Tuesday, January 31, 2023

ਸੀਪੀਆਈ-ਮਹਾਤਮਾ ਗਾਂਧੀ ਅਤੇ ਗਾਂਧੀ ਜੀ ਦਾ ਸਾਹਿਤ

ਗਾਂਧੀ ਜੀ ਦੇ ਵਿਚਾਰਾਂ ਦਾ ਜਾਦੂ ਫਿਰ ਜਗਾਉਣਾ ਜ਼ਰੂਰੀ ਹੈ  


ਲੁਧਿਆਣਾ: 30 ਜਨਵਰੀ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::
ਮੌਜੂਦਾ ਦੌਰ ਜ਼ਿਆਦਾ ਨਾਜ਼ੁਕ ਹੈ। ਆਉਣ ਵਾਲਾ ਸਮਾਂ ਵੀ ਕਾਫੀ ਭਿਣਕ ਲੱਗ ਰਿਹਾ ਹੈ। ਸੀਪੀਆਈ ਸਮੇਤ ਮਹਾਤਮਾ ਗਾਂਧੀ ਜੀ ਦੇ ਸਮੂਹ ਹਮਾਇਤੀਆਂ ਨੂੰ ਗਾਂਧੀ ਜੀ ਦਾ ਫਲਸਫਾ ਤੇਜ਼ੀ ਨਾਲ ਲੋਕਾਂ ਦੇ ਦਿਲਾਂ ਤੱਕ ਲਿਜਾਣਾ ਚਾਹੀਦਾ ਹੈ। ਗਾਂਧੀ ਜੀ ਦੇ ਨਾਂਵਾਂ ਹੇਠ ਕੰਮ ਕਰਦੇ ਅਦਾਰਿਆਂ ਨੂੰ ਵੀ ਪੂਰੀ ਤਰ੍ਹਾਂ ਨਾਲ ਅਤੇ ਤੇਜ਼ੀ ਨਾਲ ਗਾਂਧੀ ਜੀ ਦੇ ਰੰਗ ਵਿਚ ਰੰਗਿਆ ਜਾਣਾ ਚਾਹੀਦਾ ਹੈ। ਇਹਨਾਂ ਸੰਗਠਨਾਂ ਅਤੇ ਅਦਾਰਿਆਂ ਵਿੱਚ ਗਾਂਧੀ ਜੀ ਦਾ ਫਲਸਫਾ ਬੜੇ ਅਸਰਦਾਇਕ ਢੰਗ ਨਾਲ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਵਪਾਰਕ ਲਾਭਾਂ ਅਤੇ ਫਾਇਦਿਆਂ ਤੋਂ ਉੱਪਰ ਉੱਠ ਕੇ ਇਥੋਂ ਗਾਂਧੀਵਾਦ ਦੀ ਇੱਕ ਲਹਿਰ ਖੜੀ ਹੋ ਸਕਦੀ ਹੈ। ਇਹ ਸਿਰਫ ਰਵਾਇਤੀ ਜਿਹੇ ਬੇਅਸਰ ਮਿਊਜ਼ੀਅਮ ਵਾਂਗ ਨਹੀਂ ਰਹਿਣੇ ਚਾਹੀਦੇ ਬਲਕਿ ਜਿਊਂਦੀਆਂ ਜਾਗਦੀਆਂ  ਯਾਦਗਾਰੀ ਨਿਸ਼ਾਨੀਆਂ ਵਾਂਗ ਸਰਗਰਮ ਹੋਣੇ ਚਾਹੀਦੇ ਹਨ। ਇਹਨਾਂ ਇਮਾਰਤਾਂ ਵਿਚ ਦਾਖਲ ਹੁੰਦਿਆਂ ਹੀ ਵਿਅਕਤੀ ਦੇ ਦਿਲ ਦਿਮਾਗ 'ਤੇ ਗਾਂਧੀ ਜੀ ਦੇ ਰੰਗ ਦਾ ਨਸ਼ਾ ਛਾ ਜਾਣਾ ਚਾਹੀਦਾ ਹੈ। ਇਹ ਇੱਕ ਹਕੀਕਤ ਹੈ ਕਿ ਗਾਂਧੀ ਜੀ ਦੇ ਵਿਚਾਰਾਂ ਵਿਚ ਉਹ ਸ਼ਕਤੀ ਅਜੇ ਵੀ ਮੌਜੂਦ ਹੈ। ਜਿਹੜੀ ਹਲੂਣਾ ਦੇ ਸਕਦੀ ਹੈ। ਜਿਹੜੀ ਅੱਜ ਵੀ ਅਹਿੰਸਾ ਦੀ ਸ਼ਕਤੀ ਦੇ ਚਮਤਕਾਰਾਂ ਨੂੰ ਲੋਕਾਂ ਸਾਹਮਣੇ ਲਿਆ ਸਕਦੀ ਹੈ। 

