Dec 14, 2018, 6:11 PM
ਲਾਕਾਨੂੰਨੀ ਅਤੇ ਅਣਗਹਿਲੀ ਵਿਰੁੱਧ ਮੋਰਚਾ ਲਾਉਣ ਦੀ ਵੀ ਚੇਤਾਵਨੀ
ਲੁਧਿਆਣਾ:14 ਦਸੰਬਰ 2018: (ਪੰਜਾਬ ਸਕਰੀਨ ਬਿਊਰੋ)::
ਅਮਨ ਕਾਨੂੰਨ, ਪੁਲਿਸ ਅਤੇ ਪਰਸ਼ਾਸਨ ਨਾਲ ਬਹੁਤ ਸਹਿਯੋਗੀ ਭਾਵਨਾ ਵਾਲੀਆਂ ਪਾਰਟੀਆਂ ਵੱਜੋਂ ਗਿਣੀਆਂ ਜਾਂਦੀਆਂ ਖੱਬੀਆਂ ਪਾਰਟੀਆਂ ਨੇ ਵੀ ਹੁਣ ਸਖਤੀ ਵਾਲੇ ਆਪਣੇ ਪੁਰਾਣੇ ਖਾੜਕੂ ਯੁਗ ਵਾਲੀ ਨੀਤੀ ਅਪਨਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸੀਪੀਆਈ ਨੇ ਆਪਣੇ ਲੁਧਿਆਣਾ ਵਾਲੇ ਪਾਰਟੀ ਦਫਤਰ ਵਿੱਚ ਪੁਲਿਸ ਦੇ ਖਿਲਾਫ ਬਾਕਾਇਦਾ ਇੱਕ ਪਰੈਸ ਕਾਨਫਰੰਸ ਵੀ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਭਾ ਕ ਪਾ) ਨੇ ਨਗਰ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ। ਪਾਰਟੀ ਨੇ ਕਿਹਾ ਕਿ ਇਸ ਕਰਕੇ ਆਮ ਸ਼ਹਿਰੀ ਦਾ ਜੀਵਨ ਅਸੁੱਰਖਿਅਤ ਹੁੰਦਾ ਜਾ ਰਿਹਾ ਹੈ। ਪਾਰਟੀ ਨੇ ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪਰਗਟਾਵਾ ਵੀ ਕੀਤਾ। ਬੜੇ ਦੁੱਖ ਦੀ ਗੱਲ ਹੈ ਕਿ ਪੁਲਿਸ ਤੇ ਪਰਸ਼ਾਸਨ ਜਿਸਨੇ ਕਿ ਕਾਨੂੰਨ ਦੀ ਰਖਵਾਲੀ ਕਰਨੀ ਹੈ, ਇਸ ਸਥਿਤੀ ਬਾਰੇ ਬਿਲਕੁਲ ਅੱਖਾਂ ਮੀਟੀ ਬੈਠੇ ਹਨ ਤੇ ਕੇਵਲ ਮਗਰਮੱਛ ਦੇ ਹੰਝੂ ਡੋਲ ਰਹੇ ਹਨ। ਇਸ ਕਾਰਨ ਨਗਰ ਵਿੱਚ ਅਪਰਾਧ ਲਗਾਤਾਰ ਵਧ ਰਹੇ ਹਨ ਅਤੇ ਮਾਫ਼ੀਆ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਇਸ ਬਾਬਤ ਕਈ ਵੱਡੇ ਵੱਡੇ ਕੇਸ, ਸਮੇਤ ਕਤਲ ਤੇ ਬਲਾਤਕਾਰ ਤੇ ਲੜਕੀਆਂ ਨੂੰ ਕੁਕਰਮ ਵੱਲ ਧੱਕਣ ਦੀਆਂ ਹੇਠ ਲਿਖੀਆਂ ਕੁਝ ਮਿਸਾਲਾਂ ਦੇ ਰਹੇ ਹਾਂ ਜਿਹਨਾਂ ਦੇ ਹਲ ਲਈ ਪੁਲਿਸ ਵਲੋਂ ਕੇਵਲ ਅਲਫ਼ਾਜ਼ੀ ਹਮਦਰਦੀ ਦਿੱਤੀ ਜਾਂਦੀ ਹੈ ਤੇ ਦੋਸ਼ੀ ਆਮ ਫਿਰਦੇ ਹਨ। ਇਹਨਾਂ ਪਰਿਸਥਿਤੀਆਂ ਵਿੱਚ ਕਾਨੂੰਨ ਦੀ ਹਾਲਤ ਠੀਕ ਹੋ ਹੀ ਨਹੀਂ ਸਕਦੀ।
ਸੀਪੀਆਈ ਨੇ ਇਸ ਸਬੰਧੀ ਕੁਝ ਮਾਮਲਿਆਂ ਦੀ ਲਿਸਟ ਵੀ ਮੀਡੀਆ ਨੂੰ ਜਾਰੀ ਕੀਤੀ।
1. ਐਫ਼ ਆਈ ਆਰ ਨੰ 191 ਥਾਣਾ ਪੀ ਏ ਯੂ ਮਿਤੀ 26 ਅਕਤੂਬਰ 2018 ਨੂੰ ਪੁਲਿਸ ਥਾਣਾ ਪੀ ਏ ਯੂ ਅਧੀਨ ਧਾਰਾਵਾਂ 376, 365, 384, 120 ਬੀ, 506 ਆਈ ਪੀ ਸੀ ਅੰਤਰਗਤ ਕੇਸ ਦਰਜ ਹੋਇਆ ਸੀ ਪਰ ਡੇਢ ਮਹੀਨਾ ਹੋਣ ਦੇ ਬਾਅਦ ਵੀ ਮੁੱਖ ਦੋਸ਼ੀ ਫੜਿਆ ਨਹੀਂ ਗਿਆ।
2. ਐਫ਼ ਆਈ ਆਰ ਨੰ 156 ਥਾਣਾ ਪੀ ਏ ਯੂ ਮਿਤੀ 5 stnbr 2018, ਧਾਰਾ 363 ਤੇ 366 ਏ ਅਧੀਨ ਨਾਬਾਲਿਗ ਲੜਕੀ ਬਾਬਤ ਕੇਸ ਦਰਜ ਹੋੲਆ ਪਰ ਕੋਈ ਕਾਰਵਾਈ ਨਹੀਂ ਹੋਈ।
3. ਐਫ਼ ਆਈ ਆਰ ਨੰ 0218 ਚੌਕੀ ਜਗਤਪੁਰੀ ਥਾਣਾ ਹੈਬੋਵਾਲ 7 ਦਿਸੰਬਰ ਨੂੰ ਪੀੜਿਤਾਂ ਦੀ ਬੇਰਹਿਮੀ ਦੇ ਨਾਲ ਮਾਰ ਕੁੱਟ ਕੀਤੀ ਗਈ ਪਰ ਉਲਟ ਕੇਸ ਪੀਡਿਤਾਂ ਤੇ ਹੀ ਬਣਾ ਦਿੱਤਾ ਗਿਆ।
4. ਐਫ਼ ਆੲ ਆਰ ਨੰ 0253 ਮਿਤੀ 18 ਨਵੰਬਰ 2018 ਚੌਕੀ ਰੂਪ ਨਗਰ, ਛਾਬੜਾ ਕਲੋਨੀ ਧਾਂਦਰਾ ਰੋਡ ਅਧੀਨ ਕਾਰਵਾਈ ਤਾਂ ਕੀ ਕਰਨੀ ਪੁਲਿਸ ਉਲਟ ਪੀੜਿਤ ਨੂੰ ਜਗ੍ਹਾ ਖਾਲੀ ਕਰਨ ਦੇ ਲਈ ਧਮਕੀਆਂ ਦੇ ਰਹੀ ਹੈ।
5. ਐਫ਼ ਆੲ ਆਰ ਨੰ 188 ਥਾਣਾ ਸਰਾਭਾ ਨਗਰ ਨਾਬਾਲਿਗ ਲੜਕੀ ਦੇ ਗਾਇਬ ਹੋਣ ਬਾਰੇ ਜਿਸ ਬਾਬਤ ਸ਼ੱਕ ਹੈ ਕਿ ਉਸਨੂੰ ਧੰਧੇ ਵਿੱਚ ਧੱਕ ਦਿੱਤਾ ਗਿਆ ਹੈ, ਕੋਈ ਕਾਰਵਾਈ ਨਹੀਂ ਹੋਈ।
6. ਪਰਤਾਪ ਸਿੰਘ ਵਾਲਾ ਦੇ ਕੇਸ ਜਿਸ ਵਿੱਚ ਪੀੜਿਤਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਤੇ ਹਾਈ ਕੋਰਟ ਨੇ ਦੋਸ਼ੀਆਂ ਨੂੰ ਫੜਨ ਦੇ ਲਈ ਹੁਕਮ ਦਿੱਤਾ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ ਤੇ ਮਾਨਯੋਗ ਹਾਈ ਕੋਰਟ ਦੀ ਉਲੰਘਣਾ ਕੀਤੀ ਜਾ ਰਹੀ ਹੈ।
