Showing posts with label Conference. Show all posts
Showing posts with label Conference. Show all posts

Friday, September 9, 2022

CPI ਦੀ ਸੂਬਾ ਕਾਨਫਰੰਸ ਵੀ ਪੁਰਾਣੇ ਬਜ਼ੁਰਗਾਂ ਨੂੰ ਸੁਣਦੀ ਤਾਂ ਚੰਗਾ ਰਹਿੰਦਾ

ਅੱਜ ਵੀ ਪ੍ਰਸੰਗਿਕ ਹਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਤਜਰਬੇ 

ਲੁਧਿਆਣਾ: 9 ਸਤੰਬਰ 2022: (ਕਾਮਰੇਡ ਸਕਰੀਨ ਟੀਮ)::

ਗੱਲ ਸ਼ਾਇਦ ਨਵੰਬਰ 2019 ਦੀ ਹੈ।
 ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ
ਅਸੀਂ ਜਾਣਨਾ ਚਾਹੁੰਦੇ ਸਾਂ ਉਸ ਅਮੀਰ ਵਿਰਸੇ ਦੀ ਹਕੀਕਤ ਜਦੋਂ ਸੀਪੀਆਈ ਦੀ ਪੂਰੀ ਚੜ੍ਹਤ ਹੁੰਦੀ ਸੀ। ਲਾਲ ਝੰਡੇ ਦਾ ਦਬਦਬਾ ਹੁੰਦਾ ਸੀ ਪਰ ਇਸ ਦਬਦਬੇ ਵਿੱਚ ਆਮ ਕਿਰਤੀ ਲੋਕਾਂ ਲਈ ਕੋਈ ਡਰ ਜਾਂ ਭੈਅ ਕਦੇ ਵੀ ਨਹੀਂ ਸੀ। ਸਿਰਫ ਸ਼ੋਸ਼ਣ ਕਰਨ ਵਾਲੇ ਜਾਂ ਨਜਾਇਜ਼ ਢੰਗ ਤਰੀਕਿਆਂ ਨਾਲ ਅਮੀਰ ਬਣੇ ਲੋਕ ਹੀ ਇਸ ਤਰ੍ਹਾਂ ਦੀ ਡਰ ਵਾਲੀ ਭਾਵਨਾ ਦਾ ਸ਼ਿਕਾਰ ਹੁੰਦੇ ਸਨ। ਕਮਿਊਨਿਸਟਾਂ ਨੇ ਕਦੇ ਦਹਿਸ਼ਤ ਵਾਲੀ ਨੀਤੀ ਨਹੀਂ ਸੀ ਵਰਤੀ। ਬਸ ਇੱਕ ਸੱਚ ਦੀ ਗੱਲ ਅਤੇ ਹਰ ਪਿੰਡ ਵਿੱਚ ਕਮਿਊਨਿਸਟਾਂ ਦੀ ਕਦਰ ਹੁੰਦੀ ਸੀ। 

ਜੇ ਕਿਸੇ ਪਿੰਡ, ਮਹੱਲੇ ਜਾਂ ਬਲਾਕ ਵਿੱਚ ਕੋਈ ਮੀਟਿੰਗ ਵੀ ਹੁੰਦੀ ਸੀ ਤਾਂ ਉਸਦੇ ਆਲੇ ਦੁਆਲੇ ਹਰ ਪਾਸੇ ਚੋਹਾਂ ਦਿਸ਼ਾਵਾਂ ਵਿਚ ਇਸ ਬਾਰੇ ਪਤਾ ਲੱਗਦਾ ਸੀ। ਜਿਹੜੇ ਕਿਸੇ ਵੀ ਤਰ੍ਹਾਂ ਕਮਿਊਨਿਸਟਾਂ ਨਾਲ ਸਬੰਧਤ ਨਹੀਂ ਸਨ ਹੁੰਦੇ ਉਹਨਾਂ ਦੇ ਘਰਾਂ ਵਿਚ ਵੀ ਲਾਲ ਝੰਡੇ ਦੇ ਨਾਅਰੇ ਅਤੇ ਗੀਤ ਪਹੁੰਚਿਆ ਕਰਦੇ ਸਨ। ਹੁਣ ਦੀ ਹਾਲਤ ਬਾਰੇ ਕੀ ਕਿਹਾ ਜਾਏ?  ਸੂਬਾਈ ਕਾਨਫਰੰਸ ਬਾਰੇ ਵੀ ਉਹ ਚਰਚਾ ਨਹੀਂ ਹੋਈ ਜਿਹੜੀ ਕਿ ਹੋਣੀ ਚਾਹੀਦੀ ਸੀ। 

ਜਲੰਧਰ ਵਰਗੇ ਮੀਡੀਆ ਸੈਂਟਰ ਨੂੰ ਵੀ ਪਾਰਟੀ ਦੇ ਪ੍ਰਚਾਰ ਲਈ ਵਰਤਿਆ ਨਹੀਂ ਜਾ ਸਕਿਆ। ਸੋਸ਼ਲ ਮੀਡੀਆ ਤੇ ਵੀ ਦੋ ਦਿਨਾਂ ਲਈ ਦੋ ਚਾਰ ਕਾਰਕੁੰਨਾਂ ਦੀ ਡਿਊਟੀ ਨਹੀਂ ਲਗਾਈ ਜਾ ਸਕੀ ਜਦਕਿ ਪਾਰਟੀ ਕੋਲ ਇਸ ਵੇਲੇ ਬਹੁਤ ਸਾਰੇ ਨੌਜਵਾਨ ਵੀ ਹਨ ਜਿਹੜੇ ਸੋਸ਼ਲ ਮੀਡੀਆ ਦੇ ਪੂਰੀ ਤਰ੍ਹਾਂ ਮਾਹਰ ਬਣ ਚੁੱਕੇ ਹਨ। ਹਰ ਕਿਸੇ ਦੇ ਹੇਠ ਵਿਚ ਮਹਿੰਗਾ ਸਮਾਰਟ ਫੋਨ ਵੀ ਹੈ। ਉਹ ਪ੍ਰਤੀਬੱਧ ਵੀ ਹਨ ਅਤੇ ਇਮਾਨਦਾਰ ਵੀ। ਮੀਡੀਆ ਵਿਚ ਵੀ ਬਹੁਤ ਸਾਰੇ ਕਮਿਊਨਿਜ਼ਮ ਹਿਤੈਸ਼ੀ ਅਜੇ ਤੱਕ ਹਨ ਜਿਹੜੇ ਕਿ ਪਾਰਟੀ ਦੇ ਰਸਮੀ ਮੈਂਬਰ ਤਾਂ ਨਹੀਂ ਹਨ ਪਰ  ਪਾਰਟੀ ਵੱਲ ਧਿਆਨ ਬੜੇ ਉਚੇਚ ਨਾਲ ਦੇਂਦੇ ਹਨ। ਉਹਨਾਂ ਪ੍ਰਤੀ ਵੀ ਪਾਰਟੀ ਪ੍ਰਬੰਧਕਾਂ ਨੇ ਨਜ਼ਰਅੰਦਾਜ਼ੀ ਹੀ ਦਿਖਾਈ ਹੈ। ਉਹਨਾਂ ਨੇ ਗੈਰ ਰਸਮੀ ਗੱਲਬਾਤ ਵਿੱਚ ਗਿਲਾ ਹੀ ਕੀਤਾ ਕਿ ਜੇਕਰ ਪਾਰਟੀ ਸੱਤਾ ਵਿਚ ਆ ਗਈ ਤਾਂ ਫਿਰ ਤਾਂ ਬਿਲਕੁਲ ਰਵਈਆ ਹੀ  ਬਦਲ ਜਾਵੇਗਾ। 

ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ 


ਬਹੁਤ ਸਾਰਿਆਂ ਨੇ ਦੁੱਖ ਪ੍ਰਗਟਾਇਆ ਕਿ
ਜਿਵੇਂ ਸਤਨਾਮ ਮਾਣਕ ਨੂੰ ਮਾਣ ਸਤਿਕਾਰ ਦੇ ਕੇ ਬੁਲਾਇਆ ਗਿਆ ਸੀ ਉਸੇ ਤਰ੍ਹਾਂ ਜਤਿੰਦਰ ਪੰਨੂੰ, ਸੁਕੀਰਤ ਆਨੰਦ,  ਬਾਬਾ ਬੰਨੋਆਣਾ ਪਰਿਵਾਰ, ਸਵਰਗੀ ਕ੍ਰਿਸ਼ਨ ਭਾਰਦਵਾਜ ਹੁਰਾਂ ਦਾ ਪਰਿਵਾਰ, ਪੂਨਮ (ਪ੍ਰੀਤ ਲੜੀ) ਅਤੇ ਸਵਰਗੀ ਸੁਹੇਲ ਸਿੰਘ ਪਰਿਵਾਰਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਸੀ। ਸੁਰਜਨ ਜ਼ੀਰਵੀ ਹੁਰਾਂ ਨੂੰ ਵੀ ਉਚੇਚ ਨਾਲ ਕੈਨੇਡਾ ਤੋਂ ਸੱਦਿਆ ਜਾਣਾ ਚਾਹੀਦਾ ਸੀ। ਸਵਰਗੀ ਕਾਮਰੇਡ ਪ੍ਰਦੁਮਣ ਸਿੰਘ ਦੇ ਪਰਿਵਾਰ ਦੀ ਹਾਜ਼ਰੀ ਵੀ ਲਗਵਾਈ ਜਾਣੀ ਚਾਹੀਦੀ ਸੀ। ਬਲਵਿੰਦਰ ਜੰਮੂ, ਬਲਬੀਰ ਜੰਡੂ ਅਤੇ ਸਤਨਾਮ ਚਾਨਾ ਨੰ ਵੀ ਸਨਮਾਨ ਨਾਲ ਸੱਦਿਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਅਤੇ ਸ਼ਖਸੀਅਤਾਂ ਸਨ ਜਿਹਨਾਂ ਨੂੰ ਵਿਸਾਰ ਦਿੱਤਾ ਗਿਆ ਹੈ। 

ਇਸ ਲਈ ਜਦੋਂ ਵੀ ਪਾਰਟੀ ਦੀ ਚੜ੍ਹਤ ਅਤੇ ਪਾਰਟੀ ਦੇ ਨਿਘਾਰ ਦੀ ਚਰਚਾ ਹੋਵੇਗੀ ਤਾਂ ਇਹ ਸਾਰੀਆਂ ਗੱਲਾਂ ਆਪਣਾ ਅਸਰ ਮਹਿਸੂਸ ਕਰਾਉਣਗੀਆਂ। ਕਮਿਊਨਿਜ਼ਮ ਨੂੰ ਪ੍ਰਤੀਬੱਧ ਰਹਿੰਦੇ ਲੋਕ ਦੱਸਦੇ ਹਨ ਕਿ ਕੋਈ ਜ਼ਮਾਨਾ ਸੀ ਜਦੋਂ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਲਈ ਕਈ ਕਈ ਸਾਲ ਲੰਮੀ ਪਰਖ ਹੁੰਦੀ ਸੀ ਪਰ ਹੁਣ ਤਾਂ ਗੁੱਟਬੰਦੀਆਂ ਦਾ ਸਾਜ਼ਿਸ਼ੀ ਦੌਰ ਹੈ----ਜੇਕਰ ਇਹ ਗੱਲ  ਸੱਚ ਹੈ ਤਾਂ ਸੱਚਮੁੱਚ ਗੰਭੀਰ ਹੈ। ਇਸ ਸਿਸਟਮ ਨੂੰ ਬਦਲਿਆ ਜਾਣਾ ਚਾਹੀਦਾ ਹੈ। ਮੈਂਬਰੀ ਵੇਲੇ ਬੇਦਾਗ ਕਿਰਦਾਰ ਜ਼ਰੂਰੀ ਹੋਣਾ ਚਾਹੀਦਾ ਹੈ। ਖੈਰ ਦੇਖੋ ਕਦੋਂ ਚੱਲਦੀ ਹੈ ਸੁਧਾਰ ਦੀ ਲਹਿਰ!

ਗੱਲ ਆਪਾਂ ਕਰ ਰਹੇ ਸਾਂ ਨਵੰਬਰ 2019 ਦੇ ਦਿਨਾਂ ਦੀ। ਅਸੀਂ ਕਮਿਊਨਿਜ਼ਮ ਦੀ ਚੜ੍ਹਤ ਵਾਲੇ ਦੌਰ ਦਾ ਜਾਇਜ਼ਾ ਲਾਉਣਾ ਚਾਹੁੰਦੇ ਸਾਂ। ਇਸ ਮਕਸਦ ਲਈ ਬਾਕਾਇਦਾ ਇੱਕ ਲਿਸਟ ਬਣਾਈ ਗਈ ਸੀ ਕਿ ਬਜ਼ੁਰਗ ਕਮਿਊਨਿਸਟਾਂ ਨੂੰ ਮਿਲਾ ਜਾਵੇ। ਜਿਹੜੇ ਨਾਂਵਾਂ ਦੀ ਪਹਿਲੀ ਸੂਚੀ ਬਣੀ ਉਸ ਵਿੱਚ ਲੁਧਿਆਣਾ ਦੇ ਕਾਮਰੇਡ ਕਰਤਾਰ ਬੁਆਣੀ, ਕਾਮਰੇਡ ਓਮ ਪ੍ਰਕਾਸ਼ ਮਹਿਤਾ, ਕਾਮਰੇਡ ਪੂਰਨ ਸਿੰਘ ਨਾਰੰਗਵਾਲ ਅਤੇ ਕੁਝ ਹੋਰ ਨਾਮ ਫਾਈਨਲ ਹੋਏ। 

ਇਸ ਲਿਸਟ ਦੇ ਮੁਤਾਬਿਕ ਹੀ ਅਸੀਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਘਰ ਜਾ ਪਹੁੰਚੇ। ਉਹਨਾਂ  ਗੱਲਾਂ ਸੁਣੀਆਂ ਜਿਹੜੀਆਂ 24ਵੀਂ ਸੂਬਾ ਕਾਨਫਰੰਸ ਵਿੱਚ ਵੀ ਵਿਚਾਰਿਆਂ ਜਾਣੀਆਂ ਚਾਹੀਦੀਆਂ ਸਨ। ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੇ ਸਾਨੂੰ ਉਹ ਵੇਲੇ ਚੇਤੇ ਕਰਾਏ ਜਦੋਂ ਦੁਸ਼ਮਣ ਬਹੁਤ ਮਜ਼ਬੂਤ ਸੀ ਅਤੇ ਉਸ ਨਾਲ ਲੜਾਈ ਉਹਨਾਂ ਵੇਲਿਆਂ ਵਿਚ ਵੀ ਕੋਈ ਸੌਖੀ ਨਹੀਂ ਸੀ। ਕਾਮਰੇਡ ਜੀ ਸ਼ਾਇਦ ਉਦੋਂ ਜ਼ਿਲ੍ਹਾ ਸਕੱਤਰ ਹੁੰਦੇ ਸਨ। ਉਹਨਾਂ ਮੀਟਿੰਗ ਬੁਲਾਈ। ਜਿਹੜੇ ਨਹੀਂ ਸਨ ਆ ਸਕੇ ਉਹਨਾਂ ਦੇ ਘਰੀਂ ਸੁਨੇਹਾ ਭੇਜਿਆ ਕਿ ਅਸੀਂ ਕੱਲ੍ਹ ਐਕਸ਼ਨ ਤੇ ਜਾਣਾ ਹੈ। ਕੁਰਬਾਨੀ ਵੀ ਹੋ ਸਕਦੀ ਹੈ। ਆਉਣਾ ਸਭਨਾਂ ਨੇ ਲਾਜ਼ਮੀ ਹੈ:ਜਿਹੜੇ ਨਹੀਂ ਆਉਣਾ ਚਾਹੁੰਦੇ ਉਹ ਆਪਣਾ ਪਾਰਟੀ ਮੈਂਬਰੀ ਵਾਲਾ ਕਾਰਡ ਜਮਾ ਕਰਵਾ ਜਾਣ। 

ਬਹੁਤ ਸਾਰੀਆਂ ਗੱਲਾਂ ਨਾਲ ਉਹਨਾਂ ਸਾਨੂੰ ਵੀ ਯਾਦ ਕਰਵਾਇਆ ਕਿ ਉਦੋਂ ਵੀ ਲੋਕਾਂ ਦੇ ਹੱਕਾਂ ਦੀ ਸਿਆਸਤ ਗਰਮਾ ਰਹੀ ਸੀ। ਖੱਬੀ ਲਹਿਰ ਜ਼ੋਰਸ਼ੋਰ ਨਾਲ ਛਾਈ ਹੋਈ ਸੀ। ਚੁਣੌਤੀਆਂ ਤੇ ਮੁਸੀਬਤਾਂ ਦੇ ਬਾਵਜੂਦ ਖੱਬੇ ਪੱਖੀ ਲਹਿਰ ਨੇ ਕਦੇ ਵੀ ਲਾਲ ਝੰਡਾ ਝੁਕਣ ਨਹੀਂ ਸੀ ਦਿੱਤਾ।  ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ

ਕਈ ਦੌਰ ਕਈ ਸੰਕਟ ਵੀ ਆਏ ਪਰ ਖੱਬੀ ਲਹਿਰ ਜਾਰੀ ਰਹੀ। ਇਸ ਤੱਥ ਦੇ ਬਾਵਜੂਦ ਕਿ ਖੱਬੇ ਪੱਖੀ ਲਹਿਰ ਸਮੇਂ-ਸਮੇਂ 'ਤੇ ਇਸ ਵਿਰੁੱਧ ਰਚੀਆਂ ਗਈਆਂ ਸਾਜ਼ਿਸ਼ਾਂ ਨੂੰ ਸਮਝਣ ਵਿੱਚ ਕਈ ਵਾਰ ਅਸਫਲ ਵੀ ਰਹੀ ਹੈ। ਇਸ ਵੀਡੀਓ ਵਿੱਚ ਇੱਕ ਸੰਖੇਪ ਚਰਚਾ ਹੈ ਅਤੇ ਨਾਲ ਹੀ ਇੱਕ ਸੰਖੇਪ ਮੀਟਿੰਗ ਵਿੱਚ ਸਾਹਮਣੇ ਆਏ ਸੰਖੇਪ ਇਸ਼ਾਰੇ ਵੀ। ਪੁਰਾਣੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ--ਕਾਮਰੇਡ ਰਮੇਸ਼ ਰਤਨ ਅਤੇ ਕਰਮਜੀਤ ਨਾਰੰਗਵਾਲ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਦੇ ਵਿਚਾਰ ਵੱਖਰੇ ਵੀਡੀਓ ਵਿੱਚ ਵਿਚਾਰੇ ਜਾਣਗੇ। ਖੱਬੀ ਲਹਿਰ ਨਾਲ ਜੁੜੇ ਹੋਏ ਪੱਤਰਕਾਰ ਐੱਮਐੱਸ ਭਾਟੀਆ ਨੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੂੰ ਸੁਆਲ ਪੁੱਛੇ। ਕੈਮਰਾ ਅਤੇ ਵੀਡੀਓ ਸੰਪਾਦਨ ਰੈਕਟਰ ਕਥੂਰੀਆ ਦੀ ਟੀਮ ਨੇ ਕੀਤਾ।  

ਜੇਕਰ ਤੁਹਾਡੇ ਕੋਲ ਵੀ ਕਿਸੇ ਪੁਰਾਣੇ ਸਿਆਸਤਦਾਨ ਬਾਰੇ ਕੋਈ ਜਾਣਕਾਰੀ ਜਾਂ ਪਤਾ ਹੋਵੇ ਤਾਂ ਜ਼ਰੂਰ ਦੱਸਣਾ--ਰਵਿੰਦਰ ਸਿੰਘ, ਪੀਪਲਜ਼ ਮੀਡੀਆ ਲਿੰਕ +91 99153 22407 ਈਮੇਲ: medialink32@gmail.com

