Wednesday, May 6, 2020

ਲੋੜਵੰਦਾਂ ਦੀ ਸੇਵਾ ਲਈ ਮੂਹਰਲੀਆਂ ਕਤਾਰਾਂ ਵਿੱਚ ਹਨ ਹੈਲਪਿੰਗ ਹੈਂਡਜ਼ ਵਾਲੇ

ਸਮਾਂ ਸਭ ਕੁਝ ਦੇਖ ਰਿਹਾ ਹੈ-ਸਮਾਂ ਸਭ ਕੁਝ ਦੱਸੇਗਾ ਵੀ 
ਲੁਧਿਆਣਾ: 6 ਮਈ 2020: (ਐਮ ਐਸ ਭਾਟੀਆ//ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ)::  
ਜ਼ਿੰਦਗੀ ਬੜੀ ਬੇਰੁਖੀ ਅਤੇ ਬੇਰਹਿਮੀ ਨਾਲ ਵੀ ਦੇਖੀ ਜਾ ਸਕਦੀ ਸੀ। ਸਰਕਾਰ ਨੇ ਲਾਕਡਾਊਨ ਕਰਨ ਤੋਂ ਪਹਿਲਾਂ ਆਮ ਗਰੀਬ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਸੋ ਸਰਦੇ ਪੁੱਜਦੇ ਲੋਕ ਵੀ ਇੱਸੇ ਤਰਾਂ ਸਰਕਾਰ ਵਾਂਗ ਸੋਚ ਸਕਦੇ ਸਨ। ਕੋਈ ਭੁੱਖਾ ਮਰਦਾ ਜਾਂ ਖੁਦਕੁਸ਼ੀ ਕਰ ਜਾਂਦਾ। ਕਿਸੇ ਦਾ ਕੀ ਜਾਣਾ ਸੀ! ਪਰ ਏਥੋਂ ਦੇ ਸਰਦੇ ਪੁੱਜਦੇ ਤਾਂ ਕੀ-ਗਰੀਬ ਲੋਕਾਂ ਨੇ ਵੀ ਸਰਕਾਰ ਵਾਂਗ ਨਹੀਂ ਸੋਚਿਆ ਕਿ ਸਾਨੂੰ ਕੀ? ਇਹਨਾਂ ਲੋਕਾਂ ਚੋਂ ਹੀ ਕੁਝ ਲੋਕਾਂ ਦੇ ਦਿਲ ਨੂੰ ਕੁਝ ਮਹਿਸੂਸ ਹੋਇਆ। ਆਮ ਲੋਕਾਂ ਤੇ ਮੁਸੀਬਤ ਬਣ ਕੇ ਟੁੱਟੇ ਲਾਕਡਾਊਨ ਦੇ ਵਰਤਾਰੇ ਸੰਬੰਧੀ  ਉਹਨਾਂ ਇਸ ਬਾਰੇ ਸ਼ਿੱਦਤ ਨਾਲ ਸੋਚਿਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ। 
ਇਹੋਜਿਹੀ ਸੰਵੇਦਨਸ਼ੀਲ ਸੋਚ ਵਾਲੇ ਇਹਨਾਂ ਕੁਝ ਖਾਸ ਲੋਕਾਂ ਨੇ ਇੱਕ ਦੂਜੇ ਨੂੰ ਫੋਨ ਖੜਕਾਏ। ਵੀਡੀਓ ਕਾਲਾਂ ਕੀਤੀਆਂ।ਈ ਐੱਨ ਟੀ ਦੇ ਹਰਮਨ ਪਿਆਰੇ ਲੋਕ ਦਰਦੀ ਸਰਜਨ ਡਾਕਟਰ ਅਰੁਣ ਮਿੱਤਰਾ ਸਭ ਤੋਂ ਮੂਹਰੇ ਹੋ ਕੇ ਨਿੱਤਰੇ। ਖਾਮੋਸ਼ ਰਹਿ ਕੇ ਕਈ ਦਹਾਕਿਆਂ ਤੋਂ ਕੰਮ ਕਰ ਰਹੇ ਡਾਕਟਰ ਮਿੱਤਰਾ ਨੇ ਆਪਣੇ ਕੁਝ ਹੋ ਸਾਥੀ ਵੀ ਲਭੇ। ਉਹਨਾਂ ਦੇ ਨੇੜਲੇ ਸਾਥੀ ਅਤੇ ਪੀਏਯੂ ਮੁਲਾਜ਼ਮਾਂ ਦੀ ਕਈ ਸਾਲਾਂ ਤੀਕ ਅਗਵਾਈ ਕਰਨ ਵਾਲੇ ਡੀ ਪੀ ਮੋੜ ਵੀ ਇਸ ਮੌਕੇ ਅੱਗੇ ਆਏ। ਸਟੇਟ ਬੈਂਕ ਆਫ ਇੰਡੀਆ ਵਿੱਚ ਕੰਮ ਕਰਦੇ ਨਰੇਸ਼ ਗੌੜ ਹੁਰਾਂ ਨੇ ਵੀ ਹਾਮੀ ਭਰੀ। ਬਲਿਊ ਸਟਾਰ ਦੇ ਵੇਲਿਆਂ ਤੋਂ ਲੈ ਕੇ ਹੁਣ ਤੀਕ ਚੁੱਪਚਾਪ ਰਹਿ ਕੇ ਲੋਕ ਸੇਵਾ ਕਰਨ ਵਾਲੇ ਡਾਕਟਰ ਬਲਬੀਰ ਸਿੰਘ ਸ਼ਾਹ ਵੀ ਇਸ ਟੀਮ ਦੇ ਨਾਲ ਆ ਰਲੇ। ਉਹੀ ਡਾਕਟਰ ਸ਼ਾਹ ਜਿਹੜੇ ਡੀਐਮਸੀ ਹਸਪਤਾਲ ਵਿੱਚ ਵੀ ਮੈਡੀਕਲ ਸੁਪਰਡੈਂਟ ਵੀ ਰਹੇ। ਵਕੀਲਾਂ ਨੂੰ ਕਈ ਵਾਰ ਔਖੇ ਵੇਲਿਆਂ ਵਿੱਚ ਅਗਵਾਈ ਦੇਣ ਵਾਲੇ ਸਰਗਰਮ ਵਕੀਲ ਨਵਲ ਛਿੱਬਰ ਅਤੇ ਸੀਪੀਆਈ ਦੀ ਲੁਧਿਆਣਾ ਸ਼ਹਿਰੀ ਯੂਨਿਟ ਦੇ ਸਕੱਤਰ ਕਾਮਰੇਡ ਰਮੇਸ਼ ਰਤਨ ਵੀ ਝੱਟ ਇਹਨਾਂ ਦਾ ਸਾਥ ਦੇਣ ਲਈ ਤਿਆਰ ਹੋ ਗਏ। ਸਮਾਜ ਸੇਵਾ ਲਈ ਪਰਿਵਾਰ ਦੀ ਨਾਰਾਜ਼ਗੀ ਮੁੱਲ ਲੈ ਕੇ ਵੀ ਹਰ ਪਲ ਤਿਆਰ ਰਹਿਣ ਵਾਲੇ ਐਮ ਐਸ ਭਾਟੀਆ ਵੀ ਇਸ ਮਕਸਦ ਲਈ ਆਪਣੀਆਂ ਸੇਵਾਵਾਂ ਲੈ ਕੇ ਅੱਗੇ ਆਏ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਤਿਆਰ ਕੀਤਾ ਇੱਕ ਸਰਗਰਮ ਸੰਗਠਨ "ਹੈਲਪਿੰਗ ਹੈਂਡਜ਼"। ਇਸ ਸੰਗਠਨ ਨੇ ਅਪਣਾਈ ਇੱਕ ਨਵੀਂ ਪਹੁੰਚ। ਇਹਨਾਂ ਦੀਆਂ ਵਿਚਾਰਾਂ ਮਗਰੋਂ ਹੀ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਇਹ ਵਿਸ਼ੇਸ਼ ਕੋਸ਼ਿਸ਼ ਸ਼ੁਰੂ ਹੋਈ। ਲੁਧਿਆਣਾ ਸ਼ਹਿਰ ਦੇ ਕੁਝ ਸੰਵੇਦਨਸ਼ੀਲ ਸ਼ਹਿਰੀਆਂ, ਦੋਸਤਾਂ ਅਤੇ ਹੋਰ ਸਾਥੀਆਂ ਨੂੰ ਵੀ ਨਾਲ ਜੋੜਿਆ ਗਿਆ। ਇਸ ਹੈਲਪਿੰਗ ਹੈਂਡਜ਼ ਗਰੁੱਪ ਨੇ ਲੋਕਾਂ ਦੀ ਸੇਵਾ ਤੁਰੰਤ ਸ਼ੁਰੂ ਕਰਨ ਦਾ ਫੈਸਲਾ ਲਿਆ। 