7. ਸੁੰਦਰ ਨਗਰ ਚੌਕੀ ਅਧੀਨ ਕਤਲ ਦਾ ਕੇਸ ਪਿਛਲੇ ਦੋ ਸਾਲਾਂ ਤੋਂ ਚਲਦਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
8. ਮਈ 2018 ਵਿੱਚ ਨਸ਼ਿਆਂ ਸਮੇਤ ਗੱਡੀ ਫੜੀ ਗਈ ਸੀ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਹੀ ਨਹੀਂ ਕੀਤੀ ਬਲਕਿ ਐਵੀਡੈਂਸ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਪਾਰਟੀ ਨੇ ਇਹ ਵੀ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਸ਼ਹਿਰੀਆਂ ਨੂੰ ਹਾਲਾਤ ਸੁਖਾਵੇਂ ਹੋਣ ਦੀ ਕੋਈ ਉੱਮੀਦ ਨਹੀਂ ਰੱਖਣੀ ਚਾਹੀਦੀ। ਇਸਤੋਂ ਇਲਾਵਾ ਅਨੇਕਾਂ ਐਸੇ ਕੇਸ ਹਨ ਜਿੱਥੇ ਕਿ ਸਥਾਨਕ ਪੁਲਿਸ ਦੋਸ਼ੀਆਂ, ਅਪਰਾਧੀਆਂ ਤੇ ਮਾਫ਼ੀਆ ਦੇ ਨਾਲ ਰਲੀ ਹੋਈ ਹੈ ਤੇ ਗਰੀਬ ਲੋਕ ਪੁਲਿਸ ਦੀ ਅਣਗਹਿਲੀ ਦੇ ਕਾਰਨ ਪਰੇਸ਼ਾਨ ਹਨ। ਪੁਲਿਸ ਅਤੇ ਪਰਸ਼ਾਸਨ ਨੂੰ ਚਾਹੀਦਾ ਹੈ ਕਿ ਉਪਰੋਕਤ ਕੇਸਾਂ ਵਿੱਚ ਦਿੱਤੇ ਦੋਸ਼ੀਆਂ ਨੂੰ ਪਹਿਲ ਦੇ ਅਧਾਰ ਤੇ ਫੜੇ ਤਾਂ ਕਿ ਆਮ ਸ਼ਹਿਰੀਆਂ ਦਾ ਵਿਸ਼ਵਾਸ ਬਣਿਆ ਰਹੇ। ਪਾਰਟੀ ਇਸ ਲਾਕਾਨੂੰਨੀ ਅਤੇ ਪੁਲਿਸ ਦੀ ਅਣਗਹਿਲੀ ਵਿਰੁੱਧ ਮੋਰਚਾ ਲਾਏਗੀ। ਪਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ -ਸੀ ਪੀ ਆਈ ਦੇ ਜ਼ਿਲਾ ਸਕੱਤਰ- ਕਾਮਰੇਡ ਡੀ ਪੀ ਮੌੜ ਦੇ ਨਾਲ ਨਾਲ ਉਘੇ ਲੀਡਰ ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ, ਗੁਰਨਾਮ ਸਿੰਘ ਸਿੱਧੂ ਅਤੇ ਕਈ ਹੋਰ। ਸੀਪੀਆਈ ਨੇ ਇਸ ਮੌਕੇ ਪੀੜਿਤ ਪਰਿਵਾਰਾਂ ਨੂੰ ਵੀ ਮੀਡੀਆ ਸਾਹਮਣੇ ਲਿਆਂਦਾ। ਹੁਣ ਦੇਖਣਾ ਹੈ ਕਿ ਪਾਰਟੀ ਵੱਲੋਂ ਉਠਾਏ ਗਏ ਇਹ ਮਾਮਲੇ ਕਿੰਨੀ ਜਲਦੀ ਹਲ ਹੁੰਦੇ ਹਨ।
No comments:
Post a Comment