Monday, February 7, 2022

ਜੰਗ ਦੇ ਖਿਲਾਫ ਅਮਨ ਦਾ ਹੋਕਾ ਦੇਣ ਵਾਲੀ ਇੱਕ ਹੋਰ ਸ਼ਖ਼ਸੀਅਤ ਚਲੀ ਗਈ

ਸੇਠੀ ਪਰਿਵਾਰ ਨੂੰ ਡੂੰਘਾ ਸਦਮਾ//ਨਹੀਂ ਰਹੇ ਸ਼੍ਰੀਮਤੀ ਕਿਰਪਾਲ ਕੌਰ 
ਅੰਮ੍ਰਿਤਸਰ: 7 ਫਰਵਰੀ 2022: (*ਰੈਕਟਰ ਕਥੂਰੀਆ//ਕਾਮਰੇਡ ਸਕਰੀਨ ਬਿਊਰੋ)::
ਜਿਹਨਾਂ ਸ਼ਖ਼ਸੀਅਤਾਂ ਨੇ ਚੜ੍ਹਦੀ ਜਵਾਨੀ ਤੋਂ ਲੈ ਕੇ ਆਖ਼ਿਰੀ ਸਾਹਾਂ ਤੱਕ ਇੱਕ ਅਜਿਹੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲਗਾ ਦਿੱਤੀ ਜਿਸ ਵਿਚ ਹਰ ਕਿਰਤੀ, ਹਰ ਮਿਹਨਤਕਸ਼ ਖੁਸ਼ਹਾਲ ਹੋਵੇ ਉਹਨਾਂ ਵਿੱਚੋਂ ਇੱਕ ਹੋਰ ਸ਼ਖ਼ਸੀਅਤ ਕਿਰਪਾਲ ਕੌਰ ਵੀ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਨੇ ਇਸਤਰੀ ਸਭਾ ਅਤੇ ਹੋਰ ਮੋਰਚਿਆਂ ਦੇ ਨਾਲ ਨਾਲ ਕਈ ਸਕੂਲ ਚਲਾ ਕੇ ਉਹਨਾਂ ਬੱਚਿਆਂ ਤੱਕ ਵੀ ਵਿੱਦਿਆਂ ਪਹੁੰਚਾਈ ਜਿਹਨਾਂ ਤੱਕ ਕਿਸੇ ਨ ਕਿਸੇ ਕਾਰਨ ਵਿੱਦਿਆਂ ਨਹੀਂ ਸੀ ਪਹੁੰਚ ਰਹੀ। ਗਰੀਬੀ ਦੇ ਝੰਬੇ ਹੋਏ ਇਹਨਾਂ ਬੱਚਿਆਂ ਲਈ ਕਿਤਾਬਾਂ ਦਾ ਪ੍ਰਬੰਧ, ਵਰ੍ਦੀਆਂ ਦਾ ਪ੍ਰਬੰਧ, ਲੁੜੀਂਦੇ ਭੋਜਨ ਦਾ ਪ੍ਰਬੰਧ ਅਤੇ ਉਹਨਾਂ ਪਰਿਵਾਰਾਂ ਦੇ ਬਾਲਗ ਮੈਂਬਰਾਂ ਲਈ ਰੋਜ਼ਗਾਰ ਅਤੇ ਨੌਕਰੀਆਂ ਦਾ ਪ੍ਰਬੰਧ ਉਹਨਾਂ ਦੇ ਮਿਸ਼ਨ ਵਿੱਚ ਉਸ ਵੇਲੇ ਸ਼ਾਮਿਲ ਸੀ ਜਦੋਂ ਸਰਕਾਰਾਂ ਨੇ ਵੀ ਇਸ ਮਕਸਦ ਦੀਆਂ ਸਕੀਮਾਂ ਨਹੀਂ ਸਨ ਕਢੀਆਂ। ਉਹਨਾਂ ਨੇ ਆਪਣੀ ਹਿੰਮਤ ਨਾਲ ਸੰਸਥਾਵਾਂ ਅਤੇ ਸਰਕਾਰਾਂ ਦਾ ਕੰਮ ਕੀਤਾ।
ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜਾ ਕਰਨਾ ਅਤੇ ਉਹਨਾਂ ਦੇ ਬੱਚਿਆਂ ਤੱਕ ਵਿੱਦਿਆਂ ਦਾ ਚਾਨਣ ਪਹੁੰਚਾਉਣ ਲਈ ਉਹਨਾਂ ਬਹੁਤ ਸਾਰੇ ਹੀਲੇ ਵਸੀਲੇ ਕੀਤੇ।
ਇਸ ਮਿਸ਼ਨ ਨੂੰ ਸਫਲ ਬਨਾਉਣ ਲਈ ਉਹਨਾਂ ਰੰਗਮੰਚ ਨੂੰ ਵੀ ਮਾਧਿਅਮ ਬਣਾਇਆ। ਇਪਟਾ ਅਤੇ ਇਸਕਸ ਦੀ ਚੜ੍ਹਤ ਵਾਲੇ ਜ਼ਮਾਨੇ ਵਿੱਚ ਵੀ ਦੁਨੀਆ ਭਰ ਵਿੱਚ ਸਾਮਰਾਜੀ ਤਾਕਤਾਂ ਨੇ ਜੰਗ ਦੀਆਂ ਅਗਨੀਆਂ ਭੜਕਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ। 
ਜੰਗ ਨੁੰ ਹੀ ਇੱਕੋ ਇੱਕੋ ਰੋਜ਼ਗਾਰ ਬਣਾ ਦਿੱਤਾ ਗਿਆ ਸੀ। ਉਦੋਂ ਸਾਹਿਰ ਲੁਧਿਆਣਵੀ ਸਾਹਿਬ ਦੀ ਇੱਕ ਰਚਨਾ ਜੰਗ ਦੇ ਖਿਲਾਫ ਸਾਹਮਣੇ ਆਈ ਸੀ ਜਿਸਨੂੰ ਰੰਗਮੰਚ ਤੇ ਲਿਆਂਦਾ ਪ੍ਰਿੰਸੀਪਲ ਕਿਰਪਾਲ ਕੌਰ ਨੇ। ਇਹ ਕੰਮ ਬੜੀ ਮਿਹਨਤ ਦਾ ਸੀ ਪਰ ਉਹਨਾਂ ਬੜੀ ਸਹਿਜਤਾ ਨਾਲ ਕੀਤਾ।
ਸਕੂਲ ਦੇ ਬੱਚਿਆਂ ਅਤੇ ਸਟਾਫ ਵਿੱਚੋਂ ਹੀ ਕਲਾਕਾਰਾਂ ਦੀ ਚੋਣ ਕਰਨੀ, ਜਾਣਕਾਰ ਗੀਤਕਾਰਾਂ, ਸੰਗੀਤਕਾਰਾਂ, ਡਰਾਮਾ ਨਿਰਦੇਸ਼ਕਾਂ ਦੀ ਸਹਾਇਤਾ ਨਾਲ ਅੰਮ੍ਰਿਤਸਰ ਦੀ ਰੋਡਵੇਜ਼ ਕਲੋਨੀ ਵਾਲੇ ਸਕੂਲ ਦੇ ਗਰਾਊਂਡ ਵਿੱਚ ਇਹਨਾਂ ਦਾ ਸ਼ਾਨਦਾਰ ਮੰਚਨ ਹੁੰਦਾ ਸੀ।

