਉਨ੍ਹਾ 1967 ਵਿੱਚ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਬਸਤੀ ਨੌ ਜਲੰਧਰ ਵਿਖੇ ਪ੍ਰੈੱਪ ਵਿੱਚ ਦਾਖਲਾ ਲੈ ਲਿਆ। ਦਿਨੇ ਸਕੂਲ ਵਿੱਚ ਪੜ੍ਹਾਉਦਿਆਂ-ਪੜ੍ਹਾਉਦਿਆਂ ਅਤੇ ਨਾਲ ਨਾਲ ਰਾਤ ਨੂੰ ਕਾਲਜ ਵਿੱਚ ਪੜ੍ਹਦਿਆਂ ਉਹਨਾਂ  1971 ਵਿੱਚ ਬੀ ਏ ਵੀ ਕਰ ਲਈ। 

ਵਿਦਿਅਕ ਯੋਗਤਾ ਸੰਬੰਧੀ ਉਹ ਪੂਰੀ ਤਰ੍ਹਾਂ ਚੇਤੰਨ ਰਹੇ। ਇਸ ਤੋਂ ਬਾਅਦ ਉਹਨਾਂ ਪੱਤਰ ਵਿਹਾਰ ਰਾਹੀਂ ਸ਼ਿਮਲਾ ਯੂਨੀਵਰਸਿਟੀ ਤੋਂ ਐੱਮ ਏ ਰਾਜਨੀਤੀ ਸ਼ਾਸਤਰ ਕਰ ਲਈ ਅਤੇ ਬਾਅਦ ਵਿੱਚ ਪ੍ਰਾਈਵੇਟ ਤੌਰ ’ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਵੀ ਕੀਤੀ। ਸੰਘਰਸ਼ਾਂ ਨਾਲ ਪੜ੍ਹਾਈ ਦਾ ਇਹ ਇੱਕ ਆਪਣਾ ਹੀ ਰਿਕਾਰਡ ਸੀ। 

ਸੰਨ 1978 ਵਿੱਚ ਗਵਾਲੀਅਰ ਵਿਖੇ ਦਾਖਲਾ ਲੈ ਕੇ 1981 ਵਿੱਚ ਵਕਾਲਤ ਵੀ ਪਾਸ ਕੀਤੀ। ਇਹ ਇਮਤਿਹਾਨ ਪਾਸ ਕਰਦਿਆਂ ਹੀ ਉਹਨਾਂ ਅਗਸਤ 1981 ਵਿੱਚ ਵਕਾਲਤ ਦੀ ਪ੍ਰੈਕਟਿਸ ਵੀ ਸ਼ੁਰੂ ਕੀਤੀ, ਜੋ ਆਖਰੀ ਦਮ ਤੱਕ ਜਾਰੀ ਰਹੀ। ਉਹਨਾਂ ਸਰਕਾਰੀ ਮਿਡਲ ਸਕੂਲ ਰਹੀਮਪੁਰ, ਜ਼ਿਲ੍ਹਾ ਜਲੰਧਰ ਵਿਖੇ ਵੀ ਪੜ੍ਹਾਇਆ।

ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ ਨੇ ਵੀ ਕਾਮਰੇਡ ਸ਼ੁਗਲੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਰ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਵੀ ਕਾਮਰੇਡ ਸ਼ੁਗਲੀ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। 

ਇਸੇ ਦੌਰਾਨ ਕਾਮਰੇਡ ਐਮ ਐਸ ਭਾਟੀਆ ਨੇ ਉਹਨਾਂ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਦਾ ਅੰਤਿਮ ਸਸਕਾਰ ਅਕਦੋਂ ਕੀਤਾ ਜਾਏਗਾ ਇਸ ਦਾ ਪਤਾ ਅਜੇ ਲੱਗਣਾ ਹੈ। ਪਰਿਵਾਰ ਵੱਲੋਂ ਇਸਦਾ ਵੇਰਵਾ ਮਿਲਦਿਆਂ ਹੀ ਇਸਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਕਾਮਰੇਡ ਐਮ ਐਸ ਭਾਟੀਆ ਵਿਛੜੇ ਚੁੱਕੇ ਸਾਥੀ ਗੁਰਮੀਤ ਸ਼ੁਗਲੀ ਦੇ ਬਹੁਤ ਨੇੜਲੇ ਸਾਥੀਆਂ ਅਤੇ ਮਿੱਤਰਾਂ ਵਿੱਚੋਂ ਸਨ। ਉਹਨਾਂ ਦੀਆਂ ਪੁਸਤਕਾਂ ਦੇ ਪ੍ਰੋਜੈਕਟ ਅਤੇ ਨਵਾਂ ਜ਼ਮਾਨਾ ਨਾਲ ਸਬੰਧਤ ਲੁਧਿਆਣਾ ਦੇ ਕੰਮਾਂ ਵਿੱਚ ਐਮ ਐਸ ਭਾਟੀਆ ਹੀ ਸ਼ੁਗਲੀ ਜੀ ਦੇ ਵਿਸ਼ਵਾਸ ਪਾਤਰ ਰਹੇ। 

ਪੀਪਲਜ਼ ਮੀਡੀਆ ਲਿੰਕ ਵੱਲੋਂ ਰੈਕਟਰ ਕਥੂਰੀਆ ਅਤੇ ਪਤਰਕਾਰ ਪ੍ਰਦੀਪ ਸ਼ਰਮਾ ਨੇ ਵੀ ਸ਼ੁਗਲੀ ਜੀ ਦੇ ਇਸ ਅਚਾਨਕ ਵਿਛੋੜੇ 'ਤੇ ਦੁੱਖ ਪ੍ਰਗਟਾਇਆ। ਉਹਨਾਂ ਕਿਹਾ ਕਿ ਸ਼ੁਗਲੀ ਜੀ ਦੇ ਹੁੰਦਿਆਂ ਨਵਾਂ ਜ਼ਮਾਨਾ ਦਫਤਰ ਜਾਂ ਦੀ ਖੁਸ਼ੀ ਵੱਖਰੀ ਹੀ ਹੁੰਦੀ ਸੀ। ਸਫ਼ਰ ਦੀ ਸਾਰੀ ਥਕਾਵਟ ਸ਼ੁਗਲੀ ਜੀ ਨੂੰ ਮਿਲਦੀਆਂ ਹੀ ਉਤਰ ਜਾਂਦੀ ਸੀ। ਉਹਨਾਂ ਦੀ ਸਾਹਿਤ ਸਾਧਨਾ ਅਤੇ ਪੁਸਤਕ ਪ੍ਰੇਮ ਵੀ ਖਾਸ ਸੀ। ਉਹ ਮਿਲਣ ਲਈ ਆਏ ਸੱਜਣਾਂ ਨੂੰ ਆਪਣੀਆਂ ਪੁਸਤਕਾਂ ਵੀ ਭੇਂਟ ਕਰਦੇ ਅਤੇ ਨਵਾਂ ਜ਼ਮਾਨਾ ਦੇ ਪੁਸਤਕ ਭੰਡਾਰ ਵਿੱਚੋਂ ਵੀ ਪੁਸਤਕਾਂ ਦੇਂਦੇ। 

Sunday, September 11, 2022

ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 'ਤੇ ਮੋਗਾ ਵਿੱਚੋਂ ਜਾਣਗੇ ਵਿਸ਼ਾਲ ਕਾਫ਼ਿਲੇ

 Sunday 11th September 2022 at 04:12 PM

ਇਹ ਵਿਸ਼ਾਲ ਕਾਫ਼ਿਲੇ ਜਲੰਧਰ ਪੁੱਜਣਗੇ-ਕਰਮਵੀਰ ਬੱਧਨੀ/ਗੁਰਾਦਿੱਤਾ ਦੀਨਾ


ਮੋਗਾ: 11 ਸਤੰਬਰ 2022: (ਕਾਮਰੇਡ ਸਕਰੀਨ ਬਿਊਰੋ)::

ਕਰਮਵੀਰ ਬੱਧਨੀ 
ਹੁਣ ਜਦੋਂ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਡਰੇ ਹੋਏ ਲੋਕ ਸ਼ਹੀਦ ਭਗਤ ਸਿੰਘ ਦੇ ਅਕਸ ਨੂੰ ਧੁੰਦਲਾ ਕਰਨ ਦੀ ਨਾਕਾਮ ਕੋਸ਼ਿਸ਼ ਵਾਲਿਆਂ ਹਨੇਰੀਆਂ ਚਲਾ ਰਹੇ ਹਨ ਉਦੋਂ ਇਹਨਾਂ ਕੂੜ ਹਨੇਰੀਆਂ ਦੇ ਖਿਲਾਫ ਨਿੱਤਰੇ ਹਨ ਖੱਬੇਪੱਖੀ ਵਿਚਾਰਾਂ ਤੋਂ ਪ੍ਰਭਾਵਿਤ ਨੌਜਵਾਨ ਮੁੰਡੇ ਕੁੜੀਆਂ। ਦਲੀਲ ਦੇ ਹਥਿਆਰਾਂ ਨਾਲ ਲੈਸ ਇਹਨਾਂ ਨੌਜਵਾਨਾਂ ਮੁਟਿਆਰਾਂ ਸਾਹਮਣੇ ਕੂੜ ਦੀ ਕੋਈ ਹਨੇਰੀ ਟਿਕਣ ਵਾਲੀ ਨਹੀਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਹਨਾਂ ਦੇ ਵਿਸ਼ਾਲ ਕਾਫ਼ਿਲੇ ਇੱਕ ਨਵਾਂ ਇਤਿਹਾਸ ਰਚਣਗੇ। 

