Sunday, February 20, 2022

ਇਹ ਹੁੰਦੀ ਹੈ ਅਸਲੀ ਕਾਮਰੇਡੀ ਹਿੰਮਤ

ਇਹ ਹੁੰਦਾ ਹੈ ਅਸਲੀ ਕਾਮਰੇਡੀ ਰੰਗ 

ਬਿਮਾਰੀ ਦੇ ਬਾਵਜੂਦ ਚੜ੍ਹਦੀਕਲਾ ਵਿੱਚ ਕਾਮਰੇਡ ਗੁਰਨਾਮ ਸਿੱਧੂ ਰਿਸ਼ੀ ਨਗਰ ਵਿੱਚ ਆਪਣੇ ਨਿਵਾਸ ਵਿਖੇ 

ਲੁਧਿਆਣਾ: 19 ਫਰਵਰੀ 2022: (ਕਾਮਰੇਡ ਸਕਰੀਨ ਬਿਊਰੋ):: 

ਜ਼ਿੰਦਗੀ ਦੀਆਂ ਗਰਦਿਸ਼ਾਂ ਦਾ ਸਾਹਮਣਾ ਮੁਸਕਰਾ ਕੇ ਕਰਨਾ ਕੋਈ ਸੌਖਾ ਨਹੀਂ ਹੁੰਦਾ ਪਰ ਮੈਂ ਅਜਿਹੇ ਕਈ ਕਾਮਰੇਡ ਦੇਖੇ ਹਨ ਜਿਹਨਾਂ ਨੇ ਨਾ ਸਿਰਫ ਹੱਸ ਕੇ ਮੁਸੀਬਤਾਂ ਝੱਲੀਆਂ ਬਲਕਿ ਮੁਸੀਬਤਾਂ ਦੀਆਂ ਹਨੇਰੀਆਂ ਨੂੰ ਬਾਜ਼ ਵਾਂਗ ਆਪਣੀ ਸਵਾਰੀ ਵੀ ਬਣਾਇਆ। ਅਜਿਹੇ ਕਾਮਰੇਡਾਂ ਵਿੱਚੋਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਵੀ ਸਨ, ਕਾਮਰੇਡ ਮਦਨ ਲਾਲ ਦੀਦੀ ਵੀ ਅਤੇ ਕੁਝ ਹੋਰ ਵੀ। ਮੌਜੂਦਾ ਦੌਰ ਵਿਚ ਜੇ ਲੁਧਿਆਣਾ ਵੱਲ ਨਜ਼ਰ ਮਾਰੀਏ ਤਾਂ ਕਾਮਰੇਡ ਕਰਤਾਰ ਬੁਆਣੀ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਗੁਰਨਾਮ ਸਿੱਧੂ ਹੁਰਾਂ ਵਿੱਚ ਵੀ ਇਹੀ ਖੂਬੀਆਂ ਹਨ। ਨਿਊਰੋ ਸਰਜਰੀ ਮਗਰੋਂ ਪੈਦਾ ਹੋਈ ਬੇਬਸੀ ਵੀ ਕਾਮਰੇਡ ਗੁਰਨਾਮ ਸਿੱਧੂ ਹੁਰਾਂ ਦੀ ਮੁਸਕਰਾਹਟ ਅਤੇ ਹਿੰਮਤ ਨੂੰ ਨਹੀਂ ਖੋਹ ਸਕੀ। ਉਹ ਹੁਣ ਵੀ ਸ਼ਾਇਰੀ ਦੀ ਗੱਲ ਕਰਦੇ ਹਨ। ਗੀਤ ਦੀ ਗੱਲ ਕਰਦੇ ਹਨ। ਜ਼ਫ਼ਰਨਾਮੇ ਦੀ ਗੱਲ ਕਰਦੇ ਹਨ। ਕਵਿਤਾ ਦਾ ਜ਼ਿਕਰ ਛਿੜਦਿਆਂ ਹੀ ਉਹ ਯਾਦ ਕਰਾਉਂਦੇ ਹਨ ਹਰਿਭਜਨ ਸਿੰਘ (ਡਾ.) ਦੀ ਗੱਲ ਅਤੇ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਦੀ ਇੱਕ ਲਿਖਤ। 

ਪ੍ਰਿੰਸੀਪਲ ਸਰਵਣ ਸਿੰਘ ਇਸ ਮਹਾਨ ਸ਼ਾਇਰ ਦੀ ਗੱਲ ਕਰਦਿਆਂ ਆਪਣੀ ਲਿਖਤ ਵਿੱਚ ਦੱਸਦੇ ਹਨ-ਏਨਾ ਕੁਝ ਛਪਵਾ ਲੈਣ ਦੇ ਬਾਵਜੂਦ ਉਹ ਦੱਸਦਾ ਹੁੰਦਾ ਸੀ ਕਿ ਉਹਦਾ ਲਿਖਿਆ ਬਹੁਤ ਕੁਝ ਗੁਆਚ ਗਿਆ ਤੇ ਕੁਝ ਲਿਖਿਆ ਹੋਇਆ ਛਪਣ ਖੁਣੋਂ ਰਹਿ ਗਿਆ! ਉਹ ਲਿਖਦਾ ਹੈ, “ਬਹੁਤ ਕੁਝ ਤਾਂ ਮੈਂ ਲਾਹੌਰ ਹੀ ਛੱਡ ਆਇਆ ਸਾਂ, ਆਪਣੇ ਨਾਲ ਦਿੱਲੀ ਲਿਆਉਣ ਦੀ ਲੋੜ ਮਹਿਸੂਸ ਨਾ ਕੀਤੀ। ਇਕ ਤਾਂ ਆਪਣੀ ਯਾਦ-ਸ਼ਕਤੀ ਹੀ ਮੈਨੂੰ ਪੂਰਬ-ਲਿਖੇ ਦੀ ਸੰਭਾਲ ਵੱਲ ਧਿਆਨ ਨਹੀਂ ਸੀ ਦੇਣ ਦੇਂਦੀ। ਦੂਜੇ ਅਚੇਤ ਜਿਹਾ ਅਹਿਸਾਸ ਸੀ ਕਿ ਗੁਆਚ ਗਏ ਦਾ ਫਿਕਰ ਨਾ ਕਰ, ਹੋਰ ਰਚ ਲਵਾਂਗਾ: 

ਡੁਲ੍ਹ ਜਾਣ ਦੇ, ਰੁਲ ਜਾਣ ਦੇ, ਗੁਮਦਾ ਹੈ ਜੋ ਗੁਮ ਜਾਣ ਦੇ

ਮੁਕਣੀ ਨਹੀਂ ਇਹ ਦਾਸਤਾਂ, ਹਰ ਦਮ ਕਹਾਣੀ ਹੋਰ ਹੈ। 

ਦਰਿਆ ਤੋਂ ਪਹਿਲਾਂ ਦੌੜ ਕੇ ਪਹੁੰਚਾਂਗੇ ਸਾਗਰ ‘ਤੇ ਅਸੀਂ

ਇਸ ਦੇ ਕਦਮ ਵੀ ਤੇਜ਼ ਪਰ ਆਪਣੀ ਰਵਾਨੀ ਹੋਰ ਹੈ। 

ਕਿਉਂ ਰੋਕਦੈਂ ਨਾਦਾਨੀਆਂ, ਨਾਸਮਝ ਨਾਫ਼ਰਮਾਨੀਆਂ

ਉਮਰਾ ਸਿਆਣੀ ਵਾਲਿਆ ਉਮਰਾ ਅੰਝਾਣੀ ਹੋਰ ਹੈ। 

ਕਲ੍ਹ ਵੀ ਗੁਨਾਹ ਕਰਨੇ ਅਸੀਂ, ਉਸ ਤੋਂ ਵਧ ਅੱਜ ਕਰਨ ਦੇ

ਬੀਬਾ ਜਵਾਨੀ ਹੋਰ ਹੈ ਚੜ੍ਹਦੀ ਜਵਾਨੀ ਹੋਰ ਹੈ। 

ਲੈ ਤਾਰਿਆਂ ਦੀ ਮੁੱਠ ਲੈ ਜਾ ਆਪਣੇ ਘਰ ਵਾਸਤੇ

ਸਾਡਾ ਫਿ਼ਕਰ ਨਾ ਕਰ ਕਿ ਦੌਲਤ ਆਸਮਾਨੀ ਹੋਰ ਹੈ।

ਏਨੀ ਸਮਰਥ ਸ਼ਾਇਰੀ ਵਾਲੇ ਸ਼ਾਇਰ ਦੀਆਂ ਕਿਤਾਬਾਂ ਛਪਣਾ ਵੀ ਸੌਖਾ ਨਹੀਂ ਸੀ। ਪ੍ਰਿੰਸੀਪਲ,ਸ੍ਰਵਨ ਸਿੰਘ ਇਸ ਸਬੰਧੀ ਦੱਸਦਿਆਂ ਲਿਖਦੇ ਹਨ-ਧੁਰੋਂ ਵਰੋਸਾਏ ਇਸ ਕਵੀ/ਲੇਖਕ ਦੀਆਂ ਪਹਿਲੀਆਂ ਪੁਸਤਕਾਂ ਸੌਖੀਆਂ ਨਹੀਂ ਸਨ ਛਪੀਆਂ। ਮੁਫ਼ਤ ਕਿਤਾਬ ਛਾਪਣ ਵਾਲਾ ਪ੍ਰਕਾਸ਼ਕ ਤਾਂ ਕੋਈ ਹੈ ਨਹੀਂ ਸੀ। ਪਹਿਲੀ ਕਿਤਾਬ ਛਪਵਾਉਣ ਦਾ ਖਰਚਾ 1956 ਵਿਚ ਚਾਰ-ਪੰਜ ਸੌ ਰੁਪਏ ਦਾ ਸੀ। ਉਹਨੀ ਦਿਨੀਂ ਏਨੀ ਰਕਮ ‘ਕੱਠੀ ਕਰਨੀ ਸੌਖੀ ਨਹੀਂ ਸੀ। ਦੋ ਸੌ ਦੋਸਤਾਂ ਤੋਂ ਫੜੇ ਤੇ ਤਿੰਨ ਸੌ ਪ੍ਰਾਵੀਡੈਂਟ ਫੰਡ ‘ਚੋਂ ਕਢਾਏ। ਦੂਜੀ ਕਿਤਾਬ ‘ਤਾਰ-ਤੁਪਕਾ’ ਵੀ ਆਪਣੇ ਖਰਚ ‘ਤੇ ਛਾਪਣੀ ਪਈ। ਦੁਬਾਰਾ ਮੰਗ-ਪਿੰਨ ਕੇ ਪੈਸਿਆਂ ਦਾ ਜੁਗਾੜ ਕੀਤਾ। ਤੀਜੀ ਕਿਤਾਬ ‘ਅਧਰੈਣੀ’ ਮੋਹਨ ਸਿੰਘ ਨੇ ਮੁਫ਼ਤ ਛਾਪੀ ਤਾਂ ਅਗਲੀਆਂ ਪੁਸਤਕਾਂ ਛਪਣ ਦਾ ਰਾਹ ਹਮਵਾਰ ਹੋ ਗਿਆ। ਉਸ ਦਾ ਕਥਨ ਹੈ, “ਪੰਜਾਬੀ ਕਵਿਤਾ ਕਮਾਈ ਵਾਲਾ ਧੰਦਾ ਨਹੀਂ, ਫ਼ਕੀਰੀ ਦੀ ਮੌਜ ਹੈ।”

ਉਹਦੀਆਂ ਕਵਿਤਾ ਦੀਆਂ ਲਗਭਗ ਸਾਰੀਆਂ ਹੀ ਕਿਤਾਬਾਂ ਭਾਪਾ ਪ੍ਰੀਤਮ ਸਿੰਘ ਨੇ ਛਾਪੀਆਂ। ‘ਟੁੱਕੀਆਂ ਜੀਭਾਂ ਵਾਲੇ’ ਸੰਗ੍ਰਹਿ ਐਮਰਜੈਂਸੀ ਦੀਆਂ ਕਵਿਤਾਵਾਂ ਨਾਲ ਸੰਬੰਧਿਤ ਸੀ। ਇਹ ਸੰਗ੍ਰਹਿ ਛਾਪਣ ਬਾਰੇ ਉਸ ਨੇ ਭਾਪੇ ਨੂੰ ਬੇਨਤੀ ਕਰਨੀ ਉਚਿਤ ਨਾ ਸਮਝੀ। ਇਕ ਤਾਂ ਉਹ ਭਾਪੇ ਤੋਂ ਨਾਂਹ ਨਹੀਂ ਸੀ ਕਹਾਉਣੀ ਚਾਹੁੰਦਾ, ਦੂਜੇ ਉਹਨੂੰ ਕਿਸੇ ਸੰਕਟ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਸੰਨ ਚੁਰਾਸੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਣ ਲਈ ਵੀ ਉਹ ਭਾਪਾ ਪ੍ਰੀਤਮ ਸਿੰਘ ਨੂੰ ਨਾ ਕਹਿ ਸਕਿਆ ਜੋ ਅਜੇ ਤਕ ਅਣਛਪਿਆ ਪਿਆ ਹੈ।

ਉਸ ਨੇ ਲਿਖਿਆ, “ਮੇਰੀ ਕਵਿਤਾ ਦਾ ਮੂਲ ਆਧਾਰ ਬਿੰਬ ਹੈ। ਇਹੋ ਮੇਰੀ ਸ਼ਕਤੀ ਹੈ ਤੇ ਸ਼ਾਇਦ ਇਹੋ ਮੇਰੀ ਸੀਮਾ ਹੈ। ਮੈਂ ਸਿਧਾਂਤ ਦੀ ਨੀਂਹ ਉਪਰ ਆਪਣੀ ਕਵਿਤਾ ਦੀ ਉਸਾਰੀ ਨਹੀਂ ਕਰ ਸਕਦਾ। ਮੈਂ ਬਿੰਬ ਨੂੰ ਉਡੀਕਦਾ ਹਾਂ...ਮੇਰੇ ਬਿੰਬ ਦਾ ਸੁਭਾਅ ਨਾਟਕੀ ਹੈ...ਮੈਂ ਮਾਂਗਵੇਂ ਸਿਧਾਂਤ ਨੂੰ ਆਪਣੀ ਕਵਿਤਾ ਦਾ ਆਧਾਰ ਨਹੀਂ ਬਣਾ ਸਕਦਾ, ਉਹ ਭਾਵੇਂ ਕਿੰਨਾ ਵੀ ਮੁੱਲਵਾਨ ਕਿਉਂ ਨਾ ਹੋਵੇ।”

ਪ੍ਰਿੰਸੀਪਲ ਸ੍ਰਵਨ ਸਿੰਘ ਦੀ ਲਿਖਤ ਬਾਰੇ ਪਤਾ ਲੱਗਣ ਤੇ ਮੈਨੂੰ ਇਹੀ ਮਹਿਸੂਸ ਹੋਇਆ ਕਿ ਡਾ. ਹਰਿਭਜਨ ਸਿੰਘ ਵਿੱਚ ਵੀ ਕਾਮਰੇਡੀ ਹਿੰਮਤ ਸੀ। ਬਾਕਾਇਦਾ ਇੱਕ ਕਾਮਰੇਡੀ ਰੰਗ ਸੀ। ਅਜਿਹਾ ਰੰਗ ਜਿਹੜਾ ਸਾਰੀ ਸਾਰੀ ਉਮਰ ਕਾਮਰੇਡ ਰਹਿ ਕਿ ਵੀ ਬਹੁਤਿਆਂ ਵਿੱਚ ਨਹੀਂ ਸੀ ਆ ਸਕਿਆ।  ਬਹੁਤੇ ਤਾਂ ਐਵੇਂ ਹੀ ਕਾਮਰੇਡ ਬਣ ਗਏ ਸਨ। ਉਹਨਾਂ ਦੇ ਰੰਗ ਢੰਗ ਨਹੀਂ ਸਨ ਬਦਲੇ।   ਬਿੱਲੀ ਵੱਲੋਂ ਰਸਤਾ ਕੱਟ ਜਾਣ ਤੇ ਉਹ ਕੁਝ ਦੇਰ ਰੁਕ ਜਾਂਦੇ, ਘਰੋਂ ਨਿਕਲਣ ਲਗਿਆ ਨਿੱਛ ਆ ਜਾਣ ਤੇ ਵੀ ਉਹ ਰੁਕਣਾ ਠੀਕ ਸਮਝਦੇ। ਕੋਈ ਸ਼ਰਾਰਤੀ ਜੇ ਕਰ ਘਰ ਅੱਗੇ ਟੂਣਾ ਟਾਣਾ ਕਰ ਜਾਏ ਤਾਂ ਘਬਰਾ ਜਾਂਦੇ। ਵਿਆਹ ਸ਼ਾਦੀਆਂ ਦੀਆਂ ਰਸਮਾਂ ਜੋਤਸ਼ੀਆਂ ਤੋਂ ਪੁਛੇ ਬਿਨਾ ਕਦੇ ਨ ਕਰਦੇ। 

ਇਹਨਾਂ ਨਾਮ ਦੇ ਕਾਮਰੇਡਾਂ ਨੂੰ ਜਗਾਉਣ ਲਈ ਇਥੇ ਦਿੱਤੀ ਜਾ ਰਹੀ ਹੈ ਹਰਿਭਜਨ ਸਿੰਘ (ਡਾ.) ਹੁਰਾਂ ਦੀ ਇੱਕ ਕਾਵਿ ਰਚਨਾ-ਸ਼ਾਇਦ ਇਹਨਾਂ ਦੇ ਦਿਲਾਂ ਵਿੱਚੋਂ ਕਿਸੇ ਅਣਦਿੱਸਦੀ ਸ਼ਕਤੀ ਦਾ ਡਰ ਨਿਕਲ ਸਕੇ। ਜ਼ਰਾ ਪੜ੍ਹੋ ਇਹ ਰਚਨਾ-

ਅੱਧੀ ਤੋਂ ਵੀ ਬਹੁਤੀ

ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਹੈ

ਰੱਬ ਨੇ ਮੈਨੂੰ ਤੇ ਮੈਂ ਰੱਬ ਨੂੰ

ਯਾਦ ਕਦੇ ਨਹੀਂ ਕੀਤਾ

ਉਸ ਨੂੰ ਪਤਾ ਨਹੀਂ ਕਿ ਮੈਂ ਹਾਂ

ਮੈਨੂੰ ਪਤਾ ਨਹੀਂ ਕਿ ਉਹ ਹੈ

ਕਦੀ ਕਦਾਈਂ ਭੁੱਲ ਭੁਲੇਖੇ

ਇਕ ਦੂਜੇ ਨੂੰ ਮਿਲੇ ਸੜਕ ’ਤੇ ਝੂਠ ਵਾਂਗਰਾਂ

ਇਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ

ਰੱਬ ਨੇ ਮੈਥੋਂ ਕੀ ਲੈਣਾ ਏਂ

ਤੇ ਮੈਂ ਰੱਬ ਤੋਂ ਕੀ ਲੈਣਾ ?

ਕਿਵੇਂ ਲੱਗੀ ਇਹ ਕਾਵਿ ਰਚਨਾ? ਇੰਝ ਨਹੀਂ ਲੱਗਿਆ ਕਿ ਇਹ ਹੁੰਦੀ ਹੈ ਅਸਲੀ ਕਾਮਰੇਡੀ ਹਿੰਮਤ! 

ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। 

No comments:

Post a Comment