Saturday, July 13, 2024

ਸੰਸਾਰ ਅਮਨ ਦੇ ਝੰਡਾ ਬਰਦਾਰ ਸਨ ਕਾਮਰੇਡ ਭਰਤ ਪ੍ਰਕਾਸ਼|//ਮਨਿੰਦਰ ਭਾਟੀਆ

 Thursday 11th July 2024 at 15:06 

ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ! 

ਜਦੋਂ ਪੈਰ ਪੈਰ 'ਤੇ ਖਤਰੇ ਸਨ। ਹਰ ਪਾਸਿਓਂ ਸ਼ੂਕਦੀ ਆਉਂਦੀ ਗੋਲੀ ਵਾਲਾ ਮਾਹੌਲ ਸੀ। ਉਦੋਂ ਵੀ  ਕਾਮਰੇਡ ਭਾਰਤ ਪ੍ਰਕਾਸ਼ ਭਾਰਤੀ ਕਮਿਊਨਿਸਟ ਪਾਰਟੀ ਦੇ ਜਾਂਬਾਜ਼ ਸਿਪਾਹੀ ਵਾਂਗ ਇਸ ਮੈਦਾਨ-ਏ-ਜੰਗ ਵਿੱਚ ਡਟੇ ਰਹੇ। ਜਦੋਂ ਸਾਰਾ ਪੰਜਾਬ ਹੀ ਜੰਗ ਦਾ ਮੈਦਾਨ ਬਣ ਚੁੱਕਿਆ ਸੀ ਉਦੋਂ ਵੀ ਕਾਮਰੇਡ ਭਾਰਤ ਪ੍ਰਕਾਸ਼ ਯੋਧਿਆਂ ਵਾਂਗ ਇਸ ਜੰਗ ਦੇ ਮੈਦਾਨ ਵਿਚ ਰਹੇ। ਉਹਨਾਂ ਨੂੰ ਯਾਦ ਕਰਦਿਆਂ ਕਾਮਰੇਡ ਐਮ ਐਸ ਭਾਟੀਆ ਨੇ ਇੱਕ ਵਿਸ਼ੇਸ਼ ਲਿਖਤ ਭੇਜੀ ਹੈ ਜਿਹੜੀ ਇਥੇ ਉਵੇਂ ਦੀ ਉਵੇਂ ਪ੍ਰਕਸ਼ਿਤ ਕੀਤੀ ਜਾ ਰਹੀ ਹੈ। ਕਾਮਰੇਡ ਭਾਰਤ ਪ੍ਰਕਾਸ਼ ਹੁਰਾਂ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਗੱਲਾਂ ਅਸੀਂ ਨੇੜ ਭਵਿੱਖ ਵਿੱਚ ਕਰਦੇ ਰਹਾਂਗੇ।                             --ਸੰਪਾਦਕ 

