Thursday, January 21, 2021

ਕਾਮਰੇਡ ਭਰਤ ਪ੍ਰਕਾਸ਼ ਦੀ ਯਾਦ ਵਿਚ

   ਸਿਰੜੀ ਇਨਕਲਾਬੀ ਦੀ ਜਨਮ ਸ਼ਤਾਬਦੀ  

                                  --ਗੁਰਨਾਮ ਕੰਵਰ         

ਮੱਧ-1940ਵਿਆਂ ਤੋਂ ਲੈ ਕੇ ਮੱਧ-2010ਵਿਆਂ ਤਕ 70 ਸਾਲ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਇਨਕਲਾਬੀ ਸਰਗਰਮੀਆਂ ਕਰਨ ਵਾਲੇ ਕਾਮਰੇਡ ਭਰਤ ਪ੍ਰਕਾਸ਼ ਦੀ ਅੱਜ (21 ਜਨਵਰੀ 2021 ਨੂੰ) ਜਨਮ ਸ਼ਤਾਬਦੀ ਹੈ। ਜੇ ਸਾਢੇ ਚਾਰ ਸਾਲ ਪਹਿਲਾਂ ਉਹ 13 ਜੁਲਾਈ 2016 ਨੂੰ ਸਾਥੋਂ ਵਿਛੜ ਨਾ ਜਾਂਦੇ ਤਾਂ ਹੁਣ ਉਨ੍ਹਾਂ ਨੇ ਆਪਣੀ ਉਮਰ ਦੀ ਪੌੜੀ ਦੇ ਸੌਵੇਂ ਡੰਡੇ ਨੂੰ ਸਰ ਕਰ ਲੈਣਾ ਸੀ। ਉਨ੍ਹਾਂ ਦਾ ਜਨਮ 21 ਜਨਵਰੀ 1921 ਨੂੰ ਲੁਧਿਆਣਾ ਜ਼ਿਲੇ ਦੇ ਖੰਨਾ ਸ਼ਹਿਰ ਦੇ ਸਰਦੇ ਪੁਜਦੇ ਚੌਧਰੀ ਦੇਸ ਰਾਜ ਦੇ ਘਰ ਹੋਇਆ ਸੀ। ਉਨ੍ਹਾਂ ਦੇ ਤਿੰਨੇ ਮੁੰਡੇ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਹੋਏ ਸਨ। ਵੱਡੇ ਭੀਸ਼ਮ ਪ੍ਰਕਾਸ ਅੰਤਮ ਸਾਹਾਂ ਤਕ ਕਾਂਗਰਸ ਦੇ ਆਗੂ ਰਹੇ, ਜਦੋਂ ਪੰਜਾਬ ਦੇ ਕਾਲੇ ਦਿਨਾਂ ਵਿਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਸੀ। ਭਰਤ ਪ੍ਰਕਾਸ਼ ਅਤੇ ਛੋਟੇ ਲੜਕੇ ਚੰਦਰ ਪ੍ਰਕਾਸ਼ ‘ਰਾਹੀ’ ਮਾਰਕਸਵਾਦ-ਲੈਨਿਨਵਾਦ ਦੇ ਧਾਰਨੀ ਹੋਕੇ ਕਮਿਊਨਿਸਟ ਲਹਿਰ ਨਾਲ ਪ੍ਰਣਾਏ ਗਏ। ਭਰਤ ਜੀ 1946 ਦੇ ਲਾਗੇ ਹਵਾਈ ਫੌਜ ਦੀ ਨੌਕਰੀ ਛੱਡਕੇ ਆਏ ਅਤੇ ਪਾਰਟੀ ਦੇ ਮੈਂਬਰ ਬਣ ਗਏ ਅਤੇ 1947 ਦੇ ਫਸਾਦਾਂ ਵਿਚ ਨਿਧੜਕ ਹੋ ਕੇ ਮੁਸਲਮਾਨਾਂ ਦੀ ਹਿੰਦੂ ਸਿੱਖ ਫਿਰਕੂ ਫਸਾਦੀਆਂ ਕੋਲੋਂ ਰਾਖੀ ਕੀਤੀ। ਚੰਦਰ ਪ੍ਰਕਾਸ਼ ਜੀ ਅਧਿਆਪਕ ਲਹਿਰ ਵਿਚ ਸਰਗਰਮ ਰਹੇ ਅਤੇ ਇਕ ਕਾਮਯਾਬ ਪ੍ਰਿੰਸੀਪਲ ਵਜੋਂ ਸੇਵਾ-ਮੁਕਤ ਹੋਏ ਅਤੇ ਅੱਜ ਕਲ੍ਹ ਪਟਿਆਲੇ ਰਹਿੰਦੇ ਅਤੇ ਅਗਾਂਹਵਧੂ ਕਿਤਾਬਾਂ ਲਿਖ ਰਹੇ ਹਨ।

ਕਾਮਰੇਡ ਭਰਤ ਪ੍ਰਕਾਸ਼ ਲਗਾਤਾਰ ਆਖਰੀ ਸਮੇਂ ਤਕ ਮਾਰਕਸਵਾਦ-ਲੈਨਿਨਵਾਦ ਅਤੇ ਇਤਿਹਾਸ ਦੀਆਂ ਪੁਸਤਕਾਂ ਦਾ ਅਧਿਅਨ ਕਰਦੇ ਸਨ। ਸਿਧਾਂਤਕ ਸਕੂਲਾਂ ਵਿਚ ਉਹ ਆਜ਼ਾਦੀ ਦਾ ਘੋਲ ਅਤੇ ਸੀਪੀਆਈ ਦਾ ਰੋਲ ਅਤੇ ਅਮਨ ਲਹਿਰ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਬਾਰੇ ਤਰਕਪੂਰਨ ਜੋਸ਼ੀਲੇ ਲੈਕਚਰ ਦਿਆ ਕਰਦੇ ਸਨ, ਜੋ ਖਾਸ ਕਰਕੇ ਨੌਜਵਾਨਾਂ ਨੂੰ ਬਹੁਤ ਪਸੰਦ ਆਉਂਦੇ ਸਨ।

1960ਵਿਆਂ ਦੇ ਆਰੰਭ ਵਿਚ ਜਦੋਂ ਕਮਿਊਨਿਸਟ ਪਾਰਟੀ ਵਿਚ ਦੁਫੇੜ ਪੈ ਗਈ, ਤਾਂ ਉਨ੍ਹਾਂ ਸਰਵਸਾਥੀ ਮਲਹੋਤਰਾ ਜੀ, ਡਾਂਗ ਜੀ ਅਤੇ ਆਨੰਦ ਜੀ ਅਤੇ ਉਨ੍ਹਾਂ ਦੀ ਟੀਮ ਨਾਲ ਮਿਲਕੇ ਸੀਪੀਆਈ ਨੂੰ ਪੰਜਾਬ ਵਿਚ ਮੁੜ ਪੈਰਾਂ ਤੇ ਖੜ੍ਹਾ ਕੀਤਾ ਅਤੇ ਪੰਜਾਬ ਵਿਚ ਇਸ ਨੂੰ ਸ਼ਕਤੀਸ਼ਾਲੀ ਸਿਆਸੀ ਜਥੇਬੰਦੀ ਬਣਾਇਆ। ਉਹ ਅਮਨ ਤੇ ਇਕਮੁੱਠਤਾ ਜਥੇਬੰਦੀ ਐਪਸੋ ਦੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਅਤੇ ਕੌਮੀ ਲੀਡਰਸ਼ਿਪ ਦਾ ਅਹਿਮ ਹਿੱਸਾ ਸਨ। ਉਹ ਸੀਪੀਆਈ ਦੀ ਸੂਬਾ ਕੌਂਸਲ ਅਤੇ ਕਾਰਜਕਾਰਣੀ ਦੇ ਅੱਧੀ ਸਦੀ ਅਤੇ ਲੰਮਾ ਸਮਾਂ ਇਸ ਦੀ ਕੌਮੀ ਕੌਂਸਲ (ਕੇਂਦਰੀ ਕੰਟਰੋਲ ਕਮਿਸ਼ਨ) ਦੇ ਅਤਿਅੰਤ ਸਰਗਰਮ ਆਗੂ ਮੈਂਬਰ ਰਹੇ। ਉਨ੍ਹਾਂ ਜ਼ਿਲਾ ਲੁਧਿਆਣਾ ਦੇ ਪਾਰਟੀ ਸਕੱਤਰ ਵਜੋਂ ਲੰਮਾ ਸਮਾਂ ਜ਼ਿੰਮੇਵਾਰੀ ਨਿਭਾਈ ਅਤੇ ਇਸ ਸਨਅਤੀ ਸ਼ਹਿਰ ਅਤੇ ਜ਼ਿਲੇ ਵਿਚ (ਅਤੇ ਨਾਲ ਹੀ ਸਨਅਤੀ ਕੇਂਦਰ ਮੰਡੀ ਗੋਬਿੰਦਗੜ੍ਹ ਵਿਚ) ਤਾਕਤਵਰ ਪਾਰਟੀ ਉਸਾਰਨ ਵਿਚ ਅਗਵਾਨੂੰ ਭੂਮਿਕਾ ਨਿਭਾਈ।

ਸਾਥੀ ਭਰਤ ਜੀ ਅਸੂਲਾਂ ਦੇ ਪੱਕੇ ਆਦਰਸ਼ ਕਮਿਊਨਿਸਟ ਆਗੂ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਕਮਿਊਨਿਸਟ ਕਾਜ਼ ਨੂੰ ਪ੍ਰਣਾਇਆ ਹੋਇਆ ਹੈ। ਉਨ੍ਹਾਂ ਦਾ ਲੜਕਾ ਅਤੇ ਲੜਕੀਆਂ ਪੜ੍ਹਾਈ ਸਮੇਂ ਤੋਂ ਹੀ ਪਾਰਟੀ ਨਾਲ ਜੁੜੀਆਂ ਰਹੀਆਂ ਅਤੇ ਅੰਦੋਲਨਾਂ ਵਿਚ ਸਰਗਰਮ ਹਿੱਸਾ ਪਾਉਂਦੀਆਂ ਰਹੀਆਂ। ਉਨ੍ਹਾਂ ਦੀਆਂ ਛੇ ਦੀਆਂ ਛੇ ਲੜਕੀਆਂ ਹੀ ਕਮਿਊਨਿਸਟ ਕੁਲਵਕਤੀਆਂ ਜਾਂ ਜੁੱਜ਼ਵਕਤੀਆਂ ਨਾਲ ਵਿਆਹੀਆਂ ਹਨ ਅਤੇ ਅੱਜ ਵੀ ਪਾਰਟੀ ਅੰਦੋਲਨਾਂ ਵਿਚ ਪਰਿਵਾਰ ਸਣੇ ਹਿੱਸਾ ਪਾਉਂਦੀਆਂ ਹਨ। ਉਨ੍ਹਾਂ ਦੀ ਨਵੀਂ ਪੀੜ੍ਹੀ ਵੀ ਉਨ੍ਹਾਂ ਦੇ ਝੰਡੇ ਨੂੰ ਲੈ ਕੇ ਚਲ ਰਹੀ ਹੈ। ਉਨ੍ਹਾਂ ਦਾ ਇਕ ਜਵਾਈ-ਪੁੱਤਰ ਹਰਪਾਲ ਖੋਖਰ ਭਰ ਜਵਾਨੀ ਵਿਚ ਦੇਸ਼ ਦੀ ਏਕਤਾ ਅਖੰਡਤਾ ਅਤੇ ਆਪਸੀ ਸਦਭਾਵਨਾ ਦੀ ਲੜਾਈ ਵਿਚ 1992 ਵਿਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ।

ਅੰਤ ਉਤੇ ਅਸੀਂ, ਕਾਮਰੇਡ ਭਰਤ ਜੀ ਬਾਰੇ ਸਾਥੀ ਹਰਦੇਵ ਅਰਸ਼ੀ, ਜੋ ਉਨ੍ਹਾਂ ਦੇ ਸਦੀਵੀ ਵਿਛੋੜੇ ਸਮੇਂ ਸੀਪੀਆਈ ਪੰਜਾਬ ਦੇ ਸੂਬਾ ਸਕੱਤਰ ਸਨ, ਦੇ ਸ਼ਬਦਾਂ ਰਾਹੀਂ ਉਨ੍ਹਾਂ ਦੀ ਜਨਮ ਸ਼ਤਾਬਦੀ ਉਤੇ ਉਨ੍ਹਾਂ ਦੇ ਆਦਰਸ਼ ਅਤੇ ਝੰਡੇ ਨੂੰ ਬੁਲੰਦ ਰੱਖਣ ਦਾ ਅਹਿਦ ਕਰਦੇ ਹਾਂ:

‘‘ਉਹ ਸਦਾ ਮੇਰੇ ਮਨ ਵਿਚ ਸ਼ਾਨਦਾਰ ਕਮਿਊਨਿਸਟ ਅਤੇ ਵਧੀਆ ਇਨਸਾਨ ਦੀ ਜਿਉਂਦੀ-ਜਾਗਦੀ ਤਸਵੀਰ ਬਣ ਕੇ ਸ਼ੁਸ਼ੋਭਿਤ ਰਹੇ ਅਤੇ ਨਿਰਸੁਆਰਥ ਪਾਰਟੀ ਸੇਵਾ ਅਤੇ ਲੋਕ ਘੋਲਾਂ ਵਿਚ ਸ਼ਮੂਲੀਅਤ ਲਈ ਪ੍ਰੇਰਨਾ ਦਾ ਸੋਮਾ ਬਣੇ ਰਹੇ........ ਮੁਲਕ ਵਿਚ ਭਾਰੂ ਹੋਈ ਫਾਸ਼ੀ ਰੁਚੀਆਂ ਵਾਲੀ ਭਾਜਪਾ ਸਰਕਾਰ ਦੇ ਸਤਾਧਾਰੀ ਹੋਣ ਉਤੇ ਉਹ ਚਿੰਤਤ ਜ਼ਰੂਰ ਸਨ ਪਰ ਸੈਕੂਲਰ ਤਾਕਤਾਂ ਵਲੋਂ ਮਿਲਕੇ ਇਸ ਚੁਣੌਤੀ ਦਾ ਸਾਹਮਣਾ ਕਰ ਲੈਣ ਅਤੇ ਕਮਿਊਨਿਸਟਾਂ ਦੇ ਮੁੜ ਉਭਾਰ ਉਤੇ ਉਹਨਾਂ ਨੂੰ ਪੂਰਾ ਭਰੋਸਾ ਸੀ।........ ਸਾਮਰਾਜੀ ਖਤਰੇ, ਫਿਰਕੂ ਖਤਰੇ, ਧਰਮ-ਨਿਰਪਖਤਾ ਨੂੰ ਫਾਸ਼ੀ ਰੁਚੀਆਂ ਵਾਲੇ ਖਤਰੇ ਤੋਂ ਉਹ ਬਹੁਤ ਡੂੰਘਾਈ ਨਾਲ ਵਾਕਫ ਅਤੇ ਚਿੰਤਤ ਸਨ ਅਤੇ ਇਹਨਾਂ ਕਾਲੀਆਂ ਤਾਕਤਾਂ ਦੀਆਂ ਵਿਰੋਧੀ ਸ਼ਕਤੀਆਂ ਦੀ ਏਕਤਾ ਉਤੇ ਜ਼ੋਰ ਦਿੰਦੇ ਸਨ। ਅੱਜ ਜਦੋਂ ਸੰਸਾਰ ਵਿਚ ਸਾਮਰਾਜੀ ਤਾਕਤਾਂ ਚੜ੍ਹਤ ਲਈ ਸਿਰਲੱਥ ਜਤਨਸ਼ੀਲ ਹਨ, ਦਹਿਸ਼ਤਗਰਦ ਤਾਕਤਾਂ ਲੋਕਾਂ ਅਤੇ ਕੌਮਾਂ ਲਈ ਭਾਰੀ ਖਤਰਾ ਬਣੀਆਂ ਹੋਈਆਂ ਹਨ, ਗੁਟ-ਨਿਰਲੇਪਤਾ ਨਿਤਾਣੀ ਬਣਾ ਦਿਤੀ ਗਈ ਹੈ, ਸਾਡੇ ਦੇਸ ਦੇ ਹੁਕਮਰਾਨ ਸਾਮਰਾਜੀ ਤਾਕਤਾਂ ਦੀ ਫਰਮਾ ਬਰਦਾਰੀ ਕਰ ਰਹੇ ਹਨ, ਦੇਸ ਦੇ ਧਰਮ-ਨਿਰਪਖ, ਜਮਹੂਰੀ, ਸਾਂਝੇ ਸਭਿਆਚਾਰ ਦੇ ਤਾਣੇ-ਬਾਣੇ ਉਤੇ ਹਮਲੇ ਹੋ ਰਹੇ ਹਨ, ਉਚੇਰੀ ਸਿਖਿਆ ਅਤੇ ਕਲਮਾਂ ਦੀ ਆਜ਼ਾਦੀ ਉਤੇ (ਖਾਸ ਕਰਕੇ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਉਤੇ) ਹਮਲੇ ਹੋ ਰਹੇ ਹਨ ਤਾਂ ਸਾਥੀ ਭਰਤ ਪ੍ਰਕਾਸ਼ ਜਿਹੇ ਬੇਦਾਗ਼, ਸਾਦਾ, ਈਮਾਨਦਾਰ, ਦਿਆਨਤਦਾਰ, ਦ੍ਰਿੜ ਲੜਾਕੇ ਤੇ ਕਮਿਊਨਿਸਟ ਕਾਜ਼ ਨੂੰ ਕਹਿਣੀ ਤੇ ਕਰਨੀ ਪਖੋਂ ਪਰਣਾਏ ਆਗੂਆਂ ਦੀ ਅਤਿਅੰਤ ਜ਼ਰੂਰਤ ਹੈ। ਉਹਨਾਂ ਦੇ ਜਾਣ ਨਾਲ ਆਜ਼ਾਦੀ ਸਮੇਂ ਤੋਂ ਲੈ ਕੇ ਹੁਣ ਤਕ ਦੀ ਇਕ ਸ਼ਾਨਦਾਰ ਪੀੜ੍ਹੀ ਦਾ ਬੇਸ਼ੱਕ ਅੰਤ ਹੋ ਗਿਆ ਹੈ, ਪਰ ਉਸ ਸ਼ਾਨਦਾਰ ਕਮਿਊਨਿਸਟ ਅਤੇ ਸ਼ਾਨਦਾਰ ਇਨਸਾਨ ਦੀਆਂ ਪਾਈਆਂ ਪੈੜਾਂ ਸਦਾ ਪ੍ਰੇਰਨਾ ਸਰੋਤ ਬਣੀਆਂ ਰਹਿਣਗੀਆਂ ਤੇ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਸਾਡੇ ਸੰਕਲਪ ਨੂੰ ਟੁੰਬਦੀਆਂ ਰਹਿਣਗੀਆਂ।’’

No comments:

Post a Comment