Thursday, December 12, 2019

ਧਰਮ ਆਧਾਰਿਤ ਵਿੱਤਕਰਾ ਸਾਡੇ ਸੰਵਿਧਾਨ ਦੀ ਘੋਰ ਉਲੰਘਣਾ:ਡਾ. ਦਿਆਲ

Thursday: Dec 12, 2019: 5:48 PM
ਸ਼ਾਮਲਾਤ ਜਮੀਨਾਂ ਬਚਾਉਣ ਲਈ 23 ਦਸੰਬਰ ਨੂੰ ਮੰਗ ਪੱਤਰ ਦੇਵਾਂਗੇ:ਗੋਰੀਆ
ਲੁਧਿਆਣਾ: 12 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਕਾ. ਦੇਵੀ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਸੀ.ਪੀ.ਆਈ. ਨੇ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਤੇ ਅੱਤਿਆਚਾਰ ਵੱਧ ਰਹੇ ਹਨ। ਇਹਨਾਂ ਦਿਨਾਂ ਵਿੱਚ ਔਰਤਾਂ ਅਤੇ ਬੱਚੀਆਂ ਤੇ ਜ਼ੁਲਮ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ ਹਨ। ਅੱਜ ਇੱਥੇ ਕੇਂਦਰ ਵਿੱਚ ਰਾਜ ਕਰ ਰਹੀ ਐਨ.ਡੀ.ਏ. ਦੀ ਸਰਕਾਰ ਨੇ ਧਰਮ ਤੇ ਆਧਾਰਿਤ ਵਿਅਕਤੀਆਂ ਨਾਲ ਵਿਤਕਰੇ ਦਾ ਕਾਨੂੰਨ ਪਾਸ ਕਰ ਦਿੱਤਾ, ਜੋ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੀ ਘੋਰ ਉਲੰਘਣਾ ਹੈ, ਕਿਉਂਕਿ ਇੱਥੋਂ ਦੀਆਂ ਘੱਟ ਗਿਣਤੀਆਂ ਖਾਸ ਤੌਰ ‘ਤੇ ਮੁਸਲਮਾਨਾਂ ਨੂੰ ਸੰਵਿਧਾਨ ਵਿੱਚ ਬਰਾਬਰਤਾ ਦੇ ਹੱਕ ਅਧੀਨ ਨਾਗਰਿਕਤਾ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਇਸ ਗੱਲ ਦਾ ਵਿਰੋਧ ਅਮਰੀਕਾ ਅਤੇ ਸਾਰੇ ਯੂਰਪ ਵਿੱਚ ਵੀ ਹੋ ਰਿਹਾ ਹੈ। ਦੇਸ਼ ਵਿੱਚ ਮਨੂਵਾਦ ਅਤੇ ਸਨਾਤਨੀ ਵਿਚਾਰਧਾਰਾ ਲਗਾਤਾਰ ਵੱਧ ਰਹੀ ਹੈ। ਇੱਥੇ ਅਮੀਰਾਂ ਲਈ ਹੋਰ ਅਤੇ ਗਰੀਬਾਂ ਲਈ ਹੋਰ ਕਾਨੂੰਨ ਹਨ। ਇਸੇ ਲਈ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਕਿ ਇੱਥੋਂ ਦੇ ਗਰੀਬ ਲੋਕਾਂ ਨੂੰ ਇਨਸਾਫ ਮਿਲਣਾ ਬਹੁਤ ਮੁਸ਼ਕਿਲ ਕੰਮ ਹੈ। ਬਦਕਿਸਮਤੀ ਇਹ ਵੀ ਹੈ ਕਿ ਦੇਸ਼ ਵਿੱਚ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਅਮਲ ਦੇ ਮੈਦਾਨ ਵਿੱਚ ਇੱਕਠੀਆਂ ਨਹੀਂ। ਮੋਦੀ ਸਰਕਾਰ ਆਉਣ ਤੋਂ ਬਾਅਦ ਅੱਜ ਪਿਆਜ ਦੀ ਕੀਮਤ 150/-ਰੁਪਏ ਕਿਲੋ ਨੂੰ ਪਾਰ ਕਰ ਗਈ ਹੈ । ਉਹਨਾਂ ਕਿਹਾ ਕਿ ਇੱਥੋਂ ਦੇ ਮਿਹਨਤਕਸ਼ ਲੋਕਾਂ ਨੂੰ ਵਧੇਰੇ ਇੱਕਠੇ ਹੋ ਕੇ ਹਿੰਮਤ ਨਾਲ ਲੜਾਈ ਤੇਜ ਕਰਨੀ ਚਾਹੀਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ 20 ਮਾਰਚ 2020 ਨੂੰ ਦਿੱਲੀ ਵਿਖੇ ਪਿੰਡਾਂ ਦੇ ਕਾਮੇਂ ਇਕ ਵਿਸ਼ਾਲ ਰੋਸ ਰੈਲੀ ਕਰਕੇੇ ਆਪਣੀਆਂ ਮੰਗਾਂ ਦਾ ਮੰਗ-ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਪੇਸ਼ ਕਰਨ ਜਾ ਰਹੇ ਹਨ। ਪੰਜਾਬ ਵਿਚ ਇਸਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਦੇਸ਼ ਵਿੱਚ ਫੈਲੀ ਆਰਥਿਕ ਮੰਦੀ ਨੇ ਪਿੰਡਾਂ ਦੇ ਕਿਰਤੀਆਂ ਦੇ ਹੱਥੋਂ ਰੁਜ਼ਗਾਰ ਖੋਹ ਲਿਆ ਹੈ ਬਦਲਵੇਂ ਕੰਮ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਇਹਨਾਂ ਕਾਮਿਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ। ਪੰਜਾਬ ਸਰਕਾਰ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਨੂੰ ਵੱਡੇ ਸਨਅਤਕਾਰਾਂ ਦੇ ਹਵਾਲੇ ਕਰਨ ਜਾ ਰਹੀ ਹੈ। ਇਹ ਜਮੀਨਾਂ ਪੇਂਡੂ ਵਿਕਾਸ, ਇੱਥੋਂ ਦੇ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਰੋਟੀ ਰੋਜੀ ਦਾ ਸਾਧਨ ਹੈ ਅਤੇ ਲੈਂਡ ਹੋਲਡਿੰਗ ਐਕਟ 2007 ਦੀ ਧਾਰਾ 42-ਏ ਅਧੀਨ ਇਸਨੂੰ ਮੁੜ ਤਕਸੀਮ ਨਹੀਂ ਕੀਤਾ ਜਾ ਸਕਦਾ। ਇਸਨੂੰ ਸਾਂਝੇ ਕੰਮਾਂ ਖਾਸ ਤੌਰ ‘ਤੇ ਅਨੁਸੂਚਿਤ ਜਾਤੀਆਂ ਲਈ ਰਿਹਾਇਸ਼ੀ ਪਲਾਟ ਦੇਣ ਲਈ ਵਰਤਿਆ ਜਾ ਸਕਦਾ ਹੈ। ਇੱਥੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀ ਰਾਏ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਜੱਥੇਬੰਦੀ ਪੰਜਾਬ ਵਿੱਚ ਸਨਅਤਾਂ ਲਗਾਉਣ ਦੇ ਖਿਲਾਫ ਨਹੀਂ ਪੰਜਾਬ ਸਰਕਾਰ ਇਸ ਵਾਸਤੇ ਹੋਰ ਜਮੀਨ 1  ਕਰਕੇ ਦੇਵੇ । ਜੱਥੇਬੰਦੀ ਇਹਨਾਂ ਜਮੀਨਾਂ ਨੂੰ ਬਚਾਉਣ ਲਈ 