Sunday, March 24, 2019

ਮਹਾਂਗਠਜੋਡ਼ ਤੋਂ ਕਿਓਂ ਵੱਖ ਹੋਈ ਭਾਕਪਾ (ਮਾਲੇ)

ਬਿਹਾਰ 'ਚ ਪੰਜ ਸੀਟਾਂ 'ਤੇ ਚੋਣ ਲੜੇਗੀ

ਪਟਨਾ: 23 ਮਾਰਚ 2019: (ਕਾਮਰੇਡ ਸਕਰੀਨ ਬਿਊਰੋ)::  

ਚੋਣਾਂ ਦੇ ਨੇੜੇ ਆਉਂਦੀਆਂ ਹੀ ਦਿਲ ਦੀਆਂ ਗੱਲਾਂ ਵੀ ਖੁੱਲ ਕੇ ਸਾਹਮਣੇ ਆਉਣ ਲੱਗ ਪਈਆਂ ਹਨ। ਆਪਸੀ ਮਤਭੇਦ ਵੀ ਬਾਹਰ ਆ ਰਹੇ ਹਨ ਅਤੇ ਨਾਰਾਜ਼ਗੀ ਵਾਲੇ ਨੁਕਤੇ ਵੀ। ਭਾਰਤੀ ਕਮਿਊਨਿਸਟ ਪਾਰਟੀ (ਮਾਲੇ) ਬਿਹਾਰ 'ਚ ਮਹਾਂਗਠਜੋਡ਼ ਤੋਂ ਬਾਹਰ ਹੋ ਗਈ ਹੈ। ਪਾਰਟੀ ਨੇ ਸਾਫ਼ ਕਿਹਾ ਕਿ ਉਹ ਸੀਟਾਂ ਦੀ ਵੰਡ ਨੂੰ ਲੈ ਕੇ ਖੁਸ਼ ਨਹੀਂ ਹੈ ਅਤੇ ਬਿਹਾਰ 'ਚ ਪੰਜ ਸੀਟਾਂ 'ਤੇ ਚੋਣ ਲਡ਼ੇਗੀ। ਹਾਲਾਂਕਿ ਇਨ੍ਹਾਂ 'ਚੋਂ ਉਹ ਇੱਕ ਸੀਟ ਆਰ ਜੇ ਡੀ ਲਈ ਛੱਡ ਸਕਦੀ ਹੈ। ਪਟਨਾ 'ਚ ਹੋਈ ਇੱਕ ਪ੍ਰੈੱਸ ਕਾਨਫਰੰਸ 'ਚ ਪਾਰਟੀ ਦੇ ਸੂਬਾ ਸਕੱਤਰ ਕੁਣਾਲ ਨੇ ਕਿਹਾ ਕਿ ਮਹਾਂਗਠਜੋਡ਼ 'ਚੋਂ ਖੱਬੇਪੱਖੀ ਦਲਾਂ ਨੂੰ ਬਾਹਰ ਰੱਖਣ ਨਾਲ ਭਾਜਪਾ ਵਿਰੋਧੀ ਵੋਟਾਂ ਦਾ ਧਰੁਵੀਕਰਨ ਦੀਆਂ ਸੰਭਾਵਨਾਵਾਂ ਕਮਜ਼ੋਰ ਹੋਈਆਂ ਹਨ। ਉਨ੍ਹਾ ਕਿਹਾ ਕਿ ਮਾਲੇ ਬੇਗੂਸਰਾਏ 'ਚ ਸੀ ਪੀ ਆਈ ਅਤੇ ਉਜੀਆਰਪੁਰ 'ਚ ਸੀ ਪੀ ਐੱਮ ਨੂੰ ਆਪਣਾ ਸਮਰੱਥਨ ਦੇਵੇਗੀ। ਕੁਣਾਲ ਨੇ ਐਲਾਨ ਕੀਤਾ ਕਿ ਪਾਰਟੀ ਆਰਾ, ਕਾਰਕਾਟ, ਜਹਾਨਾਬਾਦ, ਪਾਟਲੀਪੁੱਤਰ, ਸਿਵਾਨ 'ਚ ਆਪਣੇ ਉਮੀਦਵਾਰ ਉਤਾਰੇਗੀ। ਹਾਲਾਂਕਿ ਇਨ੍ਹਾਂ ਪੰਜ ਸੀਟਾਂ 'ਚੋਂ ਇੱਕ 'ਤੇ ਉਹ ਆਰ ਜੇ ਡੀ ਨੂੰ ਸਮਰੱਥਨ ਦੇਵੇਗੀ। ਉਹ ਕਿਹਡ਼ੀਆਂ ਸੀਟਾਂ ਹੋਣਗੀਆਂ ਇਹ ਆਰ ਜੇ ਡੀ ਦੀਆਂ ਸੀਟਾਂ ਦੇ ਐਲਾਨ ਤੋਂ ਬਾਅਦ ਇਸ 'ਤੇ ਫੈਸਲਾ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮਾਲੇ ਨੇ ਪਹਿਲਾਂ 7 ਸੀਟਾਂ 'ਤੇ ਲਡ਼ਨ ਦਾ ਮਨ ਬਣਾਇਆ, ਪਰ ਵਾਲਮੀਕਿਨਗਰ ਅਤੇ ਕਟੀਹਾਰ ਦੀ ਸੀਟ ਪਹਿਲਾਂ ਹੀ ਛੱਡ ਦਿੱਤੀ ਸੀ। ਮਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬਿਹਾਰ ਦੀਆਂ ਬਾਕੀ ਸੀਟਾਂ 'ਤੇ ਪਾਰਟੀ ਕੀ ਫੈਸਲਾ ਲੈਂਦੀ ਹੈ, ਇਹ ਆਉਣ ਵਾਲੇ ਸਮੇਂ 'ਚ ਤੈਅ ਕੀਤਾ ਜਾਵੇਗਾ। ਹਾਲਾਂਕਿ ਪਾਰਟੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭਾਜਪਾ ਵਿਰੋਧੀ ਦਲਾਂ ਨੂੰ ਹੀ ਉਹ ਸਮਰੱਥਨ ਦੇਵੇਗੀ। ਹੁਣ ਦੇਖਣਾ ਹੈ ਕਿ ਚੋਣਾਂ ਵਿੱਚ ਭਾਕਪਾ (ਮਾਲੇ) ਦਾ ਇਹ ਕਦਮ ਕਿਸ ਧਿਰ ਨੂੰ ਫਾਇਦਾ ਪਹੁੰਚਾਉਂਦਾ ਹੈ?

No comments:

Post a Comment