ਇਸ ਨੇਕ ਮਕਸਦ ਦਾ ਆਰੰਭ ਵੀ ਠੀਕ ਰਿਹਾ। ਆਪਣੇ ਦੋਸਤਾਂ, ਸਾਥੀਆਂ ਅਤੇ ਰਿਸ਼ਤੇਦਾਰਾਂ ਦੁਆਰਾ ਭੇਜੀ ਗਈ ਰਾਸ਼ੀ ਭਾਵੇਂ ਬੜੀ ਥੋਹੜੀ ਸੀ ਪਰ ਫਿਰ ਵੀ ਸਾਰਾ ਹਿਸਾਬ ਲਾਇਆ ਗਿਆ। ਇਸ ਮੌਕੇ 400 ਪਰਿਵਾਰਾਂ ਨੂੰ ਰਾਹਤ ਦੇਣ ਦਾ ਫੈਸਲਾ ਹੋਇਆ। ਇਹ ਪਰਿਵਾਰ ਤਕਰੀਬਨ ਦੋ ਹਜ਼ਾਰ ਮੈਂਬਰ ਬਣਦੇ ਹਨ। ਰਕਮ ਘੱਟ ਸੀ ਅਤੇ ਲੋੜਵੰਦ ਬਹੁਤੇ ਸਨ। ਇਸਦੇ ਬਾਵਜੂਦ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਰਾਸ਼ਨ ਮੁਹੱਈਆ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। 
ਸ਼ੁਰੂ ਵਿੱਚ ਇਹ ਸੋਚਿਆ ਗਿਆ ਸੀ ਕਿ ਅਸੀਂ ਇੱਕ ਜਾਂ ਦੋ ਵਾਰੀ ਹੀ ਇਸ ਤਰਾਂ ਰਾਸ਼ਨ ਦੇ ਸਕਾਂਗੇ ਪਰ ਲੋਕਾਂ ਦੇ ਸਹਿਯੋਗ ਨਾਲ ਹੋਂਸਲਾ ਵਧਦਾ ਗਿਆ। ਇਸ ਵਿੱਚ ਸ਼ਾਮਲ ਸਾਰੇ ਉਹਨਾਂ ਲੋਕਾਂ ਨੇ ਵੀ ਬੜੀ ਹੌਸਲਾ ਅਫਜਾਈ  ਕੀਤੀ ਜਿਹੜੇ ਸ਼ਾਇਦ ਪਹਿਲੀ ਵਾਰ ਮਿਲੇ ਸਨ। ਇਹਨਾਂ ਸਾਰਿਆਂ ਨੇ ਪੈਸੇ ਦੀ ਥੁੜ ਨਹੀਂ ਆਉਣ ਦਿੱਤੀ। ਕਾਮਰੇਡਾਂ ਨੇ ਖੁਦ ਵੀ ਆਪਣੇ ਜੇਬ ਖਰਚ ਅਤੇ ਘਰਾਂ ਦੇ ਹੋਰ ਜ਼ਰੂਰੀ ਖਰਚੇ ਬਚਾਏ।  ਉਹ ਸਾਰੀ ਰਕਮ ਵੀ ਇਸ ਮਕਸਦ ਲਈ ਖਰਚੀ ਗਈ। ਹੁਣ ਤੱਕ ਤਿੰਨ ਵਾਰੀ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ  ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਚੱਲ ਰਹੀ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਬੇਨਤੀ ਕਰਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰਾਸ਼ਨ ਰੋਜ਼ਾਨਾ ਪਹੁੰਚਦਾ ਕੀਤਾ ਜਾ ਰਿਹਾ ਹੈ। ਇਸ ਵੇਲੇ ਹੈਲਪਿੰਗ ਹੈਂਡਜ਼ ਦੀ ਇਹ ਟੀਮ ਬੜੀ ਸਰਗਰਮੀ ਨਾਲ ਇਹ ਕੰਮ ਕਰ ਰਹੀ ਹੈ। ਇਹ ਤਾਂ ਸੀ ਪੈਸੇ ਦੀ ਲੋੜ ਜਿਹੜਾ ਆਪਣੇ ਦੋਸਤਾਂ ਮਿੱਤਰਾਂ ਤੋਂ ਇਕੱਠਾ ਕੀਤਾ ਜਾ ਰਿਹਾ ਸੀ ਪਰ ਰਾਸ਼ਨ ਖਰੀਦਣਾ, ਪੈਕ ਕਰਨਾ ਅਤੇ ਪਹੁੰਚਾਉਣਾ ਕਿਹੜਾ ਘੱਟ ਮੁਸ਼ਕਲ ਸੀ? 
ਇਸ ਸਾਰੇ ਰਾਸ਼ਨ ਨੂੰ ਪੈਕਿੰਗ ਕਰਨ ਦੇ ਲਈ ਅਨੋਦ ਕੁਮਾਰ, ਅਨਿਲ ਕੁਮਾਰ, ਸਰੋਂ ਕੁਮਾਰ ਅਤੇ ਉਸ ਦੇ ਸਾਥੀ, ਅਜੇ ਕੁਮਾਰ, ਰਾਮਾਧਾਰ ਸਿੰਘ, ਕੁਲਦੀਪ ਸਿੰਘ ਬਿੰਦਰ ਅਤੇ ਹੋਰ ਸਹਿਯੋਗੀ ਇੱਕ ਟੀਮ ਵੱਜੋਂ ਸਰਗਰਮ ਰਹੇ। ਇਹ ਉਹ ਨੌਜਵਾਨ ਟੋਲੀ ਸੀ ਜਿਹੜੀ ਹਰ ਖਤਰੇ ਵੇਲੇ ਡਾਕਟਰ ਅਰੁਣ ਮਿੱਤਰਾ ਦੀ ਇੱਕ ਆਵਾਜ਼ ਤੇ ਝੱਟ ਹਾਜ਼ਰ ਹੋ ਜਾਂਦੀ। ਇਸ ਸਾਰੇ ਰਾਸ਼ਨ ਦੀ ਪੈਕਿੰਗ ਕਰਵਾ ਕੇ ਵੱਖ ਵੱਖ ਥਾਵਾਂ ਤੇ ਭੇਜਣ ਲਈ ਇਹ ਟੀਮ ਹਰ ਵੇਲੇ ਰੁਝੀ ਰਹਿੰਦੀ ਹੈ। ਨਾ ਕੋਈ ਐਤਵਾਰ-ਨਾ ਕੋਈ ਸੋਮਵਾਰ। ਹਰ ਰੋਜ਼ ਲਗਾਤਾਰ ਕੰਮ। ਦਿਨ-ਰਾਤ ਕੰਮ ਹੀ ਕੰਮ। ਸਿਰਫ ਨਹਾਉਣ ਦਾ ਸਮਾਂ ਜ਼ਰੂਰ ਕੱਢਿਆ ਜਾਂਦਾ ਹੈ। ਇਸ ਤੋਂ ਇਲਾਵਾ ਰਾਜਾ ਟੈਂਟ ਹਾਊਸ ਵਾਲੇ ਸਰਦਾਰ ਭਗਵੰਤ ਸਿੰਘ ਅਤੇ ਗਗਨਦੀਪ ਸਿੰਘ ਜਿਨ੍ਹਾਂ ਦੀ ਸਹਾਇਤਾ ਨਾਲ ਸੀਤਾ ਰਾਮ ਡਰਾਈਵਰ ਅਤੇ ਸੰਜੀਵ ਮੈਨੇਜਰ ਇਸ ਸਾਰੇ ਰਾਸ਼ਨ ਦੇ ਪੈਕੇਟਾਂ ਨੂੰ ਵੱਖ ਵੱਖ ਪੁਆਇੰਟਾਂ ਤੇ ਪਹੁੰਚਾਣ ਵਿੱਚ ਸਹਾਇਤਾ ਕਰ ਰਹੇ ਹਨ। 
ਗਦਰੀ ਬਾਬਾ ਦੁੱਲਾ ਸਿੰਘ ਅਤੇ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਜਲਾਲਦੀਵਾਲ, ਸੀਆਈਆਈ ਫਾਊਂਡੇਸ਼ਨ, ਸੀਆਈਆਈ ਅਤੇ ਪੈਪਸੀਕੋ ਨੇ ਵੀ ਬਹੁਤ ਸਹਿਯੋਗ ਦਿੱਤਾ।  ਡਾ ਹਰਮਿੰਦਰ ਸਿੰਘ ਸਿੱਧੂ ਜਲਾਲਦੀਵਾਲ ਰਾਹੀਂ ਲੁਧਿਆਣਾ ਵਿਖੇ ਇੱਕ ਸੌ ਸਤਾਈ ਪਰਿਵਾਰਾਂ ਨੂੰ ਤਕਰੀਬਨ ਡੇਢ ਮਹੀਨੇ ਦਾ ਰਾਸ਼ਨ ਦਿੱਤਾ। ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਜਿਨ੍ਹਾਂ ਨੇ ਸਾਡੀ ਬੇਨਤੀ ਤੇ ਹਜ਼ਾਰਾਂ ਲੋੜਵੰਦਾਂ ਨੂੰ ਰੋਜ਼ਾਨਾ ਲੰਗਰ ਦਿੱਤਾ ਉਹਨਾਂ ਵਿੱਚ ਭਾਈ ਘਨ੍ਹੱਈਆ ਸੇਵਾ ਸੁਸਾਇਟੀ, ਰਾਧਾ ਸਵਾਮੀ  ਸਤਸੰਗ ਬਿਆਸ ਪ੍ਰਤਾਪ ਸਿੰਘ ਵਾਲਾ, ਸਾਵਣ ਕਿਰਪਾਲ ਆਸਰਮ ਰੱਖ ਬਾਗ, ਦੰਡੀ ਸਵਾਮੀ ਅਤੇ  ਜੈਨ ਸਥਾਨਕ ਸਮਿਟਰੀ ਰੋਡ ਆਦਿ ਵੀ ਸ਼ਾਮਲ ਹਨ। ਇਸੇ ਤਰਾਂ ਡਾ: ਜਗਮੇਲ ਸਿੰਘ ਨੇ 35 ਪਰਿਵਾਰਾਂ ਲਈ ਰਾਸ਼ਨ ਦਿੱਤਾ। ਇਸੇ ਤਰਾਂ ਹੋਰ ਵੀ ਕਈ ਲੋਕ ਹਨ ਜਿਹਨਾਂ ਦਾ ਜ਼ਿਕਰ ਇਥੇ ਨਹੀਂ ਕੀਤਾ ਜਾ ਸਕਿਆ। 
ਸਮੇਂ ਦੀ ਇੱਕ ਖਾਸੀਅਤ ਹੈ ਕਿ ਇਹ ਜਿਵੇਂ ਵੀ ਹੋਵੇ ਨਿਕਲ ਜਾਂਦਾ ਹੈ। ਰੁਕਦਾ ਕਦੇ ਵੀ ਨਹੀਂ। ਹੁਣ ਵੀ ਸਮਾਂ ਗੁਜ਼ਰ ਜਾਏਗਾ। ਯਾਦ ਰਹਿਣਗੇ ਤਾਂ ਸਿਰਫ ਉਹ ਲੋਕ ਜਿਹਨਾਂ ਨੇ ਲਾਕ ਡਾਊਨ ਵਰਗੇ ਫੈਸਲੇ ਸੁਣਾਉਂਦਿਆਂ ਕੋਈ ਯੋਜਨਾ ਨਾ ਬਣਾਈ ਕਿ ਲੋਕ ਕਿਵੇਂ ਗੁਜ਼ਾਰਾ ਕਰਨਗੇ? ਇਸਦੇ ਨਾਲ ਹੀ ਯਾਦ ਰਹਿਣਗੇ ਉਹ ਲੋਕ ਜਿਹਨਾਂ ਨੇ ਆਪਣੇ ਦੋ ਢੰਗ ਦੀ ਰੋਟੀ ਵਿੱਚੋਂ ਅੱਧੀ ਰੋਟੀ ਕੱਢ ਕੇ ਉਹਨਾਂ ਲੋੜਵੰਦ ਲੋਕਾਂ ਨੂੰ ਖੁਆਈ ਜਿਹਨਾਂ ਦੀ ਜੇਬ ਵੀ ਖਾਲੀ ਸੀ ਅਤੇ ਰਸੋਈ ਵੀ। ਖ ਰਿਹਾ ਹੈ। ਮਜ਼ਦੂਰਾਂ ਨੂੰ ਪੈਦਲ ਤੁਰਦਿਆਂ ਦੇਖਣ ਵਾਲੇ ਵੀ ਯਾਦ ਰੱਖੇ ਜਾਣਗੇ। ਭੁੱਖੇ ਭਾਣੇ ਲੋਕਾਂ ਦਾ ਮਜ਼ਾਕ ਉਡਾਉਂਦਿਆਂ ਛੱਤਾਂ ਤੇ ਚੜ੍ਹ ਕੇ ਥਾਲੀਆਂ ਖੜਕਾਉਣ ਵਾਲੇ ਯਾਦ ਰੱਖੇ ਜਾਣਗੇ। ਲੋਕ ਜਾਗਦੇ ਹਨ ਸੁੱਤੇ ਨਹੀਂ। ਇੱਕ ਦਿਨ ਲੋਕ ਇੱਕ ਇੱਕ ਗੱਲ ਦਾ ਹਿਸਾਬ ਮੰਗਣਗੇ। ਸਮਾਂ ਸਭ ਕੁਝ ਦੇਖ ਰਿਹਾ ਹੈ, ਸਮਾਂ ਸਭ ਕੁਝ ਦੱਸੇਗਾ ਵੀ ਸਮਾਂ ਸਭ ਕੁਝ ਬਦਲੇਗਾ ਵੀ। 

No comments:

Post a Comment