Tuesday, January 19, 2021

CPI ਚੰਡੀਗੜ੍ਹ ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

Tuesday:19th  January 2021 at 06:43 PM: WhatsApp

ਹਰ ਦੇਸ਼ ਵਾਸੀ ਕਿਸਾਨ ਅੰਦੋਲਨ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਵੇ 


ਚੰਡੀਗੜ੍ਹ
: 19 ਜਨਵਰੀ 2021: (ਕਰਮ ਵਕੀਲ//ਕਾਮਰੇਡ ਸਕਰੀਨ):: 

ਸੀਪੀਆਈ ਵੱਲੋਂ ਦੇਸ਼ ਅਤੇ ਦੁਨੀਆ ਦੇ ਉਹਨਾਂ ਸਾਰੇ ਮੁੱਦਿਆਂ, ਮਸਲਿਆਂ ਅਤੇ ਅੰਦੋਲਨਾਂ ਬਾਰੇ ਪਾਰਟੀ ਦੀ ਪਹੁੰਚ ਅਤੇ ਸੋਚ  ਆਪਣੀਆਂ ਸਾਰੀਆਂ ਇਕਾਈਆਂ ਦੇ ਮੈਂਬਰਾਂ ਤੱਕ ਹਰ ਵਾਰ ਪਹੁੰਚਾਈ ਜਾਂਦੀ ਹੈ। ਅੱਜ ਵੀ ਇਸ ਸਿਲਸਿਲੇ ਅਧੀਨ ਹੀ ਵੱਖ ਥਾਂਵਾਂ ਤੇ ਕੌਂਸਿਲ ਮੀਟਿੰਗਾਂ ਹੋਈਆਂ। ਜ਼ਿਲਾ ਕੌਂਸਿਲ ਚੰਡੀਗੜ੍ਹ ਦੀ ਮੀਟਿੰਗ ਵਿੱਚ ਅੱਜ ਵੀ ਹੇਠਲੇ ਮੁੱਦਿਆਂ ਅਤੇ ਮਸਲਿਆਂ ਬਾਰੇ ਵਿਚਾਰਾਂ ਹੋਈਆਂ। ਕਿਸਾਨੀ ਮਸਲਿਆਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਅਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਇਸ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਅੜੀ ਅਤੇ ਹੱਠਧਰਮੀ ਬਾਰੇ ਅੱਜ ਵੀ ਚਰਚਾ ਹੋਈ।  

ਜ਼ਿਲ੍ਹਾ ਕੌਂਸਲ, ਚੰਡੀਗੜ੍ਹ (ਸੀ. ਪੀ. ਆਈ) ਦੀ ਅੱਜ ਵਾਲੀ ਇਹ ਬੈਠਕ ਸਰਵਸ਼੍ਰੀ ਸਾਥੀ ਬੁੱਧੀ ਰਾਮ, ਐੱਸ ਐੱਸ ਕਾਲੀਰਮਨਾ, ਸੁਰਜੀਤ ਕੌਰ ਕਾਲੜਾ ਅਤੇ ਬਲਕਾਰ ਸਿੱਧੂ ਦੀ ਸਾਂਝੀ ਪ੍ਰਧਾਨਗੀ ਵਿਚ ਹੋਈ। ਹੋਰਨਾਂ ਕੌਂਸਿਲ ਮੈਂਬਰਾਂ ਨੇ ਵੀ ਇਸ ਵਿੱਚ ਪੂਰੀ ਗੰਭੀਰਤਾ ਨਾਲ ਭਾਗ ਲਿਆ।    

