ਸ਼ਰਧਾਂਜਲੀ ਸਮਾਗਮ, ਭੋਗ ਅਤੇ ਅੰਤਿਮ ਅਰਦਾਸ ਪਿੰਡ ਨਾਰੰਗਵਾਲ ਵਿਖੇ 14 ਜਨਵਰੀ ਨੂੰ
ਅੱਜ ਵੀ ਖੱਬੀਆਂ ਧਿਰਾਂ ਨੂੰ ਉਹੀ ਢੰਗ ਤਰੀਕੇ ਅਪਨਾਉਣ ਦੀ ਤਿੱਖੀ ਲੋੜ
ਅਸਲ ਵਿੱਚ ਕਮਿਊਨਿਸਟਾਂ 'ਤੇ ਔਖਾ ਵੇਲਾ ਸਿਰਫ ਪਹਿਲੀ ਵਾਰ ਨਹੀਂ ਆਇਆ। ਬਹੁਤ ਵਾਰ ਇਸ ਤਰ੍ਹਾਂ ਲੱਗਦਾ ਰਿਹਾ ਕਿ ਬਸ ਕਮਿਊਨਿਸਟ ਤਾਂ ਮੁੱਕ ਚੁੱਕੇ। ਜਿਹੇ ਹਾਲਾਤਾਂ ਅਤੇ ਸਿਆਸੀ ਦ੍ਰਿਸ਼ਾਂ ਦੇ ਬਾਵਜੂਦ ਕਮਿਊਨਿਸਟ ਮੁੜ ਉੱਠ ਖੜੋਂਦੇ ਅਤੇ ਪੂਰੇ ਜੋਸ਼ਖਰੋਸ਼ ਨਾਲ ਆਪਣੀਆਂ ਹੈਰਾਨ ਨੂੰ ਜਿੱਤਾਂ ਵਿੱਚ ਬਦਲ ਦੇਂਦੇ। ਇਹ ਕ੍ਰਿਸ਼ਮੇ ਵਾਪਰਦੇ ਸਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਵਰਗੀਆਂ ਸ਼ਖਸੀਅਤਾਂ ਦੀ ਅਗਵਾਈ ਅਤੇ ਸਮੇਂ ਸਰ ਚੁੱਕੇ ਕਦਮਾਂ ਕਾਰਨ। ਅਜਿਹੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਕਮਿਊਨਿਸਟ ਇਤਿਹਾਸ ਵਿਚ ਮੌਜੂਦ ਹਨ ਜਿਹਨਾਂ ਨੂੰ ਸਾਂਭਣ, ਸੰਭਾਲਣ ਅਤੇ ਇਤਹਾਸਿਕ ਦਸਤਾਵੇਜ਼ ਬਣਾਉਣ ਲਈ ਲੁੜੀਂਦੇ ਕਦਮ ਅਜੇ ਚੁੱਕੇ ਜਾਣੇ ਹਨ। ਹੁਣ ਨਵੀਂ ਉਦਾਸ ਖਬਰ ਆਈ ਹੈ ਲੁਧਿਆਣਾ ਦੇ ਪਿੰਡ ਨਾਰੰਗਵਾਲ ਤੋਂ। ਬਹੁਤ ਸਾਰੇ ਕਾਰਨਾਂ ਕਰਕੇ ਪ੍ਰਸਿੱਧ ਇਸ ਪਿੰਡ ਦੀ ਖਾਸ ਪ੍ਰਾਪਤੀ ਇਹ ਵੀ ਸੀ ਕਿ ਇਥੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਨੇ ਆਪਣੀ ਸੰਘਰਸ਼ਾਂ ਭਰੀ ਜ਼ਿੰਦਗੀ ਦਾ ਲੰਮਾ ਸਮਾਂ ਗੁਜ਼ਾਰਿਆ। ਜਦੋਂ ਜਦੋਂ ਵੀ ਪਾਰਟੀ ਸਾਹਮਣੇ ਔਖੀਆਂ ਘੜੀਆਂ ਆਈਆਂ। ਹਾਲਾਤ ਵੱਡੀਆਂ ਵੱਡੀਆਂ ਚੁਣੌਤੀਆਂ ਬਣ ਕੇ ਉਭਰੇ। ਉਦੋਂ ਉਦੋਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਵਰਗੇ ਯੋਧੇ ਆਪਣੇ ਸੰਘਰਸ਼ਾਂ ਨਾਲ ਨਵੀਆਂ ਮਿਸਾਲਾਂ ਕਾਇਮ ਕਰਦੇ ਰਹੇ।
