Sunday, March 21, 2021

ਕਿਸਾਨ ਅੰਦੋਲਨ ਨੇ ਸੰਘਰਸ਼ਾਂ ਦੀ ਦਸਤਾਵੇਜ਼ੀ ਸਾਂਭ ਸੰਭਾਲ ਵੀ ਸਿਖਾਈ

 ਸੁਖਦਰਸ਼ਨ ਨੱਤ ਨੇ ਸਾਹਮਣੇ ਲਿਆਂਦੀ ਕਾਮਰੇਡ ਬੀਰ ਦੀ ਸ਼ਖ਼ਸੀਅਤ 

ਲੁਧਿਆਣਾ//ਟਿਕਰੀ ਬਾਰਡਰ: 21 ਮਾਰਚ 2021: (ਮੀਡੀਆ ਲਿੰਕ ਰਵਿੰਦਰ//ਸੋਸ਼ਲ ਮੀਡੀਆ/ਇੰਟਰਨੈਟ)::

ਗੱਲ ਸ਼ਾਇਦ ਦੋ ਚਾਰ ਸਾਲ ਪੁਰਾਣੀ ਹੋ ਗਈ ਹੋਣੀ ਹੈ। ਇੱਕ ਵਾਰ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਹੁਰਾਂ ਨੂੰ ਕਿਸੇ ਪਿੰਡ ਦੇ ਕੁਝ ਕਾਮਰੇਡ ਮਿਲਣ ਚਲਕੇ ਗਏ। ਕੋਈ ਪ੍ਰਸ਼ਾਸਨਿਕ ਕੰਮ ਸੀ ਸ਼ਾਇਦ। ਰਸਮੀ ਜਾਣ ਪਛਾਣ ਹੋਈ ਤਾਂ ਮਿਲਣ ਗਏ ਜਨਤਕ ਆਗੂਆਂ ਦੇ ਕਾਮਰੇਡ ਹੋਣ ਦੀ ਗੱਲ ਸਾਹਮਣੇ ਆਈ। ਸੁਣ ਕੇ ਸੁਖਬੀਰ ਬਾਦਲ ਮੁਸਕਰਾ ਪਏ ਤੇ ਸੁਆਗਤੀ ਸੁਰ ਵਿੱਚ ਬੋਲੇ ਆਓ ਬਈ ਕਾਮਰੇਡੋ! ਆਓ ਬੈਠੋ। ਨਾਲ ਹੀ  ਲਹਿਜ਼ੇ ਵਿੱਚ ਤਿੱਖੀ ਜਿਹੀ ਟਿੱਪਣੀ ਵੀ ਕੀਤੀ ਬਈ ਅਜੇ ਤੁਸੀਂ ਹੈਗੇ ਓਂ? ਮੈਂ ਤਾਂ ਸਮਝਿਆ ਸੀ ਕਿ ਕਾਮਰੇਡ ਮੁੱਕਮੁਕਾ ਗਏ। ਅਜਿਹੀ ਸੋਚ ਬਣਨ ਵਿੱਚ ਹਕੀਕਤਾਂ ਵੀ ਸਨ ਪਰ ਭਰਮ ਭੁਲੇਖੇ ਜ਼ਿਆਦਾ ਸਨ। ਇਹਨਾਂ ਭਰਮ ਭੁਲੇਖਿਆਂ ਨੂੰ ਤੋੜਿਆ ਸਮੇਂ ਸਮੇਂ ਚੱਲੇ ਲੋਕ ਅੰਦੋਲਨਾਂ ਨੇ। ਸੁਖਬੀਰ ਬਾਦਲ ਵਾਲੀ ਸੋਚ ਤੋਂ ਬਾਅਦ ਹੁਣ ਅਜਿਹਾ ਸਮਾਂ ਵੀ ਆਇਆ ਕਿ ਹੁਣ  ਸੱਤਾ ਧਿਰ ਨੂੰ ਕਿਸਾਨ ਅੰਦੋਲਨ ਵਿੱਚ ਕਾਮਰੇਡ ਅਤੇ ਨਕਸਲੀ ਹੀ ਨਜ਼ਰ ਆਉਣ ਲੱਗੇ। ਇਸ ਅੰਦੋਲਨ ਦੇ ਪ੍ਰਬੰਧਾਂ ਨੂੰ ਵਿਰੋਧੀਆਂ ਦੀਆਂ ਅਣਗਿਣਤ ਸਾਜ਼ਿਸ਼ਾਂ ਦੇ ਬਾਵਜੂਦ ਬੜੇ ਹੀ ਸੰਤੁਲਿਤ ਢੰਗ ਨਾਲ ਚਲਾਉਣਾ ਕੋਈ ਸੌਖਾ ਵੀ ਨਹੀਂ। ਕਾਮਰੇਡਾਂ ਨੇ ਕਿਸਾਨ ਅੰਦੋਲਨ ਨੂੰ ਹਰ ਮੌਕੇ ਆਪਣਾ ਸਹਿਯੋਗ ਦਿੱਤਾ ਪਰ ਕਦੇ ਉਹਨਾਂ ਦੇ ਨੀਤੀ ਪ੍ਰੋਗਰਾਮਾਂ ਵਿੱਚ ਦਖਲ ਨਾ ਦਿੱਤਾ। ਇਸ ਅੰਦੋਲਨ ਦੌਰਾਨ ਹੀ ਜਿੱਥੇ ਮਸਫੁੱਟ ਗੱਭਰੂ ਵੀ ਵੱਡੀ ਗਿਣਤੀ ਵਿਹੁੱਚ ਸਾਹਮਣੇ ਆਏ ਉੱਥੇ ਘਰਾਂ ਵਿੱਚ ਬੈਠੇ ਬਜ਼ੁਰਗਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਹੁਣ 300 ਤੋਂ ਵੱਧ ਦੀਆਂ ਸ਼ਹੀਦੀਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਸ ਇਤਿਹਾਸਿਕ ਕਿਸਾਨ ਅੰਦੋਲਨ ਨੇ ਜਿੱਥੇ ਥੋਹੜੇ ਜਿਹੇ ਸਮੇਂ ਵਿੱਚ ਹੀ ਲੋਕ ਸ਼ਕਤੀ ਦੀਆਂ ਹੋਰ ਬਹੁਤ ਸਾਰੀਆਂ ਖੂਬੀਆਂ ਸਾਹਮਣੇ ਲਿਆਂਦੀਆਂ ਹਨ ਉੱਥੇ ਕਮਿਊਨਿਸਟ ਲਹਿਰ ਦੀ ਅਮਰਤਾ ਵਾਲਾ ਪੱਖ ਵੀ ਸਾਹਮਣੇ ਲਿਆਂਦਾ ਹੈ। ਬਹੁਤ ਸਾਰੇ ਜੁਝਾਰੂਆਂ ਦੇ ਚਿਹਰੇ ਸਾਹਮਣੇ ਆਏ ਹਨ ਜਿਹਨਾਂ ਨੂੰ ਅਸੀਂ ਜਾਣੇ ਅਣਜਾਣੇ ਵਿਸਾਰਿ ਬੈਠੇ ਸਾਂ।  ਕਾਮਰੇਡ ਸੁਖਦਰਸ਼ਨ ਨੱਤ ਜਿੱਥੇ ਪਰਿਵਾਰ ਸਮੇਤ ਮੋਰਚੇ ਵਿੱਚ ਡਟੇ ਹੋਏ ਹਨ ਉੱਥੇ ਕਿਸਾਨ ਅੰਦੋਲਨ ਅਤੇ ਕਮਿਊਨਿਸਟ ਲਹਿਰ ਦੀ ਦਸਤਾਵੇਜ਼ੀ ਸਾਂਭ ਸੰਭਾਲ ਵਰਗੀ ਅਹਿਮ ਜ਼ਿੰਮੇਵਾਰੀ ਵੀ  ਨਿਭਾ ਰਹੇ ਹਨ। ਆਪਣੀ ਇੱਕ ਨਵੀਂ ਪੋਸਟ ਵਿੱਚ ਉਹਨਾਂ ਸਾਹਮਣੇ ਲਿਆਂਦਾ ਹੈ ਕਾਮਰੇਡ ਕਿਰਪਾਲ ਸਿੰਘ ਬੀਰ ਹੁਰਾਂ ਦੀ ਸ਼ਖਸ਼ੀਅਤ ਨੂੰ। 