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, September 8, 2022

CPI ਦੀ 24ਵੀਂ ਸੂਬਾ ਕਾਨਫਰੰਸ ਵਿੱਚ ਦਿੱਤਾ ਮੋਦੀ ਸੱਤਾ ਨੂੰ ਹਰਾਉਣ ਦਾ ਸੱਦਾ

ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ-ਕਿਹਾ ਡੀ ਰਾਜਾ ਨੇ 


*ਕਾਮਰੇਡ ਵਿਮਲਾ ਡਾਂਗ ਹਾਲ, ਜਲੰਧਰ ਤੋਂ ਵਿਸ਼ੇਸ਼ ਰਿਪੋਰਟ 8 ਸਤੰਬਰ 2022:

ਭਾਰਤੀ ਕਮਿਊਨਿਸਟ ਪਾਰਟੀ (ਪੰਜਾਬ) ਦੀ 24ਵੀਂ ਸੂਬਾਈ ਕਾਨਫਰੰਸ ਅੱਜ ਬਾਕਾਇਦਾ ਸ਼ੁਰੂ ਹੋ ਗਈ। ਪੰਜਾਬ ਦੇ ਨਾਲ ਨਾਲ ਦੇਸ਼ ਅਤੇ ਦੁਨੀਆ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਨੂੰ ਦੇਖਦਿਆਂ ਸੀਪੀ ਆਈ ਦੀ ਇਹ ਕਾਨਫਰੰਸ ਖਾਸ ਅਹਿਮੀਅਤ ਰੱਖਦੀ ਹੈ। ਜਿਸ ਤੇਜ਼ੀ ਨਾਲ ਕਾਂਗਰਸ ਵਰਗੀ ਪਾਰਟੀ ਦੇ ਸੀਨੀਅਰ ਆਗੂ ਭਾਜਪਾ ਵੱਲ ਉਲਾਰ ਹੁੰਦੇ ਜਾ ਰਹੇ ਹਨ ਅਤੇ ਸੂਬੇ ਵਿਚ ਆਏ ਦਿਨ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਹਨ ਉਹਨਾਂ ਨੂੰ ਦੇਖਦਿਆਂ ਇਸ ਕਾਨਫਰੰਸ ਤੋਂ ਨਵੀਆਂ ਨੀਤੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਜਿਹੜੀਆਂ ਕਮਿਉਨਿਸਟ ਅੰਦੋਲਨਾਂ ਦੀ ਨਵੀਂ ਰੂਪ ਰੇਖਾ ਸਾਹਮਣੇ ਲਿਆਉਣਗੀਆਂ। ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀ ਰਾਜਾ ਵਰਗੀ ਸ਼ਖ਼ਸੀਅਤ ਨੇ ਦੇਸ਼ ਦੁਨੀਆ ਅਤੇ ਪਾਰਟੀ ਵਿਚ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ ਹਨ। ਅਤੀਤ ਵੀ ਉਹਨਾਂ ਲਾਇ ਕਲ੍ਹ ਵਰਗਾ ਹੈ ਅਤੇ ਆਉਣ ਵਾਲਾ ਸਮਾਂ ਵੀ ਉਹਨਾਂ ਦੇ ਸਾਹਮਣੇ ਹੈ। ਵਰਤਮਾਨ ਹਾਲਾਤ ਨੂੰ ਸਾਹਮਣੇ ਰੱਖਦਿਆਂ ਆਉਣ ਵਾਲੀ ਰਣਨੀਤੀ ਦਾ ਝਲਕਾਰਾ ਕਾਮਰੇਡ ਦੀ ਰਾਜਾ ਦੇ ਵਿਚਾਰਾਂ ਤੋਂ ਹੀ ਪਏਗਾ ਜਿਹੜੇ ਅੱਜ ਪਹਿਲੇ ਦਿਨ ਲੋਕਾਂ ਸਾਹਮਣੇ ਆਏ ਹਨ। 

ਕਾਮਰੇਡ ਡੀ ਰਾਜਾ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿਚ ਅਤੇ ਬੜੀ ਹੀ ਬੇਬਾਕੀ ਨਾਲ ਆਖਿਆ ਕਿ ਮੋਦੀ ਕਮਿਊਨਿਜ਼ਮ ਨੂੰ ਜੰਗਲ ਦੀ ਅੱਗ ਦੱਸ ਕੇ ਇਸ ਤੋਂ ਡਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੀ ਸੱਤਾ ਨੂੰ ਕਮਿਊਨਿਜ਼ਮ ਹੀ ਬਦਲ ਸਕਦਾ ਹੈ। ਜਦੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਵੀਰਵਾਰ ਨੂੰ ਕੀਤਾ ਤਾਂ ਹਾਲ ਵਿੱਚ ਇਹਨਾਂ ਵਿਚਾਰਾਂ ਨੂੰ ਬੜੀ ਇਕਾਗਰਤਾ ਨਾਲ ਸੁਣਿਆ ਗਿਆ। ਜ਼ਿਕਰਯੋਗ ਹੈ ਕਿ ਡੀ ਰਾਜ ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਰੋਜ਼ਾ 24ਵੀਂ ਪੰਜਾਬ ਸੂਬਾ ਕਾਨਫ਼ਰੰਸ ਵਿੱਚ ਉਦਘਾਟਨੀ ਤਕਰੀਰ ਕਰ ਰਹੇ ਸਨ। ਇਹਨਾਂ ਵਿਚਾਰਾਂ ਵਿਚ ਦਸਤਕ ਸੀ ਆਉਣ ਵਾਲੇ ਅੰਦੋਲਨਾਂ ਦੀ। ਖਾੜਕੂ ਕਿਸਮ ਦੀ ਧਮਕ ਸੀ ਉਹਨਾਂ ਮਾਰਚਾਂ ਦੀ ਜਿਹੜੇ ਕਮਿਉਨਿਸਟਾਂ ਨੇ ਮੋਦੀ ਸੱਤਾ ਦੇ ਖਿਲਾਫ ਹੁਣ ਹੋਰ ਵੀ ਜ਼ੋਰਦਾਰ ਢੰਗ ਨੇੜ ਭਵਿੱਖ ਵਿਚ ਹੀ ਕਰਨੇ ਹਨ।

ਇੱਕ ਨਜ਼ਰੇ ਅਤੀਤ ਅਤੇ ਇੱਕ ਨਜ਼ਰੇ ਭਵਿੱਖ ਨੂੰ ਦੇਖ ਲੈਣ ਵਾਲੇ ਚੁਸਤ ਦਰੁਸਤ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਡੀ ਰਾਜਾ ਨੇ ਆਪਣੀ ਲੰਮੀ ਤਕਰੀਰ ’ਚ ਸੀ ਪੀ ਆਈ ਦੇ ਮਾਣਮੱਤੇ ਇਤਿਹਾਸ ਦੇ ਵਰਣਨ ਤੋਂ ਲੈ ਕੇ ਮੋਦੀ ਸਰਕਾਰ ਦੇ ਫਿਰਕੂ ਏਜੰਡੇ, ਦੇਸ਼ ਵਿੱਚ ਸਿਆਸੀ ਸੰਕਟ, ਆਰਥਿਕ ਤੇ ਸਮਾਜਕ ਪ੍ਰਸਥਿਤੀਆਂ ਨੂੰ ਬਾ-ਦਲੀਲ ਪੇਸ਼ ਕਰਦਿਆਂ ਦੇਸ਼ ਵਿੱਚ ਧਰਮਨਿਰਪੱਖ, ਜਮਹੂਰੀ ਤੇ ਖੱਬੀਆਂ ਧਿਰਾਂ ਦੇ ਮਜ਼ਬੂਤ ਏਕੇ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਜਾ ਸਕੇ। 

ਉਨ੍ਹਾਂ ਕਿਹਾ ਕਿ 2024 ਵਿੱਚ ਭਾਜਪਾ ਨੂੰ ਸਿਆਸੀ ਸੱਤਾ ਵਿੱਚੋਂ ਬਾਹਰ ਕਰਨਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਸੱਦੇ ਦੇ ਨਾਲ ਨਾਲ ਉਹਨਾਂ ਬੜੀ ਫਰਾਖਦਿਲੀ ਨਾਲ ਇਹ ਸਵੀਕਾਰ ਵੀ ਕੀਤਾ ਕਿ  ਇਕੱਲੀ ਖੱਬੀ ਧਿਰ ਇਸ ਵੇਲੇ ਏਨੀ ਸਮਰੱਥ ਨਹੀਂ ਕਿ ਉਹ ਭਾਜਪਾ ਨੂੰ ਗੱਦੀ ਤੋਂ ਲਾਹ ਸਕੇ। ਇਸ ਲਈ ਸੈਕੂਲਰ, ਜਮਹੂਰੀ ਤੇ ਖੇਤਰੀ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਦੀ ਵੀ  ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਮਿਊਨਿਸਟ ਪਾਰਟੀਆਂ ਦੀ ਏਕਤਾ ਦੀ ਗੱਲ ਕਰਦਿਆਂ 33 ਸਾਲ ਪੁਰਾਣੇ ਸੱਦੇ ਦੀ ਗੱਲ ਵੀ ਚੇਤੇ ਕਰਵਾਈ। ਉਹਨਾਂ 1989 ਦੀ ਕੋਲਕਾਤਾ ਪਾਰਟੀ ਕਾਂਗਰਸ ਦਾ ਹਵਾਲਾ ਦੇਂਦਿਆਂ ਯਾਦ ਕਰਾਇਆ ਕਿ ਉਦੋਂ ਵੀ ਖੱਬੀਆਂ ਧਿਰਾਂ ਦੀ ਏਕਤਾ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ ਸੀ। ਉਨ੍ਹਾਂ  ਕਿਹਾ ਕਿ ਪਾਰਟੀ ਕਾਂਗਰਸ ਵਿੱਚ ਉਸ ਵੇਲੇ ਦੇ ਜਨਰਲ ਸਕੱਤਰ ਕਾਮਰੇਡ ਸੀ ਰਾਜੇਸ਼ਵਰ ਰਾਓ ਨੇ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਸੰਘਰਸ਼ਾਂ ਦਾ ਸੱਦਾ ਦਿੱਤਾ ਸੀ। ਸਪਸ਼ਟ ਹੈ ਕਿ ਜੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਇਹ ਏਕਤਾ ਹੋ ਚੁੱਕੀ ਹੁੰਦੀ ਤਾਂ ਗੱਲ ਹੀ ਸੀ। ਹੁਣ ਉਸ ਸੱਦੇ ਨੂੰ ਯਾਦ ਕਰਾਉਣਾ ਵੀ ਏਕਤਾ ਦੀ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਾਉਣਾ ਹੀ ਹੈ।  

ਕਾਮਰੇਡ ਡੀ ਰਾਜਾ ਨੇ ਕੌਮਾਂਤਰੀ ਪੱਧਰ ਦੀਆਂ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂੰਜੀਵਾਦੀ ਢਾਂਚਾ ਖੜੋਤ ਵਿੱਚ ਹੈ। ਇਹ ਢਹਿਢੇਰੀ ਹੋਣ ਵਲ ਵਧ ਰਿਹਾ ਹੈ। ਇਸ ਦਾ ਬਦਲ ਸਿਰਫ਼ ਸਮਾਜਵਾਦ ਹੀ ਹੈ। ਉਨ੍ਹਾ ਕਿਹਾ ਕਿ ਸ਼ੋਸ਼ਣ ਦਾ ਅੰਤ ਹੀ ਮਨੁੱਖਤਾ ਦੀ ਮੁਕਤੀ ਦਾ ਮਾਰਗ ਹੈ। ਉਨ੍ਹਾ ਨੇ ਚਿੱਲੀ ਅਤੇ ਬੋਲੀਵੀਆ ਵਰਗੇ ਮੁਲਕਾਂ ਵਿੱਚ ਖੱਬੇ ਪੱਖੀਆਂ ਦੇ ਉਭਾਰ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ’ਤੇ ਕਬਜ਼ੇ ਲਈ ਹੋਏ ਵੱਡੇ ਮੁਜ਼ਾਹਰਿਆਂ ਦਾ ਸਾਰਥਿਕ ਨਤੀਜਾ ਨਿਕਲਣਾ ਸੀ ਜੇ ਉੱਥੇ ਖੱਬਾ ਪੱਖ ਮਜ਼ਬੂਤ ਹੁੰਦਾ।

ਕਾਮਰੇਡ ਡੀ ਰਾਜਾ ਨੇ ਸੂਬਾ ਕਾਨਫ਼ਰੰਸ ਦੀਆਂ ਪੰਜਾਬ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਪੰਜਾਬ ਦੀ ਇਕਾਈ ਦਾ ਅਹਿਮ ਸਥਾਨ ਹੈ। ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ। ਇਹ ਨਾ ਸਿਰਫ਼ ਸਿਆਸੀ ਤੇ ਵਿਚਾਰਧਾਰਕ ਤੌਰ ’ਤੇ ਹੀ, ਸਗੋਂ ਜਥੇਬੰਦਕ ਮਾਮਲਿਆਂ ਵਿੱਚ ਵੀ ਕੇਂਦਰ ਦੀ ਸੀ ਪੀ ਆਈ ਨੂੰ ਯੋਗਦਾਨ ਦਿੰਦੀ ਹੈ। ਉਨ੍ਹਾਂ ਆਪਣੀ ਤਕਰੀਰ ਵਿੱਚ ਕਾਮਰੇਡ ਸੱਤਪਾਲ ਡਾਂਗ, ਵਿਮਲਾ ਡਾਂਗ, ਚੈਨ ਸਿੰਘ ਚੈਨ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਅਤੇ ਡਾ. ਜੁਗਿੰਦਰ ਦਿਆਲ ਦੀ ਪਾਰਟੀ ਲਈ ਦੇਣ ਨੂੰ ਯਾਦ ਕੀਤਾ। 

ਆਖਿਰ ਵਿੱਚ ਉਨ੍ਹਾਂ ਸੂਬਾ ਕਾਨਫ਼ਰੰਸ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਔਰਤਾਂ, ਨੌਜਵਾਨਾਂ, ਪਛੜਿਆਂ ਅਤੇ ਘੱਟਗਿਣਤੀ ਵਰਗਾਂ ਨੂੰ ਵਿਸ਼ੇਸ਼ ਸਥਾਨ ਦੇ ਕੇ ਅੱਗੇ ਵਧਣ ਦੀ ਲੋੜ ਹੈ। ਕਾਮਰੇਡ ਡੀ ਰਾਜਾ ਦੀ ਤਕਰੀਰ ਤੋਂ ਫੌਰਨ ਬਾਅਦ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਵਿੱਕੀ ਮਹੇਸ਼ਰੀ ਨੇ ਖੂਬਸੂਰਤ ਢੰਗ ਨਾਲ ਤਕਰੀਰ ਦਾ ਉਲਥਾ ਪੇਸ਼ ਕੀਤਾ। 

ਇਸ ਸਮਾਗਮ ਦੀ ਖਾਸ ਗੱਲ ਸੀ ਇਸ ਵਿੱਚ ਪੱਤਰਕਾਰ ਸਤਨਾਮ ਮਾਣਕ ਦਾ ਸ਼ਾਮਲ ਹੋਣਾ। ਅਜੀਤ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਉਦਘਾਟਨੀ ਸੈਸ਼ਨ ਵਿੱਚ ਭਰਾਤਰੀ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੱਬੀਆਂ ਧਿਰਾਂ ਤੇ ਖਾਸ ਕਰਕੇ ਸੀ ਪੀ ਆਈ ਨਾਲ ਉਨ੍ਹਾ ਦੀ ਜਜ਼ਬਾਤੀ ਸਾਂਝ ਹੈ। ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਰਿਪੋਰਟ ਪੇਸ਼ ਕਰਦਿਆਂ ਬਹੁਤ ਸਾਰੇ ਮਸਲਿਆਂ ਨੂੰ ਵਿਚਾਰਿਆ। ਉਨ੍ਹਾ ਕਿਸਾਨ ਤੇ ਮਜ਼ਦੂਰ ਵਰਗ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਨਿਹਾਲਗੜ੍ਹ ਦੇਵੀ ਕੁਮਾਰੀ ਸਰਹਾਲੀ ਕਲਾਂ, ਚਰਨਜੀਤ ਛਾਂਗਾ ਰਾਏ ਅਤੇ ਰਜਿੰਦਰ ਪਾਲ ਕੌਰ ਨੂੰ ਸੱਦਾ ਦੇਣ ਉਪਰਤ ਸੂਬਾ ਕਾਨਫ਼ਰੰਸ ਨੂੰ ਕਾਰਗਰ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾਉਣ ਬਾਰੇ ਜਾਣਕਾਰੀ ਦਿੱਤੀ।

ਕਾਮਰੇਡ ਪਿ੍ਰੰਥੀਪਾਲ ਸਿੰਘ ਮਾੜੀ ਮੇਘਾ ਨੇ ਪਿਛਲੇ ਸੱਤਾਂ ਸਾਲਾ ਦੌਰਾਨ ਵਿੱਛੜ ਗਏ ਸਾਥੀਆਂ ਦੀ ਲਿਸਟ ਪੜ੍ਹ ਕੇ ਸੁਣਾਈ। ਉਸ ਤੋਂ ਬਾਅਦ ਉਨ੍ਹਾਂ ਸਾਥੀਆਂ ਨੂੰ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਸੱਤਪਾਲ ਭਗਤ ਨੇ ਡੈਲੀਗੇਟਾਂ ਦਾ ਰਸਮੀ ਸਵਾਗਤ ਕੀਤਾ।ਕਾਮਰੇਡ ਗੁਰਦਿਆਲ ਨਿਰਮਾਣ ਅਤੇ ਜਸਵੀਰ ਝੱਜ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਦੌਰਾਨ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਸੰਪਾਦਿਤ ਕਿਤਾਬ ‘ਜੁਝਾਰੂ ਔਰਤ-ਵਿਮਲਾ ਡਾਂਗ’ ਲੋਕ ਅਰਪਣ ਕੀਤੀ ਗਈ।

ਉਦਘਾਟਨੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀ ਪੀ ਆਈ ਪੰਜਾਬ ਦੇ ਸਾਬਕਾ ਸਕੱਤਰ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਨੇ ਕਾਮਰੇਡ ਡੀ ਰਾਜਾ ਦੀ ਮੌਜੂਦਗੀ ਵਿੱਚ ਝੰਡਾ ਲਹਿਰਾਇਆ। ਇਸ ਮੌਕੇ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ, ਜ਼ਿਲ੍ਹਾ ਮੋਗਾ ਦੇ ਸਕੱਤਰ ਕਾਮਰੇਡ ਕੁਲਦੀਪ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਕਾਮਰੇਡ ਕਰਮਵੀਰ ਕੌਰ ਬੱਧਨੀ, ਕਾਮਰੇਡ ਨਰਿੰਦਰ ਸੋਹਲ, ਸੀ ਪੀ ਆਈ ਜਲੰਧਰ ਦੇ ਸਕੱਤਰ ਕਾਮਰੇਡ ਰਾਜਿੰਦਰ ਸਿੰਘ ਮੰਡ, ਤਹਿਸੀਲ ਸ਼ਾਹਕੋਟ-ਨਕੋਦਰ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਜਲੰਧਰ ਸਿਟੀ ਦੇ ਸਕੱਤਰ ਕਾਮਰੇਡ ਰਾਜੇਸ਼ ਥਾਪਾ, ਕਾਮਰੇਡ ਦਰਸ਼ਨ  ਚੌਹਾਨ ਮਾਨਸਾ, ਕਾਮਰੇਡ ਸੁਖਦੇਵ ਸ਼ਰਮਾ ਸੰਗਰੂਰ, ਸੀ ਪੀ ਆਈ ਫਿਲੌਰ ਦੇ ਸਕੱਤਰ ਕਾਮਰੇਡ ਰਛਪਾਲ ਕੈਲੇ, ਤਹਿਸੀਲ ਜਲੰਧਰ ਦੇ ਸਕੱਤਰ ਹਰਜਿੰਦਰ ਸਿੰਘ ਮੌਜੀ, ਕਾਮਰੇਡ ਕੁਲਵੰਤ ਸਿੰਘ ਪਟਿਆਲਾ, ਕਾਮਰੇਡ ਸੂਰਤ ਸਿੰਘ ਧਰਮਕੋਟ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ, ਕਿਸਾਨ ਆਗੂ ਲਖਵੀਰ ਸਿੰਘ ਨਿਜ਼ਾਮਪੁਰਾ ਵੀ ਮੌਜੂਦ ਸਨ। 

ਹੁਣ ਦੇਖਣਾ ਹੈ ਕਿ ਕੱਲ੍ਹ ਅੰਤਲੇ ਦਿਨ 9 ਸਤੰਬਰ ਨੂੰ ਇਹ ਕਾਨਫਰੰਸ ਕਿਹੜੇ ਨਤੀਜਿਆਂ 'ਤੇ ਪਹੁੰਚ ਕੇ ਸਮਾਪਤ ਹੁੰਦੀ ਹੈ। ਕੱਲ੍ਹ ਤੱਕ ਅੱਜ ਵਾਲੀ ਬਹਿਸ ਦਾ ਵੀ ਪਤਾ ਲੱਗ ਜਾਏਗਾ ਕਿ ਇਹ ਕਿੱਥੇ ਮੁੱਕਦੀ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, August 10, 2022

ਪਾਰਟੀ ਨੂੰ ਮਜ਼ਬੂਤ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼-ਕਾਮਰੇਡ ਅਰਸ਼ੀ

Wednesday 10th August 2022 at 04:34 PM

ਸੀਪੀਆਈ ਅੰਮ੍ਰਿਤਸਰ ਸਿਟੀ ਦੀ ਕਾਨਫਰੰਸ ਵਿੱਚ ਉਠਾਏ ਕਈ ਅਹਿਮ ਮੁੱਦੇ

ਲੁਧਿਆਣਾ: 10 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 
ਸੀਪੀਆਈ ਅੰਮ੍ਰਿਤਸਰ ਸ਼ਹਿਰੀ ਕਾਨਫਰੰਸ ਦੇ ਕੁਝ ਦ੍ਰਿਸ਼  
ਦਹਾਕਿਆਂ ਤੋਂ ਕਮਿਊਨਿਸਟ ਸਰਗਰਮੀਆਂ ਦਾ ਕੇਂਦਰ ਬਣੇ ਰਹੇ ਅੰਮ੍ਰਿਤਸਰ ਵਿੱਚ ਮੌਜੂਦਾ ਦੌਰ ਵਿਚ ਵੀ ਕਾਫੀ ਤੇਜ਼ੀ ਹੈ। ਫਾਸ਼ੀਵਾਦ ਦੇ ਖਤਰਿਆਂ ਅਤੇ ਵੱਧ ਰਹੀ ਤਾਨਾਸ਼ਾਹੀ ਨੂੰ ਜ਼ੋਰਦਾਰ ਟਾਕਰਾ ਦੇਣ ਲਈ ਕਮਿਊਨਿਸਟ ਕਾਰਕੁੰਨ ਪੂਰੀਆਂ ਤਿਆਰੀਆਂ ਕੱਸੀ ਬੈਠੇ ਹਨ। 
ਭਾਰਤੀ ਕਮਿਊਨਿਸਟ ਪਾਰਟੀ ਜਿਲਾ ਅੰਮਿ੍ਤਸਰ ਸ਼ਹਿਰ ਦੀ ਕਾਨਫ਼ਰੰਸ ਏਥੇ ਹਰੀਪੁਰਾ ਇਲਾਕੇ ਵਿਖੇ ਕੀਤੀ ਗਈ। ਦਿਲਚਸਪ ਗੱਲ ਇਹ ਸੀ ਕਿ ਏਨੀ ਸਖਤ ਗਰਮੀ ਅਤੇ ਹੁੰਮਸ ਦੇ ਬਾਵਜੂਦ ਵੀ  ਇਸ ਸੰਮੇਲਨ ਵਿੱਚ ਔਰਤਾਂ ਨੇ ਪੂਰੀ ਤਰ੍ਹਾਂ ਵੱਧ ਚੜ੍ਹ ਕੇ ਹਿੱਸਾ ਲਿਆ। ਕਾਮਰੇਡ  ਗੁਰਨਾਮ ਕੌਰ, ਕਾਮਰੇਡ ਦਸਵਿੰਦਰ ਕੌਰ, ਕਾਮਰੇਡ ਰਜੇਸ਼ ਕੁਮਾਰ ਯਾਦਵ,ਕਾਮਰੇਡ ਅਸ਼ਵਨੀ ਕੁਮਾਰ ਸ਼ਰਮਾ, ਅਤੇ ਕਾਮਰੇਡ ਬਲਦੇਵ ਸਿੰਘ ਵੇਰਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾਈ ਅਬਜਰਬਰ ਕਾਮਰੇਡ ਹਰਦੇਵ ਅਰਸੀ ਨੇ ਦੇਸ਼ ਅਤੇ ਪੰਜਾਬ ਦੇ ਰਾਜਨੀਤਕ ਹਾਲਾਤ ਉੱਪਰ ਵਿਸਥਾਰ ਪੂਰਵਕ ਚਰਚਾ ਕੀਤੀ। ਉਨ੍ਹਾਂ ਦੇਸ਼ ਦੇ ਹਾਲਾਤ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਅਸੀਂ ਆਪਣੀਆਂ ਕਾਨਫ਼ਰੰਸਾਂ ਕਰ ਰਹੇ ਹਾਂ ਤਾਂ ਦੇਸ਼ ਦਾ ਰਾਜਨੀਤਕ ਦਰਸਿਹ ਗੰਭੀਰ ਹੈ। ਦੇਸ਼ ਫਾਸ਼ੀਵਾਦ ਵੱਲ ਵੱਧ ਰਿਹਾ ਹੈ। ਇਸ ਨਾਜ਼ੁਕ ਦੌਰ ਵਿੱਚ ਪਾਰਟੀ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਇਸ ਸਮੇਂ ਪਾਰਟੀ ਨੂੰ ਇਕਮੁਠ ਹੋ ਕੇ ਅੱਗੇ ਵੱਧਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਜਥੇਬੰਦੀ ਨੂੰ ਨਵਿਆਉਣਾ ਅਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਇਨ੍ਹਾਂ ਕਾਨਫਰੰਸਾਂ ਦਾ ਬੁਨਿਆਦੀ ਮਕਸਦ ਹੈ। ਕਾਨਫ਼ਰੰਸ ਨੇ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕੋਂਸਲ ਅਤੇ ਸੂਬਾਈ ਕਾਨਫ਼ਰੰਸ ਲਈ ਡੈਲੀਗੇਟਾਂ ਦੀ  ਚੋਣ ਕੀਤੀ। ਕਾਮਰੇਡ ਵਿਜੇ ਕੁਮਾਰ ਨੂੰ ਦੁਬਾਰਾ ਜ਼ਿਲ੍ਹਾ ਸਕੱਤਰ ਚੁਣਿਆ ਗਿਆ। 
ਇਕ ਵੱਖਰਾ ਮਤਾ ਪਾਸ ਕਰਕੇ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਉੱਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਮੰਗ ਕੀਤੀ   ਗਈ ਕਿ ਸ਼ਾਹਕੋਟ ਦੇ ਐਸ ਡੀ ਐਮ ਅਤੇ ਉਸ  ਦੇ ਕੁਰੱਪਟ ਸਟੈਨੋ ਦੀ ਦੋ ਨੰਬਰ ਦੀ ਕਮਾਈ ਨਾਲ ਬਣੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ।

