Friday, September 9, 2022

CPI ਦੀ ਸੂਬਾ ਕਾਨਫਰੰਸ ਵੀ ਪੁਰਾਣੇ ਬਜ਼ੁਰਗਾਂ ਨੂੰ ਸੁਣਦੀ ਤਾਂ ਚੰਗਾ ਰਹਿੰਦਾ

ਅੱਜ ਵੀ ਪ੍ਰਸੰਗਿਕ ਹਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਤਜਰਬੇ 

ਲੁਧਿਆਣਾ: 9 ਸਤੰਬਰ 2022: (ਕਾਮਰੇਡ ਸਕਰੀਨ ਟੀਮ)::

ਗੱਲ ਸ਼ਾਇਦ ਨਵੰਬਰ 2019 ਦੀ ਹੈ।
 ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ
ਅਸੀਂ ਜਾਣਨਾ ਚਾਹੁੰਦੇ ਸਾਂ ਉਸ ਅਮੀਰ ਵਿਰਸੇ ਦੀ ਹਕੀਕਤ ਜਦੋਂ ਸੀਪੀਆਈ ਦੀ ਪੂਰੀ ਚੜ੍ਹਤ ਹੁੰਦੀ ਸੀ। ਲਾਲ ਝੰਡੇ ਦਾ ਦਬਦਬਾ ਹੁੰਦਾ ਸੀ ਪਰ ਇਸ ਦਬਦਬੇ ਵਿੱਚ ਆਮ ਕਿਰਤੀ ਲੋਕਾਂ ਲਈ ਕੋਈ ਡਰ ਜਾਂ ਭੈਅ ਕਦੇ ਵੀ ਨਹੀਂ ਸੀ। ਸਿਰਫ ਸ਼ੋਸ਼ਣ ਕਰਨ ਵਾਲੇ ਜਾਂ ਨਜਾਇਜ਼ ਢੰਗ ਤਰੀਕਿਆਂ ਨਾਲ ਅਮੀਰ ਬਣੇ ਲੋਕ ਹੀ ਇਸ ਤਰ੍ਹਾਂ ਦੀ ਡਰ ਵਾਲੀ ਭਾਵਨਾ ਦਾ ਸ਼ਿਕਾਰ ਹੁੰਦੇ ਸਨ। ਕਮਿਊਨਿਸਟਾਂ ਨੇ ਕਦੇ ਦਹਿਸ਼ਤ ਵਾਲੀ ਨੀਤੀ ਨਹੀਂ ਸੀ ਵਰਤੀ। ਬਸ ਇੱਕ ਸੱਚ ਦੀ ਗੱਲ ਅਤੇ ਹਰ ਪਿੰਡ ਵਿੱਚ ਕਮਿਊਨਿਸਟਾਂ ਦੀ ਕਦਰ ਹੁੰਦੀ ਸੀ। 

ਜੇ ਕਿਸੇ ਪਿੰਡ, ਮਹੱਲੇ ਜਾਂ ਬਲਾਕ ਵਿੱਚ ਕੋਈ ਮੀਟਿੰਗ ਵੀ ਹੁੰਦੀ ਸੀ ਤਾਂ ਉਸਦੇ ਆਲੇ ਦੁਆਲੇ ਹਰ ਪਾਸੇ ਚੋਹਾਂ ਦਿਸ਼ਾਵਾਂ ਵਿਚ ਇਸ ਬਾਰੇ ਪਤਾ ਲੱਗਦਾ ਸੀ। ਜਿਹੜੇ ਕਿਸੇ ਵੀ ਤਰ੍ਹਾਂ ਕਮਿਊਨਿਸਟਾਂ ਨਾਲ ਸਬੰਧਤ ਨਹੀਂ ਸਨ ਹੁੰਦੇ ਉਹਨਾਂ ਦੇ ਘਰਾਂ ਵਿਚ ਵੀ ਲਾਲ ਝੰਡੇ ਦੇ ਨਾਅਰੇ ਅਤੇ ਗੀਤ ਪਹੁੰਚਿਆ ਕਰਦੇ ਸਨ। ਹੁਣ ਦੀ ਹਾਲਤ ਬਾਰੇ ਕੀ ਕਿਹਾ ਜਾਏ?  ਸੂਬਾਈ ਕਾਨਫਰੰਸ ਬਾਰੇ ਵੀ ਉਹ ਚਰਚਾ ਨਹੀਂ ਹੋਈ ਜਿਹੜੀ ਕਿ ਹੋਣੀ ਚਾਹੀਦੀ ਸੀ। 

