Monday, August 8, 2022

ਸੀਪੀਆਈ ਵੱਲੋਂ ਕਈ ਮੁੱਦਿਆਂ 'ਤੇ ਸੰਘਰਸ਼ ਤਿੱਖਾ ਕਰਨ ਦਾ ਐਲਾਨ

8th August 2022 at 3:05 PM

ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਵਿੱਚ ਪੁੱਜੇ ਕਾਮਰੇਡ ਬੰਤ ਬਰਾੜ

ਕਾਮਰੇਡ ਡੀ ਪੀ ਮੌੜ ਇਸੇ ਸੰਮੇਲਨ ਵਿਚ ਦੋਬਾਰਾ ਜ਼ਿਲ੍ਹਾ ਸਕੱਤਰ ਚੁਣੇ ਗਏ 


ਲੁਧਿਆਣਾ
: 8 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 

ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਥੀਆਂ ਨੇ ਹਿੱਸਾ ਲਿਆ। ਇਹ ਡੈਲੀਗੇਟ ਸਾਥੀ ਬਕਾਇਦਾ ਆਪਣੇ-ਆਪਣੇ ਬਲਾਕਾਂ ਤੋਂ ਚੁਣ ਕੇ ਆਏ ਸਨ। ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ   ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਅਦਾ ਕੀਤੀ ਗਈ । ਸਮਾਗਮ ਦਾ ਉਦਘਾਟਨ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਨੇ ਦੇਸ਼ ਵਿਚ ਵਧ ਰਹੇ ਫਾਸ਼ੀਵਾਦ ਦੇ ਖਤਰੇ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਰ ਐਸ ਐਸ    ਦੀ ਥਾਪੜੀ ਮੋਦੀ ਸਰਕਾਰ ਦੇ ਖਿਲਾਫ਼ ਬੇਕਿਰਕ ਲੜਾਈ ਲੜਨੀ ਪਵੇਗੀ। ਦੇਸ਼ ਅੰਦਰ ਲਗਾਤਾਰ ਮਹਿੰਗਾਈ ਵਧ ਰਹੀ ਹੈ ਬੇਰੁਜ਼ਗਾਰੀ ਦਾ ਬੁਰਾ ਹਾਲ ਹੈ। ਇਹਨਾਂ ਮੁੱਦਿਆਂ ਤੋਂ ਧਿਆਨ ਵੰਡਣ ਲਈ ਘਰ ਘਰ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਜਾ ਰਹੀ ਹੇ ਜਦੋਂ ਕਿ ਤੱਥ ਇਹ ਹਨ ਕਿ ਇਹਨਾਂ ਨੇ ਤਿਰੰਗੇ ਨੂੰ ਮੰਨਿਆ ਹੀ ਨਹੀਂ ਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਤੇ ਬਾਅਦ ਵਿਚ ਤਿਰੰਗੇ ਨੂੰ  ਪਾੜਿਆ, ਮਧੋਲਿਆ ਤੇ ਸਾੜਿਆ। ਟਜ਼ਾਦੀ ਦੇ ਸਘਰਸ਼ ਦੌਰਾਨ ਇਹ ਬਰਤਾਨਵੀ ਸਰਕਾਰ ਦੇ ਨਾਲ ਸਨ। ਸਾਨੂੰ ਲੋਕਾਂ ਦੇ ਨਾਲ ਸਬੰਧਤ ਮੁੱਦਿਆਂ ਤੇ ਲੋਕਾਂ ਨੂੰ ਲਾਮਬੰਦ ਕਰਨਾ ਪਏਗਾ। ਪੰਜਾਬ ਦੀ ਆਪ ਦੀ ਸਰਕਾਰ ਬਾਰੇ ਉਨ੍ਹਾਂ ਕਿਹਾ  ਕਿ ਇਹ ਕੇਂਦਰ ਦੇ ਥੱਲੇ ਦੱਬਦੇ ਹਨ। ਪੰਜਾਬ ਦੇ ਪਾਣੀ, ਚੰਡੀਗੜ੍ਹ ਦੀ ਜ਼ਮੀਨ ਦੇ  ਮੁੱਦੇ  ਤੇ ਭਾਜਪਾ ਸਰਕਾਰ ਦੇ ਖਿਲਾਫ ਨਹੀਂ ਬੋਲਦੇ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਖ਼ਰਾਬ ਹੈ ਮਾਫੀਆ ਦਨਦਨਾ ਰਹੇ ਹਨ। ਸਿਹਤ ਸੇਵਾਵਾਂ ਦੇ ਬਜਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਸਿਹਤ ਸੇਵਾਵਾਂ ਦੇ ਸੁਧਾਰ ਦੀ ਕੋਈ ਆਸ ਨਹੀਂ।

ਉਦਘਾਟਨ ਉਪਰੰਤ ਕਾਮਰੇਡ ਡੀ ਪੀ ਮੌੜ ਨੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਪਾਰਟੀ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਤੋਂ ਬਾਅਦ ਭਰਪੂਰ ਬਹਿਸ ਹੋਈ ਜਿਸ ਵਿੱਚ  ਸਾਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਨਫਰੰਸ ਨੇ ਫ਼ੈਸਲਾ ਕੀਤਾ ਕਿ ਪਾਰਟੀ  ਵਧਾਉਣ ਦੇ ਲਈ ਨੌਜਵਾਨਾਂ, ਵਿਦਿਆਰਥੀਆਂ ਤੇ  ਇਸਤਰੀਆਂ ਵੱਲ ਉਚੇਚਾ ਧਿਆਨ ਦੇਵੇਗੀ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਾਨਫਰੰਸਾਂ ਵੀ ਛੇਤੀ ਹੀ ਕੀਤੀਆਂ ਜਾਣਗੀਆਂ। ਪਾਰਟੀ ਨੇ 53 ਮੈਂਬਰੀ ਕੌਂਸਲ ਦੀ ਚੋਣ ਕੀਤੀ ਗਈ। ਕਾਮਰੇਡ ਡੀ ਪੀ ਮੌੜ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਸਮਾਗਮ ਦੇ ਅੰਤ ਵਿੱਚ ਕਾਮਰੇਡਾਂ ਨੂੰ ਸਫਲ ਕਾਨਫਰੰਸ ਲਈ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਕੁਲਵੰਤ ਕੌਰ ਅਤੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੇ ਕੀਤੀ। 

No comments:

Post a Comment