Saturday 28th July 2023 ਅਤ 15:26 Via WhatsApp
ਹਿੰਸਾ ਤੁਰੰਤ ਬੰਦ ਹੋਵੇ ਅਤੇ ਮਨੀਪੁਰ ਸਰਕਾਰ ਬਰਖਾਸਤ ਹੋਵੇ-ਬੰਤ ਬਰਾੜ
ਮੋਹਾਲੀ: 28 ਜੁਲਾਈ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::
ਮਣੀਪੁਰ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਜਿਥੇ ਸਾਰਾ ਦੇਸ਼ ਚਿੰਤਿਤ ਹੈ ਉੱਥੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗਿਆਂ ਹੋਈਆਂ ਹਨ। ਇਹਨਾਂ ਹਿੰਸਕ ਵਾਰਦਾਤਾਂ ਲਈ ਜ਼ਿੰਮੇਵਾਰ ਅਨਸਰਾਂ ਦੇ ਖਿਲਾਫ ਲੇਖਕਾਂ, ਕਲਾਕਾਰਾਂ ਅਤੇ ਟਰੇਡ ਯੂਨੀਅਨ ਦੇ ਨਾਲ ਨਾਲ ਸਿਆਸੀ ਲੀਡਰ ਵੀ ਮੈਦਾਨ ਵਿੱਚ ਹਨ। ਸੀਪੀਆਈ ਦੇ ਸਿਨਾਇਰ ਅਤੇ ਜੁਝਾਰੂ ਆਗੂ ਬੰਤ ਬਰੈਡ ਆਪਣੇ ਸਾਥੀਆਂ ਸਮੇਤ ਇਸ ਰੋਸ ਪ੍ਰਗਟਾਵੇ ਲਈ ਸੜਕਾਂ ਤੇ ਆ ਨਿਕਲੇ ਹਨ। ਇਸ ਵਿਰੋਧ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਮੋਹਾਲੀ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵੀ ਤਿੱਖੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਸਾਥੀ ਰਾਜਕੁਮਾਰ ਅਤੇ ਹੋਰ ਆਗੂ ਵੀ ਆਪੋ ਆਪਣੇ ਸਾਥੀਆਂ ਨੂੰ ਲੈ ਕੇ ਪੁੱਜੇ ਹੋਏ ਸਨ। ਵਿਗੜੇ ਹੋਏ ਮੌਸਮ ਦੇ ਬਾਵਜੂਦ ਸੀਪੀਆਈ ਦੇ ਕਾਮਰੇਡਾਂ ਨੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ।
ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਜਿਲ੍ਹਾ ਕੌਂਸਲ, ਚੰਡੀਗੜ੍ਹ ਅਤੇ ਮੋਹਾਲੀ ਵਲੋਂ ਡੀ. ਸੀ. ਦਫ਼ਤਰ ਮੋਹਾਲੀ ਸਾਹਮਣੇ ਮਨੀਪੁਰ ਵਿਚ ਔਰਤਾਂ ਅਤੇ ਘੱਟ ਗਿਣਤੀਆਂ ਉੱਤੇ ਹੋ ਰਹੇ ਤਸ਼ੱਦਦ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਅਨੇਕਾਂ ਯੂਨੀਅਨਾਂ ਦੇ ਮੈਂਬਰ, ਲੇਖਕ, ਬੁਧੀਜੀਵੀ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਈਆਂ।
ਇਸ ਸਮਾਗਮ ਦੌਰਾਨ ਸਾਥੀ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਵਿਨੋਦ ਚੁੱਘ, ਬ੍ਰਿਜ ਮੋਹਨ, ਗੁਰਨਾਮ ਸਿੰਘ, ਜਤਿੰਦਰਪਾਲ ਸਿੰਘ, ਕਰਮ ਸਿੰਘ ਵਕੀਲ, ਮਹਿੰਦਰਪਾਲ ਸਿੰਘ, ਅਧਿਆਪਕ ਆਗੂ ਰਣਜੀਤ ਕੌਰ, ਸੁਰਜੀਤ ਕੌਰ ਕਾਲੜਾ, ਅਮਨ ਭੋਗਲ, ਮਨਜੀਤ ਕੌਰ ਮੀਤ, ਸੁਖਪਾਲ ਹੁੰਦਲ, ਪ੍ਰੀਤਮ ਸਿੰਘ ਹੁੰਦਲ, ਬਲਕਾਰ ਸਿੱਧੂ, ਦਿਲਦਾਰ, ਪ੍ਰਿੰਸ ਸ਼ਰਮਾ, ਕਮਲਜੀਤ ਸਿੰਘ, ਬਲਜੀਤ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮਨੀਪੁਰ ਵਿਚ ਘੱਟ ਗਿਣਤੀਆਂ ਅਤੇ ਔਰਤਾਂ ਖਿਲਾਫ਼ ਹੋਈ ਹਿੰਸਾ ਨੂੰ ਮੰਦਭਾਗਾ ਦਸਦੇ ਹੋਏ ਇਸਦੀ ਤਿੱਖੀ ਨਿਖੇਧੀ ਕੀਤੀ।
ਸੀ. ਪੀ ਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਕਿਹਾ ਕਿ ਮਨੀਪੁਰ ਸਰਕਾਰ ਦੰਗੇ ਫਸਾਦਾਂ ਅਤੇ ਬਦ-ਅਮਨੀ ਉੱਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਨਾਕ੍ਮ ਸਾਬਿਤ ਹੋਈ ਹੈ ਅਤੇ ਇਸ ਸਰਕਾਰ ਨੂੰ ਹੁਣ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਹੀ ਨਹੀਂ। ਇਸ ਲਈ ਇਸ ਨੂੰ ਭੰਗ ਕਰਕੇ ਫੋਰੀ ਤੌਰ ਤੇ ਰਾਸ਼ਟਰਪਤੀ ਰਾਜ ਲਾਇਆ ਜਾਣਾ ਚਾਹੀਦਾ ਹੈ। ਇਸ ਲੋਕ ਵਿਰੋਧੀ ਸਰਕਾਰ ਨੂੰ ਫੌਰੀ ਤੌਰ ਤੇ ਬਰਖਾਸਤ ਕਰਨ ਵਾਲਾ ਲੁੜੀਂਦਾ ਕਦਮ ਚੁੱਕ ਕੇ ਸ਼ਾਂਤੀ ਬਹਾਲ ਕੀਤੀ ਜਾਵੇ ਅਤੇ ਲੋਕਾਂ ਦਾ ਆਪਸੀ ਭਾਈਚਾਰਾ ਬਹਾਲ ਕਰਕੇ ਘੱਟ ਗਿਣਤੀਆਂ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਸ ਸਾਰੇ ਵਰਤਾਰੇ ਬਾਰੇ ਗੰਭੀਰ ਦੋਸ਼ ਲਾਉਂਦਿਆਂ ਲੀਡਰਾਂ ਨੇ ਕਿਹਾ ਕਿ ਡਬਲ ਇੰਜਣ ਵਾਲੀ ਇਹ ਸਰਕਾਰ ਜਾਣਬੁਝ ਕੇ ਫਿਰਕੂ ਦੰਗੇ ਫੈਲਾ ਰਹੀ ਹੈ। ਪਹਿਲਾਂ ਗੁਜਰਾਤ ਨੇ ਸੰਤਾਪ ਭੋਗਿਆ ਤੇ ਹੁਣ ਮਨੀਪੁਰ ਜਲ ਰਿਹਾ ਹੈ, ਕੱਲ ਨੂੰ ਪਤਾ ਨਹੀਂ ਇਹ ਫਿਰਕੂ ਅੱਗ ਕਿਸ ਸੂਬੇ ਦਾ ਅਮਨ ਕਨੂੰਨ ਸਾੜ ਫੂਕੇਗੀ?
ਉਨ੍ਹਾਂ ਦੇਸ਼ ਵਾਸੀਆਂ ਨੂੰ ਸੁਚੇਤ ਹੋ ਕੇ ਲੋਕ ਦੋਖੀ ਸ਼ਕਤੀਆਂ ਨੂੰ ਪਛਾਣਨ ਦਾ ਹੋਕਾ ਦਿਤਾ। ਉਨ੍ਹਾਂ ਕਿਹਾ ਪੰਜਾਬ ਵਿਚ ਵੀ ਭਗਵੰਤ ਮਾਨ ਸਰਕਾਰ ਨੂੰ ਫੌਰੀ ਤੌਰ ਤੇ ਹੜ੍ਹ ਪ੍ਰਭਾਵਤ ਪੰਜਾਬੀਆਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਹੜ੍ਹਾਂ ਕਰਨ ਪੰਜਾਬੀਆਂ ਦੇ ਹੋਏ ਨੁਕਸਾਨ ਅਨੁਸਾਰ ਉਚਿਤ ਅਤੇ ਢੁੱਕਵੇਂ ਮੁਆਵਜੇ ਵੀ ਫੌਰੀ ਤੌਰ ਤੇ ਦੇਣੇ ਚਾਹੀਦੇ ਹਨ। ਅੰਤ ਵਿਚ ਆਏ ਸਾਥੀਆਂ ਦਾ ਧੰਨਵਾਦ ਅਤੇ ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਆਪਣੇ ਸਾਹਿਤਿਕ ਅੰਦਾਜ਼ ਵਿੱਚ ਕੀਤਾ।
No comments:
Post a Comment