ਜਲੰਧਰ ਵਰਗੇ ਮੀਡੀਆ ਸੈਂਟਰ ਨੂੰ ਵੀ ਪਾਰਟੀ ਦੇ ਪ੍ਰਚਾਰ ਲਈ ਵਰਤਿਆ ਨਹੀਂ ਜਾ ਸਕਿਆ। ਸੋਸ਼ਲ ਮੀਡੀਆ ਤੇ ਵੀ ਦੋ ਦਿਨਾਂ ਲਈ ਦੋ ਚਾਰ ਕਾਰਕੁੰਨਾਂ ਦੀ ਡਿਊਟੀ ਨਹੀਂ ਲਗਾਈ ਜਾ ਸਕੀ ਜਦਕਿ ਪਾਰਟੀ ਕੋਲ ਇਸ ਵੇਲੇ ਬਹੁਤ ਸਾਰੇ ਨੌਜਵਾਨ ਵੀ ਹਨ ਜਿਹੜੇ ਸੋਸ਼ਲ ਮੀਡੀਆ ਦੇ ਪੂਰੀ ਤਰ੍ਹਾਂ ਮਾਹਰ ਬਣ ਚੁੱਕੇ ਹਨ। ਹਰ ਕਿਸੇ ਦੇ ਹੇਠ ਵਿਚ ਮਹਿੰਗਾ ਸਮਾਰਟ ਫੋਨ ਵੀ ਹੈ। ਉਹ ਪ੍ਰਤੀਬੱਧ ਵੀ ਹਨ ਅਤੇ ਇਮਾਨਦਾਰ ਵੀ। ਮੀਡੀਆ ਵਿਚ ਵੀ ਬਹੁਤ ਸਾਰੇ ਕਮਿਊਨਿਜ਼ਮ ਹਿਤੈਸ਼ੀ ਅਜੇ ਤੱਕ ਹਨ ਜਿਹੜੇ ਕਿ ਪਾਰਟੀ ਦੇ ਰਸਮੀ ਮੈਂਬਰ ਤਾਂ ਨਹੀਂ ਹਨ ਪਰ  ਪਾਰਟੀ ਵੱਲ ਧਿਆਨ ਬੜੇ ਉਚੇਚ ਨਾਲ ਦੇਂਦੇ ਹਨ। ਉਹਨਾਂ ਪ੍ਰਤੀ ਵੀ ਪਾਰਟੀ ਪ੍ਰਬੰਧਕਾਂ ਨੇ ਨਜ਼ਰਅੰਦਾਜ਼ੀ ਹੀ ਦਿਖਾਈ ਹੈ। ਉਹਨਾਂ ਨੇ ਗੈਰ ਰਸਮੀ ਗੱਲਬਾਤ ਵਿੱਚ ਗਿਲਾ ਹੀ ਕੀਤਾ ਕਿ ਜੇਕਰ ਪਾਰਟੀ ਸੱਤਾ ਵਿਚ ਆ ਗਈ ਤਾਂ ਫਿਰ ਤਾਂ ਬਿਲਕੁਲ ਰਵਈਆ ਹੀ  ਬਦਲ ਜਾਵੇਗਾ। 

ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ 


ਬਹੁਤ ਸਾਰਿਆਂ ਨੇ ਦੁੱਖ ਪ੍ਰਗਟਾਇਆ ਕਿ
ਜਿਵੇਂ ਸਤਨਾਮ ਮਾਣਕ ਨੂੰ ਮਾਣ ਸਤਿਕਾਰ ਦੇ ਕੇ ਬੁਲਾਇਆ ਗਿਆ ਸੀ ਉਸੇ ਤਰ੍ਹਾਂ ਜਤਿੰਦਰ ਪੰਨੂੰ, ਸੁਕੀਰਤ ਆਨੰਦ,  ਬਾਬਾ ਬੰਨੋਆਣਾ ਪਰਿਵਾਰ, ਸਵਰਗੀ ਕ੍ਰਿਸ਼ਨ ਭਾਰਦਵਾਜ ਹੁਰਾਂ ਦਾ ਪਰਿਵਾਰ, ਪੂਨਮ (ਪ੍ਰੀਤ ਲੜੀ) ਅਤੇ ਸਵਰਗੀ ਸੁਹੇਲ ਸਿੰਘ ਪਰਿਵਾਰਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਸੀ। ਸੁਰਜਨ ਜ਼ੀਰਵੀ ਹੁਰਾਂ ਨੂੰ ਵੀ ਉਚੇਚ ਨਾਲ ਕੈਨੇਡਾ ਤੋਂ ਸੱਦਿਆ ਜਾਣਾ ਚਾਹੀਦਾ ਸੀ। ਸਵਰਗੀ ਕਾਮਰੇਡ ਪ੍ਰਦੁਮਣ ਸਿੰਘ ਦੇ ਪਰਿਵਾਰ ਦੀ ਹਾਜ਼ਰੀ ਵੀ ਲਗਵਾਈ ਜਾਣੀ ਚਾਹੀਦੀ ਸੀ। ਬਲਵਿੰਦਰ ਜੰਮੂ, ਬਲਬੀਰ ਜੰਡੂ ਅਤੇ ਸਤਨਾਮ ਚਾਨਾ ਨੰ ਵੀ ਸਨਮਾਨ ਨਾਲ ਸੱਦਿਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਅਤੇ ਸ਼ਖਸੀਅਤਾਂ ਸਨ ਜਿਹਨਾਂ ਨੂੰ ਵਿਸਾਰ ਦਿੱਤਾ ਗਿਆ ਹੈ। 

ਇਸ ਲਈ ਜਦੋਂ ਵੀ ਪਾਰਟੀ ਦੀ ਚੜ੍ਹਤ ਅਤੇ ਪਾਰਟੀ ਦੇ ਨਿਘਾਰ ਦੀ ਚਰਚਾ ਹੋਵੇਗੀ ਤਾਂ ਇਹ ਸਾਰੀਆਂ ਗੱਲਾਂ ਆਪਣਾ ਅਸਰ ਮਹਿਸੂਸ ਕਰਾਉਣਗੀਆਂ। ਕਮਿਊਨਿਜ਼ਮ ਨੂੰ ਪ੍ਰਤੀਬੱਧ ਰਹਿੰਦੇ ਲੋਕ ਦੱਸਦੇ ਹਨ ਕਿ ਕੋਈ ਜ਼ਮਾਨਾ ਸੀ ਜਦੋਂ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਲਈ ਕਈ ਕਈ ਸਾਲ ਲੰਮੀ ਪਰਖ ਹੁੰਦੀ ਸੀ ਪਰ ਹੁਣ ਤਾਂ ਗੁੱਟਬੰਦੀਆਂ ਦਾ ਸਾਜ਼ਿਸ਼ੀ ਦੌਰ ਹੈ----ਜੇਕਰ ਇਹ ਗੱਲ  ਸੱਚ ਹੈ ਤਾਂ ਸੱਚਮੁੱਚ ਗੰਭੀਰ ਹੈ। ਇਸ ਸਿਸਟਮ ਨੂੰ ਬਦਲਿਆ ਜਾਣਾ ਚਾਹੀਦਾ ਹੈ। ਮੈਂਬਰੀ ਵੇਲੇ ਬੇਦਾਗ ਕਿਰਦਾਰ ਜ਼ਰੂਰੀ ਹੋਣਾ ਚਾਹੀਦਾ ਹੈ। ਖੈਰ ਦੇਖੋ ਕਦੋਂ ਚੱਲਦੀ ਹੈ ਸੁਧਾਰ ਦੀ ਲਹਿਰ!

ਗੱਲ ਆਪਾਂ ਕਰ ਰਹੇ ਸਾਂ ਨਵੰਬਰ 2019 ਦੇ ਦਿਨਾਂ ਦੀ। ਅਸੀਂ ਕਮਿਊਨਿਜ਼ਮ ਦੀ ਚੜ੍ਹਤ ਵਾਲੇ ਦੌਰ ਦਾ ਜਾਇਜ਼ਾ ਲਾਉਣਾ ਚਾਹੁੰਦੇ ਸਾਂ। ਇਸ ਮਕਸਦ ਲਈ ਬਾਕਾਇਦਾ ਇੱਕ ਲਿਸਟ ਬਣਾਈ ਗਈ ਸੀ ਕਿ ਬਜ਼ੁਰਗ ਕਮਿਊਨਿਸਟਾਂ ਨੂੰ ਮਿਲਾ ਜਾਵੇ। ਜਿਹੜੇ ਨਾਂਵਾਂ ਦੀ ਪਹਿਲੀ ਸੂਚੀ ਬਣੀ ਉਸ ਵਿੱਚ ਲੁਧਿਆਣਾ ਦੇ ਕਾਮਰੇਡ ਕਰਤਾਰ ਬੁਆਣੀ, ਕਾਮਰੇਡ ਓਮ ਪ੍ਰਕਾਸ਼ ਮਹਿਤਾ, ਕਾਮਰੇਡ ਪੂਰਨ ਸਿੰਘ ਨਾਰੰਗਵਾਲ ਅਤੇ ਕੁਝ ਹੋਰ ਨਾਮ ਫਾਈਨਲ ਹੋਏ। 

ਇਸ ਲਿਸਟ ਦੇ ਮੁਤਾਬਿਕ ਹੀ ਅਸੀਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਘਰ ਜਾ ਪਹੁੰਚੇ। ਉਹਨਾਂ  ਗੱਲਾਂ ਸੁਣੀਆਂ ਜਿਹੜੀਆਂ 24ਵੀਂ ਸੂਬਾ ਕਾਨਫਰੰਸ ਵਿੱਚ ਵੀ ਵਿਚਾਰਿਆਂ ਜਾਣੀਆਂ ਚਾਹੀਦੀਆਂ ਸਨ। ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੇ ਸਾਨੂੰ ਉਹ ਵੇਲੇ ਚੇਤੇ ਕਰਾਏ ਜਦੋਂ ਦੁਸ਼ਮਣ ਬਹੁਤ ਮਜ਼ਬੂਤ ਸੀ ਅਤੇ ਉਸ ਨਾਲ ਲੜਾਈ ਉਹਨਾਂ ਵੇਲਿਆਂ ਵਿਚ ਵੀ ਕੋਈ ਸੌਖੀ ਨਹੀਂ ਸੀ। ਕਾਮਰੇਡ ਜੀ ਸ਼ਾਇਦ ਉਦੋਂ ਜ਼ਿਲ੍ਹਾ ਸਕੱਤਰ ਹੁੰਦੇ ਸਨ। ਉਹਨਾਂ ਮੀਟਿੰਗ ਬੁਲਾਈ। ਜਿਹੜੇ ਨਹੀਂ ਸਨ ਆ ਸਕੇ ਉਹਨਾਂ ਦੇ ਘਰੀਂ ਸੁਨੇਹਾ ਭੇਜਿਆ ਕਿ ਅਸੀਂ ਕੱਲ੍ਹ ਐਕਸ਼ਨ ਤੇ ਜਾਣਾ ਹੈ। ਕੁਰਬਾਨੀ ਵੀ ਹੋ ਸਕਦੀ ਹੈ। ਆਉਣਾ ਸਭਨਾਂ ਨੇ ਲਾਜ਼ਮੀ ਹੈ:ਜਿਹੜੇ ਨਹੀਂ ਆਉਣਾ ਚਾਹੁੰਦੇ ਉਹ ਆਪਣਾ ਪਾਰਟੀ ਮੈਂਬਰੀ ਵਾਲਾ ਕਾਰਡ ਜਮਾ ਕਰਵਾ ਜਾਣ। 

