Dec 16, 2019, 5:45 PM
ਹੰਬੜਾਂ ਕਤਲ ਕਾਂਡ ਦੇ ਦੋਸ਼ੀ ਦੀ ਗਿਰਫਤਾਰੀ ਸਾਡੀ ਜਿੱਤ
ਲੋਕ ਆਗੂਆਂ ’ਤੇ ਪਾਏ ਝੂਠੇ ਕੇਸ ਰੱਦ ਹੋਣ ਤੇ ਜੇਲ੍ਹ ਤੋਂ ਰਿਹਾਈ ਵੀ ਸਾਡੀ ਜਿੱਤ
ਲੁਧਿਆਣਾ: 15 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਬਿਊਰੋ)::
ਅੱਜ ਮਜ਼ਦੂਰ ਲਾਈਬ੍ਰੇਰੀ, ਤਾਜਪੁਰ ਰੋਡ ਲੁਧਿਆਣਾ ਵਿਖੇ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਜੇਤੂ ਰੈਲੀ ਕੀਤੀ ਗਈ। ਮਜ਼ਦੂਰ, ਕਿਸਾਨ, ਨੌਜਵਾਨ, ਮੁਲਾਜਮ ਜੱਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਜੁਝਾਰੂ ਲੋਕ ਘੋਲ ਦੇ ਦਮ ’ਤੇ ਹੰਬੜਾਂ ਕਤਲ ਕਾਂਡ ਵਿੱਚ ਮਾਰੇ ਗਏ ਨਾਬਾਲਗ ਮਜ਼ਦੂਰ ਲਵਕੁਸ਼ ਦੇ ਕਾਤਲ ਠੇਕੇਦਾਰ ਰਘੁਬੀਰ ਪਾਸਵਾਨ ਦੀ ਗਿਰਫਤਾਰੀ ਹੋ ਚੁੱਕੀ ਹੈ ਅਤੇ ਸੰਘਰਸ਼ ਦੌਰਾਨ ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਆਗੂਆਂ-ਕਾਰਕੁੰਨਾਂ ਉੱਤੇ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕਰਵਾ ਲਏ ਗਏ ਹਨ, ਅਤੇ ਜੇਲ੍ਹ ਵਿੱਚ ਡੱਕੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ 10 ਆਗੂਆਂ-ਕਾਰਕੁੰਨਾਂ ਸੁਖਦੇਵ ਸਿੰਘ ਭੂੰਦੜੀ, ਰਾਜਵਿੰਦਰ, ਸੁਖਵਿੰਦਰ ਹੰਬੜਾਂ, ਜਸਮੀਤ, ਗੁਰਵਿੰਦਰ, ਮੇਜਰ ਸਿੰਘ, ਜਗਦੀਸ਼, ਚਿਮਨ ਸਿੰਘ, ਗੁਰਦੀਪ ਤੇ ਸ਼ਲਿੰਦਰ ਦੀ ਰਿਹਾਈ ਹੋ ਚੁੱਕੀ ਹੈ। ਸੰਘਰਸ਼ ਕਮੇਟੀ ਨੇ ਇਸ ਜਿੱਤ ਨੂੰ ਸਾਂਝੇ ਲੋਕ ਸੰਘਰਸ਼ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਵੱਲੋਂ ਜੇਲ੍ਹ ਤੋਂ ਰਿਹਾਈ ਮੌਕੇ ਤਾਜਪੁਰ ਰੋਡ, ਅਤੇ ਅਗਲੇ ਦਿਨ ਹੰਬੜਾਂ ਅਤੇ ਭੂੰਦੜੀ ਵਿੱਚ ਜੋਸ਼ੀਲੇ ਜੇਤੂ ਸਵਾਗਤੀ ਮਾਰਚ ਵੀ ਕੀਤੇ ਗਏ ਹਨ।
ਜੇਤੂ ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹੰਬੜਾਂ ਕਤਲ ਕਾਂਡ ਦੇ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਕਰਾਉਣ ਲਈ ਅਤੇ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜਾ ਦੁਆਉਣ ਲਈ ਸੰਘਰਸ਼ ਜਾਰੀ ਰਹੇਗਾ। 18 ਨਵੰਬਰ ਨੂੰ ਕਤਲ ਕਾਂਡ ਦੇ ਦੋਸ਼ੀ ਉੱਤੇ ਕਤਲ ਕੇਸ ਦਰਜ ਕਰਾਉਣ ਤੇ ਉਸਦੀ ਗ੍ਰਿਫਤਾਰੀ, ਪੀੜਤ ਪਰਿਵਾਰ ਨੂੰ ਮੁਆਵਜੇ, ਕਾਰਖਾਨਿਆਂ ਤੇ ਹੋਰ ਕੰਮ ਥਾਵਾਂ ਉੱਤੇ ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਤੇ ਹੋਰ ਮੰਗਾਂ ਲਈ ਸ਼ਾਂਤੀ ਪੂਰਵਕ ਰੋਸ ਮੁਜ਼ਾਹਰਾ ਕਰ ਰਹੇ ਸਨ ਤਾਂ ਹੱਕੀ ਮੰਗਾਂ ਮੰਨਣ ਦੀ ਥਾਂ ਪੁਲਿਸ ਨੂੰ ਲੋਕਾਂ ਦੀ ਹੱਕੀ ਅਵਾਜ਼ ਬਰਦਾਸ਼ਤ ਨਹੀਂ ਹੋਈ ਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੇ ਸੰਘਰਸ਼ਸ਼ੀਲ ਲੋਕਾਂ ਦੀ ਨਾ ਸਿਰਫ਼ ਕੁੱਟਮਾਰ ਕੀਤੀ ਸਗੋਂ ਜੱਥੇਬੰਦੀਆਂ ਦੇ ਆਗੂਆਂ-ਕਾਰਕੁੰਨਾਂ ਨੂੰ ਗਿਰਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਸੀ। ਉਹਨਾਂ ਉੱਤੇ ਪੁਲਿਸ ’ਤੇ ਹਮਲਾ ਕਰਨ, ਸੜ੍ਹਕ ਜਾਮ ਕਰਨ ਤੇ ਹੋਰ ਝੂਠੇ ਦੋਸ਼ ਲਾ ਕੇ ਨਾਜਾਇਜ ਪੁਲਿਸ ਕੇਸ ਦਰਜ ਕਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੁਲਿਸ ਨੇ ਨਾ ਸਿਰਫ਼ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਗੋਂ ਇਹ ਮਜ਼ਦੂਰਾਂ ਦੇ ਹੁੰਦੇ ਲੁੱਟ-ਜ਼ਬਰ ਨੂੰ ਬੇਰੋਕ-ਟੋਕ ਚੱਲਦਾ ਰੱਖਣ ਦੀ, ਸਰਮਾਏਦਾਰਾਂ ਦੇ ਜੰਗਲ ਰਾਜ ਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਕੀਤੀ ਜਿੱਥੇ ਮਜ਼ਦੂਰਾਂ ਨੂੰ ਕੋਈ ਹੱਕ ਪ੍ਰਾਪਤ ਨਹੀਂ, ਜਿੱਥੇ ਮਜ਼ਦੂਰਾਂ ਦਾ ਭਿਆਨਕ ਅਪਮਾਨ, ਕੁੱਟਮਾਰ, ਕਤਲ ਹੁੰਦੇ ਹਨ। ਪੁਲਿਸ ਨੇ ਲੋਕਾਂ ਦੇ ਇਕਮੁੱਠ ਸੰਘਰਸ਼ ਕਰਨ ਦੇ ਜਮਹੂਰੀ-ਸੰਵਿਧਾਨਿਕ ਹੱਕ ਦਾ ਘਾਣ ਕੀਤਾ ਹੈ। ਸਾਂਝੇ ਲੋਕ ਘੋਲ ਦੌਰਾਨ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੇ ਲੋਕਾਂ ਦੇ ਜਮਹੂਰੀ ਹੱਕਾਂ ਉੱਤੇ ਇਸ ਹਮਲੇ ਦਾ ਡੱਟ ਕੇ ਵਿਰੋਧ ਕੀਤਾ ਗਿਆ ਹੈ।ਬੁਲਾਰਿਆਂ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਸਥਾਨਕ ਤੇ ਪ੍ਰਵਾਸੀ ਲੋਕਾਂ ਵਿੱਚ ਸਾਂਝ ਵਾਲ਼ਾ ਪੱਖ ਵੀ ਕਾਫੀ ਮਹੱਤਵਪੂਰਣ ਰਿਹਾ ਹੈ। ਇਸ ਸੰਘਰਸ਼ ਨੇ ਪ੍ਰਵਾਸੀਆਂ ਖਿਲਾਫ਼ ਨਫ਼ਰਤ ਦੀ ਭਾਵਨਾ ਤੇ ਪ੍ਰਚਾਰ ’ਤੇ ਸੱਟ ਮਾਰੀ ਹੈ।
ਬੁਲਾਰਿਆਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ, ਦਲਿਤਾਂ, ਔਰਤਾਂ, ਆਦਿਵਾਸੀਆਂ, ਜਮਹੂਰੀ-ਇਨਕਲਾਬੀ ਲੋਕਾਂ, ਆਗੂਆਂ, ਕਾਰਕੁੰਨਾਂ, ਬੁੱਧੀਜੀਵੀਆਂ, ਪੱਤਰਕਾਰਾਂ ਉੱਤੇ ਲੁੱਟ-ਅਨਿਆਂ-ਜ਼ਬਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੀ ਇਹੋ ਕੁੱਝ ਹੋ ਰਿਹਾ ਹੈ। ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ਼ ਲੁੱਟ-ਜ਼ਬਰ ਦਿਨ-ਬ-ਦਿਨ ਤਿੱਖਾ ਹੁੰਦਾ ਗਿਆ ਹੈ। ਲੁੱਟ-ਜ਼ਬਰ-ਅਨਿਆਂ ਖਿਲਾਫ਼ ਲੋਕਾਂ ਕੋਲ ਇਕਮੁੱਠ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਪਿਛਲੇ ਦਿਨੀਂ ਫਰੀਦਕੋਟ ਮਹਿਲਾ ਡਾਕਟਰ ਨਾਲ਼ ਜਿਣਸੀ ਸੋਸ਼ਣ ਖਿਲਾਫ਼ ਸੰਘਰਸ਼ ਕਰਦੇ ਲੋਕਾਂ ਉੱਤੇ ਜ਼ਬਰ ਢਾਹੁਣ, ਲੋਕ ਆਗੂਆਂ ਨੂੰ ਗ੍ਰਿਫਤਾਰ ਕਰਨ, ਮੋਗਾ ਵਿਖੇ ਦਲਿਤ ਨੌਜਵਾਨ ਦੇ ਕਤਲ ਵਿਰੁੱਧ ਉੱਠੀ ਲੋਕ ਅਵਾਜ਼ ਨੂੰ ਦਬਾਉਣ ਲਈ ਝੂਠੇ ਪੁਲਿਸ ਕੇਸ ਬਣਾਉਣ ਦੀਆਂ ਜ਼ਬਰ ਦੀ ਤਾਜ਼ੀਆਂ ਘਟਨਾਵਾਂ ਵੀ ਸਾਡੇ ਸਾਹਮਣੇ ਹਨ। ਪਰ ਲੋਕ ਜ਼ਬਰ ਅੱਗੇ ਝੁਕੇ ਨਹੀਂ ਸਗੋਂ ਹੱਕੀ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ। ਇਨਕਲਾਬੀ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਦੀ ਸਜਾ ਰੱਦ ਕਰਾਉਣ ਲਈ ਲੋਕਾਂ ਨੂੰ ਵੱਡੇ ਪੱਧਰ ਉੱਤੇ ਸੜ੍ਹਕਾਂ ਉੱਤੇ ਉਤਰਨਾ ਪਿਆ ਸੀ ਤੇ ਸੰਘਰਸ਼ਸ਼ੀਲ ਲੋਕਾਂ ਨੇ ਇਹ ਸਜਾ ਰੱਦ ਕਰਾ ਕੇ ਹੀ ਦਮ ਲਿਆ। ਲੁਧਿਆਣੇ ’ਚ ਵੀ ਇਨਸਾਫਪਸੰਦ ਲੋਕ ਹੰਬੜਾਂ ਵਿਖੇ ਨਾਬਾਲਿਗ ਮਜ਼ਦੂਰ ਦੇ ਕਤਲ, ਸੰਘਰਸ਼ਸ਼ਸੀਲ ਲੋਕਾਂ ਉੱਤੇ ਜ਼ਬਰ, ਲੋਕ ਆਗੂਆਂ-ਕਾਰਕੁੰਨਾਂ ਦੀ ਨਿਹੱਕੀ ਗ੍ਰਿਫਤਾਰੀ ਦੀ ਘਟਨਾ ਤੋਂ ਬਾਅਦ ਵੀ ਚੁੱਪ ਨਹੀਂ ਬੈਠੇ । ਧਰਨੇ-ਮੁਜ਼ਾਹਰਿਆਂ ਉੱਤੇ ਮੜ੍ਹੀਆਂ ਪਾਬੰਦੀਆਂ, ਜ਼ਬਰ, ਗ੍ਰਿਫਤਾਰੀਆਂ ਨਾਲ਼ ਹੱਕੀ ਅਵਾਜ਼ ਕੁਚਲਣ ਦੀਆਂ ਸਾਜਸ਼ਾਂ ਸਮੂਹ ਇਨਸਾਫਪਸੰਦ ਲੋਕਾਂ ਦੇ ਜੁਝਾਰੂ ਘੋਲ ਨੇ ਨਾਕਾਮ ਕਰ ਦਿੱਤੀਆਂ ਹਨ ਤੇ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ।
ਅੱਜ ਹੋਈ ਜੇਤੂ ਰੈਲੀ ਨੂੰ ਜੇਲ੍ਹ ਤੋਂ ਰਿਹਾ ਹੋ ਕੇ ਆਏ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਸੁਖਦੇਵ ਭੂੰਦੜੀ, ਬੀਕੇਯੂ ਡਕੌਂਦਾ ਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਕਾਰਕੁੰਨ ਸੁਖਵਿੰਦਰ ਹੰਬੜਾਂ ਤੇ ਹੋਰ ਸਾਥੀਆਂ ਨੇ ਸੰਬੋਧਿਤ ਕੀਤਾ। ਇਹਨਾਂ ਤੋਂ ਇਲਾਵਾ ਰੈਲੀ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ, ਲਖਵਿੰਦਰ, ਏਟਕ ਵੱਲੋਂ ਗੁਰਨਾਮ ਸਿੱਧੂ, ਜਮਹੂਰੀ ਕਿਸਾਨ ਸਭਾ ਵੱਲੋਂ ਰਘਬੀਰ ਸਿੰਘ ਬੈਨੀਪਾਲ, ਇਨਕਲਾਬੀ ਮਜ਼ਦੂਰ ਕੇਂਦਰ ਵੱਲੋਂ ਸੁਰਿੰਦਰ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਵੱਲੋਂ ਹਰਜਿੰਦਰ ਸਿੰਘ, ਇਨਕਲਾਬੀ ਲੋਕ ਮੋਰਚਾ ਵੱਲੋਂ ਅਵਤਾਰ ਵਿਰਕ, ਸੀਟੂ ਵੱਲੋਂ ਜਗਦੀਸ਼ ਚੰਦ, ਨੌਜਵਾਨ ਭਾਰਤ ਸਭਾ ਵੱਲੋਂ ਬਿੰਨੀ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਬਲਜੀਤ, ਸੀਟੀਯੂ ਵੱਲੋਂ ਤਹਿਸਾਲਦਾਰ ਯਾਦਵ, ਲੋਕ ਏਕਤਾ ਸੰਗਠਨ ਵੱਲੋਂ ਗੱਲਰ ਚੌਹਾਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਵੱਲੋਂ ਹਰਸ਼ਾ ਸਿੰਘ ਨੇ ਸੰਬੋਧਿਤ ਕੀਤਾ।
No comments:
Post a Comment