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਮੋਗਾ ਵਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਜਸਪ੍ਰੀਤ ਬੱਧਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਸਕੱਤਰ ਕੁਲਦੀਪ ਭੋਲਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਵਿਸ਼ੇਸ਼ ਤੌਰ 'ਤੇ ਪਹੁੰਚੇ। 

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਵੀਰ ਕੌਰ ਬੱਧਨੀ ਨੇ ਕਿਹਾ ਕਿ ਅੱਜ ਦੀ ਜਵਾਨੀ ਭਗਤ ਸਿੰਘ ਨੂੰ ਆਪਣਾ ਵਿਚਾਰਧਾਰਕ ਆਗੂ ਮੰਨਦੀ ਹੈ, ਭਗਤ ਸਿੰਘ ਜਵਾਨੀ ਦਾ ਹੀਰੋ ਹੈ ਪਰ ਕਾਰਪੋਰਟ ਘਰਾਣਿਆਂ ਪੱਖੀ ਲੋਕਾਂ  ਵੱਲੋਂ ਭਗਤ ਸਿੰਘ ਦਾ ਅਕਸ ਵਿਗਾੜਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਪੰਜਾਬ ਦੀ ਦੇਸ਼ ਦੀ ਜਵਾਨੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 

ਇਸੇ ਮਕਸਦ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਭਗਤ ਸਿੰਘ ਦਾ ਜਨਮ ਦਿਨ ਸ਼ਾਨੋ ਸ਼ੌਕਤ ਨਾਲ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਉਹ ਇਸ ਦਿਨ ਨੂੰ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਬਨੇਗਾ ਪ੍ਰਾਪਤੀ ਸੰਕਲਪ ਦਿਵਸ ਵਜੋਂ ਮਨਾਉਦਿਆਂ' ਭਗਤ ਸਿੰਘ ਦੀ ਫੋਟੋ ਵਾਲੀਆਂ ਲਾਲ ਵਰਦੀਆਂ' ਪਹਿਨ ਕੇ ਜਲੰਧਰ ਦੀ ਧਰਤੀ ਅਤੇ ਬਜ਼ਾਰਾਂ ਵਿੱਚ ਵਲੰਟੀਅਰ ਸੰਮੇਲਨ ਵਿੱਚ ਮਾਰਚ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਦਾ ਮਕਸਦ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਬੇਰੁਜ਼ਗਾਰਾਂ ਦੀ ਲਾਮਬੰਦੀ ਕਰਨਾ ਹੈ। 

ਸਾਥੀ ਕੁਲਦੀਪ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਰੁਜ਼ਗਾਰ ਦੇ ਵਾਅਦੇ ਕਰਦੀਆਂ ਹਨ ਉੱਥੇ ਦੂਜੇ ਪਾਸੇ 1158 ਅਧਿਆਪਕਾਂ ਦੀ ਨਿਯੁਕਤੀ ਤੇ ਰੋਕ ਲਾਉਣਾ ਉਨ੍ਹਾਂ ਦੀ ਰੁਜ਼ਗਾਰ ਪ੍ਰਤੀ ਸੁਹਿਰਦਗੀ ਨੂੰ ਸਪਸ਼ਟ ਕਰਦੀ ਹੈ।ਰਿਟਾਇਰ ਵਿਅਕਤੀਆਂ ਨੂੰ ਦੁਬਾਰਾ ਭਰਤੀ ਕਰਨ ਦੀ ਬਿਆਨਬਾਜ਼ੀ ਕਰਨਾ ਵੀ ਅੱਜ ਦੀ ਨੌਜਵਾਨੀ ਲਈ ਵੱਡਾ ਖ਼ਤਰਾ ਹੈ। ਸੋ ਅੱਜ ਲੋੜ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਇਨਕਲਾਬ ਦਾ ਅਸਲ ਮਤਲਬ ਅੱਜ ਦੀ ਨੌਜਵਾਨੀ ਨੂੰ ਸਮਝਾਇਆ ਜਾਵੇ ਤੇ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇ ਮੁੱਦੇ ਤੇ ਜਲੰਧਰ ਵਿੱਚ ਭਗਤ ਸਿੰਘ ਦੇ ਜਨਮ ਦਿਨ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇਕੱਤਰ ਕੀਤਾ ਜਾਵੇ। ਇਸ ਸੰਬੰਧੀ ਵਿਸਥਾਰ ਨਾਲ ਵਿਚਾਰਾਂ ਹੋਈਆਂ। 

ਇਸ ਮੀਟਿੰਗ ਨੂੰ ਗੁਰਾਦਿੱਤਾ ਦੀਨਾ, ਜਿਲ੍ਹਾ ਸਕੱਤਰ ਨੇ ਸੰਬੋਧਨ ਕਰਦਿਆਂ ਆਏ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਮੋਗੇ ਵਿੱਚੋਂ ਵੱਡੀ ਗਿਣਤੀ 'ਚ  ਨੌਜਵਾਨ ਅਤੇ ਵਿਦਿਆਰਥੀ ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀਆਂ ਲਾਲ ਟੀ ਸ਼ਰਟਾਂ ਪਹਿਨ ਕੇ ਸ਼ਮੂਲੀਅਤ ਕਰਦੇ ਬਨੇਗਾ ਦੀ ਪ੍ਰਾਪਤੀ ਲਈ ਅਵਾਜ਼ ਬੁਲੰਦ ਕਰਨਗੇ ਅਤੇ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ। ਇਸ ਸਮੇਂ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਵੀ ਹਾਜ਼ਰ ਸਨ।  ਵੱਖ ਵੱਖ ਬਲਾਕਾਂ ਵਿਚੋਂ ਵਿਦਿਆਰਥੀ ਆਗੂ ਬਲਕਰਨ ਲੋਹਟ,ਸਵਰਾਜ ਖੋਸਾ,ਹਰਪ੍ਰੀਤ ਨਿਹਾਲ ਸਿੰਘ ਵਾਲਾ, ਨਵਜੋਤ ਬਿਲਾਸਪੁਰ, ਕਿਰਨਦੀਪ ਬੱਧਨੀ, ਜੀਵਨ ਸਿੰਘ ਜੋਗੇਵਾਲਾ, ਲਖਵੀਰ ਸਿੰਘ, ਜਬਰਜੰਗ ਸਿੰਘ ਆਦਿ ਹਾਜ਼ਰ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, September 9, 2022

CPI ਦੇ ਸੂਬਾ ਸੰਮੇਲਨ ਨੇ ਫਾਸ਼ੀਵਾਦੀ ਸਰਕਾਰ ਨੂੰ ਹਟਾਉਣ ਦਾ ਸੱਦਾ ਦੁਹਰਾਇਆ

ਅਮਰਜੀਤ ਕੌਰ ਵੱਲੋਂ ਸੱਤਾ ਬਦਲੀ ਦੀਆਂ ਤਿਆਰੀਆਂ ਤੇਜ਼ ਕਰਨ ਦਾ ਸੱਦਾ

73 ਮੈਂਬਰੀ ਸੂਬਾ ਕੌਂਸਿਲ ਅਤੇ 9 ਮੈਂਬਰੀ ਕੰਟਰੋਲ ਕਮਿਸ਼ਨ ਦੀ ਵੀ ਨਵੀਂ ਚੋਣ 


ਜਲੰਧਰ: 9 ਸਤੰਬਰ 2022: (ਕਾਮਰੇਡ ਸਕਰੀਨ ਟੀਮ)::

ਹੁਣ ਜਦੋਂ ਕਿ ਬੀਜੇਪੀ ਅਤੇ ਉਸਦੇ ਹਮਾਇਤੀ 2047 ਤੱਕ ਦੇ ਸੁਪਨਿਆਂ ਦੀ ਚਰਚਾ ਕਰ ਰਹੇ ਹਨ ਉਦੋਂ ਸੀਪੀਆਈ ਦੀ ਜੋਸ਼ੀਲੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਇਹਨਾਂ ਸੁਪਨਿਆਂ 'ਤੇ ਤਿੱਖਾ ਵਾਰ ਕਰਦਿਆਂ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦਾ ਸੱਦਾ ਦਿੱਤਾ ਹੈ। ਕਾਮਰੇਡ ਅਮਰਜੀਤ ਕੌਰ ਨੇ ਇੱਕ ਵਾਰ ਫਿਰ ਇਸ ਮਕਸਦ ਲਈ ਤਿਆਰੀਆਂ ਹੋਰ ਤੇਜ਼ ਕਰਨ ਦਾ ਸੱਦਾ ਅਤੇ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਅਸੀਂ ਵਿਚ ਕੋਈ ਕਮੀ ਨਹੀਂ ਆਉਣ ਦਿਆਂਗੇ।  

ਮੈਡਮ ਅਮਰਜੀਤ ਕੌਰ ਨੇ ਕਿਹਾ ਕਿ "ਖੱਬੀਆਂ ਅਤੇ ਜਮਹੂਰੀ ਧਿਰਾਂ ਦੀ ਫਾਸ਼ੀਵਾਦੀ ਤਾਕਤਾਂ ਨਾਲ ਆਰ-ਪਾਰ ਦੀ ਲੜਾਈ ਦਾ ਸਮਾਂ ਸਾਡੇ ਸਾਹਮਣੇ ਹੈ।  ਜੇ ਫਾਸ਼ੀਵਾਦੀ ਪੂਰੀ ਵਿਰੋਧੀ ਧਿਰ ਨੂੰ ਖ਼ਤਮ ਕਰਨ ਦੇ ਘਿਨਾਉਣੇ ਕਾਰੇ ਲਈ ਸਰਗਰਮ ਹਨ ਤਾਂ ਸਾਨੂੰ ਖ਼ਤਰਨਾਕ ਹਕੂਮਤ ਨੂੰ ਗੱਦੀਓਂ ਲਾਹੁਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲੈਣੀ ਚਾਹੀਦੀ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋ ਦਿਨਾਂ ਪੰਜਾਬ ਸੂਬਾ ਕਾਨਫਰੰਸ ਵਿੱਚ ਨਿਗਰਾਨ ਵਜੋਂ ਸ਼ਾਮਲ ਹੋਈ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕੀਤਾ। ਅੱਜ ਇਸ ਕਾਨਫਰੰਸ ਦਾ ਅੰਤਲਾ ਦਿਨ ਸੀ। 