ਇਹ ਸਭ ਕੁਝ ਪਾਰਟੀ ਦੇ ਕੁਝ ਚੇਤੰਨ ਹਲਕਿਆਂ ਨੂੰ ਬਹੁਤ ਪਹਿਲਾਂ ਵੀ ਪਤਾ ਸੀ ਪਰ ਸਾਨੂੰ ਯਕੀਨ ਨਹੀਂ ਸੀ ਆਉਂਦਾ। ਅਸੀਂ ਕੁਝ ਲੋਕਾਂ ਨੇ ਖੁਦ ਉਹਨਾਂ ਕੋਲ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ। ਕਾਮਰੇਡ ਐਮ ਐਸ ਭਾਟੀਆ ਹੁਰਾਂ ਨੇ ਆਪਣੀ ਕਾਰ ਕੱਢੀ। ਪੰਥਕ ਖਿਆਲਾਂ ਵਾਲੇ ਸਰਗਰਮ ਸਿਆਸੀ ਕਾਰਕੁੰਨ ਕਰਮਜੀਤ ਸਿੰਘ ਨਾਰੰਗਵਾਲ ਹੁਰਾਂ ਨੇ ਕਾਮਰੇਡ ਜੀ ਦੇ ਘਰ ਦਾ ਰਸਤਾ ਦਿਖਾਇਆ ਅਤੇ ਸਾਡੇ ਨਾਲ ਹੀ ਸਫ਼ਰ ਕਰ ਰਹੇ ਕਾਮਰੇਡ ਰਮੇਸ਼ ਰਤਨ ਹੁਰਾਂ ਨੇ ਪਾਰਟੀ ਦੇ ਅਤੀਤ ਦਾ ਬਹੁਤ ਕੁਝ ਯਾਦ ਕਰਾਇਆ। ਇਸ ਸਫ਼ਰ ਦੌਰਾਨ ਮੈਂ ਰੈਕਟਰ ਕਥੂਰੀਆ ਕੋਸ਼ਿਸ਼ ਕਰਦਾ ਰਿਹਾ ਸਭ ਕੁਝ ਧਿਆਨ ਨਾਲ ਸੁਣ ਸਕਾਂ ਅਤੇ ਰਿਕਾਰਡ ਕਰ ਸਕਾਂ।
ਅਸੀਂ ਜੋ ਜੋ ਕ੍ਰਿਸ਼ਮੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਸੰਘਰਸ਼ਾਂ ਨਾਲ ਸਬੰਧਤ ਸੁਣੇ ਸਨ ਅਸਲੀਅਤ ਉਹਨਾਂ ਤੋਂ ਕੀਤੇ ਜ਼ਿਆਦਾ ਜ਼ਬਰਦਸਤ ਨਿਕਲੀ। ਕਾਮਰੇਡ ਪੂਰਨ ਸਿੰਘ ਨਾਰੰਗਵਾਲ ਨੇ ਡਾਢੇ ਬਹੁਬਲੀਆਂ ਦੇ ਚੜ੍ਹੇ ਆਉਂਦੇ ਤੂਫ਼ਾਨਾਂ ਨੂੰ ਠੱਲ ਪਾਈ ਸੀ। ਜਬਰਜ਼ੁਲਮ ਦੇ ਝੱਖੜਾਂ ਨੂੰ ਬੇਅਸਰ ਕੀਤਾ ਸੀ। ਬਲਦੀ ਅੱਗ ਦੇ ਜੰਗਲਾਂ ਵਿੱਚੋਂ ਬਹਾਦਰੀ ਨਾਲ ਲੰਘ ਕੇ ਪਾਰਟੀ ਦੇ ਸਿਧਾਂਤਾਂ ਅਤੇ ਅਸੂਲਾਂ ਦੀ ਰਾਖੀ ਕੀਤੀ ਸੀ।
