Monday, December 9, 2019

ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਫਿਰ ਰੋਹ ਅਤੇ ਰੋਸ ਵਿੱਚ

Monday: Dec 9, 2019, 6:47 PM
ਹੁਣ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਖਿਲਾਫ਼ ਅਣਮਿੱਥੇ ਸਮੇਂ ਦਾ ਧਰਨਾ
ਅਣਮਿੱਥੇ ਸਮੇਂ ਵਾਲਾ ਇਹ ਧਰਨਾ ਮੁਜ਼ਾਹਰਾ ਸ਼ੁਰੂ ਹੋਵੇਗਾ 15 ਦਸੰਬਰ ਨੂੰ 
ਲੁਧਿਆਣਾ: 09 ਦਸੰਬਰ 2019: (ਕਾਮਰੇਡ ਸਕਰੀਨ ਬਿਊਰੋ):: 
ਸੋਮਵਾਰ ਨੂੰ ਪੰਜਾਬੀ ਭਵਨ ਵਿੱਚ ਮੀਟਿੰਗ ਤੋਂ ਬਾਅਦ ਐਕਸ਼ਨ ਕਮੇਟੀ ਮੈਂਬਰਾਂ ਦੀ ਫੋਟੋ 
15 ਸਾਲਾਂ ਦੀ ਉਮਰ ਦੇ ਨਾਬਾਲਗ ਮਜ਼ਦੂਰ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਵਿਰੁੱਧ ਭਾਵੇਂ ਲੁਧਿਆਣਾ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਦੀ ਜ਼ਮੀਰ ਨਹੀਂ ਜਾਗੀ ਪਰ ਜਿਹਨਾਂ ਖੱਬੇਪੱਖੀ ਸੰਗਠਨਾਂ ਨੇ ਇਹ ਸੰਘਰਸ਼ ਅਰੰਭਿਆ ਉਹ ਸੰਘਰਸ਼ ਹੁਣ ਹੋਰ ਲੰਮਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਕਤਲ ਦਾ ਵਿਰੋਧ ਕਰਨ ਵਾਲੇ ਖੱਬੇ ਪੱਖੀ ਆਗੂਆਂ ਨੂੰ ਬਾਰ ਬਾਰ ਵਾਅਦੇ ਕਰਕੇ ਵੀ ਹੁਣ ਤੱਕ ਰਿਹਾ ਨਾ ਕਰਨ ਵਿਰੁੱਧ ਰੋਸ ਅਤੇ ਰੋਹ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਸੰਗਠਨਾਂ ਦੇ ਦਸ ਆਗੂ ਲਗਾਤਾਰ ਜੇਲ੍ਹ ਵਿੱਚ ਹਨ। ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਹੰਬੜਾਂ ਚੌਂਕੀ ਸਾਹਮਣੇ ਵੀ ਭਾਰੀ ਰੋਸ ਮੁਜ਼ਾਹਰਾ ਕੀਤਾ ਸੀ। ਇਸ ਲੰਮੇ ਅਤੇ ਰੋਹ ਭਰੇ ਰੋਸ ਮਾਰਚ ਦੀਆਂ ਵੀਡੀਓ ਖੁਦ ਪੁਲਿਸ ਮੁਲਾਜ਼ਮਾਂ ਨੇ ਵੀ ਕਈ ਕਈ ਐਂਗਲਾਂ ਤੋਂ ਬਣਾਇਆ ਸਨ। ਉਦੋਂ ਏਸੀਪੀ (ਪੱਛਮੀ) ਵਰਮਾ ਨੇ ਬੜੀ ਹੀ ਮਿਠਾਸ ਭਰੇ ਢੰਗ ਨਾਲ ਵਖਾਵਕਾਰੀਆਂ ਨੂੰ ਯਕੀਨ ਦੁਆਇਆ ਕਿ ਬਸ ਦੋ ਕੁ ਦਿਨਾਂ ਵਿੱਚ ਹੀ ਇਹ ਮਾਮਲਾ ਹਲ ਹੋ ਜਾਣਾ ਹੈ ਅਤੇ ਇਹਨਾਂ ਲੀਡਰਾਂ ਨੂੰ ਰਿਹਾ ਕਰ ਦਿੱਤਾ ਜਾਏਗਾ। ਜਦੋਂ ਇਹ ਵਾਅਦਾ ਵੀ ਪੂਰਾ ਨਹੀਂ ਹੋਇਆ ਤਾਂ ਇਹਨਾਂ ਸੰਗਠਨਾਂ ਨੇ ਏਸੀਪੀ (ਪੱਛਮੀ) ਸਮੀਰ ਵਰਮਾ ਦੇ ਦਫਤਰ ਸਾਹਮਣੇ  ਧਰਨਾ ਮੁਜ਼ਾਹਰਾ ਸ਼ੁਰੂ ਕੀਤਾ ਜਿਹੜਾ ਕਿ ਭਾਰੀ ਬਾਰਿਸ਼ ਦੇ ਬਾਵਜੂਦ ਜਾਰੀ ਰਿਹਾ। ਇਹਨਾਂ ਸੰਗਠਨਾਂ ਨੇ ਇੱਕ ਵਾਰ ਫੇਰ ਪੁਲਿਸ ਵਿਭਾਗ 'ਤੇ ਯਕੀਨ ਕਰਦਿਆਂ ਆਪਣੇ ਇਸ ਅੰਦੋਲਨ ਨੂੰ ਦੇਰ ਸ਼ਾਮ ਵਾਪਿਸ ਲੈ ਲਿਆ ਕਿ ਦੇਰ ਸਵੇਰ ਗਿਣ ਕੇ ਵੀ ਇਹਨਾਂ ਆਗੂਆਂ ਨੂੰ 3 ਦਸੰਬਰ ਤੱਕ ਰਿਹਾ ਕਰ ਦਿੱਤੋ ਜਾਏਗਾ। ਇਹ ਤਾਰੀਖ ਵੀ ਲੰਘ ਗਈ ਪਰ ਰਿਹੈ ਨਹੀਂ ਹੋਈ। ਪੁਲਿਸ ਲਾਰੇ ਤੇ ਲਾਰਾ ਲਾਉਂਦੀ ਰਹੀ ਅਤੇ ਇਹ ਸੰਗਠਨ ਯਕੀਨ ਵੀ ਕਰਦੇ ਰਹੇ। ਅੱਜ ਦੀ ਭਰਵੀਂ ਮੀਟਿੰਗ ਵਿੱਚ ਲਟਕਨਬਾਜ਼ੀ ਵਾਲੇ ਇਸ ਰਵਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸਦੇ ਬਾਵਜੂਦ ਇਹਨਾਂ ਰਿਹਾਈਆਂ ਲਈ ਹੋਰ ਪੰਜਾਂ ਦਿਨਾਂ ਦਾ ਸਮਾਂ ਪੁਲਿਸ ਵਿਭਾਗ ਨੂੰ ਦੇਂਦਿਆਂ ਐਲਾਨ ਕੀਤਾ ਗਿਆ ਕਿ ਜੇ ਅਜੇ ਵੀ ਰਿਹਾਈ ਨਾ ਹੋਈ ਤਾਂ ਫਿਰ 15 ਦਸੰਬਰ ਤੋਂ ਅਣਮਿੱਥੇ ਸਮੇਂ ਦਾ ਧਰਨਾ ਮੁਜ਼ਾਹਰਾ ਸਾਡੀ ਮਜਬੂਰੀ ਹੋਵੇਗੀ। ਸਰਬਸੰਮਤੀ ਨਾਲ ਇਹ ਫੈਸਲਾ ਲੈ ਕੇ ਹੀ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਅੱਜ ਦੀ ਇਹ ਮੀਟਿੰਗ ਖਤਮ ਕੀਤੀ। ਅੱਜ ਦੀ ਇਹ ਮੀਟਿੰਗ ਘਟੋਘੱਟ ਤਿੰਨ ਘੰਟੇ ਤੱਕ ਚੱਲੀ। 
ਹੰਬੜਾਂ ਕਤਲ ਤੇ ਜਬਰ ਕਾਂਡ ਖਿਲਾਫ਼ ਸੰਘਰਸ਼ ਤਿੱਖਾ ਕਰਦੇ ਹੋਏ ਅਨੇਕਾਂ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਗਠਿਤ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੇ ਸਰਾਭਾ ਨਗਰ ਸਥਿਤ ਦਫਤਰ ਅੱਗੇ ਅਣਮਿਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਹਫਤੇ ਦੌਰਾਨ ਅਣਮਿੱਥੇ ਸਮੇਂ ਦੇ ਧਰਨੇ ਦੀ ਤਿਆਰੀ ਵਜੋਂ ਚਲਾਈ ਜਾਣ ਵਾਲ਼ੀ ਮੁਹਿੰਮ ਦੇ ਅੰਗ ਵਜੋਂ ਸੰਘਰਸ਼ ਕਮੇਟੀ ਨੇ ਇੱਕ ਹੱਥਪਰਚਾ ਵੀ ਵੱਡੇ ਪੱਧਰ ਉੱਤੇ ਵੰਡਣ ਦਾ ਫੈਸਲਾ ਵੀ ਕੀਤਾ ਹੈ। ਵੱਖ-ਵੱਖ ਥਾਵਾਂ ਉੱਤੇ ਬਸਤੀਆਂ, ਪਿੰਡਾਂ ’ਚ ਇਸ ਪੁਲਿਸ ਅਫ਼ਸਰ ਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ, ਮੀਟਿੰਗਾਂ, ਨੁੱਕੜ ਸਭਾਵਾਂ ਕੀਤੀਆਂ ਜਾਣਗੀਆਂ। ਉੱਚ ਅਧਿਕਾਰੀਆਂ ਨੂੰ ਵਫਦ ਵੀ ਮਿਲਣਗੇ।
            ਹੰਬੜਾਂ ਵਿਖੇ ਇੱਕ ਠੇਕੇਦਾਰ ਵੱਲੋਂ ਪਲਾਈਵੁੱਡ ਕਾਰਖਾਨੇ ਵਿੱਚ ਕੰਮ ਕਰਦੇ 15 ਸਾਲਾ ਨਾਬਾਲਗ ਮਜ਼ਦੂਰ (ਲਵਕੁਸ਼) ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਪੁਲਿਸ ਵੱਲੋਂ ਕਤਲ ਕੇਸ ਦਰਜ ਕਰਨ, ਕਾਤਲ ਨੂੰ ਗਿਰਫਤਾਰ ਕਰਨ, ਪੀੜਤ ਪਰਿਵਾਰ ਨੂੰ ਮੁਆਵਜਾ, ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਤੇ ਹੋਰ ਜਾਇਜ ਮੰਗਾਂ ਲਈ ਮਜ਼ਦੂਰ ਜੱਥੇਬੰਦੀਆਂ ਨੂੰ ਸੜ੍ਹਕਾਂ ਉੱਤੇ ਉੱਤਰਨਾ ਪਿਆ। ਪੁਲਿਸ ਵੱਲੋਂ ਸੰਘਰਸ਼ਸ਼ੀਲ ਜੱਥੇਬੰਦੀਆਂ ਦੀਆਂ ਜਾਇਜ ਮੰਗਾਂ ਮੰਨਣ ਦੀ ਥਾਂ 10 ਜਨਤਕ-ਜਮਹੂਰੀ ਆਗੂਆਂ ਨੂੰ ਹੀ ਝੂਠਾ ਕੇਸ ਪਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਹਨਾਂ ਵਿੱਚ ਕਈ ਆਗੂ ਤਾਂ ਬਜ਼ੁਰਗ ਹਨ। ਇਸ ਖਿਲਾਫ ਬਣੀ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਸਾਹਮਣੇ ਏ.ਸੀ.ਪੀ. ਸਮੀਰ ਵਰਮਾ ਨੇ 21 ਨਵੰਬਰ ਨੂੰ ਹੰਬੜਾਂ ਵਿਖੇ ਪੁਲਿਸ ਚੌਂਕੀ ’ਤੇ ਹੋਏ ਜ਼ੋਰਦਾਰ ਮੁਜ਼ਾਹਰੇ ਦੌਰਾਨ ਸਭਨਾਂ ਲੋਕ ਆਗੂਆਂ ਨੂੰ ਜਲਦ ਰਿਹਾ ਕਰਨ ਦੀ ਗੱਲ ਮੰਨੀ ਸੀ। 