ਜ਼ਿਲ੍ਹਾ ਕੌਂਸਲ ਸਕੱੱਤਰ-ਸਾਥੀ ਰਾਜ ਕੁਮਾਰ ਨੇ ਕੌਂਸਲ ਦੀ ਕਾਰਵਾਈ ਚਲਾਉਂਦਿਆਂ ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਬੀਬੀ ਬਿਮਲਾ ਦੇਵੀ (ਡੱਡੂ ਮਾਜਰਾ), ਮਨਜੀਤ ਕੌਰ ਮੀਤ ਦੇ ਪਤੀ ਗੁਰਦੇਵ ਸਿੰਘ ਵਕੀਲ (ਸਾਬਕਾ ਫੌਜੀ), ਕਰੋਨਾ ਮਹਾਂਮਾਰੀ ਦੌਰਾਨ ਮਹਾਂਨਗਰੀਆਂ ਅਤੇ ਦੂਰ-ਦੁਰਾਡੇ ਤੋਂ ਆਪਣੇ ਘਰਾਂ/ਪਿੰਡਾਂ ਨੂੰ ਜਾਂਦੇ ਸਮੇਂ ਮਾਰੇ ਗਏ ਦੇਸ਼ ਵਾਸੀਆਂ, ਕਰੋਨਾ ਮਹਾਂਮਾਰੀ ਕਾਰਨ ਮਾਰੇ ਗਏ ਦੇਸ਼ ਵਾਸੀਆਂ ਅਤੇ ਮੌਜੂਦਾ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਤਕਰੀਬਨ ਇਕ ਸੌ ਦੇ ਨੇੜੇ ਸੰਘਰਸ਼ ਕਰਦੇ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਪਿਛਲੇ ਸਮੇਂ ਵਿਚ ਜ਼ਿਲ੍ਹਾ ਕੌਂਸਲ ਵੱਲੋਂ ਕੀਤੇ ਸਮਾਗਮਾਂ, ਧਰਨਿਆਂ, ਰੈਲੀਆਂ ਅਤੇ ਹੋਰ ਕੰਮਾਂ ਦਾ ਵੀ ਲੇਖਾ-ਜੋਖਾ ਮੀਟਿੰਗ ਅੱਗੇ ਪੇਸ਼ ਕੀਤਾ। ਉਨ੍ਹਾਂ ਸਾਰੇ ਕੌਂਸਲ ਮੈਂਬਰਾਂ ਨੂੰ ਵਧ-ਚੜ੍ਹ ਕੇ ਕਿਸਾਨ ਅੰਦੋਲਨ ਦੌਰਾਨ ਚੰਡੀਗੜ੍ਹ ਇਲਾਕੇ ਵਿਚ, ਸ਼ੰਭੂ ਬਾਡਰ ਅਤੇ ਦਿੱਲੀ ਵਿਖੇ ਟਿਕਰੀ ਅਤੇ ਸਿੰਘੂ ਬਾਡਰ ਉਤੇ ਸ਼ਮੂਲੀਅਤ ਕਰਕੇ ਅਪਣਾ ਬਣਦਾ ਯੋਗਦਾਨ ਪਾਉਣ ਲਈ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਕਿਹਾ ਮੌਜੂਦਾ ਕਿਸਾਨ ਅੰਦੋਲਨ ਲੋਕਾਂ ਅਤੇ ਕਿਸਾਨ ਵਿਰੋਧੀ ਪਾਸ ਹੋਏ ਕਾਲੇ ਕਾਨੂੰਨਾਂ ਖਿਲਾਫ ਹੈ, ਜਿਨ੍ਹਾਂ ਦਾ ਅਸਰ ਸਾਰੇ ਦੇਸ਼ ਵਾਸੀਆਂ ਉਤੇ ਪੈ ਰਿਹਾ ਹੈ, ਜੋ ਭਵਿੱਖ ਵਿਚ ਹੋਰ ਪ੍ਰਚੰਡ ਹੋ ਕੇ ਪਵੇਗਾ, ਇਸ ਲਈ ਇਹ ਸੰਘਰਸ਼ ਅਸਲ ਵਿਚ ਹਰ ਦੇਸ਼ ਵਾਸੀ ਦਾ ਆਪਣਾ ਸੰਘਰਸ਼ ਬਣ ਗਿਆ ਹੈ ਅਤੇ ਜਿਸ ਨੂੰ ਸਫਲ ਕਰਨ ਲਈ ਸਾਨੂੰ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਜ਼ਿਲ੍ਹਾ ਕੌਂਸਲ ਦੇ ਅਗਜ਼ੈਕਟਿਵ ਮੈਂਬਰ ਕਰਮ ਸਿੰਘ ਵਕੀਲ ਨੇ ਕੌਂਸਲ ਵੱਲੋਂ ਤਿੰਨ ਮਤੇ ਪੇਸ਼ ਕੀਤੇ ਗਏ ਜਿਹੜੇ ਦੇਸ਼ ਦੀ ਮੌਜੂਦਾ ਸਥਿਤੀ ਨਾਲ ਸਿਧੇ ਤੌਰ ਤੇ ਜੁੜੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਮਤੀਆਂ ਅਤੇ ਇਹਨਾਂ ਵਿਚਲੀਆਂ ਮੰਗਾਂ ਦੇ ਸਾਰ ਅਤੇ ਸੁਨੇਹੇ ਨੂੰ ਸਮਝਣਾ ਹਰ ਇੱਕ ਲਈ ਜ਼ਰੂਰੀ ਹੈ। ਇਹ ਮਤੇ ਅਤੇ ਮੰਗਾਂ ਇਸ ਪ੍ਰਕਾਰ ਹਨ। 

ੳ) ਭਾਰਤ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਸਾਰੀਆਂ ਹੱਕੀ ਮੰਗਾਂ ਸਵਿਕਾਰਦੇ ਹੋਏ ਕਿਸਾਨ ਅਤੇ ਲੋਕ ਵਿਰੋਧੀ ਖੇਤੀ ਸਬੰਧੀ ਪਾਸ ਕੀਤੇ, ਤਿੰਨੇ ਕਾਲੇ ਕਾਨੂੰਨ ਫੌਰੀ ਤੌਰ ਉਤੇ ਵਾਪਸ ਲਵੇ। 

ਅ) ਭਾਰਤ ਸਰਕਾਰ ਨਵੇਂ ਬਣਾਏ ਕਿਰਤ ਕਾਨੂੰਨ ਵਾਪਸ ਲਵੇ ਅਤੇ ਕੰਮ ਘੰਟਿਆਂ ਵਿਚ ਕੀਤੀਆਂ ਬੇਲੋੜੀਆਂ ਤਬਦੀਲੀਆਂ (8 ਘੰਟੇ ਦਿਹਾੜੀ ਥਾਂ 12 ਘੰਟੇ ਆਦਿ) ਫੌਰੀ ਤੌਰ ਉਤੇ ਵਾਪਸ ਲਵੇ। 

ੲ) ਭਾਰਤ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਫੌਰੀ ਤੌਰ ਉਤੇ ਵੱਧ ਰਹੀ ਮਹਿੰਗਾਈ, ਪਾਣੀ ਅਤੇ ਬਿਜਲੀ ਦੇ ਵੱਧੇ ਰੇਟਾਂ ਉਤੇ, ਅਰਾਜਕਤਾ, ਬਦਅਮਨੀ ਅਤੇ ਔਰਤਾਂ ਤੇ ਬੱਚਿਆਂ ਖਿਲਾਫ ਵੱਧ ਰਹੀਆਂ ਗੈਰ ਮਨੁੱਖੀ ਘਟਨਾਵਾਂ ਉਤੇ ਫੌਰੀ ਤੌਰ ਉਤੇ ਕਾਬੂ ਪਾਵੇ ਤਾਂ ਕਿ ਦੇਸ਼ ਵਾਸੀ ਅਮਨ-ਚੈਨ ਨਾਲ ਜੀਵਨ ਬਤੀਤ ਕਰ ਸਕਣ।

ਜ਼ਿਲ੍ਹਾ ਕੌਂਸਲ ਦੇ ਸਾਬਕਾ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਮੌਜੂਦਾ ਸਕੱਤਰ ਸਾਥੀ ਰਾਜ ਕੁਮਾਰ ਵੱਲੋਂ ਪੇਸ਼ ਕੀਤੀ ਪਿਛਲੇ ਕੰਮਾਂ ਦੀ ਰਿਪੋਰਟ ਉਤੇ ਸੰਤੁਸ਼ਟੀ ਜਤਾਉਦੇ ਹੋਏ ਸ਼ਲ਼ਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਕਾਰਪੋਰੇਟਾਂ ਦੇ ਹੱਥੀਂ ਵੇਚਣ ਉਤੇ ਉਤਾਰੂ ਹੈ ਇਸ ਲਈ ਸਮੇਂ ਦੀ ਲੋੜ ਹੈ ਕਿ ਆਮ ਲੋਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਆਪਣਾ ਵਿਰੋਧ ਪੂਰੀ ਸ਼ਿੱਦਤ ਨਾਲ ਦਰਜ ਕਰਾਉਣ। ਸਾਥੀ ਐੱਸ. ਐੱਸ ਕਾਲੀਰਮਨਾ, ਸਤਿਆਵੀਰ, ਬੁੱਧੀ ਰਾਮ, ਜੋਗਿੰਦਰ ਸ਼ਰਮਾ, ਸੁਰਜੀਤ ਕੌਰ ਕਾਲੜਾ, ਪ੍ਰੀਤਮ ਸਿੰਘ ਹੁੰਦਲ, ਸੇਵਕ ਸਿੰਘ, ਰਣਵੀਰ ਸਿੰਘ, ਪ੍ਰਲਾਦ ਸਿੰਘ, ਸੰਗਾਰਾ ਸਿੰਘ ਅਤੇ ਸੁਭਾਸ਼ ਕੁਮਾਰ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਭਵਿੱਖ ਵਿਚ ਹੋਰ ਸਰਗਰਮੀ ਨਾਲ ਲੋਕ ਪੱਖੀ ਕੰਮ ਕਰਨ ਉਤੇ ਜ਼ੋਰ ਦਿੱਤਾ।

No comments:

Post a Comment