ਕਾਮਰੇਡ ਸੁਖਦਰਸ਼ ਨੱਤ ਦੱਸਦੇ ਹਨ: 1948-49 ਤੋਂ ਕਮਿਊਨਿਸਟ ਅੰਦੋਲਨ ਨਾਲ ਜੁੜਿਆ ਕਾਮਰੇਡ ਕਿਰਪਾਲ ਸਿੰਘ ਬੀਰ ਅੱਜ ਵੀ ਆਪਣੇ ਚੁਣੇ ਹੋਏ ਇਕ ਨਵਾਂ ਸਮਾਜਵਾਦੀ ਸਮਾਜ ਸਿਰਜਣ ਦੇ ਜੀਵਨ ਉਦੇਸ਼ ਲਈ ਅਡੋਲ ਨਿਹਚੇ ਨਾਲ ਨੌਜਵਾਨਾਂ ਵਾਂਗ ਸਰਗਰਮ ਹੈ। ਬੀਤੇ 65 ਸਾਲਾਂ ਵਿਚ ਭਾਵੇਂ ਦੇਸ਼ ਅਤੇ ਸੰਸਾਰ ਦੀ ਕਮਿਊਨਿਸਟ ਲਹਿਰ ਨੂੰ ਸਿਧਾਂਤ ਤੇ ਸੰਗਠਨ ਦੋਵਾਂ ਖੇਤਰਾਂ ਵਿਚ ਵੱਡੀ ਉਥਲ-ਪੁਥਲ ਅਤੇ ਧੱਕਿਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਕਾਮਰੇਡ ਬੀਰ ਦੀ ਪ੍ਰਤੀਬੱਧਤਾ ਅਤੇ ਸਮਝਦਾਰੀ ਵਿਚ ਕੋਈ ਦੁਬਿਧਾ ਜਾਂ ਧੁੰਦਲਾਪਣ ਨਹੀਂ ਆਇਆ। ਉਸ ਦਾ ਬੁਨਿਆਦੀ ਸਮਰਪਣ ਆਪਣੀ ਮੰਜ਼ਿਲ ‘ਇਨਕਲਾਬ ਅਤੇ ਮਜ਼ਦੂਰ-ਕਿਸਾਨਾਂ ਦੀ ਜਮਾਤੀ ਜਦੋਜਹਿਦ ਪ੍ਰਤੀ ਹੈ, ਨਾ ਕਿ ਇਨਕਲਾਬੀ ਜਦੋਜਹਿਦ ਦੇ ਸੰਦ ਭਾਵ ਕਿਸੇ ਖਾਸ ਕਮਿਊਨਿਸਟ ਪਾਰਟੀ ਪ੍ਰਤੀ।ਇਸੇ ਲਈ ਸਮੇਂ ਸਮੇਂ ਜਿਸ ਵੀ ਕਮਿਊਨਿਸਟ ਪਾਰਟੀ ਨੇ ਇਨਕਲਾਬੀ ਜਦੋਜਹਿਦ ਵਲੋਂ ਮੁੱਖ ਮੋੜਿਆ, ਤਾਂ ਅਨੇਕਾਂ ਹੋਰਨਾਂ ਵਾਂਗ ਉਸ ਪਾਰਟੀ ਨਾਲ ਜ਼ਜਬਾਤੀ ਤੌਰ ’ਤੇ ‘ਮਾਂ ਪਾਰਟੀ ਮੰਨ ਕੇ ਚਿੰਬੜੇ ਰਹਿਣ ਦੀ ਬਜਾਏ, ਕਾਮਰੇਡ ਬੀਰ ਬਿਨਾਂ ਹਿਚਕ ਉਸ ਨਵੀਂ ਕਮਿਊਨਿਸਟ ਪਾਰਟੀ ਨਾਲ ਜਾ ਜੁੜੇ, ਜੋ ਜਮਾਤੀ ਜਦੋਜਹਿਦ ਨੂੰ ਅੱਗੇ ਵਧਾਉਣ ਦੇ ਯਤਨ ਕਰ ਰਹੀ ਸੀ। ਇਸੇ ਦਾ ਨਤੀਜਾ ਹੈ ਕਿ ਲਾਲ ਕਮਿਊਨਿਸਟ ਪਾਰਟੀ ਤੋਂ ਆਰੰਭ ਕਰਨ ਵਾਲਾ ਕਿਰਪਾਲ ਬੀਰ ਸੀ. ਪੀ. ਆਈ., ਸੀ. ਪੀ. ਆਈ. (ਐਮ.) ਤੇ ਐਮ. ਸੀ. ਪੀ. ਆਈ. ਵਿਚੋਂ ਹੁੰਦਾ ਹੋਇਆ 1995 ਵਿਚ ਨਕਸਲਵਾਦੀ ਧਾਰਾ ਦੀ ਪ੍ਰਤੀਨਿਧ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਤੱਕ ਪਹੁੰਚ ਗਿਆ ਅਤੇ ਕਈ ਸਾਲ ਉਸ ਨੇ ਇਸ ਦੀ ਮਾਨਸਾ ਜ਼ਿਲਾ ਕਮੇਟੀ ਦੇ ਸਕੱਤਰ ਦੀ ਜਿੰਮੇਵਾਰੀ ਨਿਭਾਈ। ਉਂਝ ਆਪਣੀ ਸੋਚ ਵਿਚਲੇ ਖੁੱਲ੍ਹੇਪਣ ਅਤੇ ਮਾਲਵੇ ਦੇ ਸਭ ਤੋਂ ਵੱਡੀ ਉਮਰ ਦੇ ਚੰਦ ਚੋਣਵੇਂ ਕਮਿਊਨਿਸਟ ਕਾਰਕੁੰਨਾਂ ਵਿਚੋਂ ਇਕ ਹੋਣ ਕਰਕੇ ਇਲਾਕੇ ਦੀ ਆਮ ਜਨਤਾ ਕਾਮਰੇਡ ਬੀਰ ਨੂੰ ਕਿਸੇ ਪਾਰਟੀ ਵਿਸ਼ੇਸ਼ ਦੀ ਬਜਾਏ, ਸਮੁੱਚੀ ਕਮਿਊਨਿਸਟ ਲਹਿਰ ਦੇ ਨੁਮਾਇੰਦੇ ਦੇ ਰੂਪ ਵਿਚ ਹੀ ਦੇਖਦੀ ਹੈ।

ਮਿਲਣ ਗਿਲਣ ਵਾਲੇ ਸੱਜਣ ਮਿੱਤਰ ਵੀ ਦੱਸਦੇ ਹਨ ਕਿ ਕਾਮਰੇਡ ਬੀਰ ਨੂੰ ਮਿਲ ਕੇ ਹਮੇਸ਼ਾ ਉਤਸ਼ਾਹ ਤੇ ਖੁਸ਼ੀ ਮਿਲਦੀ ਹੈ ਉਹ ਸਦਾ ਹੀ ਚੜਦੀਕਲਾ ਵਿਚ ਅਤੇ ਕਰਨ ਵਾਲੇ ਨਵੇਂ ਕੰਮਾਂ ਦੀਆਂ ਸਕੀਮਾਂ ਨਾਲ ਭਰਪੂਰ ਹੁੰਦੇ ਹਨ। ਕੁਝ ਸਾਲ ਪਹਿਲਾਂ ਤੱਕ ਆਪਣੇ ਪਰਿਵਾਰਕ ਤੇ ਸਿਆਸੀ ਰੁਝੇਵਿਆਂ ਲਈ ਪਿੰਡ ਬੀਰ ਖੁਰਦ ਤੋਂ 25-30 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਮਾਨਸਾ ਤੱਕ ਸਾਇਕਲ ਤੇ ਆਉਣਾ-ਜਾਣਾ ਉਨ੍ਹਾਂ ਲਈ ਆਮ ਗੱਲ ਸੀ।ਇਲਾਕੇ ਵਿਚਲੇ ਹਰ ਅਹਿਮ ਸਾਂਝੇ ਸਮਾਜਿਕ ਤੇ ਰਾਜਸੀ ਇਕੱਠ ਵਿਚ ਕਾਮਰੇਡ ਬੀਰ ਤੁਹਾਨੂੰ ਲਾਜ਼ਮੀ ਹਾਜ਼ਰ ਮਿਲਣਗੇ ਅਤੇ ਉਨਾਂ ਦੀ ਮੌਜੂਦਗੀ ਆਪਣੀ ਹੋਂਦ ਦੀ ਪੂਰੀ ਛਾਪ ਵੀ ਛੱਡੇਗੀ। ਸਧਾਰਨ ਮਜ਼ਦੂਰਾਂ-ਕਿਸਾਨਾਂ, ਔਰਤਾਂ, ਨੌਜਵਾਨਾਂ ਤੋਂ ਲੈ ਕੇ ਇਲਾਕੇ ਦੇ ਦੁਕਾਨਦਾਰਾਂ, ਮੁਲਾਜ਼ਮਾਂ, ਵਕੀਲਾਂ, ਪੋਫ਼ੈਸਰਾਂ, ਪੱਤਰਕਾਰਾਂ ਅਤੇ ਸਾਹਿਤਕਾਰਾਂ ਤੱਕ ਕਿਰਪਾਲ ਬੀਰ ਦੀਆਂ ਲਿਹਾਜ਼ਾਂ ਹਨ। ਉਸ ਕੋਲ ਇਨ੍ਹਾਂ ਸਾਰਿਆਂ ਨਾਲ਼ ਸਮਾਜਿਕ ਤੇ ਸਿਆਸੀ ਵਿਚਾਰ ਚਰਚਾ ਕਰਨ ਲਈ ਸਦਾ ਭਰਪੂਰ ਤੇ ਢੁੱਕਵਾਂ ਮਸਾਲਾ ਮੌਜੂਦ ਰਹਿੰਦਾ ਹੈ। 

ਇਹ ਵੀ ਜ਼ਰੂਰ ਪੜ੍ਹੋ:

No comments:

Post a Comment