26 ਨਵੰਬਰ ਨੂੰ ਏਸੀਪੀ (ਪੱਛਮੀ) ਦੇ ਦਫਤਰ ਅੱਗੇ ਹੋਏ ਮੁਜ਼ਾਹਰੇ ਦੌਰਾਨ ਵੀ ਇਸ ਅਫਸਰ ਨੇ ਵਾਅਦਾ ਦੁਹਰਾਇਆ ਸੀ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਜੇਲ੍ਹ ਵਿੱਚ ਡੱਕੇ ਆਗੂ ਬੇਗੁਨਾਹ ਪਾਏ ਗਏ ਹਨ ਪਰ ਇਸ ਅਫ਼ਸਰ ਵੱਲੋਂ ਰਿਹਾਈ ਸਬੰਧੀ ਕਾਰਵਾਈ ਨੂੰ ਜਲਦ ਪੂਰਾ ਕਰਨ ਦਾ ਵਾਅਦਾ ਪੁਗਾਇਆ ਨਹੀਂ ਗਿਆ ਸਗੋਂ ਰਿਹਾਈ ਦੀ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਹੁਣ ਉਸ ਕੋਲ ਸੜ੍ਹਕਾਂ ਉੱਤੇ ਉੱਤਰਨ ਤੋਂ ਸਿਵਾ ਹੁਣ ਹੋਰ ਕੋਈ ਰਾਹ ਨਹੀਂ ਬਚਿਆ।
            ਲੋਕ ਸੰਘਰਸ਼ ਦੇ ਦਬਾਅ ਹੇਠ ਪੁਲਿਸ ਨੇ ਕਾਤਲ ਰਘਬੀਰ ਪਾਸਵਾਨ ਨੂੰ ਗਿਰਫਤਾਰ ਕੀਤਾ ਹੈ। ਸੰਘਰਸ਼ ਕਮੇਟੀ ਦੀ ਇਹ ਵੀ ਮੰਗ ਹੈ ਕਿ ਉਸਨੂੰ ਸਖਤ ਤੋਂ ਸਖਤ ਸਜਾ ਕਰਵਾਈ ਜਾਵੇ, ਪੀੜਤ ਪਰਿਵਾਰ ਨੂੰ ਜਲਦ ਢੁੱਕਵਾਂ ਮੁਆਵਜਾ ਦਿੱਤਾ ਜਾਵੇ, ਕਾਰਖਾਨਿਆਂ ਤੇ ਹੋਰ ਕੰਮ ਥਾਵਾਂ ਉੱਤੇ ਬਾਲ ਮਜ਼ਦੂਰੀ ਉੱਤੇ ਰੋਕ ਲੱਗੇ, ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ, ਇੱਕਮੁੱਠ ਹੱਕੀ ਅਵਾਜ਼ ਉਠਾਉਣ, ਸੰਘਰਸ਼ ਕਰਨ ਦਾ ਲੋਕ ਹੱਕ ਬਹਾਲ ਕੀਤਾ ਜਾਵੇ।
            ਸੰਘਰਸ਼ ਕਮੇਟੀ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਏਟਕ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਨੌਜਵਾਨ ਭਾਰਤ ਸਭਾ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜਮ ਫਰੰਟ, ਡੀਟੀਐਫ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ,  ਤੇ ਹੋਰ ਅਨੇਕਾਂ ਜੱਥੇਬੰਦੀਆਂ ਸ਼ਾਮਲ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਅਨੇਕਾਂ ਜੱਥੇਬੰਦੀਆਂ ਵੱਲੋਂ ਵੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਹੋਰ ਵੇਰਵਾ ਲੈਣ ਜਾਂ ਇਸ ਅੰਦੋਲਨ ਨਾਲ ਜੁੜਣ ਲਈ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੂਰਜ ਨਾਲ ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ--98552-81358

No comments:

Post a Comment