ਡੇਹਲੋਂ, ਆਲਮਗੀਰ ਅਤੇ ਵੇਰਕਾ ਮਿਲਕ ਪਲਾਂਟ ਤੇ ਹੋਏ ਵੱਡੇ ਇਕੱਠ
ਲੁਧਿਆਣਾ: 6 ਫਰਵਰੀ 2021: (ਐਮ ਐਸ ਭਾਟੀਆ//ਜਸਪ੍ਰੀਤ ਸਮਤਾ//ਕਾਮਰੇਡ ਸਕਰੀਨ)::
'ਸੰਯੁਕਤ ਕਿਸਾਨ ਮੋਰਚੇ' ਦੇ ਸੱਦੇ ਤੇ ਕੱਲ੍ਹ ਲੁਧਿਆਣਾ, ਡੇਹਲੋਂ, ਆਲਮਗੀਰ ਅਤੇ ਪੰਜਾਬ ਦੇ ਨਾਲ ਨਾਲ ਦੇਸ਼ ਭਰ ਚ ਵੱਖ ਵੱਖ ਥਾਵਾਂ ਤੇ "ਚੱਕਾ ਜਾਮ" ਸਫਲਤਾਪੂਰਵਕ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀ, ਕਿਸਾਨ, ਅੰਗਣਵਾੜੀ ਵਰਕਰਜ਼, ਅਧਿਆਪਕ, ਪੱਤਰਕਾਰ ਅਤੇ ਪ੍ਰੋਫੈਸਰ ਆਦਿ ਵਰਗ ਦੇ ਲੋਕਾਂ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ। ਚੱਕਾ ਜਾਮ ਦੌਰਾਨ ਵੱਖ-ਵੱਖ ਥਾਵਾਂ ਤੇ ਲੋਕਾਂ ਤੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੇ ਜੀ ਪੀ ਦੀ ਫਾਸ਼ੀਵਾਦੀ ਹਕੂਮਤ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਇਸ ਲੰਮੇ ਸੰਘਰਸ਼ ਤੋਂ ਬਾਅਦ ਉਹ ਸਿਰਫ ਕਾਨੁੂੰਨਾਂ ਵਿੱਚ ਸੋਧ ਕਰਨ ਲਈ ਹੀ ਰਾਜ਼ੀ ਹੋਈ ਹੈ ਜਿਸਨੂੰ ਕਿਸਾਨਾਂ ਵੱਲੋ ਨਾ-ਮਨਜ਼ੂਰ ਕੀਤਾ ਗਿਆ ਹੈ। ਇੱਕ ਪਾਸੇ ਤਾ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਵੱਲੋਂ ਗੱਲਬਾਤ ਜਾਰੀ ਹੈ ਪਰ ਦੂਜੇ ਪਾਸੇ ਬਾਰਡਰਾਂ ਨੂੰ ਕੰਡਿਆਲੀ ਤਾਰ ਲਗਾ ਕੇ ਸੀਲ ਕੀਤਾ ਜਾ ਰਿਹਾ ਹੈ ਜਿਵੇਂ ਦੁਸ਼ਮਣ ਦੇਸ਼ਾਂ ਦੇ ਖਿਲਾਫ ਕੀਤਾ ਜਾਂਦਾ ਹੈ। ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਦੁਸ਼ਮਣਾਂ ਵਾਂਗ ਸਮਝਣ ਵਾਲੀ ਇਸ ਸਰਕਟਰ ਦੀ ਹਰ ਗੱਲ ਦੋਗਲੀ ਹੈ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ ਲੋਕ ਪੱਖੀ ਮੀਡੀਆ ਹਰ ਥਾਂ ਪਹੁੰਚਿਆ
ਇਸਦੇ ਨਾਲ ਹੀ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰਨ ਵਾਲੇ ਨਿਰਪੱਖ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਧਰਨਿਆਂ ਵਿੱਚ ਪੁੱਜੇ ਲੋਕਾਂ ਵੱਲੋਂ ਮਨਦੀਪ ਪੂਨੀਆਂ ਨਾਮ ਦੇ ਪੱਤਰਕਾਰ ਨੂੰ ਗਿਰਫਤਾਰੀ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹਾ ਕੀਤਾ ਜਾਣਾ ਪ੍ਰੇੈਸ ਦੀ ਆਜ਼ਾਦੀ ਤੇ ਬਹੁਤ ਵੱਡਾ ਹਮਲਾ ਹੈ।
ਇਸ ਗੱਲ ਤੇ ਵੀ ਡੂੰਘਾ ਅਫਸੋਸ ਪ੍ਰਗਟਾਇਆ ਗਿਆ ਕਿ ਇਸ ਅੰਦੋਲਨ ਨੂੰ ਸਮਰਥਨ ਦੇਣ ਵਾਲੇ ਲੋਕਾਂ ਉੱਪਰ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਦੌਰਾਨ ਔਰਤਾਂ ਵੱਲੋਂ ਵੀ 'ਸੰਯੁਕਤ ਕਿਸਾਨ ਮੋਰਚੇ' ਦੁਆਰਾ ਦਿੱਤੇ ਜਾ ਰਹੇ ਸੱਦਿਆ ਵਿੱਚ ਭਰਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਵਿਦਿਆਰਥੀਆਂ-ਨੌਜਵਾਨਾਂ ਦੇ ਨਾਲ ਨਾਲ ਹੁਣ ਸੰਘਰਸ਼ ਵਿੱਚ ਨਿਰਪੱਖ ਪੱਤਰਕਾਰ ਭਾਈਚਾਰਾ ਵੀ ਅੰਦੋਲਨ ਦੇ ਹੱਕ ਵਿੱਚ ਉਤਰ ਆਇਆ ਹੈ। ਦੇਸ਼ ਵਿਦੇਸ਼ ਤੋਂ ਕਿਸਾਨੀ ਲਹਿਰ ਨੁੂੰ ਭਰਵੀਂ ਹਮਾਇਤ ਮਿਲ ਰਹੀ ਹੈ ਪਰ ਇਹਨਾਂ ਹਕੀਕਤਾਂ ਦੇ ਬਾਵਜੂਦ ਮੋਦੀ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਵੱਖ ਵੱਖ ਥਾਵਾਂ ਤੇ ਹੋਏ ਚੱਕਾ ਜਾਮ ਨੂੰ ਲੋਕਾਂ ਵੱਲੋਂ ਸ਼ਾਂਤੀ ਪੂਰਵਕ ਨੇਪਰੇ ਚਾੜਿਆ ਗਿਆ। ਇਸ ਦੌਰਾਨ ਆਮ ਲੋਕਾਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ।
ਪ੍ਰੋਫੈਸਰ ਜਗਮੋਹਨ ਸਿੰਘ
ਲੁਧਿਆਣਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਡਾ. ਜਗਮੋਹਨ ਸਿੰਘ ਨੇ ਕਿਹਾ ਮੋਦੀ ਹਕੂਮਤ ਸਿਰਫ ਪੂੰਜੀਪਤੀਆਂ ਦੀ ਸੇਵਾ ਵਿੱਚ ਹੀ ਲੱਗੀ ਹੋਈ ਹੈ ਉਹ ਹਰ ਇੱਕ ਕਾਨੂੰਨ ਆਮ ਲੋਕਾਂ ਦੇ ਵਿਰੋਧ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਬਣਾ ਰਹੀ ਹੈ ਜਿਸਦੇ ਕਰਕੇ ਲੋਕ ਸੜਕਾਂ ਤੇ ਉਤਰਨ ਲਈ ਮਜਬੂਰ ਹਨ। ਇਹਨਾਂ ਧਰਨਿਆਂ ਦੌਰਾਨ ਲੋਕਪੱਖੀ ਮੀਡੀਆ ਦੇ ਇੱਕ ਸਰਗਰਮ ਹਿੱਸੇ ਵੱਜੋਂ ਕੱਲ 'ਕਾਮਰੇਡ ਸਕਰੀਨ' ਅਤੇ 'ਪੰਜਾਬ ਸਕਰੀਨ' ਦੀਆਂ ਟੀਮਾਂ ਨੇ ਵੀ ਵੱਖ ਵੱਖ ਥਾਵਾਂ ਤੇ ਜਾ ਕੇ ਕਵਰੇਜ ਕੀਤੀ। ਬੁਲਾਰਿਆਂ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਨੁਕਸਾਨ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਆਮ ਖਪਤਕਾਰ ਨੂੰ ਵੀ ਹੋਣਾ ਹੈ। ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਬੜੇ ਹੀ ਬਾਦਲੀਲ ਢੰਗ ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਬੇਨਕਾਬ ਕਰਦਿਆਂ ਸਾਬਤ ਕੀਤਾ ਕਿ ਇਹ ਨੀਤੀਆਂ ਲੋਕ ਵਿਰੋਧੀ ਹਨ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਕਰ ਰਿਹਾ ਹੈ ਪਰ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ ਉਹ ਕਾਰਪੋਰੇਟ ਦਾ ਪੱਖ ਹੀ ਪੂਰ ਰਿਹਾ ਹੈ।
ਤਿੰਨ ਘੰਟਿਆਂ ਤੱਕ ਸ਼ਾਂਤਮਈ ਬੰਦ ਰਿਹਾ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਮੋਦੀ ਸਰਕਾਰ ਵੱਲੋਂ ਗ਼ੈਰ ਸੰਵਿਧਾਨਕ ਤਰੀਕੇ ਨਾਲ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੇ ਹਿੱਸੇ ਵਜੋਂ ਅੱਜ ਲੁਧਿਆਣਾ ਵਿੱਚ ਵੀ ਕਈ ਥਾਂਈ ਤਿੰਨ ਘੰਟੇ ਲਈ ਟਰੈਫਿਕ ਜਾਮ ਕੀਤਾ ਗਿਆ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਕਿਸਾਨ, ਵਿਦਿਆਰਥੀ ,ਮਜ਼ਦੂਰ, ਮੁਲਾਜ਼ਮ, ਔਰਤਾਂ ਅਤੇ ਬਜ਼ੁਰਗ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਫ਼ਿਰੋਜ਼ਪੁਰ-ਲੁਧਿਆਣਾ ਰੋਡ ਤੇ ਧਰਨੇ ਦੀ ਸ਼ਕਲ ਵਿੱਚ ਬੈਠੇ। ਇਹ ਧਰਨਾ ਦੁਪਹਿਰ ਬਾਰਾਂ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਲਿਆ। ਸਭ ਤੋਂ ਪਹਿਲਾਂ ਇਸ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਕਾਮਰੇਡ ਅਮਰਜੀਤ ਕੌਰ

ਪਹਿਲਾਂ ਤੋਂ ਐਲਾਨੇ ਗਏ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕੌਮੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਲੋਕਾਂ ਦੇ ਚੁਣੇ ਹੋਏ ਪਾਰਲੀਮੈਂਟ ਮੈਂਬਰਾਂ ਨੂੰ ਵੀ ਅਮਿਤ ਸ਼ਾਹ ਦੇ ਇਸ਼ਾਰੇ ਤੇ ਪੁਲੀਸ ਨੇ ਕਿਸਾਨਾਂ ਨਾਲ ਨਹੀਂ ਮਿਲਣ ਦਿੱਤਾ। ਇਕ ਪਾਸੇ ਤਾਂ ਪ੍ਰਧਾਨਮੰਤਰੀ ਮੋਦੀ ਕਹਿੰਦੇ ਹਨ ਕਿ ਮੈਂ ਸਿਰਫ ਇਕ ਫੋਨ ਕਾਲ ਦੂਰ ਹਾਂ, ਪਰ ਦੂਜੇ ਪਾਸੇ ਬਾਰਡਰ ਤੇ ਤਿੰਨ ਕਿਲੋਮੀਟਰ ਦੇ ਇਲਾਕੇ ਵਿੱਚ ਸੀਮਿੰਟ ਵਿੱਚ ਵੱਡੀਆਂ ਵੱਡੀਆਂ ਕਿੱਲਾ ਲਾ ਕੇ ਇਸ ਦੂਰੀ ਨੂੰ ਹੋਰ ਵਧਾ ਰਹੇ ਸਨ। ਉਨ੍ਹਾਂ ਕਿਹਾ ਕਿ ਬੈਰੀਕੇਡ ਇਸ ਤਰ੍ਹਾਂ ਲਗਾਏ ਜਾ ਰਹੇ ਹਨ ਜਿਸ ਤਰ੍ਹਾਂ ਕਿਸੇ ਦੁਸ਼ਮਣ ਦੀ ਫ਼ੌਜ ਵੱਡੇ ਵੱਡੇ ਟੈਂਕ ਲੈ ਕੇ ਆ ਰਹੀ ਹੋਵੇ। ਫਿਰ ਇਹ ਸਭ ਕਿਸ ਦੇ ਕਹਿਣ ਤੇ ਹੋ ਰਿਹਾ ਹੈ, ਜਦੋਂ ਕਿ ਕਿਸਾਨ ਤਾਂ ਹਰ ਵੇਲੇ ਗੱਲਬਾਤ ਲਈ ਤਿਆਰ ਹਨ। ਛੱਬੀ ਜਨਵਰੀ ਦੀਆ ਦਿੱਲੀ ਦੀਆਂ ਘਟਨਾਵਾਂ ਬਾਰੇ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦੀ ਪਹਿਲਾਂ ਤੋਂ ਹੀ ਬਣਾਈ ਗਈ ਸਾਜ਼ਿਸ਼ ਦੇ ਅਧੀਨ ਕੀਤਾ ਗਿਆ ਹੈ। ਇਹ ਸਿਰਫ਼ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਤੇ ਇਹ ਸਭ ਕੁਝ ਕੀਤਾ ਹੈ, ਜਿਵੇਂ ਕਿ ਜਾਰੀ ਹੋ ਰਹੀਆ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨਾਲ ਜੋ ਰੂਟ ਤੈਅ ਹੋਏ ਸਨ ਉਨ੍ਹਾਂ ਨੂੰ ਬੰਦ ਕਰ ਕੇ ਕਿਸਾਨਾਂ ਨੂੰ ਦੂਸਰੇ ਰਸਤਿਆਂ ਤੇ ਭੇਜਿਆ ਜਾ ਰਿਹਾ ਸੀ। ਇਹ ਉਹ ਰਸਤੇ ਸਨ ਜਿਹੜੇ ਇੰਡੀਆ ਗੇਟ ਅਤੇ ਲਾਲ ਕਿਲੇ ਵੱਲ ਜਾਂਦੇ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਸਾਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦੀ ਇਖਲਾਕੀ ਤੌਰ ਤੇ ਜ਼ਿੰਮੇਵਾਰੀ ਲੈਂਦੇ ਹੋਏ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋਕਾਮਰੇਡ ਮੰਗਰਾਮ ਪਾਸਲਾ ਨੇ ਵੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ
ਸੀ ਟੀ ਯੂ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਜਦੋਂ ਦਾ ਆਇਆ ਹੈ ਉਹ ਸਰਕਾਰੀ ਅਦਾਰਿਆਂ ਨੂੰ ਅਡਾਨੀ ਅੰਬਾਨੀਆਂ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੈ। ਸਾਨੂੰ ਇਸ ਗੱਲ ਤੇ ਤਸੱਲੀ ਹੈ ਕਿ ਸਰਕਾਰ ਦੇ ਲੱਖ ਦੁਰਪ੍ਰਚਾਰ ਦੇ ਬਾਵਯੂਦ ਦਿਨ ਬ ਦਿਨ ਅੰਦੋਲਨ ਹੋਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸੰਯੁਕਤ ਮੋਰਚੇ ਦਾ ਇਹ ਅੰਦੋਲਨ ਅਤੇ ਧਰਨਾ ਉਸ ਦਿਨ ਹੀ ਖ਼ਤਮ ਹੋਏਗਾ ਜਿਸ ਦਿਨ ਇਹ ਕਾਲੇ ਕਨੂੰਨ ਵਾਪਸ ਲਏ ਜਾਣਗੇ । ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੋਲ ਮੌਕਾ ਹੈ ਕਿ ਉਹ ਮੌਜੂਦਾ ਚੱਲਦੇ ਸੈਸ਼ਨ ਵਿੱਚ ਇਨ੍ਹਾਂ ਨੂੰ ਵਾਪਸ ਲਵੇ ਅਤੇ ਐੱਮਐੱਸਪੀ ਦਾ ਕਾਨੂੰਨ ਬਣਾਇਆ ਜਾਵੇ। ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਪ੍ਰੋਫੈਸਰ ਜੈਪਾਲ ਸਿੰਘ ਅਤੇ ਹੋਰ ਆਗੂ ਵੀ ਬੋਲੇ
ਅਧਿਆਪਕ ਆਗੂ ਕਾਮਰੇਡ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਕਾਰਪੋਰੇਟ ਦੇ ਆਉਣ ਨਾਲ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਛੂਹ ਜਾਣਗੀਆਂ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਪ੍ਰੋ ਜੈਪਾਲ ਸਿੰਘ ਨੇ ਕਿਹਾ ਕਿ ਖੇਤੀ ਮੰਤਰੀ ਤੋਮਰ ਨੇ ਬੜੀ ਬੇਸ਼ਰਮੀ ਨਾਲ ਪਾਰਲੀਮੈਂਟ ਵਿੱਚ ਬੋਲ ਰਹੇ ਸਨ ਕਿ ਮੈਨੂੰ ਦੱਸਿਆ ਜਾਵੇ ਇਸ ਕਾਨੂੰਨ ਵਿੱਚ ਕਾਲਾ ਕੀ ਹੈ, ਜਦੋਂ ਕੇ ਸੱਚ ਇਹ ਹੈ ਕਿ ਕਿਸਾਨਾਂ ਨੇ ਦੂਜੀ ਹੀ ਮੀਟਿੰਗ ਵਿਚ ਉਨ੍ਹਾਂ ਦੇ ਕਾਲੇ ਪਨ ਬਾਰੇ ਦੱਸ ਦਿੱਤਾ ਸੀ। ਏ ਆਈ ਐੱਸ ਐਫ ਜਿਲਾ ਲੁਧਿਆਣਾ ਦੇ ਜਨਰਲ ਸਕੱਤਰ ਦੀਪਕ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਾਲਾ ਬਾਜ਼ਾਰੀ ਦਾ ਉਹ ਦੌਰ ਫੇਰ ਸ਼ੁਰੂ ਹੋ ਜਾਵੇਗਾ।
ਗੀਤ ਸੰਗੀਤ ਵੀ ਜਾਰੀ ਰਿਹਾ
ਬੀਹਾਈਵ ਥੀਏਟਰ ਗਰੁੱਪ ਨੇ ਕਿਸਾਨਾਂ ਨਾਲ ਸਬੰਧਤ ਗੀਤ "ਮੋਦੀ ਯਾਰ ਸ਼ੈਤਾਨਾਂ ਦਾ" ਦੀ ਪੇਸ਼ਕਾਰੀ ਕੀਤੀ। ਡਾ: ਕੇ ਐਸ ਸੰਘਾ ਜਨਰਲ ਸਕੱਤਰ ਪੀ ਏ ਯੂ ਨੇ ਕਿਹਾ ਕਿ ਸਰਕਾਰ ਦਾ ਮਨਸ਼ਾ ਕਿਸਾਨਾਂ ਨੂੰ ਖੇਤੀ ਚੋਂ ਕੱਢ ਕੇ ਸ਼ਹਿਰਾਂ ਵਿੱਚ ਮਜ਼ਦੂਰ ਦੇ ਤੌਰ ਤੇ ਵਰਤਣ ਦਾ ਹੈ। ਲੇਖਕਾਂ ਦੇ ਆਗੂ ਡਾ: ਗੁਲਜ਼ਾਰ ਪੰਧੇਰ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਜਿਨ੍ਹਾਂ ਨੇ ਇਸ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਵਿੱਚ ਆਈ ਡੀ ਪੀ ਡੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਰੁਣ ਮਿੱਤਰਾ ਵੀ ਸ਼ਾਮਲ ਰਹੇ। ਜੁਆਇੰਟ ਕਾਊੰਸਲ ਆਫ਼ ਟਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਡੀ ਪੀ ਮੌੜ ਨੇ ਸੰਬੋਧਨ ਕੀਤਾ ।ਐਗਰੀਕਲਚਰ ਟੈਕਨੋਕਰੇਟਸ ਦੇ ਲੀਡਰ ਰਜਿੰਦਰਪਾਲ ਸਿੰਘ ਔਲਖ ਨੇ ਸੰਬੋਧਨ ਕੀਤਾ। ਜਨਵਾਦੀ ਇਸਤਰੀ ਸਭਾ ਦੀ ਆਗੂ ਸਿਮਰਨਜੀਤ ਕੌਰ ਨੇ ਵੀ ਹਾਜ਼ਰੀ ਲਵਾਈ। ਰੇਲਵੇ ਦੇ ਆਗੂ ਪਰਮਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਾਥੀ ਚਮਕੌਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। (ਡੈਸਕ ਇਨਪੁਟ:ਕਾਰਤਿਕਾ ਸਿੰਘ)
No comments:
Post a Comment