ਮਹਾਤਮਾ ਗਾਂਧੀ ਜੀ ਦੀ ਦੇਣ ਵੀ ਬਹੁਤ ਵੱਡੀ ਹੈ ਅਤੇ ਉਹਨਾਂ ਦਾ ਫਲਸਫਾ ਵੀ ਬਹੁਤ ਵੱਡਾ ਹੈ। ਇਸ ਫਲਸਫੇ ਨੇ ਕਿੰਨਾ ਸਦਮਾ ਪਹੁੰਚਾਇਆ ਹੋਵੇਗਾ ਉਹਨਾਂ ਦੇ ਵਿਰੋਧੀਆਂ ਨੂੰ ਕਿ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਦਾ ਕਤਲ ਤੱਕ ਕਰ ਦਿੱਤਾ। ਦੂਜੇ ਪਾਸੇ ਉਹਨਾਂ ਦੇ ਹਮਾਇਤੀਆਂ ਨੇ ਬਸ ਉਹਨਾਂ ਦੇ ਨਾਮ ਦੀ ਮਾਲਾ ਬਹੁਤ ਜਪੀ ਅਤੇ ਉਹਨਾਂ ਦੇ ਨਾਮ 'ਤੇ ਆਪਣੇ ਸੰਗਠਨਾਂ ਅਤੇ ਅਦਾਰਿਆਂ ਦੇ ਨਾਮ ਵੀ ਰੱਖੇ ਪਰ ਗਾਂਧੀ ਦੇ ਵਿਚਾਰਾਂ ਦਾ ਜਿਹੜਾ ਜਾਦੂ ਸੀ ਉਸ ਦੇ ਮਰਮ ਤੱਕ ਨਹੀਂ ਪੁੱਜ ਸਕੇ। ਇਸ ਸਚਾਈ ਦੇ ਬਾਵਜੂਦ ਵੀ ਗਾਂਧੀ ਜੀ ਦੇ ਫਲਸਫੇ ਨੂੰ ਲੋਕਾਂ ਦੇ ਦਿਲਾਂ ਵਿਚ ਉਤਾਰਨ ਦਾ ਕੰਮ ਓਨਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਹੁਣ ਸੀ ਪੀ ਆਈ ਨੇ ਮਹਾਤਮਾ ਗਾਂਧੀ ਜੀ ਦੇ ਕਾਤਲ ਨੱਥੂਰਾਮ ਗੋਡਸੇ ਦੇ ਪ੍ਰਸੰਸਕਾਂ ਦੀ ਤਿੱਖੀ ਆਲੋਚਨਾ ਕਰ ਕੇ ਇਸ ਦਿਸ਼ਾ ਵੱਲ ਜਾਣੇ ਅਣਜਾਣੇ ਕਦਮ ਜ਼ਰੂਰ ਪੁੱਟੇ ਹਨ। ਇਹ ਸ਼ੁਰੂਆਤ ਬਹੁਤ ਜਲਦੀ ਹਾਂ ਪੱਖੀ ਨਤੀਜੇ ਲਿਆਏਗੀ। ਇਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ ਪੂਰੀ ਖਬਰ। 

ਇਸ ਮਕਸਦ ਲਈ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਦੇ ਨਾਲ ਨਾਲ ਨੁੱਕੜ ਨਾਟਕ ਵੀ ਖੇਡੇ ਜਾਣਾ ਤਾਂ ਬਹੁਤ ਚੰਗਾ ਹੋਵੇ। ਇਪਟਾ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਸੰਗਠਨ ਇਸ ਪਾਸੇ ਚੰਗਾ ਯੋਗਦਾਨ ਪਾ ਸਕਦੇ ਹਨ। ਲੋੜ ਪਵੇ ਤਾਂ ਗੋਡਸੇ ਅਤੇ ਗਾਂਧੀ ਜੀ ਦੇ ਵਿਚਾਰਾਂ ਬਾਰੇ ਖੁਲ੍ਹੇ ਸੈਮੀਨਾਰ ਵੀ ਕਰਾਏ ਜਾਣੇ ਚਾਹੀਦੇ ਹਨ। ਗਾਂਧੀ ਜੀ ਦੇ ਹਮਾਇਤੀਆਂ ਨੂੰ ਆਪੋ ਆਪਣੇ 

ਅੱਜ ਦੇ ਦੌਰ ਵਿੱਚ ਕਮਿਊਨਿਸਟ ਲਹਿਰ ਨਾਲ ਜੁੜੇ ਪੁਰਾਣੇ ਬਜ਼ੁਰਗਾਂ ਨੂੰ  ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ ਕਿਓਂਕਿ ਉਹ ਜਾਂਦੇ ਹਨ ਕਿ ਕਿਵੇਂ ਬਹੁਤ ਸਾਰੇ ਪ੍ਰਗਤੀਸ਼ੀਲ ਸੋਚ ਵਾਲੇ ਲੋਕ ਗਾਂਧੀ ਜੀ ਤੋਂ ਪ੍ਰੇਰਿਤ ਹੋ ਕੇ ਦੇਸ਼ ਭਗਤੀ ਵਾਲੀ ਜਜ਼ਬਿਆਂ ਨਾਲ ਰੰਗੇ ਗਏ ਅਤੇ ਫਿਰ ਖੱਬੀਆਂ ਧਿਰਾਂ ਵਿਚ ਵੀ ਸਰਗਰਮ ਹੋਏ। 

ਲੁਧਿਆਣਾ ਦੇ ਇੱਕ ਸਰਗਰਮ ਸਿਆਸੀ ਆਗੂ ਅਤੇ ਵਕੀਲ ਗੁਰਿੰਦਰ ਸੂਦ ਗਾਂਧੀ ਜੀ ਦੇ ਜਨਮਦਿਨ ਅਤੇ ਸ਼ਹੀਦੀ ਦਿਵਸ ਮੌਕੇ ਗਾਂਧੀ ਜੀ ਦੇ ਵਿਚਾਰਾਂ ਵਾਲਾ ਸਾਹਿਤ, ਪੁਸਤਕਾਂ ਅਤੇ ਤਸਵੀਰਾਂ ਕਈ ਸਾਲ ਵੰਡਦੇ ਰਹੇ। ਹੋ ਸਕਦਾ ਹੈ ਕੀ ਬਹੁਤ ਸਾਰੇ ਲੋਕਾਂ ਨੇ ਇਹ ਸਾਹਿਤ ਅਤੇ ਕਿਤਾਬਾਂ ਕੇਵਲ ਆਪਣੀਆਂ ਸ਼ੈਲਫਾਂ 'ਤੇ ਸਜਾ ਕੇ ਰੱਖ ਦਿੱਤੀਆਂ ਹੋਣ ਪਰ ਬਹੁਤ ਸਾਰੇ ਲੋਕ ਪੜ੍ਹਨ ਵਾਲੇ ਵੀ ਸਨ। ਇਹਨਾਂ ਪੜ੍ਹਨ ਵਾਲੇ ਲੋਕਾਂ ਨੇ ਗਾਂਧੀ ਦੇ ਵਿਚਾਰਾਂ ਨੂੰ ਪੜ੍ਹਿਆ ਅਤੇ ਪ੍ਰਭਾਵਿਤ ਵੀ ਹੋਏ। ਇਹਨਾਂ ਨੇ ਹੀ ਗੁਰਿੰਦਰ ਸੂਦ ਹੁਰਾਂ ਕੋਲੋਂ ਪ੍ਰੇਰਨਾ ਲੈ ਕੇ ਇਹਨਾਂ ਕਿਤਾਬਾਂ ਦੇ ਕਈ ਕਈ ਸੈਟ ਉਹਨਾਂ ਵਾਂਗ ਹੀ ਵੰਡੇ। 

ਗਾਂਧੀ ਜੀ ਦੀ ਜੀਵਨੀ ਸੱਚ ਨਾਲ ਮੇਰੇ ਤਜਰਬੇ ਬਹੁਤ ਹੀ ਵਿਸ਼ੇਸ਼ ਰਚਨਾ ਹੈ ਜਿਹੜੀ ਛੇ ਭਾਗਾਂ ਵਿੱਚ ਹੈ। ਕੁਝ ਪ੍ਰਕਾਸ਼ਕਾਂ ਨੇ ਹਿੰਦੀ ਵਿੱਚ ਸੰਪਾਦਨ ਕਰ ਕੇ ਇਸਦੇ ਸਾਰਾਂਸ਼ ਨੂੰ ਇੱਕ ਭਾਗ ਵਿਚ ਵੀ ਛਾਪਿਆ ਹੈ ਪਰ ਸਾਰੇ ਛੇ ਭਾਗ ਪੜ੍ਹਨ ਵਾਲੇ ਹਨ ਜਿਹੜੇ ਅੰਗਰੇਜ਼ੀ ਅਤੇ ਹਿੰਦੀ ਵਿਚ ਮਿਲ ਜਾਂਦੇ ਹਨ। ਇਹਨਾਂ ਵਿਚ ਬਹੁਤ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਗੈਰ ਸਿਆਸੀ ਹੈ। ਇੱਕ ਸ਼ੁੱਧ ਲਾਈਫ ਸਟਾਈਲ ਵੀ ਕਿਹਾ ਜਾ ਸਕਦਾ ਹੈ। ਆਪਣੇ ਇਹਨਾਂ ਤਜਰਬਿਆਂ ਬਾਰੇ ਜਿੰਨਾ ਸੱਚ ਗਾਂਧੀ ਜੀ ਨੇ ਆਪਣੀ ਇਸ ਸਵੈ ਜੀਵਨੀ ਵਿਚ ਬੋਲੀ ਹੈ ਉਸਨੂੰ ਜ਼ੁਬਾਨ 'ਤੇ ਲਿਆਉਣਾ ਆਸਾਨ ਨਹੀਂ ਹੁੰਦਾ। 

ਅਸਲ ਵਿੱਚ ਸੱਚ ਨਾਲ ਮੇਰੇ ਤਜਰਬੇ ਮਹਾਤਮਾ ਗਾਂਧੀ ਜੀ ਦੀ ਅਜਿਹੀ ਆਤਮਕਥਾ ਹੈ ਜਿਸਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਮੂਲ ਰੂਪ ਵਿੱਚ ਇਹ ਆਤਮਕਥਾ ਉਨ੍ਹਾਂ ਨੇ ਗੁਜਰਾਤੀ ਵਿੱਚ ਲਿਖੀ ਸੀ। ਉਸ ਵੇਲੇ ਇਸ ਨੂੰ ਹਫਤਾਵਾਰ ਕਿਸਤਾਂ ਵਿੱਚ ਲਿਖਿਆ ਅਤੇ ਛਾਪਿਆ ਗਿਆ ਸੀ। ਉਦੋਂ ਇਹ ਜੀਵਨੀ ਉਨ੍ਹਾਂ ਦੇ ਰਸਾਲੇ ਨਵਜੀਵਨ ਵਿੱਚ 1925 ਤੋਂ 1929 ਤੱਕ ਛਪੀ ਸੀ। ਅੰਗਰੇਜ਼ੀ ਅਨੁਵਾਦ ਉਨ੍ਹਾਂ ਦੇ ਦੂਜੇ ਰਸਾਲੇ ਯੰਗ ਇੰਡੀਆ ਵਿੱਚ ਵੀ ਇਹ ਕਿਸ਼ਤਵਾਰ ਛਪੀ ਸੀ।