ਫਿਰ ਰਾਮਲੀਲਾ ਅਤੇ ਹੋਰ ਰਾਤ ਦੇ ਪ੍ਰੋਗਰਾਮਾਂ ਵਾਲੇ ਵੀ ਇਸ ਸਕੂਲ ਦੀਆਂ ਟੀਮਾਂ ਕੋਲੋਂ ਅਮਨ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਇਹਨਾਂ ਪ੍ਰੋਗਰਾਮਾਂ ਦੇ ਸ਼ੋਅ ਕਰਾਉਣ ਦੀ ਮੰਗ ਕਰਨ ਲੱਗੇ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਅਮਨ ਸ਼ਾਂਤੀ ਦੇ ਇਸ ਸੁਨੇਹੇ ਕਾਰਣ ਰਾਮਲੀਲਾ ਵਾਲੇ, ਮੰਦਰਾਂ ਵਾਲੇ, ਗੁਰਦੁਆਰਿਆਂ ਵਾਲੇ ਲਾਲ ਝੰਡੇ ਦੇ ਨੇੜੇ ਆਉਣ ਲੱਗ ਪਏ ਸਨ।
ਉਹਨਾਂ ਦਿਨਾਂ ਵਿਚ ਹੀ  ਅਮਰਜੀਤ ਗੁਰਦਾਸਪੁਰੀ ਹੁਰਾਂ ਦਾ ਇੱਕ ਗੀਤ ਆਇਆ ਸੀ-
ਮੁੜਿਆ ਲਾਮਾਂ ਤੋਂ
ਸਾਡੇ ਘਰੀਂ ਬੜਾ ਰੁਜ਼ਗਾਰ
ਮੁੜਿਆ ਲਾਮਾਂ ਤੋਂ
ਕਿ ਕਣਕਾਂ ਨਿੱਸਰ ਪਈਆਂ 
ਘਰ ਆਏ ਕੇ ਝਾਤੀ ਮਾਰ
ਮੁੜਿਆ ਲਾਮਾਂ ਤੋਂ!
ਉਹਨਾਂ ਦਿਨਾਂ ਵਿੱਚ ਇਸ ਗੀਤ ਤੇ ਅਧਾਰਿਤ ਸੰਗੀਤ ਨਾਟਕ ਰਿਕਾਰਡ ਤੋੜ ਗਿਣਤੀ ਤੱਕ ਖੇਡੇ ਗਏ। ਇਹਨਾਂ ਪ੍ਰੋਗਰਾਮਾਂ ਦੀ ਪ੍ਰਸੰਸਾ ਸੁਣ ਕੇ ਉੱਘੀ ਚਿੱਤਰਕਾਰ ਫੁੱਲਾਂ ਰਾਣੀ ਉਚੇਚੇ ਤੌਰ ਤੇ ਪ੍ਰਿੰਸੀਪਲ ਕਿਰਪਾਲ ਕੌਰ ਨੂੰ ਮਿਲਣ ਆਈ। ਉਹਨਾਂ ਦੇ ਨਾਲ ਉੱਘੀ ਲੇਖਿਕਾ ਅਤੇ ਮਾਸਿਕ ਕੰਵਲ ਦੀ ਸੰਪਾਦਕਾ ਅਨਵੰਤ ਕੌਰ ਅਤੇ ਕੁਝ ਹੋਰ ਸ਼ਖ਼ਸੀਅਤਾਂ ਵੀ ਸਨ।

ਆਪ ਸਾਰੀ ਉਮਰ ਲਾਲ ਝੰਡੇ ਅਤੇ ਕਿਰਤੀ ਵਰਗ ਦੇ ਭਲੇ ਲਈ ਸਮਰਪਿਤ ਰਹਿਣ ਵਾਲੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਪ੍ਰਦੁਮਣ ਸਿੰਘ ਦੀ ਧਰਮਪਤਨੀ ਅਤੇ ਰਿਟਾਇਰਡ ਸਿਵਲ ਸਰਜਨ ਡਾ. ਆਰ ਐਸ ਸੇਠੀ ਦੀ ਮਾਤਾ ਜੀ ਸਨ। ਉਹਨਾਂ ਦੇ ਦੋ ਬੇਟਿਆਂ ਦੇ ਵਿਦੇਸ਼ ਤੋਂ ਪਰਤਣ ਮਗਰੋਂ ਅੱਜ ਅੰਮ੍ਰਿਤਸਰ ਦੇ ਸ੍ਰੀ ਦੁਰਗਿਆਣਾ ਤੀਰਥ ਵਾਲੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਸ਼ਾਮ ਸਾਢੇ ਚਾਰ ਵਜੇ ਕੀਤਾ ਜਾਣਾ ਹੈ।

ਇਹਨਾਂ ਦੇ ਦੋ ਬੇਟਿਆਂ ਵਿੱਚੋਂ ਇੱਕ ਭੁਪਿੰਦਰ ਸੇਠੀ ਵੱਖ ਵੱਖ ਮੁਲਕਾਂ ਵਿੱਚ ਰਹਿੰਦੇ ਅਮਨ ਪਸੰਦ ਲੋਕਾਂ ਦਰਮਿਆਨ ਰਾਬਤਾ ਮਜ਼ਬੂਤ ਬਣਾਉਣ ਲਈ ਸਰਗਰਮ ਰਹਿੰਦਾ ਹੈ ਜਦਕਿ ਕੰਵਲ ਸੇਠੀ ਲੋਕਾਂ ਦੇ ਬੇਹਦ ਸੂਖਮ ਜਜ਼ਬਾਤਾਂ ਨੂੰ ਅਤੇ ਇਹਨਾਂ ਵਿਚਲੀਆਂ ਉਲਝਣਾਂ ਨੂੰ ਸਾਹਮਣੇ ਲਿਆਉਣ ਲਈ ਕਈ ਫ਼ਿਲਮਾਂ ਬਣਾ ਚੁੱਕਿਆ ਹੈ ਅਤੇ ਕਈ ਅਜੇ ਹੋਰ ਪ੍ਰੋਡਕਸ਼ਨ ਅਧੀਨ ਹਨ। 

ਉਹਨਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੀ ਤਾਰੀਖ ਵੀ ਕਿਸੇ ਵੱਖਰੀ ਪੋਸਟ ਵਿੱਚ ਜਲਦੀ ਹੀ ਦੱਸੀ ਜਾਵੇਗੀ।
ਅਖੀਰ ਵਿੱਚ ਇੱਕ ਗੱਲ ਹੋਰ ਕਈ ਲਾਲ ਝੰਡੇ ਵਾਲਾ ਪਰਿਵਾਰ ਹੋਣ ਦੇ ਬਾਵਜੂਦ ਪ੍ਰਿੰਸੀਪਲ ਕਿਰਪਾਲ ਕੌਰ ਹੁਰਾਂ ਦਾ ਗੁਰਬਾਣੀ ਅਤੇ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ। ਉਹ ਖੁਦ ਵੀ ਸਾਹਿਤ ਰਚਨਾ ਕਰੀਏ ਕਰਦੇ ਸਨ ਪਰ ਕਦੇ ਇਹਨਾਂ ਰਚਨਾਵਾਂ ਨੀਂ ਛਪਵਾਇਆ ਨਹੀ ਗਿਆ। ਕੋਸ਼ਿਸ਼ ਹੈ ਉਹਨਾਂ ਦੀਆਂ ਡਾਇਰੀਆਂਵਿੱਚੋਂ ਉਹਨਾਂ ਦੀਆਂ ਕਾਵਿ ਰਚਨਾਵਾਂ ਦਾ ਸੰਕਲਨ ਤਿਆਰ ਹੋ ਸਕੇ।
*ਰੈਕਟਰ ਕਥੂਰੀਆ ਸਵਰਗੀ ਪ੍ਰਿੰਸੀਪਲ ਕਿਰਪਾਲ ਕੌਰ ਹੁਰਾਂ ਦਾ ਭਤੀਜਾ ਹੈ

1 comment:

  1. Buht sakhshiatan iho jihian hn jina ne apne sird nal lok bhlai di seva kiti hai sada hi gian simt hai. Buht afsos

    ReplyDelete