ਅੱਜ ਕਾਮਰੇਡ ਭਰਤ ਪ੍ਰਕਾਸ਼ ਜੀ ਨੂੰ  8ਵੀਂ ਬਰਸੀ ਮੌਕੇ ਯਾਦ ਕਰਦਿਆਂ

ਲੁਧਿਆਣਾ ਤੋਂ *ਐਮ ਐਸ ਭਾਟੀਆ ਵੱਲੋਂ ਬਰਸੀ ਮੌਕੇ ਭੇਜੀ ਗਈ ਵਿਸ਼ੇਸ਼ ਲਿਖਤ 


1967 ਵਿੱਚ ਅਸੀਂ ਖੰਨੇ ਆਏ ਸੀ ਅਤੇ ਉੱਥੇ 1974 ਤੱਕ ਰਹੇ। ਮੈਂ ਉਥੇ ਤੀਸਰੀ ਤੋਂ ਦਸਵੀਂ ਜਮਾਤ ਤੱਕ ਪੜਿਆ। ਮੇਰੇ ਜੀਜਾ ਜੀ, ਜੋ ਕਿ ਡਾਕਖਾਨੇ ਵਿੱਚ ਕੰਮ ਕਰਦੇ ਸਨ, ਇਨਕਲਾਬੀ ਖਿਆਲਾਂ ਦੇ ਧਾਰਨੀ ਸਨ। ਉਹ ਦੱਸਦੇ ਹੁੰਦੇ ਸਨ ਕਿ ਖੰਨੇ ਦੇ ਵਿੱਚ ਦੋ ਲਾਲ ਝੰਡੇ ਵਾਲੀ ਪਾਰਟੀ ਦੇ ਲੀਡਰ ਹਨ ਜੋ ਜਦੋਂ ਸਟੇਜ ਤੋਂ ਬੋਲਦੇ ਹਨ ਤਾਂ ਸਟੇਜ ਕੰਬਦੀ ਹੈ। ਉਹ ਲੋਕਾਂ ਦੇ ਮੁੱਦੇ ਲੈ ਕੇ ਬੋਲਦੇ ਹਨ, ਜਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹਨ ਅਤੇ ਸੱਤਾ ਨੂੰ ਲਲਕਾਰਦੇ ਸਨ। ਉਹ ਲੋਕਾਂ ਦੇ ਅਸਲੀ ਲੀਡਰ ਹਨ। ਜਿਹਨਾਂ ਦਾ ਬੜਾ ਨਾਮ ਹੁੰਦਾ ਸੀ।
 
ਇਹ ਲੀਡਰ ਸਨ ਕਾਮਰੇਡ ਭਰਤ ਪ੍ਰਕਾਸ਼ ਅਤੇ ਕਾਮਰੇਡ ਗੁਰਬਖਸ਼ ਸਿੰਘ। ਉਸ ਵੇਲੇ ਤਾਂ ਮੈਂ ਬੱਚਾ ਸੀ ਲੇਕਿਨ ਜਦੋਂ 1978 ਵਿੱਚ ਮੈਂ ਬੈਂਕ ਵਿੱਚ ਲੱਗਿਆ ਅਤੇ ਫਿਰ 1982 ਵਿੱਚ ਟ੍ਰਾਂਸਫਰ ਹੋ ਕੇ ਲੁਧਿਆਣੇ ਆਇਆ ਤਾਂ ਬੈਂਕਾਂ ਦੇ ਆਗੂ ਕਾਮਰੇਡ ਅਮਰਨਾਥ ਸ਼ਰਮਾ ਅਕਸਰ ਕਾਮਰੇਡ ਭਰਤ ਪ੍ਰਕਾਸ਼ ਜੀ ਨੂੰ ਦੁਨੀਆਂ ਵਿੱਚ ਅਮਨ ਅਤੇ ਸ਼ਾਂਤੀ 'ਤੇ ਲੈਕਚਰ ਕਰਨ ਲਈ ਬੁਲਾਉਂਦੇ ਹੁੰਦੇ ਸਨ। 

ਕਾਮਰੇਡ ਭਰਤ ਪ੍ਰਕਾਸ਼ ਉਸ ਵੇਲੇ ਆਲ ਇੰਡੀਆ ਪੀਸ ਐਂਡ ਸਾਲੀਡੈਰਿਟੀ ਔਰਗੇਨਾਈਜੇਸ਼ਨ ਦੇ ਪੰਜਾਬ ਦੇ ਜਨਰਲ ਸਕੱਤਰ ਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਆਗੂ ਸਨ। ਉਹ ਅਕਸਰ ਵਿਸ਼ਵ ਸ਼ਾਂਤੀ ਦੇ ਹੱਕ ਦੀਆਂ ਧਿਰਾਂ ਅਤੇ ਸਾਮਰਾਜ ਜੋ ਦੁਨੀਆ ਵਿੱਚ ਜੰਗ ਲਾਈ ਰੱਖਣ ਦੀ ਨੀਤੀ ਤੇ ਚਲਦਾ ਹੈ, ਬਾਰੇ ਵਿਸਤਾਰ ਨਾਲ ਦੱਸਦੇ ਕਿ ਸਮਾਜਵਾਦ ਪੱਖੀ ਅਤੇ ਸਾਮਰਾਜਵਾਦ ਪੱਖੀ ਦੇਸ਼ਾਂ ਦਾ ਨਿਖੇੜਾ ਅਸੀਂ ਕਰਨ ਲੱਗ ਪਏ। ਉਹਨਾਂ ਕੋਲ ਬਹੁਤ ਗਿਆਨ ਸੀ ਅਤੇ ਰਾਜਨੀਤੀ ਵਿੱਚ ਉਹ ਬਹੁਤ ਸਪਸ਼ਟ ਸਨ। ਉਹ ਆਪਣੀ ਗੱਲ ਨੂੰ ਸਪਸ਼ਟ ਤੌਰ ਤੇ ਰੱਖਦੇ ਸਨ ਭਾਵੇਂ ਕਿ ਕਈ ਵਾਰੀ ਉਹਨਾਂ ਦੀ ਗੱਲ ਕੌੜੀ ਵੀ ਲੱਗਦੀ ਸੀ ਪਰ ਉਹ ਇਸ  ਦੀ ਪਰਵਾਹ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਦੀਆਂ ਕਹੀਆਂ ਗੱਲਾਂ ਦੀ ਬਹੁਤ ਸਾਰੇ ਲੋਕਾਂ ਨੂੰ ਬਾਅਦ ਵਿੱਚ ਸਮਝ ਆਉਂਦੀ ਸੀ। ਉਹ  ਰੋਸ਼ਨ ਦਿਮਾਗ ਦੇ ਮਾਲਕ,ਕਮਿਊਨਿਸਟ, ਬੁੱਧੀਜੀਵੀ ਮਾਰਕਸਵਾਦੀ ਵਿਚਾਰਧਾਰਾ ਅਤੇ ਮਾਨਵਵਾਦੀ ਵਿਗਿਆਨ ਨੂੰ ਡੂੰਘੀ ਤਰ੍ਹਾਂ ਸਮਝਣ ਵਾਲੇ ਸਨ।
 
ਇਸਦੇ ਨਾਲ ਹੀ ਉਹ ਪੂੰਜੀਵਾਦ ਦੀ ਅਖੌਤੀ ਤਰੱਕੀ ਦੀਆਂ ਸੰਭਾਵਨਾਵਾਂ,ਸਾਮਰਾਜੀ ਖਤਰੇ, ਫਿਰਕੂ ਖਤਰੇ ਅਤੇ ਧਰਮ ਨਿਰਪੱਖਤਾ ਨੂੰ ਫਾ਼ਸੀ਼ ਰੁਚੀਆਂ ਵਾਲੇ ਖਤਰਿਆਂ ਤੋਂ ਉਹ ਬਹੁਤ ਡੂੰਘਾਈ ਨਾਲ ਜਾਣੂ ਸਨ। ਇਹਨਾਂ ਖਤਰਿਆਂ ਨੂੰ  ਲੈ ਕੇ ਉਹ ਚਿੰਤਤ ਵੀ ਸਨ ਅਤੇ ਇਹਨਾਂ ਕਾਲੀਆਂ ਤਾਕਤਾਂ ਦੀਆਂ ਵਿਰੋਧੀ ਸ਼ਕਤੀਆਂ ਦਰਮਿਆਨ ਏਕਤਾ ਉੱਤੇ ਅਕਸਰ ਜ਼ੋਰ ਵੀ ਦਿੰਦੇ ਸਨ। 

ਕਾਮਰੇਡ ਹਰਦੇਵ ਅਰਸ਼ੀ ਨੇ ਉਹਨਾਂ ਬਾਰੇ ਲਿਖਿਆ ਹੈ ਕਿ ਅੱਜ ਜਦੋਂ ਸੰਸਾਰ ਵਿੱਚ ਸਾਮਰਾਜੀ ਤਾਕਤਾਂ ਚੜਤ ਲਈ ਯਤਨਸ਼ੀਲ ਹਨ, ਦਹਿਸ਼ਤਗਰਦ ਤਾਕਤਾਂ ਲੋਕਾਂ ਅਤੇ ਕੌਮਾਂ ਲਈ ਭਾਰੀ ਖਤਰਾ ਬਣੀਆਂ ਹੋਈਆਂ ਹਨ, ਗੁੱਟ ਨਿਰਲੇਪਤਾ ਨਿਤਾਣੀ  ਬਣਾ ਦਿੱਤੀ ਗਈ ਹੈ। ਸਾਡੇ ਦੇਸ਼ ਦੇ ਹੁਕਮਰਾਨ ਸਾਮਰਾਜੀ ਤਾਕਤਾਂ ਦੀ ਫਰਮਾਂਬਰਦਾਰੀ ਕਰ ਰਹੇ ਹਨ। ਦੇਸ਼ ਦੇ ਧਰਮ ਨਿਰਪੱਖ, ਜਮਹੂਰੀ, ਸਾਂਝੇ ਸੱਭਿਆਚਾਰ ਦੇ ਤਾਣੇ ਬਾਣੇ ਉੱਤੇ ਹਮਲੇ ਹੋ ਰਹੇ ਹਨ। ਉਚੇਰੀ ਸਿੱਖਿਆ ਅਤੇ ਕਲਮਾਂ ਦੀ ਆਜ਼ਾਦੀ ਉੱਤੇ ਹਮਲੇ ਹੋ ਰਹੇ ਹਨ, ਤਾਂ ਸਾਥੀ ਭਰਤ ਪ੍ਰਕਾਸ਼ ਜਿਹੇ ਬੇਦਾਗ,ਸਾਦਾ ਇਮਾਨਦਾਰ, ਦਿਆਨਤਦਾਰ, ਦਲੇਰ, ਲੜਾਕੇ ਤੇ ਕਮਿਊਨਿਸਟ ਕਾਜ ਨੂੰ ਕਹਿਣੀ ਤੇ ਕਰਨੀ ਦੇ ਪੱਖੋਂ ਪਰਨਾਏ ਆਗੂਆਂ ਦੀ ਅਤਿਅੰਤ ਜਰੂਰਤ ਹੈ। 

ਕਾਮਰੇਡ ਭਰਤ ਪ੍ਰਕਾਸ਼ ਜੀ ਨੇ ਲੁਧਿਆਣਾ ਜ਼ਿਲ੍ਹੇ ਦੀ ਪਾਰਟੀ ਦੀ ਅਗਵਾਈ ਵੀ ਕੀਤੀ ਅਤੇ ਉਨਾਂ ਦੀ ਅਗਵਾਈ ਵਿੱਚ ਪਾਰਟੀ ਬਹੁਤ ਮਜਬੂਤ ਹੋਈ। 

ਉਸ ਵੇਲੇ ਦੇ ਵਿਦਿਆਰਥੀ ਆਗੂ ਕਰਤਾਰ ਸਿੰਘ ਬੁਆਣੀ ਨੇ  ਭਰਤ ਜੀ ਤੋਂ ਬਹੁਤ ਕੁਝ ਸਿੱਖਿਆ ਅਤੇ ਮਾਰਕਸਵਾਦ ਬਾਰੇ ਉਹਨਾਂ ਦੀ ਵਿਚਾਰਧਾਰਾ ਪ੍ਰਪੱਕ ਹੋਈ| ਬਾਅਦ ਵਿੱਚ ਕਾਮਰੇਡ  ਬੁਆਣੀ ਲੁਧਿਆਣਾ ਜ਼ਿਲ੍ਹਾ ਦੇ ਸਕੱਤਰ ਬਣੇ ਅਤੇ ਲੰਮਾ ਸਮਾਂ ਪਾਰਟੀ ਦੀ ਅਗਵਾਈ ਕਰਕੇ  2018 ਵਿੱਚ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਇਸ ਅਹੁਦੇ ਤੋਂ ਹਟ ਗਏ ਹਨ। 

ਇਸੇ ਤਰ੍ਹਾਂ ਨੌਜਵਾਨ ਸਭਾ ਤੇ ਕੰਮ ਕਰਦੇ ਆਗੂ ਗੁਰਮੇਲ ਸਿੰਘ ਹੂੰਝਣ ਨੇ ਵੀ ਭਰਤ ਜੀ ਤੋਂ ਸਿੱਖ ਕੇ ਆਪਣੀ ਵਿਚਾਰਧਾਰਾ ਨੂੰ ਪਰਪੱਕ ਕੀਤਾ  ਅਤੇ ਜਿਲਾ ਲੁਧਿਆਣਾ ਦੀ ਪਾਰਟੀ ਦੇ ਆਗੂ ਦੇ ਤੌਰ ਤੇ ਆਪਣੀ ਸ਼ਹਾਦਤ ਤੱਕ ਕੰਮ ਕਰਦੇ ਰਹੇ। ਇਸੇ ਤਰ੍ਹਾਂ ਕਾਮਰੇਡ ਰਮੇਸ਼ ਰਤਨ ਜੋ ਉਸ ਵੇਲੇ ਵਿਦਿਆਰਥੀ ਲਹਿਰ ਵਿੱਚ ਸਰਗਰਮ ਸਨ ਨੇ ਵੀ ਕਾਮਰੇਡ ਭਰਤ ਜੀ ਤੋਂ ਫਿਲਾਸਫੀ ਦੀ ਸਿੱਖਿਆ ਲਈ ਅਤੇ ਆਪਣਾ ਸਾਰਾ ਜੀਵਨ ਕੁਲਵਕਤੀ ਦੇ ਤੌਰ ਤੇ ਪਾਰਟੀ ਨੂੰ ਸਮਰਪਿਤ ਕੀਤਾ। ਅੱਜ ਕੱਲ ਉਹ ਪੰਜਾਬ ਦੇ  ਕੰਟਰੋਲ ਕਮਿਸ਼ਨ ਦੇ ਚੇਅਰਮੈਨ ਹਨ। 

ਡਾਕਟਰ ਅਰੁਣ ਮਿੱਤਰਾ  ਨੇ ਉਹਨਾਂ ਬਾਰੇ ਲਿਖਿਆ ਹੈ ਕਿ ਭਰਤ ਜੀ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ। ਇੱਕ ਵਾਰ ਉਹਨਾਂ ਪਿਆਰ ਨਾਲ ਕਿਹਾ " ਯੰਗਮੈਨ ਤੂੰ ਬੜਾ ਸੁਚੱਜਾ ਮੁੰਡਾ ਹੈਂ ਅੱਜ ਕੱਲ ਤੂੰ ਕਾਲਜ ਦੇ ਸੰਘਰਸ਼ ਵਿੱਚ ਲੱਗਿਆ ਹੋਇਆ ਹੈਂ। ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਤੂੰ ਖੁਦ ਹੀ ਇਸ ਸੰਘਰਸ਼ ਵਿੱਚੋਂ ਰਾਜਨੀਤਕ ਚੇਤਨਤਾ ਪ੍ਰਾਪਤ ਕਰ ਲਵੇਂਗਾ ਪਰ ਫਿਰ ਵੀ ਤੇਰੇ ਨਾਲ ਡਾਇਲਾਗ ਕਰਨਾ ਜਰੂਰੀ ਹੈ। 

ਰਿਪਦੁਮਨ ਸਿੰਘ ਰੂਪ  ਜੀ ਨੇ ਇੱਕ ਜਗ੍ਹਾ ਲਿਖਿਆ ਹੈ ਕਿ ਕਾਮਰੇਡ ਭਰਤ ਪ੍ਰਕਾਸ਼ ਦੀ ਡਿਊਟੀ ਮੰਡੀ ਗੋਬਿੰਦਗੜ੍ਹ ਦੇ ਲੇਬਰ ਫਰੰਟ ਉੱਤੇ ਲੱਗੀ ਹੁੰਦੀ ਸੀ। ਉਹ ਸਥਾਨਕ ਆਗੂਆਂ ਦੀ ਸਹਾਇਤਾ ਲਈ ਉਥੇ ਆਉਂਦੇ ਜਾਂਦੇ ਸਨ। ਕਾਮਰੇਡ ਭਰਤ ਪ੍ਰਕਾਸ਼ ਅਤੇ ਸੰਤੋਖ ਸਿੰਘ ਧੀਰ ਹੋਰਾਂ ਨੇ ਇੱਕ ਵਾਰ ਸਾਰੇ ਕਾਰਖਾਨਿਆਂ ਦੀ ਹੜਤਾਲ ਮਗਰੋਂ ਰਾਤ ਨੂੰ ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰਾਂ ਵਿੱਚੋਂ ਮਸ਼ਾਲਾਂ ਨਾਲ ਜਲੂਸ ਕੱਢਿਆ ਜਿਹੜਾ ਗੋਬਿੰਦਗੜ੍ਹ ਦੇ ਸੰਘਰਸ਼ਾਂ ਦੇ ਇਤਿਹਾਸ ਵਿੱਚ ਸਦਾ ਯਾਦ ਰਹੇਗਾ। ਇੱਕ ਵਾਰ ਮਜ਼ਦੂਰਾਂ ਦੇ ਹੱਥ ਇੱਕ ਹੈਂਕੜਬਾਜ ਕਾਰਖਾਨੇਦਾਰ ਆ ਗਿਆ ਜਿਹੜਾ ਹੱਥ ਵਿੱਚ ਬੰਦੂਕ ਚੁੱਕੀ ਮਜ਼ਦੂਰਾਂ ਨੂੰ ਗਾਲਾਂ ਕੱਢ ਰਿਹਾ ਸੀ। ਮਜ਼ਦੂਰਾਂ ਨੇ ਉਸਦੀ ਉਹ ਖਿਚਾਈ ਕੀਤੀ ਕਿ ਉਹ ਗਿੜਗਿੜਾਉਂਦਾ ਕਾਮਰੇਡ ਭਰਤ ਪ੍ਰਕਾਸ਼ ਦੇ ਪੈਰੀ ਢਹਿ ਪਿਆ।  

ਕਾਮਰੇਡ ਗੁਰਨਾਮ ਕੰਵਰ ਉਨਾਂ ਦੇ ਪਰਿਵਾਰ ਬਾਰੇ ਲਿਖਦੇ ਹਨ ਕਿ ਉਨਾਂ ਦੀਆਂ ਛੇ ਬੇਟੀਆਂ  ਅਤੇ ਇੱਕ ਬੇਟਾ ਸੀ।  ਬੇਟੀਆਂ ਵਿੱਚੋਂ ਪੰਜ-ਊਸ਼ਾ, ਸਵਰਨਾ, ਸੁਨੀਤਾ,ਮਧੂ  ਅਤੇ ਨੀਲੂ ਪੋਸਟ  ਗਰੈਜੂਏਟ  ਅਤੇ ਪ੍ਰਵੀਨ ਗਰੈਜੂਏਟ ਅਤੇ ਆਈ ਟੀ ਆਈ ਟਰੇਂਡ ਹੈ। ਬੇਟਾ ਮਹਿੰਦਰਜੀਤ ਸਟੇਟ ਬੈਂਕ ਪਟਿਆਲਾ ਤੋਂ ਰਿਟਾਇਰ ਹੋਇਆ ਹੈ। 

ਆਪਣੀ ਲੰਮੀ ਉਮਰ ਦੌਰਾਨ ਉਹਨਾਂ ਨੇ ਕਈ ਸਦਮੇ ਵੀ ਝੱਲੇ। ਪਹਿਲਾਂ ਉਹਨਾਂ ਦੇ ਵੱਡੇ ਭਰਾ ਭੀਸ਼ਮ ਪ੍ਰਕਾਸ਼ ਜੋ ਕਾਂਗਰਸੀ ਆਗੂ ਸਨ, ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ। ਫਿਰ ਉਹਨਾਂ ਦੇ ਦਾਮਾਦ ਹਰਪਾਲ ਖੋਖਰ ਨੂੰ 1992 ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਦਾ ਦੋਹਤਾ ਮਨੀਤ ਕੰਵਰ 30 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਿਆ ਅਤੇ ਫਿਰ ਉਹਨਾਂ ਦਾ ਦਾਮਾਦ ਨਾਭੇ ਦਾ ਕਮਿਊਨਿਸਟ ਆਗੂ ਗੁਰਦੇਵ ਸਿੰਘ ਐਡਵੋਕੇਟ ਦਿਲ ਦੇ ਦੌਰੇ ਕਰਕੇ ਸਦੀਵੀਂ ਵਿਛੋੜਾ ਦੇ ਗਿਆ। ਇਸੇ ਸਮੇਂ ਦੌਰਾਨ ਉਨਾਂ ਦੀ ਨੂੰਹ ਸੰਦੇਸ਼ ਕੈਂਸਰ ਦੀ ਬਿਮਾਰੀ ਨਾਲ ਅੱਧਵਾਟੇ ਹੀ ਪਰਿਵਾਰ ਨੂੰ ਛੱਡ ਗਈ। 

ਕਾਮਰੇਡ ਗੁਲਜਾਰ ਗੋਰੀਆ ਲਿਖਦੇ ਹਨ ਕਿ ਕਾਮਰੇਡ ਭਰਤ ਪ੍ਰਕਾਸ਼ ਨੇ ਇੱਕ ਸੰਸਥਾ ਦੇ ਤੌਰ ਤੇ ਕੰਮ ਕੀਤਾ। ਜਦੋਂ ਵੀ ਕਿਸੇ ਮੀਟਿੰਗ ਵਿੱਚ ਜਾਣਾ ਪੂਰੀ ਤਿਆਰੀ ਨਾਲ ਜਾਣਾ। ਸਭ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਹੱਥ ਖੜਾ ਕਰਨਾ ਤੇ ਬਹਿਸ ਵਿੱਚ ਹਿੱਸਾ ਲੈਣਾ ਅਤੇ ਪੂਰੀ ਦਲੀਲ ਨਾਲ ਗੱਲ ਕਰਨੀ। ਬੁੱਧੀਜੀਵੀਆਂ ਨਾਲ ਮਿਲ ਕੇ ਬਹੁਤ ਖੁਸ਼ ਹੋਣਾ। ਈਸੜੂ ਵਿਖੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮਨਾਉਣ ਦੀ ਰਿਵਾਇਤ ਸ਼ੁਰੂ ਕਰਨ ਵਿੱਚ ਕਾਮਰੇਡ ਭਰਤ ਪ੍ਰਕਾਸ਼ ਮੋਢੀਆਂ ਵਿੱਚੋਂ ਸਨ। ਉਹ ਹਰ ਸਾਲ ਪੰਧੇਰ ਖੇੜੀ ਵਿਖੇ ਕਾਮਰੇਡ ਗੁਰਮੇਲ ਹੂੰਝਣ ਅਤੇ ਜੋਗਿੰਦਰ ਸਿੰਘ ਦੀ ਬਰਸੀ ਤੇ ਹਾਜ਼ਰੀ ਜਰੂਰ ਲਗਵਾਉਂਦੇ ਸਨ।  

ਲੇਖਕ ਐਮ ਐਸ ਭਾਟੀਆ 
1987 ਵਿੱਚ ਜਦੋਂ ਪੰਜਾਬ ਵਿੱਚ ਅੱਤਵਾਦ ਜ਼ੋਰਾਂ ਤੇ ਸੀ। ਉਸ ਵੇਲੇ ਪੰਜਾਬ ਦੀ ਪਾਰਟੀ ਨੇ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਸੀ।  ਜਿਸ ਵਿੱਚ ਨਾਅਰਾ ਸੀ 'ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁਗ ਜੁਗ ਜੀਵੇ ਹਿੰਦੁਸਤਾਨ'! ਹੈਬੋਵਾਲ ਵਿਖੇ ਜਲਸਾ ਕਰਨ ਲਈ ਮੁਨਾਦੀ ਕਰਨ ਦਾ ਕੰਮ ਮੈਂ (ਅਰਥਾਤ ਐਮ ਐਸ ਭਾਟੀਆ) ਕੀਤਾ ਅਤੇ ਰਿਕਸ਼ਾ ਤੇ ਸਾਰੇ ਇਲਾਕੇ ਵਿੱਚ ਜਲਸੇ ਦੀ ਮੁਨਾਦੀ ਕੀਤੀ। ਇਸ ਜਲਸੇ ਨੂੰ ਕਾਮਰੇਡ ਭਰਤ ਜੀ, ਕਾਮਰੇਡ ਬਲਬੀਰ ਚੰਦ ਛਿਬੜ ਜੀ ਅਤੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਸੀ। 

ਕਾਮਰੇਡ ਭਾਰਤ ਜੀ ਦਾ ਜਨਮ 21 ਜਨਵਰੀ 1921 ਨੂੰ ਹੋਇਆ। ਮਿਲਟਰੀ ਦੀ ਨੌਕਰੀ ਛੱਡਣ ਤੋਂ ਬਾਅਦ 1948 ਵਿੱਚ ਉਹ ਕਮਿਊਨਿਸਟ ਪਾਰਟੀ ਨਾਲ ਬਾਕਾਇਦਾ ਤੌਰ 'ਤੇ ਜੁੜ ਗਏ। ਕਦੀ ਅੰਡਰਗਰਾਊਂਡ, ਕਦੀ ਜੇਲ੍ਹਾਂ ਵਿੱਚ 68 ਸਾਲ ਦੀ ਰਾਜਨੀਤਿਕ ਜ਼ਿੰਦਗੀ ਬਤੀਤ ਕਰਕੇ ਆਖਰ ਲਾਲ ਝੰਡੇ ਦੀ ਛਤਰ ਛਾਇਆ ਹੇਠ  13 ਜੁਲਾਈ 2016 ਨੂੰ ਅੰਤਮ ਵਿਦਾਇਗੀ ਲੈ ਗਏ। ਅੱਜ ਉਹਨਾਂ   ਦੀ ਬਰਸੀ ਦੇ ਮੌਕੇ ਅਸੀਂ ਅਹਿਦ ਕਰਦੇ ਹਾਂ ਕਿ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲ ਕੇ ਪਾਰਟੀ ਨੂੰ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਵਾਂਗੇ, ਫਿਰਕਾਪ੍ਰਸਤ ਤਾਕਤਾਂ ਦੇ ਵਿਰੁੱਧ ਅਤੇ ਅਗਾਂਹ ਵਧੂ  ਲੋਕਾਂ ਦਾ ਵਿਸ਼ਾਲ ਏਕਾ ਬਣਾਉਣ ਵਿੱਚ ਪਹਿਲ ਕਦਮੀ ਕਰਾਂਗੇ| 

ਸੰਸਾਰ ਅਮਨ ਜਿੰਦਾਬਾਦ।      ਇਨਕਲਾਬ    ਜਿੰਦਾਬਾਦ। 

*ਕਾਮਰੇਡ ਐਮ ਐਸ ਭਾਟੀਆ ਲੁਧਿਆਣਾ ਵਿੱਚ ਸੀਪੀਆਈ ਦੇ ਸਰਗਰਮ ਆਗੂਆਂ ਵਿੱਚੋਂ ਇੱਕ ਹਨ। ਇਸਦੇ ਨਾਲ ਹੀ ਉਹ ਟਰੇਡ ਯੂਨੀਅਨ ਫਰੰਟ ਵੀ ਸੰਭਾਲਦੇ ਹਨ ਅਤੇ ਮੀਡੀਆ ਵਾਲਾ ਮੋਰਚਾ ਵੀ। ਬੈਂਕਿੰਗ ਖੇਤਰ ਨਾਲ ਸਬੰਧਤ ਰਹੇ ਹੋਣ ਕਾਰਨ ਉਹਨਾਂ ਨੂੰ ਦੇਸ਼ ਦੇ ਆਰਥਿਕ ਮਾਮਲਿਆਂ ਦੀ ਵੀ ਡੂੰਘੀ ਸਮਝ ਹੈ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ:: +91-99884-91002

No comments:

Post a Comment