Sunday, June 8, 2025

ਗੈਰ ਕਾਨੂੰਨੀ ਹਿਰਾਸਤ 'ਚ ਰੱਖੇ ਮਾਓਵਾਦੀ ਆਗੂਆਂ ਨੂੰ ਅਦਾਲਤ ਵਿਚ ਪੇਸ਼ ਕਰੋ

From Amolak Singh on Saturday 7th June 2025 at 10:26 PM Regarding Govt. Actions Against Maoists

ਜਨਵਰੀ 2025 ਤੋਂ ਲੈ ਕੇ ਹੁਣ ਤੱਕ ਇਕੱਲੇ ਬਸਤਰ ਵਿਚ 182 ਮਾਓਵਾਦੀਆਂ ਨੂੰ ‘ਮੁਕਾਬਲੇ’ ਕਹਿ ਕੇ ਕਤਲ ਕੀਤਾ

ਜਮਹੂਰੀ ਫਰੰਟ ਨੇ ਕਥਿਤ ਪੁਲਿਸ ਮੁਕਾਬਲੇ ਦਾ ਖਦਸ਼ਾ ਵੀ ਪ੍ਰਗਟਾਇਆ 

*ਸੁਪਰੀਮ  ਕੋਰਟ ਅਤੇ ਰਾਸ਼ਟਰਪਤੀ ਦੇ ਦਖਲ ਦੀ ਵੀ ਮੰਗ ਕੀਤੀ 
*ਜਮਹੂਰੀ ਫਰੰਟ ਨੇ ਇਹਨਾਂ ਆਗੂਆਂ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਦੁਹਰਾਈ 
*ਕਤਲੇਆਮ ਰੋਕਣ ਲਈ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਨੂੰ ਤੁਰੰਤ ਆਦੇਸ਼ ਦੇਣ ਦੀ ਕਰੋ ਅਪੀਲ
ਜਲੰਧਰ//ਲੁਧਿਆਣਾ: ਜੂਨ 2025: (ਕਾਮਰੇਡ ਸਕਰੀਨ ਬਿਊਰੋ)::
ਪੰਜਾਬ ਵਿੱਚ ਸਰਗਰਮ ਜਮਹੂਰੀ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸੰਗਠਨਾਂ ਵੱਲੋਂ ਛੱਤੀਸਗੜ੍ਹ ਵਿੱਚ ਚੱਲ ਰਹੇ ਸਰਕਾਰੀ ਐਕਸ਼ਨਾਂ ਦੇ ਖਿਲਾਫ ਆਵਾਜ਼ ਲਗਾਤਾਰ ਬੁਲੰਦ ਕੀਤੀ ਜਾ ਰਹੀ ਹੈ।  ਇਸ ਮੁਹਿੰਮ ਵਿੱਚ ਵਿੱਚ ਬੁਧੀਜੀਵੀ ਅਤੇ ਸੁਤੰਤਰ ਪੱਤਰਕਾਰ ਵੀ ਸ਼ਾਮਿਲ ਹੋ ਰਹੇ ਹਨ। ਕੁਝ ਯੂਟਿਊਬਰ ਵੀ ਇਸ ਮੁੱਦੇ ਨਾਲ ਸਬੰਧਤ ਸਟੋਰੀਆਂ ਕਰ ਰਹੇ ਹਨ। ਆਉਂਦੇ ਦਿਨਾਂ ਵਿੱਚ ਇਹ ਰੁਝਾਨ ਹੋਰ ਵਧਣ ਦੀ ਸੰਭਾਵਨਾ ਹੈ। 

ਅੱਜ ਸੱਤ ਜੂਨ ਦੀ ਰਾਤ ਨੂੰ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਛੱਤੀਸਗੜ੍ਹ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਮਾਓਵਾਦੀ ਆਗੂ ਬੰਡੀ ਪ੍ਰਕਾਸ਼ ਅਤੇ ਦਰਜਨ ਤੋਂ ਵੱਧ ਹੋਰ ਮਾਓਵਾਦੀ ਆਗੂਆਂ ਨੂੰ ਤੁਰੰਤ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮਕਸਦ ਦੀ ,ਮੰਗ ਪੰਜਾਬ ਦੇ ਕਈ ਹੋਰਨਾਂ ਸਟੇਸ਼ਨਾਂ ਤੋਂ ਵੀ ਤੇਜ਼ੀ ਨਾਲ ਉੱਠਣ ਲੱਗੀ ਹੈ। 

ਜਮਹੂਰੀ ਫਰੰਟ ਦੇ ਆਗੂਆਂ ਨੇ ਕਿਹਾ ਕਿ ਤੇਲੰਗਾਨਾ ਸਿਵਲ ਰਾਈਟਸ ਐਸੋਸੀਏਸ਼ਨ ਅਤੇ ਤੇਲੰਗਾਨਾ ਸਿਵਲ ਲਿਬਰਟੀਜ਼ ਕਮੇਟੀ ਵਲੋਂ ਜਨਤਕ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਆਗੂਆਂ ਨੂੰ ਬੀਤੇ ਕੱਲ੍ਹ ਬੀਜਾਪੁਰ ਦੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਜਿਵੇਂ ਭਾਜਪਾ ਸਰਕਾਰ ਵੱਲੋਂ 31 ਮਾਰਚ 2026 ਤੱਕ ਭਾਰਤ ਨੂੰ ‘ਨਕਸਲ-ਮੁਕਤ’ ਕਰਨ ਦਾ ਫਾਸ਼ੀਵਾਦੀ ਟੀਚਾ ਤੈਅ ਕਰਕੇ ਛੱਤੀਸਗੜ੍ਹ ਅਤੇ ਝਾਰਖੰਡ ਵਿਚ ਮਾਓਵਾਦੀ ਆਗੂਆਂ ਅਤੇ ਆਦਿਵਾਸੀਆਂ ਨੂੰ ਕਥਿਤ ਮੁਕਾਬਲਿਆਂ ਵਿਚ  ਮਾਰਿਆ ਜਾ ਰਿਹਾ ਹੈ, ਉਸਦੇ ਮੱਦੇਨਜ਼ਰ ਇਨ੍ਹਾਂ ਆਗੂਆਂ ਨੂੰ ਵੀ ‘ਮੁਕਾਬਲੇ’ ਬਣਾ ਕੇ ਮਾਰ ਦਿੱਤੇ ਜਾਣ ਦਾ ਖ਼ਤਰਾ ਹੈ। 

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਸੀਪੀਆਈ (ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਧਾਕਰ ਅਤੇ ਇਕ ਹੋਰ ਸੀਨੀਅਰ ਆਗੂ ਭਾਸਕਰ ਨੂੰ ਇਸੇ ਤਰ੍ਹਾਂ ਜ਼ਿੰਦਾ ਗਿ੍ਰਫ਼ਤਾਰ ਕਰਨ ਤੋਂ ਬਾਅਦ ਮੁਕਾਬਲੇ ਵਿਚ ਮਰੇ ਦਿਖਾ ਦਿੱਤਾ ਗਿਆ।

ਇਸ ਸਬੰਧੀ ਅੰਕੜੇ ਦੇਂਦਿਆਂ ਇਹਨਾਂ ਆਗੂਆਂ ਨੇ ਦੱਸਿਆ ਕਿ ਜਨਵਰੀ 2025 ਤੋਂ ਲੈ ਕੇ ਹੁਣ ਤੱਕ ਇਕੱਲੇ ਬਸਤਰ ਖੇਤਰ ਵਿਚ 182 ਮਾਓਵਾਦੀਆਂ ਨੂੰ ‘ਮੁਕਾਬਲਿਆਂ’ ਦੇ ਨਾਂ ਹੇਠ ਕਤਲ ਕੀਤਾ ਗਿਆ ਹੈ।

ਇਹ ਬਿਆਨ ਜਾਰੀ ਕੀਤਾ ਡਾ. ਪਰਮਿੰਦਰ ਸਿੰਘ, 95010-25030 ਅਤੇ ਬੂਟਾ ਸਿੰਘ ਮਹਿਮੂਦਪੁਰ 94634-74342 ਨੇ। 

No comments:

Post a Comment