Wednesday 10th August 2022 at 03:13 PM
ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਸੰਗਰੂਰ ਵਾਲੇ ਹਸ਼ਰ ਦੀ ਚੇਤਾਵਨੀ
*ਪ੍ਰਾਈਵੇਟ ਬੱਸ ਅਪਰੇਟਰ , ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਸਹੂਲਤ ਦਾ ਵਿਰੋਧ ਕਰਨ ਤੋਂ ਬਾਜ਼ ਆਉਣ
ਮਾਨਸਾ : 10 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::
ਫਾਈਲ ਫੋਟੋ |
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ, ਵਰਨਾ ਉਨ੍ਹਾਂ ਦਾ ਜੋ ਹਸ਼ਰ ਸੰਗਰੂਰ ਲੋਕ ਸਭਾ ਉਪ ਚੋਣ ਵਿਚ ਹੋਇਆ ਉਹ 2024 ਦੀਆਂ ਚੋਣਾਂ ਵਿੱਚ ਪੂਰੇ ਪੰਜਾਬ ਵਿਚ ਦੁਹਰਾਇਆ ਜਾਵੇਗਾ।
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਆਗੂ ਜਸਬੀਰ ਕੌਰ ਨੱਤ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਆ ਰਹੇ ਰੱਖ਼ੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਖੁਸ਼ ਕਰਨ ਲਈ ਮਾਨ ਸਰਕਾਰ ਕਈ ਨਵੇਂ ਐਲਾਨ ਕਰੇ, ਇਸ ਲਈ ਅਸੀਂ ਮੁੱਖ ਮੰਤਰੀ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਾਂ ਕਿ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਉਹ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਆਪਣੇ ਪਹਿਲੇ ਵਾਅਦੇ ਪੂਰੇ ਕਰਨ। ਹਾਲੇ ਤੱਕ ਔਰਤਾਂ ਬੇਸਬਰੀ ਨਾਲ ਸਰਕਾਰ ਵਲੋਂ ਆਪਣੇ ਖਾਤੇ ਵਿੱਚ ਹਰ ਮਹੀਨੇ ਪਾਏ ਜਾਣ ਵਾਲੇ ਇਕ ਹਜ਼ਾਰ ਰੁਪਏ ਉਡੀਕ ਰਹੀਆਂ ਹਨ। ਬਹੁਤ ਸਾਰੀਆਂ ਲੜਕੀਆਂ ਆਪਣੇ ਵਿਆਹ ਮੌਕੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸ਼ਗਨ ਨੂੰ ਉਡੀਕਦੀਆਂ ਮਾਵਾਂ ਬਣ ਚੁੱਕੀਆਂ ਹਨ। ਇਕ ਪਾਸੇ ਬੀਪੀਐਲ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕਾਫੀ ਲੋੜਵੰਦ ਪਰਿਵਾਰਾਂ ਨੂੰ ਡਿਪੂਆਂ ਤੇ ਨਿਰਾਸ਼ ਮੁੜਨਾ ਪੈ ਰਿਹਾ ਹੈ, ਦੂਜੇ ਪਾਸੇ ਹਾਲੇ ਵੀ ਸਿਆਸੀ ਅਸਰ ਵਾਲੇ ਬਹੁਤ ਸਾਰੇ ਲੋਕ ਹੱਕਦਾਰ ਨਾ ਹੋਣ ਦੇ ਬਾਵਜੂਦ ਵੀ ਨਜਾਇਜ਼ ਫਾਇਦਾ ਚੁੱਕ ਰਹੇ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਆਪ ਸਰਕਾਰ ਹਾਲੇ ਤੱਕ ਇਹ ਛੋਟਾ ਜਿਹਾ ਪ੍ਰਬੰਧਕੀ ਸੁਧਾਰ ਵੀ ਨਹੀਂ ਕਰ ਸਕੀ ਕਿ ਨੌਜਵਾਨ ਪੀੜ੍ਹੀ ਤੋਂ ਦਾਖਲਿਆਂ ਜਾਂ ਨੌਕਰੀਆਂ ਲਈ ਅਪਲਾਈ ਕਰਨ ਮੌਕੇ ਹਰ ਛੇ ਮਹੀਨੇ ਬਾਦ ਵੀ ਨਵਾਂ ਬਣਿਆ ਜਾਤੀ ਸਰਟੀਫਿਕੇਟ ਨਾ ਮੰਗਿਆ ਜਾਵੇ, ਕਿਉਂਕਿ ਪੂਰੇ ਜੀਵਨ ਵਿੱਚ ਕੋਈ ਆਪਣੀ ਜਾਤੀ ਚਾਹੁਣ 'ਤੇ ਵੀ ਨਹੀਂ ਬਦਲ ਸਕਦਾ। ਇਸਤਰੀ ਆਗੂ ਨੇ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਵੀ ਕਿਹਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਸਰਕਾਰ ਖ਼ਿਲਾਫ਼ ਕੇ ਅੰਦੋਲਨ ਕਰਨ, ਪਰ ਉਹ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਸਹੂਲਤ ਦਾ ਵਿਰੋਧ ਕਰਨ ਤੋਂ ਬਾਜ਼ ਆਉਣ, ਵਰਨਾ ਔਰਤ ਜਥੇਬੰਦੀਆਂ ਨੂੰ ਉਨ੍ਹਾਂ ਦਾ ਵਿਰੋਧ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
No comments:
Post a Comment