ਇਸ ਲਈ ਅੱਜ ਬਹੁਤ ਦੁਖਦ ਹੈ ਕਾਮਰੇਡ ਪੂਰਨ ਸਿੰਘ ਜੀ ਦਾ ਤੁਰ ਜਾਣਾ। ਉਹਨਾਂ ਨੇ ਸੀ ਪੀ ਆਈ ਦੇ ਸੰਘਰਸ਼ਾਂ ਵਾਲੇ ਰਾਹਾਂ ਤੇ ਨਵੇਂ ਪੂਰਨੇ ਪਾਏ ਸਨ। ਉਹਨਾਂ ਦੇ ਸੰਘਰਸ਼ਾਂ ਅਤੇ ਉਹਨਾਂ ਦੀ ਅਗਵਾਈ ਵਾਲਾ ਢੰਗ ਤਰੀਕਾ ਬੜਾ ਵੱਖਰਾ ਹੁੰਦਾ ਸੀ। ਉਹਨਾਂ ਦੀ ਆਰ ਪਾਰ ਵਾਲੀ ਸਪਿਰਿਟ ਅੱਜ ਵੀ ਰਾਹ ਦਿਖਾਉਂਦੀ ਹੈ। ਉਹਨਾਂ ਦੀ ਰਹਿਣੀ ਬਹਿਣੀ ਵੀ ਅੰਤ ਤੀਕ ਸਾਦਗੀ ਭਰੀ ਸੀ। ਜ਼ਮੀਨ ਨਾਲ ਜੁੜੀ ਹੋਈ ਜ਼ਿੰਦਗੀ ਜਿਊਣਾ ਸਿਖਾਉਣ ਵਾਲੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਸਾਡੇ ਸਭਨਾਂ ਲਈ ਅਨਮੋਲ ਸਨ। ਉਹਨਾਂ ਦੇ ਘਰ ਵਿਚ ਪਿੰਡ ਦੀ ਮਿੱਟੀ ਦੀ ਮਹਿਕ ਸੀ। ਚੁੱਲ੍ਹੇ ਚੌਂਕੇ ਤੋਂ ਲੈ ਕੇ ਘਰ ਦੀ ਡਰਾਈਂਗ ਰੂਮ ਤੱਕ ਬੜਾ ਕੁਝ ਅਜਿਹਾ ਸੀ ਜਿਹੜਾ ਸਾਨੂੰ ਵਿਰਸੇ ਦੀ ਯਾਦ ਵੀ ਦੁਆਂਉਂਦਾ ਸੀ ਅਤੇ ਅਤੇ ਲੋਕ ਪੱਖੀ ਸਿਧਾਂਤਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਵੀ ਦੇਂਦਾ ਸੀ। ਵੇਲਾ ਖੱਬੀ ਧਿਰ ਦੀ ਚੜ੍ਹਤ ਦਾ ਸੀ ਜਾਂ ਫਿਰ ਖਾੜਕੂਵਾਦ ਦਾ ਜਾਂ ਫਿਰ ਸਰਕਾਰੀ ਜਬਰਾਂ ਦਾ---ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹਰ ਵਾਰ ਨਵੀਂ ਮਿਸਾਲ ਬਣ ਕੇ ਸਾਹਮਣੇ ਆਏ।
ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਆਗੂ ਕਾਮਰੇਡ ਪੂਰਨ ਸਿੰਘ ਨਾਰੰਗਵਾਲ, ਜੋ ਕਿ ਲੰਮਾ ਸਮਾਂ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਅਤੇ ਸੂਬਾ ਐਗਜ਼ੈਕਟਿਵ ਮੈਂਬਰ ਰਹੇ, ਉਹ ਵਿਛੋੜ ਦੇ ਗਏ। ਉਹ 95 ਸਾਲਾਂ ਦੇ ਸਨ। ਉਹਨਾ ਸਾਰੀ ਜ਼ਿੰਦਗੀ ਮਿਹਨਤਕਸ਼ ਲੋਕਾਂ ਅਤੇ ਕਮਿਊਨਿਸਟ ਪਾਰਟੀ ਨੂੰ ਸਮਰਪਣ ਕੀਤੀ। ਉਹਨਾ ਦਾ ਸਾਰਾ ਪਰਵਾਰ ਹੀ ਕਮਿਊਨਿਸਟ ਲਹਿਰ ਨਾਲ ਜੁੜਿਆ ਹੋਇਆ ਹੈ। ਪਿੰਡ ਨਾਰੰਗਵਾਲ ਦਾ ਹਰ ਬਾਸ਼ਿੰਦਾ ਉਦਾਸ ਸੀ।
ਇਸ ਮੌਕੇ ਬੰਤ ਸਿੰਘ ਬਰਾੜ ਸੂਬਾ ਸਕੱਤਰ ਸੀ ਪੀ ਆਈ, ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸੀ ਪੀ ਆਈ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਗੁਲਜਾਰ ਸਿੰਘ ਗੋਰੀਆ, ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਰਮੇਸ਼ ਰਤਨ, ਲੁਧਿਆਣਾ ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ, ਸ਼ਹਿਰੀ ਸਹਾਇਕ ਸਕੱਤਰ ਵਿਜੇ ਕੁਮਾਰ ਅਤੇ ਵਿਨੋਦ ਕੁਮਾਰ, ਭਰਪੂਰ ਸਿੰਘ ਸਵੱਦੀ, ਅਜੀਤ ਜਵੱਦੀ, ਸੁਖਦੇਵ ਸਿੰਘ ਸਿਰਸਾ, ਗੁਲਜ਼ਾਰ ਸਿੰਘ ਪੰਧੇਰ, ਰਾਮ ਸਰੂਪ, ਉਜਾਗਰ ਸਿੰਘ ਲਲਤੋਂ, ਹਰਬੰਸ ਸਿੰਘ ਮਾਲਵਾ, ਕੁਲਦੀਪ ਸਿੰਘ, ਮੇਜਰ ਸਿੰਘ ਕਿਲ੍ਹਾ ਰਾਏਪੁਰ, ਗੁਰਮੇਲ ਸਿੰਘ ਸਰਪੰਚ ਧੂਲਕੋਟ ਅਤੇ ਰਿਸ਼ਤੇਦਾਰ ਤੇ ਇਲਾਕੇ ਦੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।
ਉਹਨਾਂ ਨਮਿਤ ਭੋਗ ਅਤੇ ਅੰਤਮ ਅਰਦਾਸ 14 ਜਨਵਰੀ ਨੂੰ ਉਹਨਾ ਦੇ ਪਿੰਡ ਨਾਰੰਗਵਾਲ ਵਿਖੇ ਹੋਏਗਾ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੁਖਦੇਵ ਸਿਰਸਾ ਅਤੇ ਪੰਜਾਬ ਦੇ ਆਗੂਆਂ ਪ੍ਰੋ. ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਸਿਰੀਰਾਮ ਅਰਸ਼, ਡਾ. ਗੁਰਮੇਲ ਸਿੰਘ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਬਲਕਾਰ ਸਿੱਧੂ, ਡਾ. ਲਾਭ ਸਿੰਘ ਖੀਵਾ, ਮਨਜੀਤ ਕੌਰ ਮੀਤ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਭੂਪਿੰਦਰ ਮਲਿਕ, ਦੀਪਕ ਸ਼ਰਮਾ ਚਨਾਰਥਲ ਅਤੇ ‘ਸਾਡਾ ਜੁਗ’ ਦੇ ਸੰਪਾਦਕ ਭੁਪਿੰਦਰ ਸਾਂਬਰ ਨੇ ਸਾਥੀ ਨਾਰੰਗਵਾਲ ਦੇ ਦਿਹਾਂਤ ਉਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਉਹਨਾ ਦੇ ਸਪੁੱਤਰ ਡਾ. ਸਰਬਜੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ।
ਪੀਪਲਜ਼ ਮੀਡੀਆ ਲਿੰਕ ਵੱਲੋਂ ਰੈਕਟਰ ਕਥੂਰੀਆ, ਲੋਕ ਮੀਡੀਆ ਮੰਚ ਤੋਂ ਪ੍ਰਦੀਪ ਸ਼ਰਮਾ, ਹਿੰਦੀ ਸਕਰੀਨ ਅਤੇ ਪੰਜਾਬ ਸਕਰੀਨ ਵੱਲੋਂ-ਕਾਰਤਿਕਾ ਕਲਿਆਣੀ ਸਿੰਘ, ਸਾਹਿਤ ਸਕਰੀਨ ਵੱਲੋਂ ਸਿਮਰਨਜੋਤ, ਜਨ ਮੀਡੀਆ ਮੰਚ ਵੱਲੋਂ-ਮੀਡੀਆ ਲਿੰਕ ਰਵਿੰਦਰ, ਸਤੀਸ਼ ਸਚਦੇਵਾ, ਅਤੇ ਹੋਰਾਂ ਨੇ ਵੀ ਸ਼ਰਧਾਂਜਲੀ ਦੇਂਦਿਆਂ ਆਖਿਆ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਹੀ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਅੱਜ ਵੀ ਪਾਰਟੀ ਅਤੇ ਆਮ ਜ਼ਿੰਦਗੀ ਵਿਚ ਉਹਨਾਂ ਵਰਗੇ ਢੰਗ ਤਰੀਕੇ ਅਪਣਾਉਣ ਦੀ ਬਹੁਤ ਤਿੱਖੀ ਲੋੜ ਹੈ। ਕਾਮਰੇਡ ਸਕਰੀਨ ਅਤੇ ਸਹਿਯੋਗੀ ਮੀਡੀਆ ਨਾਲ ਗੱਲਾਂਬਾਤਾਂ ਕਰਦਿਆਂ ਉਹਨਾਂ ਜਿਹੜੀਆਂ ਭਵਿੱਖਵਾਣੀਆਂ ਕੀਤੀਆਂ ਉਹ ਕਈ ਸਾਲਾਂ ਮਗਰੋਂ ਵੀ ਇੰਨ ਬਿੰਨ ਸਚ ਨਿਕਲ ਰਹੀਆਂ ਹਨ। ਜੇ ਖੱਬੀਆਂ ਧਿਰਾਂ ਨੇ ਉਹਨਾਂ ਦੀ ਗੱਲ ਸਮੇਂ ਸਿਰ ਸੁਣ ਕੇ ਵਿਚਾਰੀ ਹੁੰਦੀ ਤਾਂ ਅੱਜ ਦੇਸ਼ ਦੀ ਸਥਿਤੀ ਹੋਰ ਹੀ ਹੋਣੀ ਸੀ।
ਉਹਨਾਂ ਨਾਲ ਹੋਈਆਂ ਗੱਲਾਂ ਬਾਤਾਂ ਦੀ ਇੱਕ ਝਲਕ ਤੁਸੀਂ ਇਥੇ ਵੀ ਦੇਖ ਸਕਦੇ ਹੋ
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment