Sunday, September 11, 2022

ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 'ਤੇ ਮੋਗਾ ਵਿੱਚੋਂ ਜਾਣਗੇ ਵਿਸ਼ਾਲ ਕਾਫ਼ਿਲੇ

 Sunday 11th September 2022 at 04:12 PM

ਇਹ ਵਿਸ਼ਾਲ ਕਾਫ਼ਿਲੇ ਜਲੰਧਰ ਪੁੱਜਣਗੇ-ਕਰਮਵੀਰ ਬੱਧਨੀ/ਗੁਰਾਦਿੱਤਾ ਦੀਨਾ


ਮੋਗਾ: 11 ਸਤੰਬਰ 2022: (ਕਾਮਰੇਡ ਸਕਰੀਨ ਬਿਊਰੋ)::

ਕਰਮਵੀਰ ਬੱਧਨੀ 
ਹੁਣ ਜਦੋਂ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਡਰੇ ਹੋਏ ਲੋਕ ਸ਼ਹੀਦ ਭਗਤ ਸਿੰਘ ਦੇ ਅਕਸ ਨੂੰ ਧੁੰਦਲਾ ਕਰਨ ਦੀ ਨਾਕਾਮ ਕੋਸ਼ਿਸ਼ ਵਾਲਿਆਂ ਹਨੇਰੀਆਂ ਚਲਾ ਰਹੇ ਹਨ ਉਦੋਂ ਇਹਨਾਂ ਕੂੜ ਹਨੇਰੀਆਂ ਦੇ ਖਿਲਾਫ ਨਿੱਤਰੇ ਹਨ ਖੱਬੇਪੱਖੀ ਵਿਚਾਰਾਂ ਤੋਂ ਪ੍ਰਭਾਵਿਤ ਨੌਜਵਾਨ ਮੁੰਡੇ ਕੁੜੀਆਂ। ਦਲੀਲ ਦੇ ਹਥਿਆਰਾਂ ਨਾਲ ਲੈਸ ਇਹਨਾਂ ਨੌਜਵਾਨਾਂ ਮੁਟਿਆਰਾਂ ਸਾਹਮਣੇ ਕੂੜ ਦੀ ਕੋਈ ਹਨੇਰੀ ਟਿਕਣ ਵਾਲੀ ਨਹੀਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਹਨਾਂ ਦੇ ਵਿਸ਼ਾਲ ਕਾਫ਼ਿਲੇ ਇੱਕ ਨਵਾਂ ਇਤਿਹਾਸ ਰਚਣਗੇ। 

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਮੋਗਾ ਵਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਜਸਪ੍ਰੀਤ ਬੱਧਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਸਕੱਤਰ ਕੁਲਦੀਪ ਭੋਲਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਵਿਸ਼ੇਸ਼ ਤੌਰ 'ਤੇ ਪਹੁੰਚੇ। 

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਵੀਰ ਕੌਰ ਬੱਧਨੀ ਨੇ ਕਿਹਾ ਕਿ ਅੱਜ ਦੀ ਜਵਾਨੀ ਭਗਤ ਸਿੰਘ ਨੂੰ ਆਪਣਾ ਵਿਚਾਰਧਾਰਕ ਆਗੂ ਮੰਨਦੀ ਹੈ, ਭਗਤ ਸਿੰਘ ਜਵਾਨੀ ਦਾ ਹੀਰੋ ਹੈ ਪਰ ਕਾਰਪੋਰਟ ਘਰਾਣਿਆਂ ਪੱਖੀ ਲੋਕਾਂ  ਵੱਲੋਂ ਭਗਤ ਸਿੰਘ ਦਾ ਅਕਸ ਵਿਗਾੜਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਪੰਜਾਬ ਦੀ ਦੇਸ਼ ਦੀ ਜਵਾਨੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 

ਇਸੇ ਮਕਸਦ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਭਗਤ ਸਿੰਘ ਦਾ ਜਨਮ ਦਿਨ ਸ਼ਾਨੋ ਸ਼ੌਕਤ ਨਾਲ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਉਹ ਇਸ ਦਿਨ ਨੂੰ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਬਨੇਗਾ ਪ੍ਰਾਪਤੀ ਸੰਕਲਪ ਦਿਵਸ ਵਜੋਂ ਮਨਾਉਦਿਆਂ' ਭਗਤ ਸਿੰਘ ਦੀ ਫੋਟੋ ਵਾਲੀਆਂ ਲਾਲ ਵਰਦੀਆਂ' ਪਹਿਨ ਕੇ ਜਲੰਧਰ ਦੀ ਧਰਤੀ ਅਤੇ ਬਜ਼ਾਰਾਂ ਵਿੱਚ ਵਲੰਟੀਅਰ ਸੰਮੇਲਨ ਵਿੱਚ ਮਾਰਚ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਦਾ ਮਕਸਦ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਬੇਰੁਜ਼ਗਾਰਾਂ ਦੀ ਲਾਮਬੰਦੀ ਕਰਨਾ ਹੈ। 

