From M S Bhatia on 5th June 2025 at 21:42 Regarding Death of Comrade Shugly
ਕਾਮਰੇਡ ਬੰਤ ਬਰਾੜ ਵੱਲੋਂ ਸ਼ੁਗਲੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ/ /ਚੰਡੀਗੜ੍ਹ: 5 ਜੂਨ 2025: (M S Bhatia//ਮੀਡੀਆ ਲਿੰਕ/ /ਕਾਮਰੇਡ ਸਕਰੀਨ ਡੈਸਕ ) ::
ਸੀਪੀਆਈ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਰੋਜ਼ਾਨਾ "ਨਵਾਂ ਜ਼ਮਾਨਾ" ਅਖਬਾਰ ਦੇ ਪ੍ਰਿੰਟਰ ਪਬਲਿਸ਼ਰ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਕਾਮਰੇਡ ਸ਼ੁਗਲੀ ਆਪਣੇ ਵਿਦਿਆਰਥੀ ਜੀਵਨ ਕਾਲ ਤੋਂ ਹੀ ਕਮਿਊਨਿਸਟ ਅੰਦੋਲਨ ਪ੍ਰਤੀ ਪ੍ਰਸਿੱਧ ਵੀ ਸਨ ਅਤੇ ਪ੍ਰਤੀਬੱਧ ਵੀ ਸਨ। ਉਹਨਾਂ ਦੱਸਿਆ ਕਿ ਕਾਮਰੇਡ ਸ਼ੁਗਲੀ ਸੀਪੀਆਈ ਦੀ ਪੰਜਾਬ ਸੂਬਾ ਕਾਉਂਸਿਲ ਦੇ ਮੈਂਬਰ ਵੀ ਸਨ। ਇਸ ਲਾਇ ਸੀਪੀਆਈ ਤਹਿਦਿਲੋਂ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦੀ ਹੈ। ਸਾਥੀ ਬਰਾੜ ਨੇ ਕਾਮਰੇਡ ਸ਼ੁਗਲੀ ਦੇ ਸਪੁੱਤਰ ਰਾਜਿੰਦਰ ਮੰਡ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ।
ਜ਼ਿਕਰਯੋਗ ਹੈ ਕਿ ਨਵਾਂ ਜ਼ਮਾਨਾ ਅਖਬਾਰ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਐਡਵੋਕਟ ਗੁਰਮੀਤ ਸਿੰਘ ਸ਼ੁਗਲੀ ਦਾ ਵੀਰਵਾਰ ਸਵੇਰੇ ਨਿਊ ਯਾਰਕ ਵਿੱਚ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ।
ਰੋਜ਼ਾਨਾ "ਨਵਾਂ ਜ਼ਮਾਨਾ" ਅਖਬਾਰ ਦੇ ਸੂਤਰਾਂ ਮੁਤਾਬਿਕ ਉੱਘੇ ਕਮਿਊਨਿਸਟ ਆਗੂ ਮਰਹੂਮ ਹੈੱਡਮਾਸਟਰ ਸੋਹਣ ਸਿੰਘ ਦੇ ਛੋਟੇ ਭਰਾਤਾ ਕਾਮਰੇਡ ਸ਼ੁਗਲੀ ਅਜੇ ਦੋ ਕੁ ਹਫਤੇ ਪਹਿਲਾਂ ਹੀ ਆਪਣੇ ਛੋਟੇ ਬੇਟੇ ਰਮਨਜੀਤ ਸਿੰਘ ਮੰਡ ਕੋਲ ਗਏ ਸਨ। ਤੜਕੇ ਉਨ੍ਹਾ ਨੂੰ ਹਾਰਟ ਅਟੈਕ ਆਇਆ ਤਾਂ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਹੋਰ ਅਟੈਕ ਆ ਗਿਆ ਜਿਹੜਾ ਕਿ ਜਾਨਲੇਵਾ ਸਾਬਤ ਹੋਇਆ। ਉਹ ਆਪਣੇ ਪਿੱਛੇ ਪਤਨੀ ਮਹਿੰਦਰ ਕੌਰ ਤੇ ਵੱਡਾ ਬੇਟਾ ਐਡਵੋਕੇਟ ਰਜਿੰਦਰ ਸਿੰਘ ਮੰਡ, ਦੋਸਤਾਂ-ਮਿੱਤਰਾਂ ਤੇ ਮਿਹਨਤਕਸ਼ ਸਾਥੀਆਂ ਦੀ ਵਿਸ਼ਾਲ ਦੁਨੀਆ ਛੱਡ ਗਏ ਹਨ। ਉਹਨਾਂ ਦੀਆਂ ਰਚੀਆਂ ਕਿਤਾਬਾਂ ਦੇ ਪਾਠਕਾਂ ਦੀ ਗਿਣਤੀ ਵੀ ਬੜੀ ਵਿਸ਼ਾਲ ਰਹੀ। ਉਹ ਅਖਬਾਰ ਅਤੇ ਪੁਸਤਕਾਂ ਦੇ ਨਾਲ ਨਾਲ ਬਲਾਗਾਂ ਦੀ ਦੁਨੀਆ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਸਨ।
ਇਸ ਮੌਕੇ ਕਾਮਰੇਡ ਬੰਤ ਬਰਾੜ ਦੇ ਨਾਲ ਨਾਲ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਜਨਰਲ ਮੈਨੇਜਰ ਗੁਰਮੀਤ, ਟਰੱਸਟੀ ਜਤਿੰਦਰ ਪਨੂੰ ਤੇ ਸਟਾਫ ਉਹਨਾਂ ਦੇ ਵਿਛੋੜੇ ਦੀ ਖਬਰ ਸੁਣ ਕੇ ਸੁੰਨ ਰਹਿ ਗਏ। ਉਹਨਾਂ ਨਾਲ ਨੇੜਤਾ ਰੱਖਣ ਵਾਲੇ ਬੁਰੀ ਤਰ੍ਹਾਂ ਉਦਾਸ ਹੋ ਗਏ। ਉਨ੍ਹਾ ਨੂੰ ਯਾਦ ਕਰਦਿਆਂ ਸਮੂਹ ਸੱਜਣਾਂ ਮਿੱਤਰਾਂ ਨੇ ‘ਨਵਾਂ ਜ਼ਮਾਨਾ’ ਦੀ ਬਿਹਤਰੀ ਲਈ ਕਾਮਰੇਡ ਸ਼ੁਗਲੀ ਦੇ ਅਣਥਕ ਯਤਨਾਂ ਨੂੰ ਚੇਤੇ ਕਰਦਿਆਂ ਉਨ੍ਹਾ ਦੇ ਪਰਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਚੇਤੇ ਰਹੇ ਕਿ ਦਸੰਬਰ 1947 ਵਿੱਚ ਪੈਦਾ ਹੋਏ ਕਾਮਰੇਡ ਸ਼ੁਗਲੀ ਨੇ 1963 ਵਿੱਚ ਮੈਟ੍ਰਿਕ ਆਰੀਆ ਹਾਈ ਸਕੂਲ ਅਲਾਵਲਪੁਰ (ਜਲੰਧਰ) ਤੋਂ ਕੀਤੀ। 1965 ਵਿੱਚ ਮੇਹਰ ਚੰਦ ਪੋਲੀਟੈਕਨੀਕਲ ਇੰਸਟੀਚਿਊਟ ਤੋਂ ਟੀਚਿੰਗ ਟਰੇਨਿੰਗ ਦਾ ਕੋਰਸ ਕੀਤਾ ਅਤੇ ਅਪ੍ਰੈਲ 1966 ਤੋਂ ਬਿਆਸ ਪਿੰਡ ’ਚ ਖੁੱਲ੍ਹੇ ਨਵੇਂ ਜਨਤਾ ਹਾਈ ਸਕੂਲ ਵਿੱਚ ਨੌਕਰੀ ਕਰ ਲਈ। ਇਸ ਦੌਰਾਨ ਵੀ ਉਹ ਆਮ ਲੋਕਾਂ ਦੇ ਬਹੁਤ ਨੇੜੇ ਆ ਗਏ।
ਫਿਰ ਉਹਨਾਂ ਨੇ 1967 ਵਿੱਚ ਅਲਾਵਲਪੁਰ ਵਿਖੇ ਸਨਾਤਨ ਧਰਮ ਹਾਈ ਸਕੂਲ’ਚ ਨੌਕਰੀ ਕੀਤੀ, ਜਿੱਥੇ ਕਾਮਰੇਡ ਸੋਹਣ ਸਿੰਘ ਹੈੱਡਮਾਸਟਰ ਸਨ। ਇਸੇ ਦੌਰਾਨ ਉਨ੍ਹਾ 1967 ਵਿੱਚ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਬਸਤੀ ਨੌ ਜਲੰਧਰ ਵਿਖੇ ਪ੍ਰੈੱਪ ਵਿੱਚ ਦਾਖਲਾ ਲੈ ਲਿਆ। ਦਿਨੇ ਸਕੂਲ ਵਿੱਚ ਪੜ੍ਹਾਉਦਿਆਂ-ਪੜ੍ਹਾਉਦਿਆਂ ਅਤੇ ਨਾਲ ਨਾਲ ਰਾਤ ਨੂੰ ਕਾਲਜ ਵਿੱਚ ਪੜ੍ਹਦਿਆਂ ਉਹਨਾਂ 1971 ਵਿੱਚ ਬੀ ਏ ਵੀ ਕਰ ਲਈ।
ਵਿਦਿਅਕ ਯੋਗਤਾ ਸੰਬੰਧੀ ਉਹ ਪੂਰੀ ਤਰ੍ਹਾਂ ਚੇਤੰਨ ਰਹੇ। ਇਸ ਤੋਂ ਬਾਅਦ ਉਹਨਾਂ ਪੱਤਰ ਵਿਹਾਰ ਰਾਹੀਂ ਸ਼ਿਮਲਾ ਯੂਨੀਵਰਸਿਟੀ ਤੋਂ ਐੱਮ ਏ ਰਾਜਨੀਤੀ ਸ਼ਾਸਤਰ ਕਰ ਲਈ ਅਤੇ ਬਾਅਦ ਵਿੱਚ ਪ੍ਰਾਈਵੇਟ ਤੌਰ ’ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਵੀ ਕੀਤੀ। ਸੰਘਰਸ਼ਾਂ ਨਾਲ ਪੜ੍ਹਾਈ ਦਾ ਇਹ ਇੱਕ ਆਪਣਾ ਹੀ ਰਿਕਾਰਡ ਸੀ।
ਸੰਨ 1978 ਵਿੱਚ ਗਵਾਲੀਅਰ ਵਿਖੇ ਦਾਖਲਾ ਲੈ ਕੇ 1981 ਵਿੱਚ ਵਕਾਲਤ ਵੀ ਪਾਸ ਕੀਤੀ। ਇਹ ਇਮਤਿਹਾਨ ਪਾਸ ਕਰਦਿਆਂ ਹੀ ਉਹਨਾਂ ਅਗਸਤ 1981 ਵਿੱਚ ਵਕਾਲਤ ਦੀ ਪ੍ਰੈਕਟਿਸ ਵੀ ਸ਼ੁਰੂ ਕੀਤੀ, ਜੋ ਆਖਰੀ ਦਮ ਤੱਕ ਜਾਰੀ ਰਹੀ। ਉਹਨਾਂ ਸਰਕਾਰੀ ਮਿਡਲ ਸਕੂਲ ਰਹੀਮਪੁਰ, ਜ਼ਿਲ੍ਹਾ ਜਲੰਧਰ ਵਿਖੇ ਵੀ ਪੜ੍ਹਾਇਆ।
ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ ਨੇ ਵੀ ਕਾਮਰੇਡ ਸ਼ੁਗਲੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਰ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਵੀ ਕਾਮਰੇਡ ਸ਼ੁਗਲੀ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ।
ਇਸੇ ਦੌਰਾਨ ਕਾਮਰੇਡ ਐਮ ਐਸ ਭਾਟੀਆ ਨੇ ਉਹਨਾਂ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਦਾ ਅੰਤਿਮ ਸਸਕਾਰ ਅਕਦੋਂ ਕੀਤਾ ਜਾਏਗਾ ਇਸ ਦਾ ਪਤਾ ਅਜੇ ਲੱਗਣਾ ਹੈ। ਪਰਿਵਾਰ ਵੱਲੋਂ ਇਸਦਾ ਵੇਰਵਾ ਮਿਲਦਿਆਂ ਹੀ ਇਸਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਕਾਮਰੇਡ ਐਮ ਐਸ ਭਾਟੀਆ ਵਿਛੜੇ ਚੁੱਕੇ ਸਾਥੀ ਗੁਰਮੀਤ ਸ਼ੁਗਲੀ ਦੇ ਬਹੁਤ ਨੇੜਲੇ ਸਾਥੀਆਂ ਅਤੇ ਮਿੱਤਰਾਂ ਵਿੱਚੋਂ ਸਨ। ਉਹਨਾਂ ਦੀਆਂ ਪੁਸਤਕਾਂ ਦੇ ਪ੍ਰੋਜੈਕਟ ਅਤੇ ਨਵਾਂ ਜ਼ਮਾਨਾ ਨਾਲ ਸਬੰਧਤ ਲੁਧਿਆਣਾ ਦੇ ਕੰਮਾਂ ਵਿੱਚ ਐਮ ਐਸ ਭਾਟੀਆ ਹੀ ਸ਼ੁਗਲੀ ਜੀ ਦੇ ਵਿਸ਼ਵਾਸ ਪਾਤਰ ਰਹੇ।
ਪੀਪਲਜ਼ ਮੀਡੀਆ ਲਿੰਕ ਵੱਲੋਂ ਰੈਕਟਰ ਕਥੂਰੀਆ ਅਤੇ ਪਤਰਕਾਰ ਪ੍ਰਦੀਪ ਸ਼ਰਮਾ ਨੇ ਵੀ ਸ਼ੁਗਲੀ ਜੀ ਦੇ ਇਸ ਅਚਾਨਕ ਵਿਛੋੜੇ 'ਤੇ ਦੁੱਖ ਪ੍ਰਗਟਾਇਆ। ਉਹਨਾਂ ਕਿਹਾ ਕਿ ਸ਼ੁਗਲੀ ਜੀ ਦੇ ਹੁੰਦਿਆਂ ਨਵਾਂ ਜ਼ਮਾਨਾ ਦਫਤਰ ਜਾਂ ਦੀ ਖੁਸ਼ੀ ਵੱਖਰੀ ਹੀ ਹੁੰਦੀ ਸੀ। ਸਫ਼ਰ ਦੀ ਸਾਰੀ ਥਕਾਵਟ ਸ਼ੁਗਲੀ ਜੀ ਨੂੰ ਮਿਲਦੀਆਂ ਹੀ ਉਤਰ ਜਾਂਦੀ ਸੀ। ਉਹਨਾਂ ਦੀ ਸਾਹਿਤ ਸਾਧਨਾ ਅਤੇ ਪੁਸਤਕ ਪ੍ਰੇਮ ਵੀ ਖਾਸ ਸੀ। ਉਹ ਮਿਲਣ ਲਈ ਆਏ ਸੱਜਣਾਂ ਨੂੰ ਆਪਣੀਆਂ ਪੁਸਤਕਾਂ ਵੀ ਭੇਂਟ ਕਰਦੇ ਅਤੇ ਨਵਾਂ ਜ਼ਮਾਨਾ ਦੇ ਪੁਸਤਕ ਭੰਡਾਰ ਵਿੱਚੋਂ ਵੀ ਪੁਸਤਕਾਂ ਦੇਂਦੇ।
No comments:
Post a Comment