Monday, August 8, 2022

ਸੀਪੀਆਈ ਵੱਲੋਂ ਕਈ ਮੁੱਦਿਆਂ 'ਤੇ ਸੰਘਰਸ਼ ਤਿੱਖਾ ਕਰਨ ਦਾ ਐਲਾਨ

8th August 2022 at 3:05 PM

ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਵਿੱਚ ਪੁੱਜੇ ਕਾਮਰੇਡ ਬੰਤ ਬਰਾੜ

ਕਾਮਰੇਡ ਡੀ ਪੀ ਮੌੜ ਇਸੇ ਸੰਮੇਲਨ ਵਿਚ ਦੋਬਾਰਾ ਜ਼ਿਲ੍ਹਾ ਸਕੱਤਰ ਚੁਣੇ ਗਏ 


ਲੁਧਿਆਣਾ
: 8 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 

ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਥੀਆਂ ਨੇ ਹਿੱਸਾ ਲਿਆ। ਇਹ ਡੈਲੀਗੇਟ ਸਾਥੀ ਬਕਾਇਦਾ ਆਪਣੇ-ਆਪਣੇ ਬਲਾਕਾਂ ਤੋਂ ਚੁਣ ਕੇ ਆਏ ਸਨ। ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ   ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਅਦਾ ਕੀਤੀ ਗਈ । ਸਮਾਗਮ ਦਾ ਉਦਘਾਟਨ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਨੇ ਦੇਸ਼ ਵਿਚ ਵਧ ਰਹੇ ਫਾਸ਼ੀਵਾਦ ਦੇ ਖਤਰੇ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਰ ਐਸ ਐਸ    ਦੀ ਥਾਪੜੀ ਮੋਦੀ ਸਰਕਾਰ ਦੇ ਖਿਲਾਫ਼ ਬੇਕਿਰਕ ਲੜਾਈ ਲੜਨੀ ਪਵੇਗੀ। ਦੇਸ਼ ਅੰਦਰ ਲਗਾਤਾਰ ਮਹਿੰਗਾਈ ਵਧ ਰਹੀ ਹੈ ਬੇਰੁਜ਼ਗਾਰੀ ਦਾ ਬੁਰਾ ਹਾਲ ਹੈ। ਇਹਨਾਂ ਮੁੱਦਿਆਂ ਤੋਂ ਧਿਆਨ ਵੰਡਣ ਲਈ ਘਰ ਘਰ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਜਾ ਰਹੀ ਹੇ ਜਦੋਂ ਕਿ ਤੱਥ ਇਹ ਹਨ ਕਿ ਇਹਨਾਂ ਨੇ ਤਿਰੰਗੇ ਨੂੰ ਮੰਨਿਆ ਹੀ ਨਹੀਂ ਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਤੇ ਬਾਅਦ ਵਿਚ ਤਿਰੰਗੇ ਨੂੰ  ਪਾੜਿਆ, ਮਧੋਲਿਆ ਤੇ ਸਾੜਿਆ। ਟਜ਼ਾਦੀ ਦੇ ਸਘਰਸ਼ ਦੌਰਾਨ ਇਹ ਬਰਤਾਨਵੀ ਸਰਕਾਰ ਦੇ ਨਾਲ ਸਨ। ਸਾਨੂੰ ਲੋਕਾਂ ਦੇ ਨਾਲ ਸਬੰਧਤ ਮੁੱਦਿਆਂ ਤੇ ਲੋਕਾਂ ਨੂੰ ਲਾਮਬੰਦ ਕਰਨਾ ਪਏਗਾ। ਪੰਜਾਬ ਦੀ ਆਪ ਦੀ ਸਰਕਾਰ ਬਾਰੇ ਉਨ੍ਹਾਂ ਕਿਹਾ  ਕਿ ਇਹ ਕੇਂਦਰ ਦੇ ਥੱਲੇ ਦੱਬਦੇ ਹਨ। ਪੰਜਾਬ ਦੇ ਪਾਣੀ, ਚੰਡੀਗੜ੍ਹ ਦੀ ਜ਼ਮੀਨ ਦੇ  ਮੁੱਦੇ  ਤੇ ਭਾਜਪਾ ਸਰਕਾਰ ਦੇ ਖਿਲਾਫ ਨਹੀਂ ਬੋਲਦੇ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਖ਼ਰਾਬ ਹੈ ਮਾਫੀਆ ਦਨਦਨਾ ਰਹੇ ਹਨ। ਸਿਹਤ ਸੇਵਾਵਾਂ ਦੇ ਬਜਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਸਿਹਤ ਸੇਵਾਵਾਂ ਦੇ ਸੁਧਾਰ ਦੀ ਕੋਈ ਆਸ ਨਹੀਂ।

ਉਦਘਾਟਨ ਉਪਰੰਤ ਕਾਮਰੇਡ ਡੀ ਪੀ ਮੌੜ ਨੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਪਾਰਟੀ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਤੋਂ ਬਾਅਦ ਭਰਪੂਰ ਬਹਿਸ ਹੋਈ ਜਿਸ ਵਿੱਚ  ਸਾਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਨਫਰੰਸ ਨੇ ਫ਼ੈਸਲਾ ਕੀਤਾ ਕਿ ਪਾਰਟੀ  ਵਧਾਉਣ ਦੇ ਲਈ ਨੌਜਵਾਨਾਂ, ਵਿਦਿਆਰਥੀਆਂ ਤੇ  ਇਸਤਰੀਆਂ ਵੱਲ ਉਚੇਚਾ ਧਿਆਨ ਦੇਵੇਗੀ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਾਨਫਰੰਸਾਂ ਵੀ ਛੇਤੀ ਹੀ ਕੀਤੀਆਂ ਜਾਣਗੀਆਂ। ਪਾਰਟੀ ਨੇ 53 ਮੈਂਬਰੀ ਕੌਂਸਲ ਦੀ ਚੋਣ ਕੀਤੀ ਗਈ। ਕਾਮਰੇਡ ਡੀ ਪੀ ਮੌੜ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਸਮਾਗਮ ਦੇ ਅੰਤ ਵਿੱਚ ਕਾਮਰੇਡਾਂ ਨੂੰ ਸਫਲ ਕਾਨਫਰੰਸ ਲਈ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਕੁਲਵੰਤ ਕੌਰ ਅਤੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੇ ਕੀਤੀ।