ਸਾਥੀ ਕੁਲਦੀਪ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਰੁਜ਼ਗਾਰ ਦੇ ਵਾਅਦੇ ਕਰਦੀਆਂ ਹਨ ਉੱਥੇ ਦੂਜੇ ਪਾਸੇ 1158 ਅਧਿਆਪਕਾਂ ਦੀ ਨਿਯੁਕਤੀ ਤੇ ਰੋਕ ਲਾਉਣਾ ਉਨ੍ਹਾਂ ਦੀ ਰੁਜ਼ਗਾਰ ਪ੍ਰਤੀ ਸੁਹਿਰਦਗੀ ਨੂੰ ਸਪਸ਼ਟ ਕਰਦੀ ਹੈ।ਰਿਟਾਇਰ ਵਿਅਕਤੀਆਂ ਨੂੰ ਦੁਬਾਰਾ ਭਰਤੀ ਕਰਨ ਦੀ ਬਿਆਨਬਾਜ਼ੀ ਕਰਨਾ ਵੀ ਅੱਜ ਦੀ ਨੌਜਵਾਨੀ ਲਈ ਵੱਡਾ ਖ਼ਤਰਾ ਹੈ। ਸੋ ਅੱਜ ਲੋੜ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਇਨਕਲਾਬ ਦਾ ਅਸਲ ਮਤਲਬ ਅੱਜ ਦੀ ਨੌਜਵਾਨੀ ਨੂੰ ਸਮਝਾਇਆ ਜਾਵੇ ਤੇ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇ ਮੁੱਦੇ ਤੇ ਜਲੰਧਰ ਵਿੱਚ ਭਗਤ ਸਿੰਘ ਦੇ ਜਨਮ ਦਿਨ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇਕੱਤਰ ਕੀਤਾ ਜਾਵੇ। ਇਸ ਸੰਬੰਧੀ ਵਿਸਥਾਰ ਨਾਲ ਵਿਚਾਰਾਂ ਹੋਈਆਂ। 

ਇਸ ਮੀਟਿੰਗ ਨੂੰ ਗੁਰਾਦਿੱਤਾ ਦੀਨਾ, ਜਿਲ੍ਹਾ ਸਕੱਤਰ ਨੇ ਸੰਬੋਧਨ ਕਰਦਿਆਂ ਆਏ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਮੋਗੇ ਵਿੱਚੋਂ ਵੱਡੀ ਗਿਣਤੀ 'ਚ  ਨੌਜਵਾਨ ਅਤੇ ਵਿਦਿਆਰਥੀ ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀਆਂ ਲਾਲ ਟੀ ਸ਼ਰਟਾਂ ਪਹਿਨ ਕੇ ਸ਼ਮੂਲੀਅਤ ਕਰਦੇ ਬਨੇਗਾ ਦੀ ਪ੍ਰਾਪਤੀ ਲਈ ਅਵਾਜ਼ ਬੁਲੰਦ ਕਰਨਗੇ ਅਤੇ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ। ਇਸ ਸਮੇਂ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਵੀ ਹਾਜ਼ਰ ਸਨ।  ਵੱਖ ਵੱਖ ਬਲਾਕਾਂ ਵਿਚੋਂ ਵਿਦਿਆਰਥੀ ਆਗੂ ਬਲਕਰਨ ਲੋਹਟ,ਸਵਰਾਜ ਖੋਸਾ,ਹਰਪ੍ਰੀਤ ਨਿਹਾਲ ਸਿੰਘ ਵਾਲਾ, ਨਵਜੋਤ ਬਿਲਾਸਪੁਰ, ਕਿਰਨਦੀਪ ਬੱਧਨੀ, ਜੀਵਨ ਸਿੰਘ ਜੋਗੇਵਾਲਾ, ਲਖਵੀਰ ਸਿੰਘ, ਜਬਰਜੰਗ ਸਿੰਘ ਆਦਿ ਹਾਜ਼ਰ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment