3rd August 2022 at 4:34 PM
ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੁਲਿਸ ਦੀ ਆਲੋਚਨਾ
ਚੰਡੀਗੜ੍ਹ : 3 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::
ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪੰਜਾਬ ਪੁਲੀਸ ਤੇ ਦੋਸ਼ ਲਾਉਂਦਿਆਂ ਆਖਿਆ ਹੈ ਕਿ ਉਹ ਜਾਣ ਬੁਝਕੇ ਕਮਿਊਨਿਸਟਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਤੰਗ ਕਰ ਰਹੀ ਹੈ। ਪੰਜਾਬ ਪੁਲੀਸ ਦੇ ਕੁਝ ਅੰਸ਼ ਜਿਥੇ ਨਸ਼ਾ, ਰੇਤ ਬਜਰੀ ਮਾਫੀਏ ਅਤੇ ਗੈਂਗਸਟਰਾਂ ਨਾਲ ਅਮਨ ਕਾਨੂੰਨ ਦੀਆਂ ਉਲੰਘਣਾਵਾਂ ਕਰਨ ਵਿਚ ਘਿਓ ਖਿਚੜੀ ਬਣੇ ਹੋਏ ਹਨ ਉਥੇ ਉਹਨਾਂ ਨੇ ਕਮਿਊਨਿਸਟਾਂ, ਜਿਹੜੇ ਇਹਨਾਂ ਲਾਹਨਤਾਂ ਵਿਰੁਧ ਲੜ ਰਹੇ ਹਨ, ਵਿਰੁਧ ਵੀ ਸ਼ਰਮਨਾਕ ਅਤੇ ਸਾਜ਼ਿਸ਼ੀ ਮੁਹਿੰਮ ਛੇੜੀ ਹੋਈ ਹੈ। ਉਹ ਨਕੋਦਰ ਵਿਖੇ ਪ੍ਰਸਿਧ ਕਮਿਊਨਿਸਟ ਆਗੂਆਂ ਸਰਪੰਚ ਚਰਨਜੀਤ ਸਿੰਘ ਥੰਮੂਵਾਲ ਅਤੇ ਗਿਆਨ ਸੈਦਪੁਰੀ ਵਿਰੁਧ ਜ਼ਿਲਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਪੁਰਅਮਨ ਅੰਦੋਲਨਾਂ ਨੂੰ ਬੰਦ ਕਰਵਾਉਣ ਲਈ ਕੀਤੇ ਕਾਰਨਾਮੇ ਵਿਰੁਧ ਬੋਲਦੇ ਹੋਏ ਸਾਥੀ ਬਰਾੜ ਨੇ ਆਖਿਆ ਕਿ ਪੰਜਾਬ ਦੀਆਂ ਅੱਧੀ ਦਰਜਨ ਦੇ ਕਰੀਬ ਖੇਤ ਮਜ਼ਦੂਰ ਜਥੇਬੰਦੀਆਂ 2 ਜੁਲਾਈ ਨੂੰ ਸਾਰੇ ਦੇਸ਼ ਵਿਚ ਆਪਣੀਆਂ ਮੰਗਾਂ ਲਈ ਪੁਰਅਮਨ ਪ੍ਰਦਰਸ਼ਨ ਰਹੀਆਂ ਸਨ ਤੇ ਨਕੋਦਰ ਤਹਿਸੀਲ ਦੇ ਸਾਰੇ ਜ਼ਿੰਮੇਵਾਰ ਅਧਿਕਾਰੀ ਐਸ ਡੀ ਐਮ ਅਤੇ ਤਹਿਸੀਲਦਾਰ ਆਦਿ ਗੈਰ ਹਾਜ਼ਰ ਹੋ ਗਏ ਸਨ। ਇਸ ਮੌਕੇ ਬਹੁਤ ਦੇਰ ਬਾਅਦ ਤਹਿਸੀਲਦਾਰ ਨੇ ਆ ਕੇ ਪ੍ਰਦਰਸ਼ਨਕਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਅਤੇ ਪੁਰਅਮਨ ਅੰਦੋਲਨਕਾਰੀਆਂ ਵਿਰੁਧ ਪੁਲੀਸ ਤੋਂ ਝੂਠੇ ਕੇਸ ਦਰਜ ਕਰਵਾ ਦਿਤੇ।
ਉਹਨਾਂ ਕਿਹਾ ਕਿ ਦੂਜੀ ਘਟਨਾ ਫਾਜ਼ਿਲਕਾ ਦੀ ਹੈ ਜਿਥੇ ਫਾਜ਼ਿਲਕਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਪ੍ਰਸਿਧ ਕਮਿਊਨਿਸਟ ਆਗੂ ਹੰਸਰਾਜ ਗੋਲਡਨ ਨੂੰ ਉਥੋਂ ਦੇ ਬਦਨਾਮ ਭਗੌੜੇ ਗੈਂਗਸਟਰ ਅਮਨ ਸਕੌਡਾ ਦੇ ਕਹਿਣ ਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ। ਯਾਦ ਰਹੇ ਗੈਂਗਸਟਰ ਅਮਨ ਸਕੌਡਾ ਕਈ ਸਾਲਾਂ ਤੋਂ ਭਗੌੜਾ ਹੈ। ਸਾਥੀ ਬਰਾੜ ਨੇ ਆਖਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਬਦਨਾਮ ਅਮਨ ਸਕੌਡਾ ਜਿਸਨੇ ਅਨੇਕਾਂ ਸਮਾਜਿਕ ਕਾਰਕੁਨਾਂ ਤੇ ਹਿੰਸਕ ਤੇ ਜਾਨਲੇਵਾ ਹਮਲੇ ਕਰਵਾਏ ਹਨ ਜਿਸ ਵਿਰੁਧ ਅਨੇਕਾਂ ਫੌਜਦਾਰੀ ਅਤੇ ਧੋਖਾਧੜੀ ਦੇ ਕੇਸ ਦਰਜ ਹਨ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਕਮਿਊਨਿਸਟ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਸਾਥੀ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫੌਰਨ ਹੀ ਪੁਲੀਸ ਦੀ ਧੱਕਾਸ਼ਾਹੀ ਰੋਕੇ ਅਤੇ ਝੂਠੇ ਕੇਸ ਵਾਪਸ ਲਵੇ ਅਤੇ ਸਕੌਡੇ ਵਰਗੇ ਗੁੰਡਾ ਅੰਸਰਾਂ ਨੂੰ ਫੌਰਨ ਗ੍ਰਿਫਤਾਰ ਕਰੇ ਅਤੇ ਧੱਕੇਸ਼ਾਹੀਆਂ ਕਰਨ ਵਾਲੇ ਪੁਲੀਸ ਅਫਸਰਾਂ ਵਿਰੁਧ ਸਖਤ ਐਕਸ਼ਨ ਲਵੇ। ਸਾਥੀ ਬਰਾੜ ਨੇ ਅਗੇ ਆਖਿਆ ਹੈ ਕਿ ਇਹ ਧੱਕੇਸ਼ਾਹੀਆਂ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਵਿਰੁਧ ਸਾਰੇ ਪੰਜਾਬ ਵਿਚ ਆਵਾਜ਼ ਉਠਾਈ ਜਾਵੇਗੀ।
No comments:
Post a Comment