23 ਦਸੰਬਰ ਨੂੰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਅਨੁਸੂਚਿਤ ਜਾਤੀਆਂ ਦੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਜਾਰੀ ਨਹੀਂ ਕੀਤੇ, ਜਿਸ ਕਾਰਨ ਇਹਨਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਉਸਾਰੀ ਕਾਮਿਆਂ ਦੇ ਕਾਨੂੰਨ ਅਧੀਨ ਕਾਮਿਆਂ ਨੂੰ ਮਿਲਦੀਆਂ ਸਹੂਲਤਾਂ ਦੀਆਂ ਦਰਖਾਸਤਾਂ ਦਾ ਨਬੇੜਾ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਅਤੇ ਇਹਨਾਂ ਦੇ ਵਿਦਿਆਰਥੀਆਂ ਨੂੰ ਵਜੀਫੇ ਦੇਣ ਦੇ ਹੱਕ ਨੂੰ ਵੀ ਖੋਹਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਮਕਾਨ ਦੇਣ ਦੀ ਸਹੂਲਤ ਕੁੱਝ ਲੋਕਾਂ ਦੇ ਪੱਲੇ ਹੀ ਪਈ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਬੇਘਰੇ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਹਨ। ਆਪਣੇ ਕੀਤੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਪੈਨਸ਼ਨ ਵਧਾਉਣ ਲਈ ਤਿਆਰ ਨਹੀਂ ਅਤੇ ਨਾ ਹੀ ਇਹਨਾਂ ਕਾਮੇਂ ਲੋਕਾਂ ਦਾ ਕਰਜਾ ਮੁਆਫ ਕੀਤਾ ਹੈ। ਪਿੰਡ ਨਾਗੋਕੇ ਜਿਲ੍ਹਾ ਤਰਨਤਾਰਨ ਵਿਖੇ ਪਿਛਲੇ 50 ਸਾਲਾਂ ਤੋਂ ਪਲਾਟਾਂ ਦੀ ਲੜਾਈ ਲੜੀ ਜਾ ਰਹੀ ਹੈ। ਪ੍ਰਸ਼ਾਸ਼ਨ ਵੱਲੋਂ ਹੁਣ ਇਹਨਾਂ ਪਲਾਟਾਂ ਦੀ ਨਿਸ਼ਾਨਦੇਹੀ ਦੇਣ ਦੀਆਂ ਖਬਰਾਂ ਤਾਂ ਹਨ ਪਰੰਤੂ ਇਹਨਾਂ ਪਲਾਟਾਂ ਦੇ ਖੇਤ ਮਜ਼ਦੂਰਾਂ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਮਕਾਨਾਂ ਤੇ ਉਸਾਰੀ ਕਰਾਉਣ ਲਈ ਸਹਾਇਤਾ ਦੇਣੀ ਜਰੂਰੀ ਹੈ। ਵਰਕਿੰਗ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਕਾ. ਗੁਲਜ਼ਾਰ ਗੋਰੀਆ ਦੀ ਜਿੰਮੇਂਵਾਰੀ ਕੇਂਦਰ ਵਿੱਚ ਤਹਿ ਹੋ ਗਈ ਹੈ। ਇਸ ਕਰਕੇ ਜੱਥੇਬੰਦੀ ਦੇ ਪ੍ਰਧਾਨ ਦੀ ਜਿੰਮੇਂਵਾਰੀ ਕਾ. ਸੰਤੋਖ ਸਿੰਘ ਸੰਘੇੜਾ ਨੂੰ ਅਤੇ ਜਨਰਲ ਸਕੱਤਰ ਦੀ ਜਿੰਮੇਂਵਾਰੀ ਕਾ. ਦੇਵੀ ਕੁਮਾਰੀ ਨੂੰ ਸਰਵ-ਸੰਮਤੀ ਨਾਲ ਦਿੱਤੀ ਗਈ ਹੈ। ਇਹਨਾਂ ਦੇ ਨਾਲ ਕਾ. ਗੁਲਜ਼ਾਰ ਸਿੰਘ ਗੋਰੀਆ ਸੀਨੀਅਰ ਮੀਤ ਪ੍ਰਧਾਨ ਅਤੇ ਕਾ. ਹਰਦੇਵ ਅਰਸ਼ੀ ਨੂੰ ਵੀ ਮੀਤ ਪ੍ਰਧਾਨ ਦੀ ਜਿੰਮੇਂਵਾਰੀ ਸੌਂਪੀ ਗਈ ਹੈ । ਮੀਟਿੰਗ ਨੇ ਫੈਸਲਾ ਕੀਤਾ ਹੈ ਕਿ 8 ਜਨਵਰੀ  ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼-ਵਿਆਪੀ ਹੜਤਾਲ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਇਸਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕੀਤੀਆਂ ਜਾਣ। ਜੱਥੇਬੰਦੀ ਨੇ ਪੰਜਾਬ ਵਿੱਚ ਖੇਤ ਮਜ਼ਦੂਰ ਦੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਪੰਜਾਬ ਸਰਕਾਰ ਦੇ ਮਾਨਯੋਗ ਸਪੀਕਰ ਨੂੰ ਸੌਂਪਣ ਲਈ ਦਸਤਖਤੀ ਮੁਹਿੰਮ ਤੇਜ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾ. ਪ੍ਰੀਤਮ ਸਿੰਘ ਨਿਆਮਤਪੁਰ, ਨਾਨਕਚੰਦ ਲੰਬੀ, ਸੁਰਿੰਦਰ ਕੁਮਾਰ ਭੈਣੀ, ਗੁਰਮੁੱਖ ਸਿੰਘ ਬਾਦਲ, ਮੁਖਤਿਆਰ ਸਿੰਘ ਫਾਜ਼ਿਲਕਾ, ਮਹਿੰਗਾ ਰਾਮ ਦੋਦਾ, ਸਵਰਨ ਸਿੰਘ ਨਾਗੋਕੇ, ਪਿਆਰੇ ਲਾਲ ਸੰਗਰੂਰ, ਪ੍ਰਕਾਸ਼ ਕੈਰੋਂ ਨੰਗਲ, ਕੁਲਵੰਤ ਸਿੰਘ ਹੁੰਝਣ, ਨਿਰਮਲ ਸਿੰਘ ਬਠਰਿਆਣਾ, ਨਛੱਤਰ ਪਾਲ ਹੁਸ਼ਿਆਰਪੁਰ, ਜੁਗਰਾਜ ਰਾਮਾ ਬਰਨਾਲਾ, ਜੋਗਿੰਦਰ ਸਿੰਘ ਗੋਪਾਲਪੁਰ, ਬਲਵੀਰ ਸਿੰਘ ਦੀਨਾ ਨਗਰ, ਸਿਮਰਤ ਕੌਰ ਝਾਂਮਪੁਰ, ਅਮਰਨਾਥ ਫਤਿਹਗੜ ਸਾਹਿਬ, ਹੀਰਾ ਸਿੰਘ ਤਰਨਤਾਰਨ, ਸੁਖਦੇਵ ਸਿੰਘ ਤਰਨਤਾਰਨ, ਮੇਜਰ ਸਿੰਘ ਤਰਨਤਾਰਨ, ਰਛਪਾਲ ਸਿੰਘ ਘੁਰਕਵਿੰਡ, ਮਹਿੰਦਰਪਾਲ ਫਗਵਾੜਾ, ਕੁਲਵੰਤ ਕੌਰ ਅਮ੍ਰਿਤਸਰ ਦਿਹਾਤੀ, ਅਮਰਜੀਤ ਕੌਰ ਬਾਮ, ਬਲਵੀਰ ਸਾਲਾਪੁਰੀ, ਮਹਿੰਦਰ ਮੰਜਾਲੀਆਂ, ਰਣਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ, ਸ਼ੇਰ ਸਿੰਘ ਅਤੇ ਭਰਪੂਰ ਸਿੰਘ ਫਾਜ਼ਿਲਕਾ ਆਦਿ ਨੇ ਸੰਬੋਧਨ ਕੀਤਾ। 

No comments:

Post a Comment