ਉਹਨਾਂ  ਕਿਹਾ ਕਿ ਅੱਜ ਇਸ ਸੂਬਾ ਕਾਨਫਰੰਸ ਵਿੱਚੋਂ ਅਸੀਂ ਫਾਸ਼ੀਵਾਦ ਵਿਰੁੱਧ ਲੜਾਈ ਦੀ ਪੂਰੀ ਤਿਆਰੀ ਦਾ ਅਹਿਦ ਕਰਕੇ ਹੀ ਵਾਪਿਸ ਜਾਵਾਂਗੇ। ਉਹਨਾਂ ਕਿਹਾ ਕਿ ਭਾਰਤ ਦੇ ਲੋਕ ਜੋ ਖੱਬੀਆਂ ਧਿਰਾਂ ਤੋਂ ਆਸ ਰੱਖਦੇ ਹਨ, ਅਸੀਂ ਉਸ ‘ਤੇ ਪੂਰਾ ਉਤਰਨ ਲਈ ਪੂਰਾ ਵਾਹ ਲਾ ਦਿਆਂਗੇ। ਅਸੀਂ ਪੂਰੀ ਤਾਕਤ ਝੂਕ ਦਿਆਂਗੇ। ਉਹਨਾਂ ਕਿਹਾ ਕਿ ਖੱਬੀਆਂ ਧਿਰਾਂ ਦੀ ਏਕਤਾ ਤੇ ਤਾਕਤ ਕਿਸਾਨ ਅੰਦੋਲਨ ਦੌਰਾਨ ਸਿੱਧ ਹੋ ਚੁੱਕੀ ਹੈ। ਇਸ ਲਈ ਭਵਿੱਖ ਵਿੱਚ ਵੀ ਆਪਸੀ ਮਤਭੇਦ ਪਾਸੇ ਰੱਖ ਕੇ ਅੱਗੇ ਵਧਣ ਦੀ ਲੋੜ ਹੈ।  

ਡੈਲੀਗੇਟ ਅਜਲਾਸ ਵਿੱਚ ਪੇਸ਼ ਕੀਤੀ ਗਈ ਰਿਪੋਰਟ ‘ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਾਨੂੰ ਆਲੋਚਨਾ ਕਰਨ ਵੇਲੇ ਬੋਲੀ ਗਈ ਭਾਸ਼ਾ ਵਿੱਚ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ। ਉਹਨਾਂ ਡੈਲੀਗੇਟਾਂ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅਸੀਂ ਇੱਕ ਪਰਵਾਰ ਹਾਂ। ਅਸੀਂ ਇੱਕ ਪਰਿਵਾਰ ਵਾਂਗ ਹੀ ਰਹੇ ਹਾਂ ਅਤੇ ਇੱਕ ਪਰਿਵਾਰ ਵਾਂਗ ਹੀ ਰਹਾਂਗੇ। 

ਸੀ ਪੀ ਆਈ ਤੇ ਇਸ ਦੀਆਂ ਅਵਾਮੀ ਜਥੇਬੰਦੀਆਂ ਦੀ ਤਾਕਤ ਦੀ ਗੱਲ ਕਰਦਿਆਂ ਸਾਥੀ ਬਰਾੜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸੀ ਪੀ ਆਈ ਦੇ ਹੱਕਾਂ ਲਈ ਲੜਾਕੂ ਖਾਸੇ ਨੂੰ ਸਿੱਧ ਕਰ ਦਿੱਤਾ ਹੈ। ਇਸ ਖ਼ਾਸੇ ਨੇ ਹੁਣ ਫਿਰ ਕ੍ਰਿਸ਼ਮੇ ਦਿਖਾਉਣੇ ਹਨ। ਜ਼ਿਕਰਯੋਗ ਹੈ ਕਿ ਸੀਪੀਆਈ ਦੇ ਹਰ ਵਿੰਗ ਨਾਲ ਸਬੰਧਤ ਆਗੂ ਕਿਸਾਨ ਅੰਦੋਲਨ ਵੇਲੇ ਕਿਸਾਨ ਮੋਰਚੇ ਵਿਚ ਪਹੁੰਚਦੇ ਰਹੇ ਹਨ ਅਤੇ ਕਿਸਾਨਾਂ ਨੂੰ ਹੱਲਾਸ਼ੇਰੀ ਵੀ ਦੇਂਦੇ ਰਹੇ ਹਨ। 

ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਸੂਬਾ ਕਾਨਫਰੰਸ ਦੇ ਦੂਜੇ ਦਿਨ (9 ਸਤੰਬਰ) ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੇਸ਼ ਕੀਤੀ ਰਿਪੋਰਟ ‘ਤੇ ਭਖਵੀਂ ਬਹਿਸ ਵੀ ਹੋਈ। ਇਸ ਬਹਿਸ ਵਿੱਚ 57 ਸਾਥੀਆਂ ਨੇ ਹਿੱਸਾ ਲਿਆ। ਇਸ ਦੌਰਾਨ 73 ਮੈਂਬਰ ਸੂਬਾ ਕੌਂਸਲ ਲਈ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਕੰਟਰੋਲ ਕਮਿਸ਼ਨ ਦੇ 9 ਅਤੇ ਉਮੀਦਵਾਰ ਮੈਂਬਰਾਂ ਵਜੋਂ 7 ਮੈਂਬਰਾਂ ਦੀ ਚੋਣ ਕੀਤੀ ਗਈ। ਕਾਮਰੇਡ ਬਰਾੜ ਨੇ ਇਸ ਚੋਣ ਦੀ ਪ੍ਰਵਾਨਗੀ ਮੰਗੀ ਤਾਂ ਹਾਊਸ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਬਾਅਦ ਚੁਣੀ ਗਈ ਸੂਬਾ ਕੌਂਸਲ ਨੇ ਇੱਕ ਰਾਇ ਹੁੰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੂੰ ਮੁੜ ਸੂਬਾ ਸਕੱਤਰ ਚੁਣ ਲਿਆ। ਇਸ ਐਲਾਨ ਨਾਲ ਸਾਰੇ ਹਾਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਕਿਓਂਕਿ ਬੰਤ ਬਰਾੜ ਲੋਕਾਂ ਨਾਲ ਜੁੜੇ ਹੋਏ ਲੀਡਰ ਹਨ। ਆਮ ਲੋਕਾਂ ਨਾਲ, ਆਪਣੇ ਕੇਦਰ ਨਾਲ ਫੁਟਪਠਾਣਾ ਅਤੇ ਸੜਕਾਂ 'ਤੇ ਤੁਰਨੋਂ ਵੀ ਕਦੇ ਗੁਰੇਜ਼ ਨਹੀਂ ਕਰਦੇ। 

ਇਸੇ ਦੌਰਾਨ ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਸਾਨੀ ਨਾਲ ਸੰਬੰਧਤ 10 ਮੰਗਾਂ ਵਾਲਾ ਮਤਾ ਪੇਸ਼ ਕੀਤਾ।  ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਵੱਲੋਂ ਖੇਤ ਮਜ਼ਦੂਰਾਂ ਦੀ ਮੰਦੀ ਹਾਲਤ ਨੂੰ ਸੁਧਾਰਨ ਸੰਬੰਧੀ ਮਤਾ ਪੇਸ਼ ਕੀਤਾ। ਕਾਮਰੇਡ ਅਰੁਣ ਮਿੱਤਰਾ ਨੇ ਸਿਹਤ ਸਮੱਸਿਆਵਾਂ ਨੂੰ ਹੱਲ ਕਰਵਾਉਣ ਸੰਬੰਧੀ ਮਤਾ ਪੇਸ਼ ਕੀਤਾ। ਇਸ ਸੰਬੰਧੀ ਡਾਕਟਰ ਅਰੁਣ ਮਿੱਤਰਾ ਮੀਡੀਆ ਵਿਚ ਵੀ ਲੰਮੇ ਸਮੇਂ ਤੋਂ ਲਿਖਦੇ ਚਲੇ ਆ ਰਹੇ ਹਨ।  ਇਹ ਸਾਰੇ ਮਤੇ ਕੁਝ ਵਾਧੇ ਅਤੇ ਸੋਧਾਂ ਸਮੇਤ ਹਾਊਸ ਵੱਲੋਂ ਪਾਸ ਕਰ ਦਿੱਤੇ ਗਏ। 

ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਜਿੰਦਰਪਾਲ ਕੌਰ ਵੱਲੋਂ ਸ਼ੁਰੂ ਕਰਵਾਈ ਗਈ ਬਹਿਸ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ ਸਿੰਘ, ਸੁਖਜਿੰਦਰ ਮਹੇਸ਼ਰੀ, ਵਿੱਕੀ ਮਹੇਸ਼ਰੀ, ਚਰਨਜੀਤ ਛਾਂਗਾਰਾਏ, ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਲਵਪ੍ਰੀਤ ਸਿੰਘ ਮਾੜੀਮੇਘਾ, ਚਰਨਜੀਤ ਥੰਮੂਵਾਲ, ਕੇਂਦਰੀ ਪੰਜਾਬ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੁਰਿੰਦਰ ਢੰਡੀਆਂ, ਰੁਪਿੰਦਰ ਕੌਰ ਮਾੜੀਮੇਘਾ, ਡੀ ਪੀ ਮੌੜ, ਕਾਮਰੇਡ ਪਰਮਜੀਤ ਢਾਬਾਂ, ਬਲਕਰਨ ਸਿੰਘ ਬਰਾੜ, ਕੁਲਦੀਪ ਸਿੰਘ ਭੋਲਾ, ਹਰਦੇਵ ਸਿੰਘ ਬਖਸ਼ੀਵਾਲਾ, ਕਰਮਵੀਰ ਕੌਰ ਬੱਧਨੀ, ਰਾਜ ਕੁਮਾਰ ਚੰਡੀਗੜ੍ਹ, ਸਿਮਰਤ ਕੌਰ ਫਤਿਹਗੜ੍ਹ ਸਾਹਿਬ, ਖੁਸ਼ੀਆ ਸਿੰਘ ਬਰਨਾਲਾ ਅਤੇ ਦਸਵਿੰਦਰ ਕੌਰ ਅੰਮਿ੍ਤਸਰ ਆਦਿ ਨੇ ਹਿੱਸਾ ਲਿਆ। ਦੂਸਰੇ ਦਿਨ ਦੀ ਕਾਨਫਰੰਸ ਦੇ ਆਗਾਜ਼ ਵਿੱਚ ਲੀਲਾ ਖਾਨ ਧੂਰੀ, ਨਿਰਮਲ ਸਿੰਘ ਬਟੜਿਆਣਾ ਅਤੇ ਕਾਮਰੇਡ ਚਰਨ ਸਿੰਘ ਤਰਨ ਤਾਰਨ ਨੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ। ਇਸ ਲੋਕ ਸੰਗੀਤ ਨੇ ਇਸ ਵਾਰ ਵੀ ਇਨਕਲਾਬੀ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਅਤੇ ਹਾਲ ਵਿਚ ਮੌਜੂਦ ਦਰਸ਼ਕਾਂ ਅਤੇ ਸਰੋਤਿਆਂ ਦੇ ਦਿਲਾਂ ਵਿਚ ਇੱਕ ਨਵਾਂ ਜੋਸ਼ ਭਰਿਆ। ਗੀਤ ਸੰਗੀਤ ਵਾਲੇ ਮਾਹੌਲ ਨੇ ਪੰਜਾਬ ਦੇ ਰੰਗ ਨੂੰ ਵੀ ਗੂਹੜਾ ਕੀਤਾ। 

ਅੱਜ ਖਤਮ ਹੋਈ ਇਸ ਸੂਬਾ ਕਾਨਫਰੰਸ ਵਿੱਚ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਕਾਮਰੇਡ ਕੁਸ਼ਲ ਭੌਰਾ, ਸੀ ਪੀ ਆਈ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਪੰਜਾਬ ਇਸਤਰੀ ਸਭਾ ਦੀ ਜਾਇੰਟ ਸਕੱਤਰ ਨਰਿੰਦਰ ਕੌਰ ਸੋਹਲ, ਕਾਮਰੇਡ ਅਮਰਜੀਤ ਸਿੰਘ ਆਸਲ, "ਨਵਾਂ ਜ਼ਮਾਨਾ" ਦੇ ਸੰਪਾਦਕ ਚੰਦ ਫਤਿਹਪੁਰੀ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸ਼ੁਗਲੀ, ਐਡਵੋਕੇਟ ਰਜਿੰਦਰ ਸਿੰਘ ਮੰਡ, ਕਾਮਰੇਡ ਸੰਤੋਸ਼ ਬਰਾੜ ਤੇ ਕਾਮਰੇਡ ਸਤਪਾਲ ਭਗਤ ਆਦਿ ਹਾਜ਼ਰ ਸਨ। ਇਹਨਾਂ ਨੇ ਪੰਜਾਬ ਭਰ ਵਿੱਚੋਂ ਆਏ ਡੈਲੀਗੇਟਾਂ ਦਾ ਸੁਆਗਤ ਵੀ ਕੀਤਾ ਅਤੇ ਆਪਣੀਆਂ ਡਿਊਟੀਆਂ ਵੀ ਨਿਭਾਈਆਂ। 

ਇਹ ਵੀਡੀਓ ਤੁਸੀਂ ਇਥੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ


ਹੁਣ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਵਾਲੇ ਸੰਕਲਪ 'ਤੇ ਅਮਲ ਤੇਜ਼ ਹੋਣ ਲੱਗਿਆ ਹੈ। ਲੜਾਈ ਸੌਖੀ ਨਹੀਂ। ਸੱਤਾ ਧਿਰ ਕੋਲ ਬਹੁਤ ਸਾਰੇ ਹਥਕੰਡੇ ਅਤੇ ਸ਼ਕਤੀਆਂ ਹਨ ਜਿਹਨਾਂ ਦਾ ਮੁਕਾਬਲਾ ਕਾਮਰੇਡਾਂ ਨੰ ਨੰਗੇ ਧੜ ਕਰਨਾ ਪੈਣਾ ਹੈ। ਸੀਮਿਤ ਸਾਧਨਾਂ ਅਤੇ ਸੀਮਿਤ ਕੇਡਰ ਦੇ ਨਾਲ ਇੱਕ ਇਤਿਹਾਸਿਕ ਜੰਗ ਉਹਨਾਂ ਦੀ ਉਡੀਕ ਕਰ ਰਹੀ ਹੈ ਜਿਸ ਵਿਚ ਉਹਨਾਂ ਹਰ ਹਾਲ ਵਿੱਚ ਜੇਤੂ ਹੋਣਾ ਹੈ। ਇਸਤੋਂ ਬਿਨਾ ਕੋਈ ਚਾਰਾ ਹੀ ਨਹੀਂ। ਮੋਦੀ ਸਰਕਾਰ ਨੂੰ ਹਟਾਉਣ ਦੀ ਗੱਲ ਕਾਮਰੇਡ ਅਮਰਜੀਤ ਕੌਰ ਮਾਰਚ ਦੇ ਬੰਦ ਦੌਰਾਨ ਵੀ ਕਰ ਚੁੱਕੇ ਹਨ। ਉਸ ਵੇਲੇ ਦੀ ਵੀਡੀਆ ਵੀ ਇਥੇ ਦਿੱਤੀ ਜਾ ਰਹੀ ਹੈ। ਇਹ ਇੱਕ ਇਤਿਹਾਸਿਕ ਵੀਡੀਓ ਹੈ ਜਿਹੜੀ ਤੁਸੀਂ ਇਥੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

CPI ਦੀ ਸੂਬਾ ਕਾਨਫਰੰਸ ਵੀ ਪੁਰਾਣੇ ਬਜ਼ੁਰਗਾਂ ਨੂੰ ਸੁਣਦੀ ਤਾਂ ਚੰਗਾ ਰਹਿੰਦਾ

ਅੱਜ ਵੀ ਪ੍ਰਸੰਗਿਕ ਹਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਤਜਰਬੇ 

ਲੁਧਿਆਣਾ: 9 ਸਤੰਬਰ 2022: (ਕਾਮਰੇਡ ਸਕਰੀਨ ਟੀਮ)::

ਗੱਲ ਸ਼ਾਇਦ ਨਵੰਬਰ 2019 ਦੀ ਹੈ।
 ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ
ਅਸੀਂ ਜਾਣਨਾ ਚਾਹੁੰਦੇ ਸਾਂ ਉਸ ਅਮੀਰ ਵਿਰਸੇ ਦੀ ਹਕੀਕਤ ਜਦੋਂ ਸੀਪੀਆਈ ਦੀ ਪੂਰੀ ਚੜ੍ਹਤ ਹੁੰਦੀ ਸੀ। ਲਾਲ ਝੰਡੇ ਦਾ ਦਬਦਬਾ ਹੁੰਦਾ ਸੀ ਪਰ ਇਸ ਦਬਦਬੇ ਵਿੱਚ ਆਮ ਕਿਰਤੀ ਲੋਕਾਂ ਲਈ ਕੋਈ ਡਰ ਜਾਂ ਭੈਅ ਕਦੇ ਵੀ ਨਹੀਂ ਸੀ। ਸਿਰਫ ਸ਼ੋਸ਼ਣ ਕਰਨ ਵਾਲੇ ਜਾਂ ਨਜਾਇਜ਼ ਢੰਗ ਤਰੀਕਿਆਂ ਨਾਲ ਅਮੀਰ ਬਣੇ ਲੋਕ ਹੀ ਇਸ ਤਰ੍ਹਾਂ ਦੀ ਡਰ ਵਾਲੀ ਭਾਵਨਾ ਦਾ ਸ਼ਿਕਾਰ ਹੁੰਦੇ ਸਨ। ਕਮਿਊਨਿਸਟਾਂ ਨੇ ਕਦੇ ਦਹਿਸ਼ਤ ਵਾਲੀ ਨੀਤੀ ਨਹੀਂ ਸੀ ਵਰਤੀ। ਬਸ ਇੱਕ ਸੱਚ ਦੀ ਗੱਲ ਅਤੇ ਹਰ ਪਿੰਡ ਵਿੱਚ ਕਮਿਊਨਿਸਟਾਂ ਦੀ ਕਦਰ ਹੁੰਦੀ ਸੀ। 

ਜੇ ਕਿਸੇ ਪਿੰਡ, ਮਹੱਲੇ ਜਾਂ ਬਲਾਕ ਵਿੱਚ ਕੋਈ ਮੀਟਿੰਗ ਵੀ ਹੁੰਦੀ ਸੀ ਤਾਂ ਉਸਦੇ ਆਲੇ ਦੁਆਲੇ ਹਰ ਪਾਸੇ ਚੋਹਾਂ ਦਿਸ਼ਾਵਾਂ ਵਿਚ ਇਸ ਬਾਰੇ ਪਤਾ ਲੱਗਦਾ ਸੀ। ਜਿਹੜੇ ਕਿਸੇ ਵੀ ਤਰ੍ਹਾਂ ਕਮਿਊਨਿਸਟਾਂ ਨਾਲ ਸਬੰਧਤ ਨਹੀਂ ਸਨ ਹੁੰਦੇ ਉਹਨਾਂ ਦੇ ਘਰਾਂ ਵਿਚ ਵੀ ਲਾਲ ਝੰਡੇ ਦੇ ਨਾਅਰੇ ਅਤੇ ਗੀਤ ਪਹੁੰਚਿਆ ਕਰਦੇ ਸਨ। ਹੁਣ ਦੀ ਹਾਲਤ ਬਾਰੇ ਕੀ ਕਿਹਾ ਜਾਏ?  ਸੂਬਾਈ ਕਾਨਫਰੰਸ ਬਾਰੇ ਵੀ ਉਹ ਚਰਚਾ ਨਹੀਂ ਹੋਈ ਜਿਹੜੀ ਕਿ ਹੋਣੀ ਚਾਹੀਦੀ ਸੀ। 

ਜਲੰਧਰ ਵਰਗੇ ਮੀਡੀਆ ਸੈਂਟਰ ਨੂੰ ਵੀ ਪਾਰਟੀ ਦੇ ਪ੍ਰਚਾਰ ਲਈ ਵਰਤਿਆ ਨਹੀਂ ਜਾ ਸਕਿਆ। ਸੋਸ਼ਲ ਮੀਡੀਆ ਤੇ ਵੀ ਦੋ ਦਿਨਾਂ ਲਈ ਦੋ ਚਾਰ ਕਾਰਕੁੰਨਾਂ ਦੀ ਡਿਊਟੀ ਨਹੀਂ ਲਗਾਈ ਜਾ ਸਕੀ ਜਦਕਿ ਪਾਰਟੀ ਕੋਲ ਇਸ ਵੇਲੇ ਬਹੁਤ ਸਾਰੇ ਨੌਜਵਾਨ ਵੀ ਹਨ ਜਿਹੜੇ ਸੋਸ਼ਲ ਮੀਡੀਆ ਦੇ ਪੂਰੀ ਤਰ੍ਹਾਂ ਮਾਹਰ ਬਣ ਚੁੱਕੇ ਹਨ। ਹਰ ਕਿਸੇ ਦੇ ਹੇਠ ਵਿਚ ਮਹਿੰਗਾ ਸਮਾਰਟ ਫੋਨ ਵੀ ਹੈ। ਉਹ ਪ੍ਰਤੀਬੱਧ ਵੀ ਹਨ ਅਤੇ ਇਮਾਨਦਾਰ ਵੀ। ਮੀਡੀਆ ਵਿਚ ਵੀ ਬਹੁਤ ਸਾਰੇ ਕਮਿਊਨਿਜ਼ਮ ਹਿਤੈਸ਼ੀ ਅਜੇ ਤੱਕ ਹਨ ਜਿਹੜੇ ਕਿ ਪਾਰਟੀ ਦੇ ਰਸਮੀ ਮੈਂਬਰ ਤਾਂ ਨਹੀਂ ਹਨ ਪਰ  ਪਾਰਟੀ ਵੱਲ ਧਿਆਨ ਬੜੇ ਉਚੇਚ ਨਾਲ ਦੇਂਦੇ ਹਨ। ਉਹਨਾਂ ਪ੍ਰਤੀ ਵੀ ਪਾਰਟੀ ਪ੍ਰਬੰਧਕਾਂ ਨੇ ਨਜ਼ਰਅੰਦਾਜ਼ੀ ਹੀ ਦਿਖਾਈ ਹੈ। ਉਹਨਾਂ ਨੇ ਗੈਰ ਰਸਮੀ ਗੱਲਬਾਤ ਵਿੱਚ ਗਿਲਾ ਹੀ ਕੀਤਾ ਕਿ ਜੇਕਰ ਪਾਰਟੀ ਸੱਤਾ ਵਿਚ ਆ ਗਈ ਤਾਂ ਫਿਰ ਤਾਂ ਬਿਲਕੁਲ ਰਵਈਆ ਹੀ  ਬਦਲ ਜਾਵੇਗਾ। 

ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ 


ਬਹੁਤ ਸਾਰਿਆਂ ਨੇ ਦੁੱਖ ਪ੍ਰਗਟਾਇਆ ਕਿ
ਜਿਵੇਂ ਸਤਨਾਮ ਮਾਣਕ ਨੂੰ ਮਾਣ ਸਤਿਕਾਰ ਦੇ ਕੇ ਬੁਲਾਇਆ ਗਿਆ ਸੀ ਉਸੇ ਤਰ੍ਹਾਂ ਜਤਿੰਦਰ ਪੰਨੂੰ, ਸੁਕੀਰਤ ਆਨੰਦ,  ਬਾਬਾ ਬੰਨੋਆਣਾ ਪਰਿਵਾਰ, ਸਵਰਗੀ ਕ੍ਰਿਸ਼ਨ ਭਾਰਦਵਾਜ ਹੁਰਾਂ ਦਾ ਪਰਿਵਾਰ, ਪੂਨਮ (ਪ੍ਰੀਤ ਲੜੀ) ਅਤੇ ਸਵਰਗੀ ਸੁਹੇਲ ਸਿੰਘ ਪਰਿਵਾਰਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਸੀ। ਸੁਰਜਨ ਜ਼ੀਰਵੀ ਹੁਰਾਂ ਨੂੰ ਵੀ ਉਚੇਚ ਨਾਲ ਕੈਨੇਡਾ ਤੋਂ ਸੱਦਿਆ ਜਾਣਾ ਚਾਹੀਦਾ ਸੀ। ਸਵਰਗੀ ਕਾਮਰੇਡ ਪ੍ਰਦੁਮਣ ਸਿੰਘ ਦੇ ਪਰਿਵਾਰ ਦੀ ਹਾਜ਼ਰੀ ਵੀ ਲਗਵਾਈ ਜਾਣੀ ਚਾਹੀਦੀ ਸੀ। ਬਲਵਿੰਦਰ ਜੰਮੂ, ਬਲਬੀਰ ਜੰਡੂ ਅਤੇ ਸਤਨਾਮ ਚਾਨਾ ਨੰ ਵੀ ਸਨਮਾਨ ਨਾਲ ਸੱਦਿਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਅਤੇ ਸ਼ਖਸੀਅਤਾਂ ਸਨ ਜਿਹਨਾਂ ਨੂੰ ਵਿਸਾਰ ਦਿੱਤਾ ਗਿਆ ਹੈ। 

ਇਸ ਲਈ ਜਦੋਂ ਵੀ ਪਾਰਟੀ ਦੀ ਚੜ੍ਹਤ ਅਤੇ ਪਾਰਟੀ ਦੇ ਨਿਘਾਰ ਦੀ ਚਰਚਾ ਹੋਵੇਗੀ ਤਾਂ ਇਹ ਸਾਰੀਆਂ ਗੱਲਾਂ ਆਪਣਾ ਅਸਰ ਮਹਿਸੂਸ ਕਰਾਉਣਗੀਆਂ। ਕਮਿਊਨਿਜ਼ਮ ਨੂੰ ਪ੍ਰਤੀਬੱਧ ਰਹਿੰਦੇ ਲੋਕ ਦੱਸਦੇ ਹਨ ਕਿ ਕੋਈ ਜ਼ਮਾਨਾ ਸੀ ਜਦੋਂ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਲਈ ਕਈ ਕਈ ਸਾਲ ਲੰਮੀ ਪਰਖ ਹੁੰਦੀ ਸੀ ਪਰ ਹੁਣ ਤਾਂ ਗੁੱਟਬੰਦੀਆਂ ਦਾ ਸਾਜ਼ਿਸ਼ੀ ਦੌਰ ਹੈ----ਜੇਕਰ ਇਹ ਗੱਲ  ਸੱਚ ਹੈ ਤਾਂ ਸੱਚਮੁੱਚ ਗੰਭੀਰ ਹੈ। ਇਸ ਸਿਸਟਮ ਨੂੰ ਬਦਲਿਆ ਜਾਣਾ ਚਾਹੀਦਾ ਹੈ। ਮੈਂਬਰੀ ਵੇਲੇ ਬੇਦਾਗ ਕਿਰਦਾਰ ਜ਼ਰੂਰੀ ਹੋਣਾ ਚਾਹੀਦਾ ਹੈ। ਖੈਰ ਦੇਖੋ ਕਦੋਂ ਚੱਲਦੀ ਹੈ ਸੁਧਾਰ ਦੀ ਲਹਿਰ!