ਇਹ ਸਵਾਮੀ ਆਨੰਦ ਅਤੇ ਗਾਂਧੀ ਜੀ ਦੇ ਹੋਰ ਸਹਿ-ਕਰਮੀਆਂ ਵਲੋਂ ਉਨ੍ਹਾਂ ਨੂੰ ਆਪਣੀਆਂ ਜਨ-ਮਹਿੰਮਾਂ ਦੀ ਪਿੱਠਭੂਮੀ ਦੀ ਵਿਆਖਿਆ ਕਰਨ ਲਈ ਜੋਰ ਦੇਣ ਉੱਤੇ ਲਿਖੀ ਗਈ ਸੀ। ਸੰਨ 1999 ਵਿੱਚ ਗਲੋਬਲ ਰੂਹਾਨੀ ਅਤੇ ਧਾਰਮਿਕ ਅਥਾਰਟੀਜ ਦੀ ਇੱਕ ਕਮੇਟੀ ਨੇ ਇਸ ਕਿਤਾਬ ਨੂੰ "20ਵੀਂ ਸਦੀ ਦੀਆਂ 100 ਸਭ ਤੋਂ ਵਧੀਆ ਕਿਤਾਬਾਂ" ਵਿੱਚੋਂ ਇੱਕ ਵਜੋਂ ਚੁਣਿਆ। ਜਿਸ ਜਿਸ ਨੇ ਵੀ ਇਸ ਨੂੰ ਬਿਨਾ ਕਿਸੇ ਲੱਗ ਲਪੇਟ ਦੇ ਪੜ੍ਹਿਆ ਹੈ ਉਹ ਇਸਤੋਂ ਪ੍ਰਭਾਵਿਤ ਹੋਇਆ ਹੈ। 

ਇਥੇ ਇੱਕ ਵਿਸ਼ੇਸ਼ ਆਯੋਜਨ ਦਾ ਜ਼ਿਕਰ ਵੀ ਜ਼ਰੂਰੀ ਲੱਗਦਾ ਹੈ। ਨਾਮਧਾਰੀਆਂ ਨੇ ਇੱਕ ਵਾਰ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਤਾਂ ਉਸ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਕੁਝ ਚੋਣਵੇਂ ਲੇਖਕਾਂ ਅਤੇ ਪੱਤਰਕਾਰਾਂ ਨੂੰ ਵੀ ਲਿਜਾਇਆ ਗਿਆ। ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਦੀ ਅਗਵਾਈ ਹੇਠਾਂ ਡਾਕਟਰ ਗੁਲਜ਼ਾਰ ਪੰਧੇਰ, ਜਸਵੀਰ ਝੱਜ, ਕੁਲਵਿੰਦਰ ਕੌਰ ਕਿਰਨ, ਗੁਰਸੇਵਕ ਢਿੱਲੋਂ ਅਤੇ ਕੁਝ ਹੋਰ ਕਲਮਕਾਰ ਵੀ ਇਸ ਟੀਮ ਵਿਚ ਸਨ। ਇਹਨਾਂ ਸਾਰੀਆਂ ਨੂੰ ਗਾਂਧੀ ਧਾਮ ਵਿਖੇ ਰਾਤ ਰੁਕਵਾਇਆ ਗਿਆ। ਇਥੋਂ ਦਾ ਮਾਹੌਲ ਤਾਂ ਬਹੁਤ ਹੀ ਸ਼ਾਂਤ ਅਤੇ ਗਾਂਧੀ ਦੀ ਯਾਦ ਦੁਆਉਣ ਵਾਲਾ ਹੈ ਪਰ ਸਿਆਸੀ ਰੰਗਤ ਕਾਰਨ ਗਾਂਧੀ ਜੀ ਦੇ ਸੁਨੇਹੇ ਵੀ ਆਪਣੇ ਅਸਲ ਰੰਗ ਵਿਚ ਨਜ਼ਰ ਨਹੀਂ ਆਉਂਦੇ। ਅਜਿਹੇ ਮਾਹੌਲ ਵਿੱਚ ਪ੍ਰੋਫੈਸ ਜਗਮੋਹਨ ਸਿੰਘ ਹੁਰਾਂ ਨੇ ਮੀਡੀਆ ਨਾਲ ਕਈ ਗੱਲਾਂ ਕੀਤੀਆਂ ਜਿਹੜੀਆਂ ਮੌਜੂਦਾ ਦੌਰ ਵਿੱਚ ਵੀ ਗਾਂਧੀ ਜੀ ਦੀ ਮੌਜੂਦਗੀ ਨੂੰ ਉੱਥੇ ਸਾਕਾਰ ਕਰਦੀਆਂ  ਸਨ। ਇੰਝ ਲੱਗਦਾ ਸੀ ਜਿਵੇਂ ਗਾਂਧੀ ਜੀ ਅਦ੍ਰਿਸ਼ ਰੂਪ ਵਿਚ ਇਥੇ ਸਾਡੇ ਕੋਲ ਆ ਗਏ ਹੋਣ। ਅਜਿਹੇ ਜਾਦੂਈ ਤਜਰਬੇ ਸਾਨੂੰ ਪੰਜਾਬ ਅਤੇ ਹੋਫਰਨਾਂ ਥਾਂਵਾਂ 'ਤੇ ਵੀ ਕਰਨੇ ਚਾਹੀਦੇ ਹਨ। 

ਐਫ ਆਈ ਬੀ ਵਾਲੇ ਡਾਕਟਰ ਭਾਰਤ ਰਾਮ ਤਾਂ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਲੇਕਿਨ ਤਿਰੰਗੇ ਦੇ ਨਾਲ ਨਾਲ ਉਹਨਾਂ ਦਾ ਗਾਂਧੀ ਜੀ ਨਾਲ ਵੀ ਬਹੁਤ ਇਸ਼ਕ ਸੀ। ਉਹ ਗਾਂਧੀ ਜੀ ਦੇ ਵਿਚਾਰਾਂ ਨੂੰ ਬਹੁਤ ਹੀ ਅਸਰਦਾਇਕ ਢੰਗ ਨਾਲ ਤਕਰੀਬਨ ਹਰ ਰੋਜ਼ ਲੋਕਾਂ ਸਾਹਮਣੇ ਰੱਖਦੇ ਸਨ। ਗਾਂਧੀ ਜੀ ਦੀ ਅਹਿੰਸਾ ਨਾਲ ਪ੍ਰਤੀਬੱਧਤਾ, ਮਾਨਸਿਕ ਸ਼ਕਤੀਆਂ ਦੇ ਤਜਰਬੇ, ਵਰਤ-ਉਪਵਾਸ ਵਾਲੇ ਤਜਰਬੇ, ਤਾਂ ਅਤੇ ਮਨ ਨੂੰ ਕਾਬੂ ਰੱਖਣ ਵਾਲੇ ਫਾਰਮੂਲੇ ਆਦਿ ਬਹੁਤ ਕੁਝ ਹੈ ਉਸ ਸਵੈ ਜੀਵਨੀ ਵਿੱਚ। ਖੁਦ ਦਾ ਲਿਹਾਜ਼ ਕੀਤੇ ਬਿਨਾ ਉਹਨਾਂ ਬਹੁਤ ਕੁਝ ਖੋਹਲ ਕੇ ਦੱਸਿਆ ਹੈ ਇਹਨਾਂ ਪੁਸਤਕਾਂ ਵਿੱਚ। 

ਇਹ ਲਿਖਤ ਵੀ ਜ਼ਰੂਰ ਦੇਖੋ ਪੰਜਾਬ ਸਕਰੀਨ ਵਿੱਚ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment