Showing posts with label Police. Show all posts
Showing posts with label Police. Show all posts

Tuesday, September 17, 2024

ਜਮਹੂਰੀ ਆਵਾਜ਼ਾਂ ਨੂੰ ਸਰਕਾਰੀ ਦਮਨ ਬੰਦ ਨਹੀਂ ਕਰ ਸਕਦਾ

Tuesday:17th September 2024 at 16:10

ਮਾਲਵਿੰਦਰ ਮਾਲੀ ਨੂੰ ਤੁਰੰਤ ਰਿਹਾਅ ਕਰੋ:ਸੀਪੀਆਈ

ਚੰਡੀਗੜ੍ਹ: 17 ਸਤੰਬਰ 2024: (ਮੀਡੀਆ ਲਿੰਕ//ਕਾਮਰੇਡ ਸਕਰੀਨ ਡੈਸਕ)::

ਪੰਜਾਬ ਅਤੇ ਪੰਜਾਬੀਆਂ ਦੇ ਨਾਲ ਨਾਲ ਪੂਰੇ ਦੇਸ਼ ਅਤੇ ਸੰਸਾਰ ਦੀ ਚਿੰਤਾ ਕਰਨ ਵਾਲੇ ਉਘੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਚੁਫੇਰਿਓਂ ਨਿੰਦਾ ਨਿਖੇਧੀ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਮਾਲਵਿੰਦਰ ਮਾਲੀ ਲਗਾਤਾਰ ਬੜੀ ਬੇਬਾਕੀ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਇਸ ਸਰਕਾਰ ਦੇ ਫੈਸਲਿਆਂ ਨੂੰ ਵੀ ਆਪਣੀ ਅਲੋਚਨਾਂ ਦਾ ਨਿਸ਼ਾਨਾ ਬਣਾ ਰਹੇ ਸਨ। 

ਅੱਜ ਇਥੇ ਪੰਜਾਬ ਸੀਪੀਆਈ ਨੇ ਵੀ ਮਾਲਵਿੰਦਰ ਸਿੰਘ ਮਾਲੀ ਨੂੰ ਮੋਹਾਲੀ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਇਕ ਆਜ਼ਾਦ ਰਾਜਨੀਤਕ ਵਿਸ਼ਲੇਸ਼ਕ ਹੈ ਤੇ ਉਹ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਕੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਹੋਏ ਆਪਣੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰਦੇ ਰਹਿੰਦੇ ਹਨ। ਉਹਨਾਂ ਨੂੰ ਇਸ ਪ੍ਰਕਾਰ ਬਿਨਾਂ ਕਿਸੇ ਕਾਰਣ ਗ੍ਰਿਫਤਾਰ ਕਰਨਾ ਜਮਹੂਰੀਅਤ ਅਤੇ ਸੰਵਿਧਾਨਕ ਮੂਲ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸਾਥੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਿਘਰ ਰਹੀ ਅਮਨ ਕਾਨੂੰਨ ਦੀ ਹਾਲਤ ਵੱਲ ਧਿਆਨ ਦੇਣਾ ਚਾਹੀਦਾ ਹੈ।

ਬੜੀ ਬੇਬਾਕੀ ਨਾਲ ਸਰਕਾਰ ਦੇ ਫੈਸਲਿਆਂ ਦੀ ਆਲੋਚਨਾ ਕਰਨ ਵਾਲੇ ਮਾਲਵਿੰਦਰ ਸਿਘ ਮਾਲੀ ਨੂੰ ਇਨਫਰਮੇਸ਼ਨ ਟੈਕਨਾਲੋਜੀ ਦੀ ਵਿਸ਼ੇਸ਼ ਧਾਰਾ ਅਧੀਨ ਗ੍ਰਿਫਤਾਰ ਸੋਮਵਾਰ 16 ਸਤੰਬਰ ਦੀ ਰਾਤ ਨੂੰ ਕੀਤਾ ਗਿਆ ਹੈ। ਸਾਥੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੋਦੀ ਦੀ ਫਿਰਕੂ ਅਤੇ ਤਾਨਾਸ਼ਾਹੀ ਸਰਕਾਰ ਵਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੰਵਿਧਾਨਕ ਅਧਿਕਾਰਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹਾਂ ਵਿਚ ਬੰਦ ਕਰਨ ਦੀ ਨਕਲ ਨਹੀਂ ਕਰਨੀ ਚਾਹੀਦੀ।

ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਇਹ ਬੜੀ ਅਜੀਬ ਗੱਲ ਹੈ ਕਿ ਜਦੋਂ ਮੋਦੀ ਸਰਕਾਰ ਨੇ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਜੇੇਲ੍ਹੀਂ ਡੱਕਿਆ ਸੀ ਤਾਂ ਇਹਨਾਂ ਨੇ ਕੇਂਦਰ ਤੇ ਜਮਹੂਰੀਅਤ ਨੂੰ ਕਤਲ ਕਰਨ ਦਾ ਇਲਜ਼ਾਮ ਲਾਇਆ ਸੀ ਪਰ ਹੁਣ ਪੰਜਾਬ ਵਿਚ ਆਪ ਵੀ ਉਨ੍ਹਾਂ ਰਾਹਾਂ ਤੇ ਤੁਰ ਪਈ ਹੈ। ਸਾਥੀ ਬਰਾੜ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਵਿਰੋਧੀ ਧਿਰਾਂ ਦੇ ਆਗੂਆਂ ਜਾਂ ਆਜ਼ਾਦ ਰਾਜਨੀਤਕ ਅਲੋਚਕਾਂ ਵਿਰੁਧ ਸਰਕਾਰੀ ਦਮਨ ਦੀਆਂ ਨੀਤੀਆਂ ਬੰਦ ਕਰਕੇ ਪ੍ਰਾਂਤ ਦੀ ਹਰ ਪੱਖ ਤੋਂ ਵਿਗੜ ਰਹੀ ਹਾਲਤ ਨੂੰ ਸੁਧਾਰਨ ਵੱਲ ਤਵੱਜੋ  ਕੇਂਦਰਿਤ ਕਰੇਗੀ।

Wednesday, August 3, 2022

ਸਰਕਾਰ ਪੰਜਾਬ ਪੁਲੀਸ ਨੂੰ ਕਮਿਊਨਿਸਟਾਂ ਵਿਰੁਧ ਧੱਕੇਸ਼ਾਹੀ ਕਰਨ ਤੋਂ ਰੋਕੇ-ਸੀਪੀਆਈ

3rd August 2022 at 4:34 PM

ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੁਲਿਸ ਦੀ ਆਲੋਚਨਾ 

ਚੰਡੀਗੜ੍ਹ : 3 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::

ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪੰਜਾਬ ਪੁਲੀਸ ਤੇ ਦੋਸ਼ ਲਾਉਂਦਿਆਂ ਆਖਿਆ ਹੈ ਕਿ ਉਹ ਜਾਣ ਬੁਝਕੇ ਕਮਿਊਨਿਸਟਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਤੰਗ ਕਰ ਰਹੀ ਹੈ। ਪੰਜਾਬ ਪੁਲੀਸ ਦੇ ਕੁਝ ਅੰਸ਼ ਜਿਥੇ ਨਸ਼ਾ, ਰੇਤ ਬਜਰੀ ਮਾਫੀਏ ਅਤੇ ਗੈਂਗਸਟਰਾਂ ਨਾਲ ਅਮਨ ਕਾਨੂੰਨ ਦੀਆਂ ਉਲੰਘਣਾਵਾਂ ਕਰਨ ਵਿਚ ਘਿਓ ਖਿਚੜੀ ਬਣੇ ਹੋਏ ਹਨ ਉਥੇ ਉਹਨਾਂ ਨੇ ਕਮਿਊਨਿਸਟਾਂ, ਜਿਹੜੇ ਇਹਨਾਂ ਲਾਹਨਤਾਂ ਵਿਰੁਧ ਲੜ ਰਹੇ ਹਨ, ਵਿਰੁਧ ਵੀ ਸ਼ਰਮਨਾਕ ਅਤੇ ਸਾਜ਼ਿਸ਼ੀ ਮੁਹਿੰਮ ਛੇੜੀ ਹੋਈ ਹੈ। ਉਹ ਨਕੋਦਰ ਵਿਖੇ ਪ੍ਰਸਿਧ ਕਮਿਊਨਿਸਟ ਆਗੂਆਂ ਸਰਪੰਚ ਚਰਨਜੀਤ ਸਿੰਘ ਥੰਮੂਵਾਲ ਅਤੇ ਗਿਆਨ ਸੈਦਪੁਰੀ ਵਿਰੁਧ ਜ਼ਿਲਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਪੁਰਅਮਨ ਅੰਦੋਲਨਾਂ ਨੂੰ ਬੰਦ ਕਰਵਾਉਣ ਲਈ ਕੀਤੇ ਕਾਰਨਾਮੇ ਵਿਰੁਧ ਬੋਲਦੇ ਹੋਏ ਸਾਥੀ ਬਰਾੜ ਨੇ ਆਖਿਆ ਕਿ ਪੰਜਾਬ ਦੀਆਂ ਅੱਧੀ ਦਰਜਨ ਦੇ ਕਰੀਬ ਖੇਤ ਮਜ਼ਦੂਰ  ਜਥੇਬੰਦੀਆਂ 2 ਜੁਲਾਈ  ਨੂੰ ਸਾਰੇ ਦੇਸ਼ ਵਿਚ ਆਪਣੀਆਂ ਮੰਗਾਂ ਲਈ ਪੁਰਅਮਨ ਪ੍ਰਦਰਸ਼ਨ ਰਹੀਆਂ ਸਨ ਤੇ ਨਕੋਦਰ ਤਹਿਸੀਲ ਦੇ ਸਾਰੇ ਜ਼ਿੰਮੇਵਾਰ ਅਧਿਕਾਰੀ ਐਸ ਡੀ ਐਮ ਅਤੇ ਤਹਿਸੀਲਦਾਰ ਆਦਿ ਗੈਰ ਹਾਜ਼ਰ ਹੋ ਗਏ ਸਨ। ਇਸ ਮੌਕੇ ਬਹੁਤ ਦੇਰ ਬਾਅਦ ਤਹਿਸੀਲਦਾਰ ਨੇ ਆ ਕੇ ਪ੍ਰਦਰਸ਼ਨਕਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਅਤੇ ਪੁਰਅਮਨ ਅੰਦੋਲਨਕਾਰੀਆਂ ਵਿਰੁਧ ਪੁਲੀਸ ਤੋਂ ਝੂਠੇ ਕੇਸ ਦਰਜ ਕਰਵਾ ਦਿਤੇ।

ਉਹਨਾਂ ਕਿਹਾ ਕਿ ਦੂਜੀ ਘਟਨਾ ਫਾਜ਼ਿਲਕਾ ਦੀ ਹੈ ਜਿਥੇ ਫਾਜ਼ਿਲਕਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਪ੍ਰਸਿਧ ਕਮਿਊਨਿਸਟ ਆਗੂ ਹੰਸਰਾਜ ਗੋਲਡਨ ਨੂੰ ਉਥੋਂ ਦੇ ਬਦਨਾਮ ਭਗੌੜੇ ਗੈਂਗਸਟਰ ਅਮਨ ਸਕੌਡਾ ਦੇ ਕਹਿਣ ਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ। ਯਾਦ ਰਹੇ ਗੈਂਗਸਟਰ ਅਮਨ ਸਕੌਡਾ ਕਈ ਸਾਲਾਂ ਤੋਂ ਭਗੌੜਾ ਹੈ। ਸਾਥੀ ਬਰਾੜ ਨੇ ਆਖਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਬਦਨਾਮ ਅਮਨ ਸਕੌਡਾ ਜਿਸਨੇ ਅਨੇਕਾਂ ਸਮਾਜਿਕ ਕਾਰਕੁਨਾਂ ਤੇ ਹਿੰਸਕ ਤੇ ਜਾਨਲੇਵਾ ਹਮਲੇ ਕਰਵਾਏ ਹਨ ਜਿਸ ਵਿਰੁਧ ਅਨੇਕਾਂ ਫੌਜਦਾਰੀ ਅਤੇ ਧੋਖਾਧੜੀ ਦੇ ਕੇਸ ਦਰਜ ਹਨ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਕਮਿਊਨਿਸਟ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਸਾਥੀ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫੌਰਨ ਹੀ ਪੁਲੀਸ ਦੀ ਧੱਕਾਸ਼ਾਹੀ ਰੋਕੇ ਅਤੇ ਝੂਠੇ ਕੇਸ ਵਾਪਸ ਲਵੇ ਅਤੇ ਸਕੌਡੇ ਵਰਗੇ ਗੁੰਡਾ ਅੰਸਰਾਂ ਨੂੰ ਫੌਰਨ ਗ੍ਰਿਫਤਾਰ ਕਰੇ ਅਤੇ ਧੱਕੇਸ਼ਾਹੀਆਂ ਕਰਨ ਵਾਲੇ ਪੁਲੀਸ ਅਫਸਰਾਂ ਵਿਰੁਧ ਸਖਤ ਐਕਸ਼ਨ ਲਵੇ। ਸਾਥੀ ਬਰਾੜ ਨੇ ਅਗੇ ਆਖਿਆ ਹੈ ਕਿ ਇਹ ਧੱਕੇਸ਼ਾਹੀਆਂ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਵਿਰੁਧ ਸਾਰੇ ਪੰਜਾਬ ਵਿਚ ਆਵਾਜ਼ ਉਠਾਈ ਜਾਵੇਗੀ।                                                                    

Monday, December 9, 2019

ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਫਿਰ ਰੋਹ ਅਤੇ ਰੋਸ ਵਿੱਚ

Monday: Dec 9, 2019, 6:47 PM
ਹੁਣ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਖਿਲਾਫ਼ ਅਣਮਿੱਥੇ ਸਮੇਂ ਦਾ ਧਰਨਾ
ਅਣਮਿੱਥੇ ਸਮੇਂ ਵਾਲਾ ਇਹ ਧਰਨਾ ਮੁਜ਼ਾਹਰਾ ਸ਼ੁਰੂ ਹੋਵੇਗਾ 15 ਦਸੰਬਰ ਨੂੰ 
ਲੁਧਿਆਣਾ: 09 ਦਸੰਬਰ 2019: (ਕਾਮਰੇਡ ਸਕਰੀਨ ਬਿਊਰੋ):: 
ਸੋਮਵਾਰ ਨੂੰ ਪੰਜਾਬੀ ਭਵਨ ਵਿੱਚ ਮੀਟਿੰਗ ਤੋਂ ਬਾਅਦ ਐਕਸ਼ਨ ਕਮੇਟੀ ਮੈਂਬਰਾਂ ਦੀ ਫੋਟੋ 
15 ਸਾਲਾਂ ਦੀ ਉਮਰ ਦੇ ਨਾਬਾਲਗ ਮਜ਼ਦੂਰ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਵਿਰੁੱਧ ਭਾਵੇਂ ਲੁਧਿਆਣਾ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਦੀ ਜ਼ਮੀਰ ਨਹੀਂ ਜਾਗੀ ਪਰ ਜਿਹਨਾਂ ਖੱਬੇਪੱਖੀ ਸੰਗਠਨਾਂ ਨੇ ਇਹ ਸੰਘਰਸ਼ ਅਰੰਭਿਆ ਉਹ ਸੰਘਰਸ਼ ਹੁਣ ਹੋਰ ਲੰਮਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਕਤਲ ਦਾ ਵਿਰੋਧ ਕਰਨ ਵਾਲੇ ਖੱਬੇ ਪੱਖੀ ਆਗੂਆਂ ਨੂੰ ਬਾਰ ਬਾਰ ਵਾਅਦੇ ਕਰਕੇ ਵੀ ਹੁਣ ਤੱਕ ਰਿਹਾ ਨਾ ਕਰਨ ਵਿਰੁੱਧ ਰੋਸ ਅਤੇ ਰੋਹ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਸੰਗਠਨਾਂ ਦੇ ਦਸ ਆਗੂ ਲਗਾਤਾਰ ਜੇਲ੍ਹ ਵਿੱਚ ਹਨ। ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਹੰਬੜਾਂ ਚੌਂਕੀ ਸਾਹਮਣੇ ਵੀ ਭਾਰੀ ਰੋਸ ਮੁਜ਼ਾਹਰਾ ਕੀਤਾ ਸੀ। ਇਸ ਲੰਮੇ ਅਤੇ ਰੋਹ ਭਰੇ ਰੋਸ ਮਾਰਚ ਦੀਆਂ ਵੀਡੀਓ ਖੁਦ ਪੁਲਿਸ ਮੁਲਾਜ਼ਮਾਂ ਨੇ ਵੀ ਕਈ ਕਈ ਐਂਗਲਾਂ ਤੋਂ ਬਣਾਇਆ ਸਨ। ਉਦੋਂ ਏਸੀਪੀ (ਪੱਛਮੀ) ਵਰਮਾ ਨੇ ਬੜੀ ਹੀ ਮਿਠਾਸ ਭਰੇ ਢੰਗ ਨਾਲ ਵਖਾਵਕਾਰੀਆਂ ਨੂੰ ਯਕੀਨ ਦੁਆਇਆ ਕਿ ਬਸ ਦੋ ਕੁ ਦਿਨਾਂ ਵਿੱਚ ਹੀ ਇਹ ਮਾਮਲਾ ਹਲ ਹੋ ਜਾਣਾ ਹੈ ਅਤੇ ਇਹਨਾਂ ਲੀਡਰਾਂ ਨੂੰ ਰਿਹਾ ਕਰ ਦਿੱਤਾ ਜਾਏਗਾ। ਜਦੋਂ ਇਹ ਵਾਅਦਾ ਵੀ ਪੂਰਾ ਨਹੀਂ ਹੋਇਆ ਤਾਂ ਇਹਨਾਂ ਸੰਗਠਨਾਂ ਨੇ ਏਸੀਪੀ (ਪੱਛਮੀ) ਸਮੀਰ ਵਰਮਾ ਦੇ ਦਫਤਰ ਸਾਹਮਣੇ  ਧਰਨਾ ਮੁਜ਼ਾਹਰਾ ਸ਼ੁਰੂ ਕੀਤਾ ਜਿਹੜਾ ਕਿ ਭਾਰੀ ਬਾਰਿਸ਼ ਦੇ ਬਾਵਜੂਦ ਜਾਰੀ ਰਿਹਾ। ਇਹਨਾਂ ਸੰਗਠਨਾਂ ਨੇ ਇੱਕ ਵਾਰ ਫੇਰ ਪੁਲਿਸ ਵਿਭਾਗ 'ਤੇ ਯਕੀਨ ਕਰਦਿਆਂ ਆਪਣੇ ਇਸ ਅੰਦੋਲਨ ਨੂੰ ਦੇਰ ਸ਼ਾਮ ਵਾਪਿਸ ਲੈ ਲਿਆ ਕਿ ਦੇਰ ਸਵੇਰ ਗਿਣ ਕੇ ਵੀ ਇਹਨਾਂ ਆਗੂਆਂ ਨੂੰ 3 ਦਸੰਬਰ ਤੱਕ ਰਿਹਾ ਕਰ ਦਿੱਤੋ ਜਾਏਗਾ। ਇਹ ਤਾਰੀਖ ਵੀ ਲੰਘ ਗਈ ਪਰ ਰਿਹੈ ਨਹੀਂ ਹੋਈ। ਪੁਲਿਸ ਲਾਰੇ ਤੇ ਲਾਰਾ ਲਾਉਂਦੀ ਰਹੀ ਅਤੇ ਇਹ ਸੰਗਠਨ ਯਕੀਨ ਵੀ ਕਰਦੇ ਰਹੇ। ਅੱਜ ਦੀ ਭਰਵੀਂ ਮੀਟਿੰਗ ਵਿੱਚ ਲਟਕਨਬਾਜ਼ੀ ਵਾਲੇ ਇਸ ਰਵਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸਦੇ ਬਾਵਜੂਦ ਇਹਨਾਂ ਰਿਹਾਈਆਂ ਲਈ ਹੋਰ ਪੰਜਾਂ ਦਿਨਾਂ ਦਾ ਸਮਾਂ ਪੁਲਿਸ ਵਿਭਾਗ ਨੂੰ ਦੇਂਦਿਆਂ ਐਲਾਨ ਕੀਤਾ ਗਿਆ ਕਿ ਜੇ ਅਜੇ ਵੀ ਰਿਹਾਈ ਨਾ ਹੋਈ ਤਾਂ ਫਿਰ 15 ਦਸੰਬਰ ਤੋਂ ਅਣਮਿੱਥੇ ਸਮੇਂ ਦਾ ਧਰਨਾ ਮੁਜ਼ਾਹਰਾ ਸਾਡੀ ਮਜਬੂਰੀ ਹੋਵੇਗੀ। ਸਰਬਸੰਮਤੀ ਨਾਲ ਇਹ ਫੈਸਲਾ ਲੈ ਕੇ ਹੀ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਅੱਜ ਦੀ ਇਹ ਮੀਟਿੰਗ ਖਤਮ ਕੀਤੀ। ਅੱਜ ਦੀ ਇਹ ਮੀਟਿੰਗ ਘਟੋਘੱਟ ਤਿੰਨ ਘੰਟੇ ਤੱਕ ਚੱਲੀ। 
ਹੰਬੜਾਂ ਕਤਲ ਤੇ ਜਬਰ ਕਾਂਡ ਖਿਲਾਫ਼ ਸੰਘਰਸ਼ ਤਿੱਖਾ ਕਰਦੇ ਹੋਏ ਅਨੇਕਾਂ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਗਠਿਤ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੇ ਸਰਾਭਾ ਨਗਰ ਸਥਿਤ ਦਫਤਰ ਅੱਗੇ ਅਣਮਿਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਹਫਤੇ ਦੌਰਾਨ ਅਣਮਿੱਥੇ ਸਮੇਂ ਦੇ ਧਰਨੇ ਦੀ ਤਿਆਰੀ ਵਜੋਂ ਚਲਾਈ ਜਾਣ ਵਾਲ਼ੀ ਮੁਹਿੰਮ ਦੇ ਅੰਗ ਵਜੋਂ ਸੰਘਰਸ਼ ਕਮੇਟੀ ਨੇ ਇੱਕ ਹੱਥਪਰਚਾ ਵੀ ਵੱਡੇ ਪੱਧਰ ਉੱਤੇ ਵੰਡਣ ਦਾ ਫੈਸਲਾ ਵੀ ਕੀਤਾ ਹੈ। ਵੱਖ-ਵੱਖ ਥਾਵਾਂ ਉੱਤੇ ਬਸਤੀਆਂ, ਪਿੰਡਾਂ ’ਚ ਇਸ ਪੁਲਿਸ ਅਫ਼ਸਰ ਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ, ਮੀਟਿੰਗਾਂ, ਨੁੱਕੜ ਸਭਾਵਾਂ ਕੀਤੀਆਂ ਜਾਣਗੀਆਂ। ਉੱਚ ਅਧਿਕਾਰੀਆਂ ਨੂੰ ਵਫਦ ਵੀ ਮਿਲਣਗੇ।
            ਹੰਬੜਾਂ ਵਿਖੇ ਇੱਕ ਠੇਕੇਦਾਰ ਵੱਲੋਂ ਪਲਾਈਵੁੱਡ ਕਾਰਖਾਨੇ ਵਿੱਚ ਕੰਮ ਕਰਦੇ 15 ਸਾਲਾ ਨਾਬਾਲਗ ਮਜ਼ਦੂਰ (ਲਵਕੁਸ਼) ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਪੁਲਿਸ ਵੱਲੋਂ ਕਤਲ ਕੇਸ ਦਰਜ ਕਰਨ, ਕਾਤਲ ਨੂੰ ਗਿਰਫਤਾਰ ਕਰਨ, ਪੀੜਤ ਪਰਿਵਾਰ ਨੂੰ ਮੁਆਵਜਾ, ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਤੇ ਹੋਰ ਜਾਇਜ ਮੰਗਾਂ ਲਈ ਮਜ਼ਦੂਰ ਜੱਥੇਬੰਦੀਆਂ ਨੂੰ ਸੜ੍ਹਕਾਂ ਉੱਤੇ ਉੱਤਰਨਾ ਪਿਆ। ਪੁਲਿਸ ਵੱਲੋਂ ਸੰਘਰਸ਼ਸ਼ੀਲ ਜੱਥੇਬੰਦੀਆਂ ਦੀਆਂ ਜਾਇਜ ਮੰਗਾਂ ਮੰਨਣ ਦੀ ਥਾਂ 10 ਜਨਤਕ-ਜਮਹੂਰੀ ਆਗੂਆਂ ਨੂੰ ਹੀ ਝੂਠਾ ਕੇਸ ਪਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਹਨਾਂ ਵਿੱਚ ਕਈ ਆਗੂ ਤਾਂ ਬਜ਼ੁਰਗ ਹਨ। ਇਸ ਖਿਲਾਫ ਬਣੀ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਸਾਹਮਣੇ ਏ.ਸੀ.ਪੀ. ਸਮੀਰ ਵਰਮਾ ਨੇ 21 ਨਵੰਬਰ ਨੂੰ ਹੰਬੜਾਂ ਵਿਖੇ ਪੁਲਿਸ ਚੌਂਕੀ ’ਤੇ ਹੋਏ ਜ਼ੋਰਦਾਰ ਮੁਜ਼ਾਹਰੇ ਦੌਰਾਨ ਸਭਨਾਂ ਲੋਕ ਆਗੂਆਂ ਨੂੰ ਜਲਦ ਰਿਹਾ ਕਰਨ ਦੀ ਗੱਲ ਮੰਨੀ ਸੀ। 26 ਨਵੰਬਰ ਨੂੰ ਏਸੀਪੀ (ਪੱਛਮੀ) ਦੇ ਦਫਤਰ ਅੱਗੇ ਹੋਏ ਮੁਜ਼ਾਹਰੇ ਦੌਰਾਨ ਵੀ ਇਸ ਅਫਸਰ ਨੇ ਵਾਅਦਾ ਦੁਹਰਾਇਆ ਸੀ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਜੇਲ੍ਹ ਵਿੱਚ ਡੱਕੇ ਆਗੂ ਬੇਗੁਨਾਹ ਪਾਏ ਗਏ ਹਨ ਪਰ ਇਸ ਅਫ਼ਸਰ ਵੱਲੋਂ ਰਿਹਾਈ ਸਬੰਧੀ ਕਾਰਵਾਈ ਨੂੰ ਜਲਦ ਪੂਰਾ ਕਰਨ ਦਾ ਵਾਅਦਾ ਪੁਗਾਇਆ ਨਹੀਂ ਗਿਆ ਸਗੋਂ ਰਿਹਾਈ ਦੀ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਹੁਣ ਉਸ ਕੋਲ ਸੜ੍ਹਕਾਂ ਉੱਤੇ ਉੱਤਰਨ ਤੋਂ ਸਿਵਾ ਹੁਣ ਹੋਰ ਕੋਈ ਰਾਹ ਨਹੀਂ ਬਚਿਆ।
            ਲੋਕ ਸੰਘਰਸ਼ ਦੇ ਦਬਾਅ ਹੇਠ ਪੁਲਿਸ ਨੇ ਕਾਤਲ ਰਘਬੀਰ ਪਾਸਵਾਨ ਨੂੰ ਗਿਰਫਤਾਰ ਕੀਤਾ ਹੈ। ਸੰਘਰਸ਼ ਕਮੇਟੀ ਦੀ ਇਹ ਵੀ ਮੰਗ ਹੈ ਕਿ ਉਸਨੂੰ ਸਖਤ ਤੋਂ ਸਖਤ ਸਜਾ ਕਰਵਾਈ ਜਾਵੇ, ਪੀੜਤ ਪਰਿਵਾਰ ਨੂੰ ਜਲਦ ਢੁੱਕਵਾਂ ਮੁਆਵਜਾ ਦਿੱਤਾ ਜਾਵੇ, ਕਾਰਖਾਨਿਆਂ ਤੇ ਹੋਰ ਕੰਮ ਥਾਵਾਂ ਉੱਤੇ ਬਾਲ ਮਜ਼ਦੂਰੀ ਉੱਤੇ ਰੋਕ ਲੱਗੇ, ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ, ਇੱਕਮੁੱਠ ਹੱਕੀ ਅਵਾਜ਼ ਉਠਾਉਣ, ਸੰਘਰਸ਼ ਕਰਨ ਦਾ ਲੋਕ ਹੱਕ ਬਹਾਲ ਕੀਤਾ ਜਾਵੇ।
            ਸੰਘਰਸ਼ ਕਮੇਟੀ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਏਟਕ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਨੌਜਵਾਨ ਭਾਰਤ ਸਭਾ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜਮ ਫਰੰਟ, ਡੀਟੀਐਫ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ,  ਤੇ ਹੋਰ ਅਨੇਕਾਂ ਜੱਥੇਬੰਦੀਆਂ ਸ਼ਾਮਲ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਅਨੇਕਾਂ ਜੱਥੇਬੰਦੀਆਂ ਵੱਲੋਂ ਵੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਹੋਰ ਵੇਰਵਾ ਲੈਣ ਜਾਂ ਇਸ ਅੰਦੋਲਨ ਨਾਲ ਜੁੜਣ ਲਈ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੂਰਜ ਨਾਲ ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ--98552-81358

Friday, December 14, 2018

ਸੀਪੀਆਈ ਲੁਧਿਆਣਾ ਵਲੋਂ ਪੁਲਿਸ ਦੇ ਖਿਲਾਫ ਪਰੈਸ ਕਾਨਫਰੰਸ

Dec 14, 2018, 6:11 PM
ਲਾਕਾਨੂੰਨੀ ਅਤੇ ਅਣਗਹਿਲੀ ਵਿਰੁੱਧ ਮੋਰਚਾ ਲਾਉਣ ਦੀ ਵੀ ਚੇਤਾਵਨੀ 
ਲੁਧਿਆਣਾ:14 ਦਸੰਬਰ 2018: (ਪੰਜਾਬ ਸਕਰੀਨ ਬਿਊਰੋ)::
ਅਮਨ ਕਾਨੂੰਨ, ਪੁਲਿਸ ਅਤੇ ਪਰਸ਼ਾਸਨ ਨਾਲ ਬਹੁਤ ਸਹਿਯੋਗੀ ਭਾਵਨਾ ਵਾਲੀਆਂ ਪਾਰਟੀਆਂ ਵੱਜੋਂ ਗਿਣੀਆਂ ਜਾਂਦੀਆਂ ਖੱਬੀਆਂ ਪਾਰਟੀਆਂ ਨੇ ਵੀ ਹੁਣ ਸਖਤੀ ਵਾਲੇ ਆਪਣੇ ਪੁਰਾਣੇ ਖਾੜਕੂ ਯੁਗ ਵਾਲੀ ਨੀਤੀ ਅਪਨਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸੀਪੀਆਈ ਨੇ ਆਪਣੇ ਲੁਧਿਆਣਾ ਵਾਲੇ ਪਾਰਟੀ ਦਫਤਰ ਵਿੱਚ ਪੁਲਿਸ ਦੇ ਖਿਲਾਫ ਬਾਕਾਇਦਾ ਇੱਕ ਪਰੈਸ ਕਾਨਫਰੰਸ ਵੀ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਭਾ ਕ ਪਾ) ਨੇ ਨਗਰ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ। ਪਾਰਟੀ ਨੇ ਕਿਹਾ ਕਿ ਇਸ ਕਰਕੇ ਆਮ ਸ਼ਹਿਰੀ ਦਾ ਜੀਵਨ ਅਸੁੱਰਖਿਅਤ ਹੁੰਦਾ ਜਾ ਰਿਹਾ ਹੈ।  ਪਾਰਟੀ ਨੇ ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪਰਗਟਾਵਾ ਵੀ ਕੀਤਾ।  ਬੜੇ ਦੁੱਖ ਦੀ ਗੱਲ ਹੈ ਕਿ ਪੁਲਿਸ ਤੇ ਪਰਸ਼ਾਸਨ ਜਿਸਨੇ ਕਿ ਕਾਨੂੰਨ ਦੀ ਰਖਵਾਲੀ ਕਰਨੀ ਹੈ, ਇਸ ਸਥਿਤੀ ਬਾਰੇ ਬਿਲਕੁਲ ਅੱਖਾਂ ਮੀਟੀ ਬੈਠੇ ਹਨ ਤੇ ਕੇਵਲ ਮਗਰਮੱਛ ਦੇ ਹੰਝੂ ਡੋਲ ਰਹੇ ਹਨ। ਇਸ ਕਾਰਨ ਨਗਰ ਵਿੱਚ ਅਪਰਾਧ ਲਗਾਤਾਰ ਵਧ ਰਹੇ ਹਨ ਅਤੇ ਮਾਫ਼ੀਆ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਇਸ ਬਾਬਤ ਕਈ ਵੱਡੇ ਵੱਡੇ ਕੇਸ, ਸਮੇਤ ਕਤਲ ਤੇ ਬਲਾਤਕਾਰ ਤੇ ਲੜਕੀਆਂ ਨੂੰ ਕੁਕਰਮ ਵੱਲ ਧੱਕਣ ਦੀਆਂ ਹੇਠ ਲਿਖੀਆਂ ਕੁਝ ਮਿਸਾਲਾਂ ਦੇ ਰਹੇ ਹਾਂ ਜਿਹਨਾਂ ਦੇ ਹਲ ਲਈ ਪੁਲਿਸ ਵਲੋਂ ਕੇਵਲ ਅਲਫ਼ਾਜ਼ੀ  ਹਮਦਰਦੀ ਦਿੱਤੀ ਜਾਂਦੀ ਹੈ ਤੇ ਦੋਸ਼ੀ ਆਮ ਫਿਰਦੇ ਹਨ। ਇਹਨਾਂ ਪਰਿਸਥਿਤੀਆਂ ਵਿੱਚ ਕਾਨੂੰਨ ਦੀ ਹਾਲਤ ਠੀਕ ਹੋ ਹੀ ਨਹੀਂ ਸਕਦੀ। 
ਸੀਪੀਆਈ ਨੇ ਇਸ ਸਬੰਧੀ ਕੁਝ ਮਾਮਲਿਆਂ ਦੀ ਲਿਸਟ ਵੀ ਮੀਡੀਆ ਨੂੰ  ਜਾਰੀ ਕੀਤੀ। 
1. ਐਫ਼ ਆਈ ਆਰ ਨੰ 191 ਥਾਣਾ ਪੀ ਏ ਯੂ ਮਿਤੀ 26 ਅਕਤੂਬਰ 2018 ਨੂੰ ਪੁਲਿਸ ਥਾਣਾ ਪੀ ਏ ਯੂ ਅਧੀਨ   ਧਾਰਾਵਾਂ 376, 365, 384, 120 ਬੀ, 506 ਆਈ ਪੀ ਸੀ ਅੰਤਰਗਤ ਕੇਸ ਦਰਜ ਹੋਇਆ ਸੀ ਪਰ ਡੇਢ ਮਹੀਨਾ ਹੋਣ ਦੇ ਬਾਅਦ ਵੀ ਮੁੱਖ ਦੋਸ਼ੀ ਫੜਿਆ ਨਹੀਂ ਗਿਆ।
2. ਐਫ਼ ਆਈ ਆਰ ਨੰ 156 ਥਾਣਾ ਪੀ ਏ ਯੂ ਮਿਤੀ 5 stnbr 2018, ਧਾਰਾ 363 ਤੇ 366 ਏ ਅਧੀਨ ਨਾਬਾਲਿਗ ਲੜਕੀ ਬਾਬਤ ਕੇਸ ਦਰਜ ਹੋੲਆ ਪਰ ਕੋਈ ਕਾਰਵਾਈ ਨਹੀਂ ਹੋਈ।
3. ਐਫ਼ ਆਈ ਆਰ ਨੰ 0218 ਚੌਕੀ ਜਗਤਪੁਰੀ ਥਾਣਾ ਹੈਬੋਵਾਲ 7 ਦਿਸੰਬਰ  ਨੂੰ ਪੀੜਿਤਾਂ ਦੀ ਬੇਰਹਿਮੀ ਦੇ ਨਾਲ ਮਾਰ ਕੁੱਟ ਕੀਤੀ ਗਈ ਪਰ ਉਲਟ ਕੇਸ ਪੀਡਿਤਾਂ ਤੇ ਹੀ ਬਣਾ ਦਿੱਤਾ ਗਿਆ।
4. ਐਫ਼ ਆੲ ਆਰ ਨੰ 0253 ਮਿਤੀ 18 ਨਵੰਬਰ 2018 ਚੌਕੀ ਰੂਪ ਨਗਰ, ਛਾਬੜਾ ਕਲੋਨੀ ਧਾਂਦਰਾ ਰੋਡ ਅਧੀਨ ਕਾਰਵਾਈ ਤਾਂ ਕੀ ਕਰਨੀ ਪੁਲਿਸ ਉਲਟ ਪੀੜਿਤ ਨੂੰ ਜਗ੍ਹਾ ਖਾਲੀ ਕਰਨ ਦੇ ਲਈ ਧਮਕੀਆਂ ਦੇ ਰਹੀ ਹੈ।
5. ਐਫ਼ ਆੲ ਆਰ ਨੰ 188 ਥਾਣਾ ਸਰਾਭਾ ਨਗਰ ਨਾਬਾਲਿਗ ਲੜਕੀ ਦੇ ਗਾਇਬ ਹੋਣ ਬਾਰੇ ਜਿਸ ਬਾਬਤ ਸ਼ੱਕ ਹੈ ਕਿ ਉਸਨੂੰ ਧੰਧੇ ਵਿੱਚ ਧੱਕ ਦਿੱਤਾ ਗਿਆ ਹੈ,  ਕੋਈ ਕਾਰਵਾਈ ਨਹੀਂ ਹੋਈ।
6. ਪਰਤਾਪ ਸਿੰਘ ਵਾਲਾ ਦੇ ਕੇਸ ਜਿਸ ਵਿੱਚ ਪੀੜਿਤਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਤੇ ਹਾਈ ਕੋਰਟ ਨੇ ਦੋਸ਼ੀਆਂ ਨੂੰ ਫੜਨ ਦੇ ਲਈ ਹੁਕਮ ਦਿੱਤਾ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ ਤੇ ਮਾਨਯੋਗ ਹਾਈ ਕੋਰਟ ਦੀ ਉਲੰਘਣਾ ਕੀਤੀ ਜਾ ਰਹੀ ਹੈ।
7. ਸੁੰਦਰ ਨਗਰ ਚੌਕੀ ਅਧੀਨ ਕਤਲ ਦਾ ਕੇਸ ਪਿਛਲੇ ਦੋ ਸਾਲਾਂ ਤੋਂ ਚਲਦਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
8. ਮਈ 2018 ਵਿੱਚ ਨਸ਼ਿਆਂ ਸਮੇਤ ਗੱਡੀ ਫੜੀ ਗਈ ਸੀ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਹੀ ਨਹੀਂ ਕੀਤੀ ਬਲਕਿ ਐਵੀਡੈਂਸ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਪਾਰਟੀ ਨੇ ਇਹ ਵੀ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਸ਼ਹਿਰੀਆਂ ਨੂੰ ਹਾਲਾਤ ਸੁਖਾਵੇਂ ਹੋਣ ਦੀ ਕੋਈ ਉੱਮੀਦ ਨਹੀਂ ਰੱਖਣੀ ਚਾਹੀਦੀ। ਇਸਤੋਂ ਇਲਾਵਾ ਅਨੇਕਾਂ ਐਸੇ ਕੇਸ ਹਨ ਜਿੱਥੇ ਕਿ ਸਥਾਨਕ ਪੁਲਿਸ ਦੋਸ਼ੀਆਂ, ਅਪਰਾਧੀਆਂ ਤੇ ਮਾਫ਼ੀਆ ਦੇ ਨਾਲ ਰਲੀ ਹੋਈ ਹੈ ਤੇ ਗਰੀਬ ਲੋਕ ਪੁਲਿਸ ਦੀ ਅਣਗਹਿਲੀ ਦੇ ਕਾਰਨ ਪਰੇਸ਼ਾਨ ਹਨ। ਪੁਲਿਸ ਅਤੇ ਪਰਸ਼ਾਸਨ ਨੂੰ ਚਾਹੀਦਾ ਹੈ ਕਿ  ਉਪਰੋਕਤ ਕੇਸਾਂ ਵਿੱਚ ਦਿੱਤੇ ਦੋਸ਼ੀਆਂ ਨੂੰ ਪਹਿਲ ਦੇ ਅਧਾਰ ਤੇ ਫੜੇ ਤਾਂ ਕਿ ਆਮ ਸ਼ਹਿਰੀਆਂ ਦਾ ਵਿਸ਼ਵਾਸ ਬਣਿਆ ਰਹੇ।  ਪਾਰਟੀ ਇਸ ਲਾਕਾਨੂੰਨੀ ਅਤੇ ਪੁਲਿਸ ਦੀ ਅਣਗਹਿਲੀ ਵਿਰੁੱਧ ਮੋਰਚਾ ਲਾਏਗੀ। ਪਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ -ਸੀ ਪੀ ਆਈ ਦੇ ਜ਼ਿਲਾ ਸਕੱਤਰ- ਕਾਮਰੇਡ ਡੀ ਪੀ ਮੌੜ ਦੇ ਨਾਲ ਨਾਲ ਉਘੇ ਲੀਡਰ ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ, ਗੁਰਨਾਮ ਸਿੰਘ ਸਿੱਧੂ ਅਤੇ ਕਈ  ਹੋਰ। ਸੀਪੀਆਈ ਨੇ ਇਸ ਮੌਕੇ ਪੀੜਿਤ ਪਰਿਵਾਰਾਂ ਨੂੰ ਵੀ ਮੀਡੀਆ ਸਾਹਮਣੇ ਲਿਆਂਦਾ। ਹੁਣ ਦੇਖਣਾ ਹੈ ਕਿ ਪਾਰਟੀ ਵੱਲੋਂ ਉਠਾਏ ਗਏ ਇਹ ਮਾਮਲੇ ਕਿੰਨੀ ਜਲਦੀ ਹਲ ਹੁੰਦੇ ਹਨ।