ਗੱਲ ਆਪਾਂ ਕਰ ਰਹੇ ਸਾਂ ਨਵੰਬਰ 2019 ਦੇ ਦਿਨਾਂ ਦੀ। ਅਸੀਂ ਕਮਿਊਨਿਜ਼ਮ ਦੀ ਚੜ੍ਹਤ ਵਾਲੇ ਦੌਰ ਦਾ ਜਾਇਜ਼ਾ ਲਾਉਣਾ ਚਾਹੁੰਦੇ ਸਾਂ। ਇਸ ਮਕਸਦ ਲਈ ਬਾਕਾਇਦਾ ਇੱਕ ਲਿਸਟ ਬਣਾਈ ਗਈ ਸੀ ਕਿ ਬਜ਼ੁਰਗ ਕਮਿਊਨਿਸਟਾਂ ਨੂੰ ਮਿਲਾ ਜਾਵੇ। ਜਿਹੜੇ ਨਾਂਵਾਂ ਦੀ ਪਹਿਲੀ ਸੂਚੀ ਬਣੀ ਉਸ ਵਿੱਚ ਲੁਧਿਆਣਾ ਦੇ ਕਾਮਰੇਡ ਕਰਤਾਰ ਬੁਆਣੀ, ਕਾਮਰੇਡ ਓਮ ਪ੍ਰਕਾਸ਼ ਮਹਿਤਾ, ਕਾਮਰੇਡ ਪੂਰਨ ਸਿੰਘ ਨਾਰੰਗਵਾਲ ਅਤੇ ਕੁਝ ਹੋਰ ਨਾਮ ਫਾਈਨਲ ਹੋਏ। 

ਇਸ ਲਿਸਟ ਦੇ ਮੁਤਾਬਿਕ ਹੀ ਅਸੀਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਘਰ ਜਾ ਪਹੁੰਚੇ। ਉਹਨਾਂ  ਗੱਲਾਂ ਸੁਣੀਆਂ ਜਿਹੜੀਆਂ 24ਵੀਂ ਸੂਬਾ ਕਾਨਫਰੰਸ ਵਿੱਚ ਵੀ ਵਿਚਾਰਿਆਂ ਜਾਣੀਆਂ ਚਾਹੀਦੀਆਂ ਸਨ। ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੇ ਸਾਨੂੰ ਉਹ ਵੇਲੇ ਚੇਤੇ ਕਰਾਏ ਜਦੋਂ ਦੁਸ਼ਮਣ ਬਹੁਤ ਮਜ਼ਬੂਤ ਸੀ ਅਤੇ ਉਸ ਨਾਲ ਲੜਾਈ ਉਹਨਾਂ ਵੇਲਿਆਂ ਵਿਚ ਵੀ ਕੋਈ ਸੌਖੀ ਨਹੀਂ ਸੀ। ਕਾਮਰੇਡ ਜੀ ਸ਼ਾਇਦ ਉਦੋਂ ਜ਼ਿਲ੍ਹਾ ਸਕੱਤਰ ਹੁੰਦੇ ਸਨ। ਉਹਨਾਂ ਮੀਟਿੰਗ ਬੁਲਾਈ। ਜਿਹੜੇ ਨਹੀਂ ਸਨ ਆ ਸਕੇ ਉਹਨਾਂ ਦੇ ਘਰੀਂ ਸੁਨੇਹਾ ਭੇਜਿਆ ਕਿ ਅਸੀਂ ਕੱਲ੍ਹ ਐਕਸ਼ਨ ਤੇ ਜਾਣਾ ਹੈ। ਕੁਰਬਾਨੀ ਵੀ ਹੋ ਸਕਦੀ ਹੈ। ਆਉਣਾ ਸਭਨਾਂ ਨੇ ਲਾਜ਼ਮੀ ਹੈ:ਜਿਹੜੇ ਨਹੀਂ ਆਉਣਾ ਚਾਹੁੰਦੇ ਉਹ ਆਪਣਾ ਪਾਰਟੀ ਮੈਂਬਰੀ ਵਾਲਾ ਕਾਰਡ ਜਮਾ ਕਰਵਾ ਜਾਣ। 

ਬਹੁਤ ਸਾਰੀਆਂ ਗੱਲਾਂ ਨਾਲ ਉਹਨਾਂ ਸਾਨੂੰ ਵੀ ਯਾਦ ਕਰਵਾਇਆ ਕਿ ਉਦੋਂ ਵੀ ਲੋਕਾਂ ਦੇ ਹੱਕਾਂ ਦੀ ਸਿਆਸਤ ਗਰਮਾ ਰਹੀ ਸੀ। ਖੱਬੀ ਲਹਿਰ ਜ਼ੋਰਸ਼ੋਰ ਨਾਲ ਛਾਈ ਹੋਈ ਸੀ। ਚੁਣੌਤੀਆਂ ਤੇ ਮੁਸੀਬਤਾਂ ਦੇ ਬਾਵਜੂਦ ਖੱਬੇ ਪੱਖੀ ਲਹਿਰ ਨੇ ਕਦੇ ਵੀ ਲਾਲ ਝੰਡਾ ਝੁਕਣ ਨਹੀਂ ਸੀ ਦਿੱਤਾ।  ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ

ਕਈ ਦੌਰ ਕਈ ਸੰਕਟ ਵੀ ਆਏ ਪਰ ਖੱਬੀ ਲਹਿਰ ਜਾਰੀ ਰਹੀ। ਇਸ ਤੱਥ ਦੇ ਬਾਵਜੂਦ ਕਿ ਖੱਬੇ ਪੱਖੀ ਲਹਿਰ ਸਮੇਂ-ਸਮੇਂ 'ਤੇ ਇਸ ਵਿਰੁੱਧ ਰਚੀਆਂ ਗਈਆਂ ਸਾਜ਼ਿਸ਼ਾਂ ਨੂੰ ਸਮਝਣ ਵਿੱਚ ਕਈ ਵਾਰ ਅਸਫਲ ਵੀ ਰਹੀ ਹੈ। ਇਸ ਵੀਡੀਓ ਵਿੱਚ ਇੱਕ ਸੰਖੇਪ ਚਰਚਾ ਹੈ ਅਤੇ ਨਾਲ ਹੀ ਇੱਕ ਸੰਖੇਪ ਮੀਟਿੰਗ ਵਿੱਚ ਸਾਹਮਣੇ ਆਏ ਸੰਖੇਪ ਇਸ਼ਾਰੇ ਵੀ। ਪੁਰਾਣੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ--ਕਾਮਰੇਡ ਰਮੇਸ਼ ਰਤਨ ਅਤੇ ਕਰਮਜੀਤ ਨਾਰੰਗਵਾਲ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਦੇ ਵਿਚਾਰ ਵੱਖਰੇ ਵੀਡੀਓ ਵਿੱਚ ਵਿਚਾਰੇ ਜਾਣਗੇ। ਖੱਬੀ ਲਹਿਰ ਨਾਲ ਜੁੜੇ ਹੋਏ ਪੱਤਰਕਾਰ ਐੱਮਐੱਸ ਭਾਟੀਆ ਨੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੂੰ ਸੁਆਲ ਪੁੱਛੇ। ਕੈਮਰਾ ਅਤੇ ਵੀਡੀਓ ਸੰਪਾਦਨ ਰੈਕਟਰ ਕਥੂਰੀਆ ਦੀ ਟੀਮ ਨੇ ਕੀਤਾ।  

ਜੇਕਰ ਤੁਹਾਡੇ ਕੋਲ ਵੀ ਕਿਸੇ ਪੁਰਾਣੇ ਸਿਆਸਤਦਾਨ ਬਾਰੇ ਕੋਈ ਜਾਣਕਾਰੀ ਜਾਂ ਪਤਾ ਹੋਵੇ ਤਾਂ ਜ਼ਰੂਰ ਦੱਸਣਾ--ਰਵਿੰਦਰ ਸਿੰਘ, ਪੀਪਲਜ਼ ਮੀਡੀਆ ਲਿੰਕ +91 99153 22407 ਈਮੇਲ: medialink32@gmail.com

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, September 8, 2022

CPI ਦੀ 24ਵੀਂ ਸੂਬਾ ਕਾਨਫਰੰਸ ਵਿੱਚ ਦਿੱਤਾ ਮੋਦੀ ਸੱਤਾ ਨੂੰ ਹਰਾਉਣ ਦਾ ਸੱਦਾ

ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ-ਕਿਹਾ ਡੀ ਰਾਜਾ ਨੇ 


*ਕਾਮਰੇਡ ਵਿਮਲਾ ਡਾਂਗ ਹਾਲ, ਜਲੰਧਰ ਤੋਂ ਵਿਸ਼ੇਸ਼ ਰਿਪੋਰਟ 8 ਸਤੰਬਰ 2022:

ਭਾਰਤੀ ਕਮਿਊਨਿਸਟ ਪਾਰਟੀ (ਪੰਜਾਬ) ਦੀ 24ਵੀਂ ਸੂਬਾਈ ਕਾਨਫਰੰਸ ਅੱਜ ਬਾਕਾਇਦਾ ਸ਼ੁਰੂ ਹੋ ਗਈ। ਪੰਜਾਬ ਦੇ ਨਾਲ ਨਾਲ ਦੇਸ਼ ਅਤੇ ਦੁਨੀਆ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਨੂੰ ਦੇਖਦਿਆਂ ਸੀਪੀ ਆਈ ਦੀ ਇਹ ਕਾਨਫਰੰਸ ਖਾਸ ਅਹਿਮੀਅਤ ਰੱਖਦੀ ਹੈ। ਜਿਸ ਤੇਜ਼ੀ ਨਾਲ ਕਾਂਗਰਸ ਵਰਗੀ ਪਾਰਟੀ ਦੇ ਸੀਨੀਅਰ ਆਗੂ ਭਾਜਪਾ ਵੱਲ ਉਲਾਰ ਹੁੰਦੇ ਜਾ ਰਹੇ ਹਨ ਅਤੇ ਸੂਬੇ ਵਿਚ ਆਏ ਦਿਨ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਹਨ ਉਹਨਾਂ ਨੂੰ ਦੇਖਦਿਆਂ ਇਸ ਕਾਨਫਰੰਸ ਤੋਂ ਨਵੀਆਂ ਨੀਤੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਜਿਹੜੀਆਂ ਕਮਿਉਨਿਸਟ ਅੰਦੋਲਨਾਂ ਦੀ ਨਵੀਂ ਰੂਪ ਰੇਖਾ ਸਾਹਮਣੇ ਲਿਆਉਣਗੀਆਂ। ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀ ਰਾਜਾ ਵਰਗੀ ਸ਼ਖ਼ਸੀਅਤ ਨੇ ਦੇਸ਼ ਦੁਨੀਆ ਅਤੇ ਪਾਰਟੀ ਵਿਚ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ ਹਨ। ਅਤੀਤ ਵੀ ਉਹਨਾਂ ਲਾਇ ਕਲ੍ਹ ਵਰਗਾ ਹੈ ਅਤੇ ਆਉਣ ਵਾਲਾ ਸਮਾਂ ਵੀ ਉਹਨਾਂ ਦੇ ਸਾਹਮਣੇ ਹੈ। ਵਰਤਮਾਨ ਹਾਲਾਤ ਨੂੰ ਸਾਹਮਣੇ ਰੱਖਦਿਆਂ ਆਉਣ ਵਾਲੀ ਰਣਨੀਤੀ ਦਾ ਝਲਕਾਰਾ ਕਾਮਰੇਡ ਦੀ ਰਾਜਾ ਦੇ ਵਿਚਾਰਾਂ ਤੋਂ ਹੀ ਪਏਗਾ ਜਿਹੜੇ ਅੱਜ ਪਹਿਲੇ ਦਿਨ ਲੋਕਾਂ ਸਾਹਮਣੇ ਆਏ ਹਨ। 

ਕਾਮਰੇਡ ਡੀ ਰਾਜਾ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿਚ ਅਤੇ ਬੜੀ ਹੀ ਬੇਬਾਕੀ ਨਾਲ ਆਖਿਆ ਕਿ ਮੋਦੀ ਕਮਿਊਨਿਜ਼ਮ ਨੂੰ ਜੰਗਲ ਦੀ ਅੱਗ ਦੱਸ ਕੇ ਇਸ ਤੋਂ ਡਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੀ ਸੱਤਾ ਨੂੰ ਕਮਿਊਨਿਜ਼ਮ ਹੀ ਬਦਲ ਸਕਦਾ ਹੈ। ਜਦੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਵੀਰਵਾਰ ਨੂੰ ਕੀਤਾ ਤਾਂ ਹਾਲ ਵਿੱਚ ਇਹਨਾਂ ਵਿਚਾਰਾਂ ਨੂੰ ਬੜੀ ਇਕਾਗਰਤਾ ਨਾਲ ਸੁਣਿਆ ਗਿਆ। ਜ਼ਿਕਰਯੋਗ ਹੈ ਕਿ ਡੀ ਰਾਜ ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਰੋਜ਼ਾ 24ਵੀਂ ਪੰਜਾਬ ਸੂਬਾ ਕਾਨਫ਼ਰੰਸ ਵਿੱਚ ਉਦਘਾਟਨੀ ਤਕਰੀਰ ਕਰ ਰਹੇ ਸਨ। ਇਹਨਾਂ ਵਿਚਾਰਾਂ ਵਿਚ ਦਸਤਕ ਸੀ ਆਉਣ ਵਾਲੇ ਅੰਦੋਲਨਾਂ ਦੀ। ਖਾੜਕੂ ਕਿਸਮ ਦੀ ਧਮਕ ਸੀ ਉਹਨਾਂ ਮਾਰਚਾਂ ਦੀ ਜਿਹੜੇ ਕਮਿਉਨਿਸਟਾਂ ਨੇ ਮੋਦੀ ਸੱਤਾ ਦੇ ਖਿਲਾਫ ਹੁਣ ਹੋਰ ਵੀ ਜ਼ੋਰਦਾਰ ਢੰਗ ਨੇੜ ਭਵਿੱਖ ਵਿਚ ਹੀ ਕਰਨੇ ਹਨ।

ਇੱਕ ਨਜ਼ਰੇ ਅਤੀਤ ਅਤੇ ਇੱਕ ਨਜ਼ਰੇ ਭਵਿੱਖ ਨੂੰ ਦੇਖ ਲੈਣ ਵਾਲੇ ਚੁਸਤ ਦਰੁਸਤ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਡੀ ਰਾਜਾ ਨੇ ਆਪਣੀ ਲੰਮੀ ਤਕਰੀਰ ’ਚ ਸੀ ਪੀ ਆਈ ਦੇ ਮਾਣਮੱਤੇ ਇਤਿਹਾਸ ਦੇ ਵਰਣਨ ਤੋਂ ਲੈ ਕੇ ਮੋਦੀ ਸਰਕਾਰ ਦੇ ਫਿਰਕੂ ਏਜੰਡੇ, ਦੇਸ਼ ਵਿੱਚ ਸਿਆਸੀ ਸੰਕਟ, ਆਰਥਿਕ ਤੇ ਸਮਾਜਕ ਪ੍ਰਸਥਿਤੀਆਂ ਨੂੰ ਬਾ-ਦਲੀਲ ਪੇਸ਼ ਕਰਦਿਆਂ ਦੇਸ਼ ਵਿੱਚ ਧਰਮਨਿਰਪੱਖ, ਜਮਹੂਰੀ ਤੇ ਖੱਬੀਆਂ ਧਿਰਾਂ ਦੇ ਮਜ਼ਬੂਤ ਏਕੇ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਜਾ ਸਕੇ। 

ਉਨ੍ਹਾਂ ਕਿਹਾ ਕਿ 2024 ਵਿੱਚ ਭਾਜਪਾ ਨੂੰ ਸਿਆਸੀ ਸੱਤਾ ਵਿੱਚੋਂ ਬਾਹਰ ਕਰਨਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਸੱਦੇ ਦੇ ਨਾਲ ਨਾਲ ਉਹਨਾਂ ਬੜੀ ਫਰਾਖਦਿਲੀ ਨਾਲ ਇਹ ਸਵੀਕਾਰ ਵੀ ਕੀਤਾ ਕਿ  ਇਕੱਲੀ ਖੱਬੀ ਧਿਰ ਇਸ ਵੇਲੇ ਏਨੀ ਸਮਰੱਥ ਨਹੀਂ ਕਿ ਉਹ ਭਾਜਪਾ ਨੂੰ ਗੱਦੀ ਤੋਂ ਲਾਹ ਸਕੇ। ਇਸ ਲਈ ਸੈਕੂਲਰ, ਜਮਹੂਰੀ ਤੇ ਖੇਤਰੀ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਦੀ ਵੀ  ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਮਿਊਨਿਸਟ ਪਾਰਟੀਆਂ ਦੀ ਏਕਤਾ ਦੀ ਗੱਲ ਕਰਦਿਆਂ 33 ਸਾਲ ਪੁਰਾਣੇ ਸੱਦੇ ਦੀ ਗੱਲ ਵੀ ਚੇਤੇ ਕਰਵਾਈ। ਉਹਨਾਂ 1989 ਦੀ ਕੋਲਕਾਤਾ ਪਾਰਟੀ ਕਾਂਗਰਸ ਦਾ ਹਵਾਲਾ ਦੇਂਦਿਆਂ ਯਾਦ ਕਰਾਇਆ ਕਿ ਉਦੋਂ ਵੀ ਖੱਬੀਆਂ ਧਿਰਾਂ ਦੀ ਏਕਤਾ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ ਸੀ। ਉਨ੍ਹਾਂ  ਕਿਹਾ ਕਿ ਪਾਰਟੀ ਕਾਂਗਰਸ ਵਿੱਚ ਉਸ ਵੇਲੇ ਦੇ ਜਨਰਲ ਸਕੱਤਰ ਕਾਮਰੇਡ ਸੀ ਰਾਜੇਸ਼ਵਰ ਰਾਓ ਨੇ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਸੰਘਰਸ਼ਾਂ ਦਾ ਸੱਦਾ ਦਿੱਤਾ ਸੀ। ਸਪਸ਼ਟ ਹੈ ਕਿ ਜੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਇਹ ਏਕਤਾ ਹੋ ਚੁੱਕੀ ਹੁੰਦੀ ਤਾਂ ਗੱਲ ਹੀ ਸੀ। ਹੁਣ ਉਸ ਸੱਦੇ ਨੂੰ ਯਾਦ ਕਰਾਉਣਾ ਵੀ ਏਕਤਾ ਦੀ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਾਉਣਾ ਹੀ ਹੈ।  

ਕਾਮਰੇਡ ਡੀ ਰਾਜਾ ਨੇ ਕੌਮਾਂਤਰੀ ਪੱਧਰ ਦੀਆਂ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂੰਜੀਵਾਦੀ ਢਾਂਚਾ ਖੜੋਤ ਵਿੱਚ ਹੈ। ਇਹ ਢਹਿਢੇਰੀ ਹੋਣ ਵਲ ਵਧ ਰਿਹਾ ਹੈ। ਇਸ ਦਾ ਬਦਲ ਸਿਰਫ਼ ਸਮਾਜਵਾਦ ਹੀ ਹੈ। ਉਨ੍ਹਾ ਕਿਹਾ ਕਿ ਸ਼ੋਸ਼ਣ ਦਾ ਅੰਤ ਹੀ ਮਨੁੱਖਤਾ ਦੀ ਮੁਕਤੀ ਦਾ ਮਾਰਗ ਹੈ। ਉਨ੍ਹਾ ਨੇ ਚਿੱਲੀ ਅਤੇ ਬੋਲੀਵੀਆ ਵਰਗੇ ਮੁਲਕਾਂ ਵਿੱਚ ਖੱਬੇ ਪੱਖੀਆਂ ਦੇ ਉਭਾਰ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ’ਤੇ ਕਬਜ਼ੇ ਲਈ ਹੋਏ ਵੱਡੇ ਮੁਜ਼ਾਹਰਿਆਂ ਦਾ ਸਾਰਥਿਕ ਨਤੀਜਾ ਨਿਕਲਣਾ ਸੀ ਜੇ ਉੱਥੇ ਖੱਬਾ ਪੱਖ ਮਜ਼ਬੂਤ ਹੁੰਦਾ।

ਕਾਮਰੇਡ ਡੀ ਰਾਜਾ ਨੇ ਸੂਬਾ ਕਾਨਫ਼ਰੰਸ ਦੀਆਂ ਪੰਜਾਬ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਪੰਜਾਬ ਦੀ ਇਕਾਈ ਦਾ ਅਹਿਮ ਸਥਾਨ ਹੈ। ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ। ਇਹ ਨਾ ਸਿਰਫ਼ ਸਿਆਸੀ ਤੇ ਵਿਚਾਰਧਾਰਕ ਤੌਰ ’ਤੇ ਹੀ, ਸਗੋਂ ਜਥੇਬੰਦਕ ਮਾਮਲਿਆਂ ਵਿੱਚ ਵੀ ਕੇਂਦਰ ਦੀ ਸੀ ਪੀ ਆਈ ਨੂੰ ਯੋਗਦਾਨ ਦਿੰਦੀ ਹੈ। ਉਨ੍ਹਾਂ ਆਪਣੀ ਤਕਰੀਰ ਵਿੱਚ ਕਾਮਰੇਡ ਸੱਤਪਾਲ ਡਾਂਗ, ਵਿਮਲਾ ਡਾਂਗ, ਚੈਨ ਸਿੰਘ ਚੈਨ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਅਤੇ ਡਾ. ਜੁਗਿੰਦਰ ਦਿਆਲ ਦੀ ਪਾਰਟੀ ਲਈ ਦੇਣ ਨੂੰ ਯਾਦ ਕੀਤਾ। 

ਆਖਿਰ ਵਿੱਚ ਉਨ੍ਹਾਂ ਸੂਬਾ ਕਾਨਫ਼ਰੰਸ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਔਰਤਾਂ, ਨੌਜਵਾਨਾਂ, ਪਛੜਿਆਂ ਅਤੇ ਘੱਟਗਿਣਤੀ ਵਰਗਾਂ ਨੂੰ ਵਿਸ਼ੇਸ਼ ਸਥਾਨ ਦੇ ਕੇ ਅੱਗੇ ਵਧਣ ਦੀ ਲੋੜ ਹੈ। ਕਾਮਰੇਡ ਡੀ ਰਾਜਾ ਦੀ ਤਕਰੀਰ ਤੋਂ ਫੌਰਨ ਬਾਅਦ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਵਿੱਕੀ ਮਹੇਸ਼ਰੀ ਨੇ ਖੂਬਸੂਰਤ ਢੰਗ ਨਾਲ ਤਕਰੀਰ ਦਾ ਉਲਥਾ ਪੇਸ਼ ਕੀਤਾ। 

ਇਸ ਸਮਾਗਮ ਦੀ ਖਾਸ ਗੱਲ ਸੀ ਇਸ ਵਿੱਚ ਪੱਤਰਕਾਰ ਸਤਨਾਮ ਮਾਣਕ ਦਾ ਸ਼ਾਮਲ ਹੋਣਾ। ਅਜੀਤ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਉਦਘਾਟਨੀ ਸੈਸ਼ਨ ਵਿੱਚ ਭਰਾਤਰੀ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੱਬੀਆਂ ਧਿਰਾਂ ਤੇ ਖਾਸ ਕਰਕੇ ਸੀ ਪੀ ਆਈ ਨਾਲ ਉਨ੍ਹਾ ਦੀ ਜਜ਼ਬਾਤੀ ਸਾਂਝ ਹੈ। ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਰਿਪੋਰਟ ਪੇਸ਼ ਕਰਦਿਆਂ ਬਹੁਤ ਸਾਰੇ ਮਸਲਿਆਂ ਨੂੰ ਵਿਚਾਰਿਆ। ਉਨ੍ਹਾ ਕਿਸਾਨ ਤੇ ਮਜ਼ਦੂਰ ਵਰਗ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਨਿਹਾਲਗੜ੍ਹ ਦੇਵੀ ਕੁਮਾਰੀ ਸਰਹਾਲੀ ਕਲਾਂ, ਚਰਨਜੀਤ ਛਾਂਗਾ ਰਾਏ ਅਤੇ ਰਜਿੰਦਰ ਪਾਲ ਕੌਰ ਨੂੰ ਸੱਦਾ ਦੇਣ ਉਪਰਤ ਸੂਬਾ ਕਾਨਫ਼ਰੰਸ ਨੂੰ ਕਾਰਗਰ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾਉਣ ਬਾਰੇ ਜਾਣਕਾਰੀ ਦਿੱਤੀ।

ਕਾਮਰੇਡ ਪਿ੍ਰੰਥੀਪਾਲ ਸਿੰਘ ਮਾੜੀ ਮੇਘਾ ਨੇ ਪਿਛਲੇ ਸੱਤਾਂ ਸਾਲਾ ਦੌਰਾਨ ਵਿੱਛੜ ਗਏ ਸਾਥੀਆਂ ਦੀ ਲਿਸਟ ਪੜ੍ਹ ਕੇ ਸੁਣਾਈ। ਉਸ ਤੋਂ ਬਾਅਦ ਉਨ੍ਹਾਂ ਸਾਥੀਆਂ ਨੂੰ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਸੱਤਪਾਲ ਭਗਤ ਨੇ ਡੈਲੀਗੇਟਾਂ ਦਾ ਰਸਮੀ ਸਵਾਗਤ ਕੀਤਾ।ਕਾਮਰੇਡ ਗੁਰਦਿਆਲ ਨਿਰਮਾਣ ਅਤੇ ਜਸਵੀਰ ਝੱਜ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਦੌਰਾਨ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਸੰਪਾਦਿਤ ਕਿਤਾਬ ‘ਜੁਝਾਰੂ ਔਰਤ-ਵਿਮਲਾ ਡਾਂਗ’ ਲੋਕ ਅਰਪਣ ਕੀਤੀ ਗਈ।

ਉਦਘਾਟਨੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀ ਪੀ ਆਈ ਪੰਜਾਬ ਦੇ ਸਾਬਕਾ ਸਕੱਤਰ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਨੇ ਕਾਮਰੇਡ ਡੀ ਰਾਜਾ ਦੀ ਮੌਜੂਦਗੀ ਵਿੱਚ ਝੰਡਾ ਲਹਿਰਾਇਆ। ਇਸ ਮੌਕੇ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ, ਜ਼ਿਲ੍ਹਾ ਮੋਗਾ ਦੇ ਸਕੱਤਰ ਕਾਮਰੇਡ ਕੁਲਦੀਪ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਕਾਮਰੇਡ ਕਰਮਵੀਰ ਕੌਰ ਬੱਧਨੀ, ਕਾਮਰੇਡ ਨਰਿੰਦਰ ਸੋਹਲ, ਸੀ ਪੀ ਆਈ ਜਲੰਧਰ ਦੇ ਸਕੱਤਰ ਕਾਮਰੇਡ ਰਾਜਿੰਦਰ ਸਿੰਘ ਮੰਡ, ਤਹਿਸੀਲ ਸ਼ਾਹਕੋਟ-ਨਕੋਦਰ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਜਲੰਧਰ ਸਿਟੀ ਦੇ ਸਕੱਤਰ ਕਾਮਰੇਡ ਰਾਜੇਸ਼ ਥਾਪਾ, ਕਾਮਰੇਡ ਦਰਸ਼ਨ  ਚੌਹਾਨ ਮਾਨਸਾ, ਕਾਮਰੇਡ ਸੁਖਦੇਵ ਸ਼ਰਮਾ ਸੰਗਰੂਰ, ਸੀ ਪੀ ਆਈ ਫਿਲੌਰ ਦੇ ਸਕੱਤਰ ਕਾਮਰੇਡ ਰਛਪਾਲ ਕੈਲੇ, ਤਹਿਸੀਲ ਜਲੰਧਰ ਦੇ ਸਕੱਤਰ ਹਰਜਿੰਦਰ ਸਿੰਘ ਮੌਜੀ, ਕਾਮਰੇਡ ਕੁਲਵੰਤ ਸਿੰਘ ਪਟਿਆਲਾ, ਕਾਮਰੇਡ ਸੂਰਤ ਸਿੰਘ ਧਰਮਕੋਟ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ, ਕਿਸਾਨ ਆਗੂ ਲਖਵੀਰ ਸਿੰਘ ਨਿਜ਼ਾਮਪੁਰਾ ਵੀ ਮੌਜੂਦ ਸਨ। 

ਹੁਣ ਦੇਖਣਾ ਹੈ ਕਿ ਕੱਲ੍ਹ ਅੰਤਲੇ ਦਿਨ 9 ਸਤੰਬਰ ਨੂੰ ਇਹ ਕਾਨਫਰੰਸ ਕਿਹੜੇ ਨਤੀਜਿਆਂ 'ਤੇ ਪਹੁੰਚ ਕੇ ਸਮਾਪਤ ਹੁੰਦੀ ਹੈ। ਕੱਲ੍ਹ ਤੱਕ ਅੱਜ ਵਾਲੀ ਬਹਿਸ ਦਾ ਵੀ ਪਤਾ ਲੱਗ ਜਾਏਗਾ ਕਿ ਇਹ ਕਿੱਥੇ ਮੁੱਕਦੀ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।