Tuesday 30th August 2022 at 05:20 PM
ਮੋਗਾ ਵਿਚ ਹੋਈ ਜ਼ਿਲਾ ਕਾਨਫਰੰਸ ਦੌਰਾਨ ਵਿਚਾਰੇ ਗਏ ਕਈ ਅਹਿਮ ਨੁਕਤੇ
ਕੁਲਦੀਪ ਸਿੰਘ ਭੋਲਾ ਨੂੰ ਮੁੜ ਚੁਣਿਆ ਗਿਆ ਜ਼ਿਲ੍ਹਾ ਸਕੱਤਰ
ਮੋਗਾ: 30 ਅਗਸਤ 2022: (ਕਾਮਰੇਡ ਸਕਰੀਨ ਡੈਸਕ-ਇਨਪੁਟ-ਕਾਰਤਿਕਾ ਸਿੰਘ )::
ਮੋਗਾ ਦੇ ਰੀਗਲ ਸਿਨੇਮਾ ਵਾਲੇ ਗੋਲੀਕਾਂਡ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਮੋਗਾ ਵਾਲਾ ਇਲਾਕਾ ਲਾਲ ਝੰਡੇ ਜੁਝਾਰੂਆਂ ਨੂੰ ਸਮਰਪਿਤ ਰਿਹਾ ਹੈ। ਰੀਗਲ ਸਿਨੇਮਾ ਵਾਲੇ ਇਮਤਿਹਾਨ ਨੂੰ ਲੈ ਕੇ ਸਰਮਾਏਦਾਰ ਅਤੇ ਜਮਾਤੀ ਦੁਸ਼ਮਣ ਜਿਹਨਾਂ ਗ਼ਲਤਫਹਿਮੀਆਂ ਵਿਚ ਸਨ ਉਹ ਸਾਰੀਆਂ ਗਲਤਫਹਿਮੀਆਂ ਇਸ ਅੰਦੋਲਨ ਨੇ ਦੂਰ ਕਰ ਦਿੱਤੀਆਂ ਸਨ। ਜਲਾਲਾਬਾਦ ਵਾਲੇ ਇਲਾਕੇ ਅਤੇ ਮੋਗਾ ਦੀਆਂ ਗਲੀਆਂ-ਇਹਨਾਂ ਦੇ ਵਸਨੀਕਾਂ ਨੇ ਲਾਲ ਝੰਡੇ ਲਈ ਕੁਰਬਾਨੀਆਂ ਕੀਤੀਆਂ ਅਤੇ ਇਤਿਹਾਸ ਰਚਿਆ। ਹੁਣ ਵੀ ਜਦੋਂ ਮੋਗਾ ਵਿੱਚ ਸੀਪੀਆਈ ਦੀ ਜ਼ਿਲ੍ਹਾ ਕਾਨਫਰੰਸ ਸੰਪੰਨ ਹੋਈ ਤਾਂ ਇਹ ਸਾਰਾ ਇਤਿਹਾਸ ਚੇਤੇ ਆ ਰਿਹਾ ਸੀ। ਹਾਲ ਦੀ ਸ਼ਾਨਦਾਰ ਸਜਾਇ ਗਈ ਸਟੇਜ ਦੀ ਦੀਵਾਰਾਂ 'ਤੇ ਕਾਰਲ ਮਾਰਕਸ ਦੀ ਤਸਵੀਰ ਵੀ ਮੌਜੂਦ ਸੀ,ਚੀਗਵੇਰਾ ਦੀ ਵੀ ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵੀ। ਲਾਲ ਝੰਡੇ ਨੂੰ ਹਾਲ ਵਿਚਲੇ ਕਾਮਰੇਡਾਂ ਨੇ ਜਿਸ ਜੋਸ਼ ਅਤੇ ਸਦਬ ਨਾਲ ਸੰਭਾਲਿਆ ਹੋਇਆ ਸੀ ਉਸ ਨੂੰ ਦੇਖ ਕੇ ਯਾਦ ਆ ਰਹੀਆਂ ਸਨ ਸੰਤ ਰਾਮ ਉਦਾਸੀ ਹੁਰਾਂ ਦੀਆਂ ਸਤਰਾਂ:
ਝੋਰਾ ਕਰੀਂ ਨਾ ਕਿਲੇ ਆਨੰਦਪੁਰ ਦਾ!
ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ!
ਇਹ ਉਹੀ ਉਦਾਸੀ ਸੀ ਜਿਸਨੇ ਆਪਣੇ ਵੱਡੇ ਵਡੇਰਿਆਂ ਬਾਰੇ ਗੱਲ ਕਰਦਿਆਂ ਕਿਸੇ ਵੇਲੇ ਦੱਸਿਆ ਸੀ ਕਿ ਉਸ ਦੇ ਬਾਬੇ ਜੋਤਾ ਸਿੰਘ 'ਤੇ ਜੇਠਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਮੇਂ ਸਰਸਾ ਨਦੀ 'ਤੇ ਹੋਏ ਯੁੱਧ ਵਿਚ ਸ਼ਹੀਦੀਆਂ ਪਾ ਗਏ ਸਨ। ਇਹ ਜਾਣਕਾਰੀ ਦੇਂਦਿਆਂ ਪ੍ਰਿੰਸੀਪਲ ਸ੍ਰਵਨ ਸਿੰਘ ਦੱਸਦੇ ਹਨ- ਸੰਤ ਰਾਮ ਉਦਾਸੀ ਖੁਦ ਕੰਮੀਆਂ ਦੇ ਵਿਹੜੇ ਜੰਮਿਆ ਸੀ।
ਕੰਮੀਆਂ ਦੇ ਵਿਹੜੇ ਨੂੰ ਅਦਬ ਅਤੇ ਪਿਆਰ ਨਾਲ ਦੇਖਣ ਵਾਲੇ ਲਾਲ ਝੰਡੇ ਦੇ ਕਾਮਰੇਡ ਅਜੇ ਵੀ ਉਹੀ ਲੜਾਈ ਲੜ ਰਹੇ:
ਦੋ ਟੋਟਿਆਂ ਵਿੱਚ ਭੌਂ ਟੁੱਟੀ,
ਇੱਕ ਮਹਿਲਾਂ ਦਾ ਇੱਕ ਢੋਕਾਂ ਦਾ!
ਦੋ ਧੜਿਆਂ ਵਿੱਚ ਖ਼ਲਕਤ ਵੰਡੀ,
ਇੱਕ ਲੋਕਾਂ ਦਾ ਇੱਕ ਜੋਕਾਂ ਦਾ!
ਹੁਣ ਜਦੋਂ ਕਿ ਸਿਆਸਤਾਂ ਸਿਧਾਂਤਾਂ ਦੀ ਬਜਾਏ ਧਰੁਵੀਕਰਨ ਵਾਲੇ ਪਾਸੇ ਝੁਕਣ ਲੱਗ ਪਏ ਹਨ ਉਦੋਂ ਵੀ ਲਾਲ ਝੰਡੇ ਵਾਲੇ ਹੀ ਇਸ ਫਰਕ ਨੂੰ ਲੋਕਾਂ ਤੱਕ ਲਿਜਾ ਰਹੇ ਹਨ ਲੁੱਟਣ ਵਾਲੇ ਕੌਣ ਹਨ ਅਤੇ ਲੁੱਟੇ ਜਾਂ ਵਾਲੇ ਕੌਣ? ਮੋਗਾ ਕਾਨਫਰੰਸ ਵੀ ਇਸ ਲੜਾਈ ਨੂੰ ਸ਼ਿੱਦਤ ਨਾਲ ਤਿੱਖੀਆਂ ਕਰਦੀ ਮਹਿਸੂਸ ਹੋਈ।
ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂਸੰਮੇਲਨ ਦੀ ਕੜੀ ਤਹਿਤ ਅੱਜ ਇਥੇ ਨਛੱਤਰ ਭਵਨ ਵਿਖੇ ਪਾਰਟੀ ਦੀ ਜੱਥੇਬੰਕ ਕਾਨਫ਼ਰੰਸ ਅਯੋਜਿਤ ਕੀਤੀ ਗਈ। ਕਾਨਫ਼ਰੰਸ ਦੇ ਮੌਕੇ ਪਾਰਟੀ ਦੇ ਮੀਤ ਸਕੱਤਰ ਪਿਰਥੀਪਾਲ ਸਿੰਘ ਮਾੜੀ ਮੇਘਾ ਅਤੇ ਕਮਿਊਨਿਸਟ ਆਗੂ ਕਾਮਰੇਡ ਜਗਰੂਪ ਸਿੰਘ ਨਿਗਰਾਨ ਵਜੋਂ ਸ਼ਾਮਲ ਹੋਏ। ਕਾਮਰੇਡ ਜਗਜੀਤ ਸਿੰਘ ਧੂੜਕੋਟ,ਕਾਮਰੇਡ ਸ਼ੇਰ ਸਿੰਘ ਅਤੇ ਕਾਮਰੇਡ ਕਰਮਬੀਰ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਕਾਨਫ਼ਰੰਸ ਵਿੱਚ ਚੁਣੇ ਹੋਏ ਇੱਕ ਸੌ ਪੰਜਾਹ ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ਜ਼ਿਲਾ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਜਗਜੀਤ ਸਿੰਘ ਧੂੜਕੋਟ ਨੇ ਪਾਰਟੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਅੱਜ ਮੱਧਵਰਗ ਨੂੰ ਵੀ ਜਿਉਣਾ ਦੁਭਰ ਹੋ ਰਿਹਾ ਹੈ। ਕਿਉਂਕਿ ਹੁਣ ਸਰਮਾਇਆ ਮੱਧ ਵਰਗ ਕੋਲੋਂ ਖੁਸ ਕੇ ਇੱਕ ਪ੍ਰਤੀਸ਼ਤ ਅਬਾਦੀ ਕੋਲ ਇਕੱਤਰੀਕਰਨ ਦਾ ਦੌਰ ਤੇਜੀ ਨਾਲ ਅੱਗੇ ਵਧ ਰਿਹਾ ਹੈ। ਦੁਸਰੇ ਸ਼ਬਦਾਂ ਚ ਕਹਿਣਾ ਹੋਵੇ ਤਾਂ ਵਿਰੋਧੀ ਦੀ ਲੜਨ ਦੀ ਨੀਤੀ ਫੇਲ ਹੋ ਰਹੀ ਹੈ। ਉਨਾਂ ਕਿਹਾ ਕਿ ਸਾਨੂੰ ਕਮਿਊਨਿਸਟਾਂ ਨੂੰ ਤਾਂ ਲਾਜ਼ਮੀ ਤੌਰ ਤੇ ਆਪਣੀ ਯੁਧ ਨੀਤੀ ਦਾ ਰੀਵਿਊ ਕਰਨਾ ਚਾਹੀਦਾ ਹੈ। ਸਾਨੂੰ ਵਿਚਾਰ ਕਰਨਾ ਹੋਵੇਗਾ ਕਿ ਕੀ ਵਿਰੋਧ ਦੇ ਰਵਾਇਤੀ ਢੰਗ ਨਾਲ ਅਸੀਂ ਸੱਤਾਧਾਰੀ ਧਿਰ ਦੇ ਧਰਮ ਅਧਾਰ ਧਰੁਵੀਕਰਨ ਨੂੰ ਟੱਕਰ ਦੇ ਸਕਾਂਗੇ? ਕੀ ਅੰਨੇ ਵਿਰੋਧ ਰਾਹੀਂ ਹਰਾਉਣ ਦੀ ਬਜਾਏ ਬਲ ਤਾਂ ਨੀ ਬਖਸ਼ ਰਹੇ? ਸੱਤਾਧਾਰੀ ਧਿਰ ਦੇ ਧਰੁਵੀਕਰਨ ਦੇ ਢੰਗ ਨੂੰ ਹਰਾਉਣ ਲਈ ਉਸੇ ਵਾਲੇ ਤਰੀਕੇ ਨਾਲ ਉਸ ਨੂੰ ਹਰਾਇਆ ਨਹੀਂ ਜਾ ਸਕਦਾ। ਪਾਰਟੀ ਦੇ ਜ਼ਿਲਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਰਾਜਸੀ ਅਤੇ ਜੱਥੇਬੰਦਕ ਰੀਪੋਰਟ ਪੇਸ਼ ਕੀਤੀ। ਡੈਲੀਗੇਟਾਂ ਨੇ ਰਿਪੋਰਟ ਬਾਰੇ ਭਰਭੂਰ ਬਹਿਸ ਕਰਦਿਆਂ ਬਾਦਲੀਲ ਢੰਗ ਸੁਝਾਅ ਅਤੇ ਵਾਧੇ ਕਰਾਉਂਦਿਆਂ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਉਪਰੰਤ 8 ਅਤੇ 9 ਸਤੰਬਰ ਨੂੰ ਜਲੰਧਰ ਵਿਖੇ ਹੋਣ ਜਾ ਰਹੇ ਸੂਬਾਈ ਇਜਲਾਸ ਲਈ ਡੈਲੀਗੇਟਾਂ ਅਤੇ ਨਵੀਂ ਜ਼ਿਲ੍ਹਾ ਕੌਂਸਲ ਦੀ ਚੋਣ ਕੀਤੀ ਗਈ।
ਨਵੀਂ ਚੁਣੀ ਜ਼ਿਲਾ ਕੌਂਸਲ ਨੇ ਕੁਲਦੀਪ ਸਿੰਘ ਭੋਲਾ ਨੂੰ ਜ਼ਿਲਾ ਸਕੱਤਰ ਅਤੇ ਕਾਮਰੇਡ ਸ਼ੇਰ ਸਿੰਘ ਸਰਪੰਚ ਤੇ ਗੁਰਦਿੱਤ ਸਿੰਘ ਦੀਨਾ ਨੂੰ ਮੀਤ ਸਕੱਤਰ ਚੁਣ ਲਿਆ। ਨਵੀਂ ਚੁਣੀ ਟੀਮ ਨੂੰ ਮੁਬਾਰਕ ਵਾਦ ਪੇਸ਼ ਕਰਦਿਆਂ ਕਾਮਰੇਡ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਦੇਸ਼ ਅੰਦਰ ਕਮਿਊਨਿਸਟਾਂ ਲਈ ਵੱਡੀਆਂ ਚਣੌਤੀਆਂ ਦਰਪੇਸ਼ ਹਨ। ਜਿੰਨਾਂ ਦਾ ਸਾਹਮਣਾ ਕਰਨ ਲਈ ਪਾਰਟੀ ਨੂੰ ਔਰਤਾਂ,ਦਲਤਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਮਾਰਕਸਵਾਦੀ ਵਿਚਾਰਧਾਰਾ ਨਾਲ ਜੋੜਨ ਲਈ ਕੰਮ ਕਰਨਾ ਹੋਵੇਗਾ। ਆਏ ਡੈਲੀਗੇਟਾਂ ਲਈ ਲੰਗਰ ਦਾ ਪ੍ਰਬੰਧ ਮਰਹੂਮ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਪਰਵਾਰ ਵਲੋਂ ਕੀਤਾ ਗਿਆ।
ਸਮਾਪਤੀ ਤੋਂ ਬਾਅਦ ਝੰਡਾ ਉਤਾਰਨ ਦੀ ਰਸਮ ਸਤਿਕਾਰ ਸਹਿਤ ਨਿਭਾਈ ਗਈ। ਪਰਧਾਨਗੀ ਮੰਡਲ ਵਲੋਂ ਪੇਸ਼ ਧੰਨਵਾਦੀ ਮਤੇ ਨਾਲ ਕਾਨਫ਼ਰੰਸ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ। ਕਾਨਫ਼ਰੰਸ ਨੂੰ ਸਬਰਾਜ ਸਿੰਘ ਢੁੱਡੀਕੇ, ਗੁਰਮੀਤ ਸਿੰਘ ਵਾਂਦਰ, ਬਲਵਿੰਦਰ ਸਿੰਘ ਬੁਧ ਸਿੰਘ ਵਾਲਾ,ਬਚਿੱਤਰ ਸਿੰਘ ਧੋਥੜ,ਮਹਿੰਦਰ ਸਿੰਘ ਧੂੜਕੋਟ, ਜਗਸੀਰ ਸਿੰਘ ਖੋਸਾ,ਸੁਖਦੇਵ ਸਿੰਘ ਭੋਲਾ, ਇਕਬਾਲ ਸਿੰਘ ਤਖਾਣਵੱਧ, ਮੰਗਤ ਸਿੰਘ ਬੁੱਟਰ, ਪੋਹਲਾ ਸਿੰਘ ਬਰਾੜ,ਮੰਗਤ ਰਾਏ, ਗੁਰਚਰਨ ਸਿੰਘ ਦਾਤੇਵਾਲ, ਸਿਕੰਦਰ ਸਿੰਘ ਮਧੇਕੇ, ਸੇਵਕ ਸਿੰਘ ਮਾਹਲਾ ਆਦਿ ਨੇ ਵੀ ਸੰਬੋਧਨ ਕੀਤਾ।
No comments:
Post a Comment