ਬਹੁਤ ਸਾਰੀਆਂ ਗੱਲਾਂ ਨਾਲ ਉਹਨਾਂ ਸਾਨੂੰ ਵੀ ਯਾਦ ਕਰਵਾਇਆ ਕਿ ਉਦੋਂ ਵੀ ਲੋਕਾਂ ਦੇ ਹੱਕਾਂ ਦੀ ਸਿਆਸਤ ਗਰਮਾ ਰਹੀ ਸੀ। ਖੱਬੀ ਲਹਿਰ ਜ਼ੋਰਸ਼ੋਰ ਨਾਲ ਛਾਈ ਹੋਈ ਸੀ। ਚੁਣੌਤੀਆਂ ਤੇ ਮੁਸੀਬਤਾਂ ਦੇ ਬਾਵਜੂਦ ਖੱਬੇ ਪੱਖੀ ਲਹਿਰ ਨੇ ਕਦੇ ਵੀ ਲਾਲ ਝੰਡਾ ਝੁਕਣ ਨਹੀਂ ਸੀ ਦਿੱਤਾ।  ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ

ਕਈ ਦੌਰ ਕਈ ਸੰਕਟ ਵੀ ਆਏ ਪਰ ਖੱਬੀ ਲਹਿਰ ਜਾਰੀ ਰਹੀ। ਇਸ ਤੱਥ ਦੇ ਬਾਵਜੂਦ ਕਿ ਖੱਬੇ ਪੱਖੀ ਲਹਿਰ ਸਮੇਂ-ਸਮੇਂ 'ਤੇ ਇਸ ਵਿਰੁੱਧ ਰਚੀਆਂ ਗਈਆਂ ਸਾਜ਼ਿਸ਼ਾਂ ਨੂੰ ਸਮਝਣ ਵਿੱਚ ਕਈ ਵਾਰ ਅਸਫਲ ਵੀ ਰਹੀ ਹੈ। ਇਸ ਵੀਡੀਓ ਵਿੱਚ ਇੱਕ ਸੰਖੇਪ ਚਰਚਾ ਹੈ ਅਤੇ ਨਾਲ ਹੀ ਇੱਕ ਸੰਖੇਪ ਮੀਟਿੰਗ ਵਿੱਚ ਸਾਹਮਣੇ ਆਏ ਸੰਖੇਪ ਇਸ਼ਾਰੇ ਵੀ। ਪੁਰਾਣੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ--ਕਾਮਰੇਡ ਰਮੇਸ਼ ਰਤਨ ਅਤੇ ਕਰਮਜੀਤ ਨਾਰੰਗਵਾਲ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਦੇ ਵਿਚਾਰ ਵੱਖਰੇ ਵੀਡੀਓ ਵਿੱਚ ਵਿਚਾਰੇ ਜਾਣਗੇ। ਖੱਬੀ ਲਹਿਰ ਨਾਲ ਜੁੜੇ ਹੋਏ ਪੱਤਰਕਾਰ ਐੱਮਐੱਸ ਭਾਟੀਆ ਨੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੂੰ ਸੁਆਲ ਪੁੱਛੇ। ਕੈਮਰਾ ਅਤੇ ਵੀਡੀਓ ਸੰਪਾਦਨ ਰੈਕਟਰ ਕਥੂਰੀਆ ਦੀ ਟੀਮ ਨੇ ਕੀਤਾ।  

ਜੇਕਰ ਤੁਹਾਡੇ ਕੋਲ ਵੀ ਕਿਸੇ ਪੁਰਾਣੇ ਸਿਆਸਤਦਾਨ ਬਾਰੇ ਕੋਈ ਜਾਣਕਾਰੀ ਜਾਂ ਪਤਾ ਹੋਵੇ ਤਾਂ ਜ਼ਰੂਰ ਦੱਸਣਾ--ਰਵਿੰਦਰ ਸਿੰਘ, ਪੀਪਲਜ਼ ਮੀਡੀਆ ਲਿੰਕ +91 99153 22407 ਈਮੇਲ: medialink32@gmail.com

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment